Breaking News
Home / ਘਰ ਪਰਿਵਾਰ / ਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ ਸੰਤ ਨਿਰੰਜਣ ਸਿੰਘ ਮੋਹੀ

ਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ ਸੰਤ ਨਿਰੰਜਣ ਸਿੰਘ ਮੋਹੀ

ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਗਿਆਨ ਭਰਪੂਰ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। 1947 ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੀ ਵੰਡੀਆਂ ਪੈ ਗਈਆਂ। ਬਟਵਾਰੇ ਨੇ ਲੱਖਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਤੇ ਦੋਵੇਂ ਪਾਸੇ ਅਣਗਿਣਤ ਮਨੁੱਖੀ ਜਾਨਾਂ ਅਜਾਈਂ ਚਲੀਆਂ ਗਈਆਂ। ਸੰਤ ਨਿਰੰਜਣ ਸਿੰਘ ਮੋਹੀ ਵਾਲੇ ਉਸ ਸਮੇ ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲ੍ਹੇ ਵਿਚ ਅਜੀਤ ਸਰ ਖਾਲਸਾ ਹਾਈ ਸਕੂਲ ਚਲਾ ਰਹੇ ਸਨ।
ਉਹਨਾਂ ਨੂੰ ਵੀ ਸਾਰਾ ਕੁਝ ਪਿਛੇ ਛੱਡ ਕੇ ਪੰਜਾਬ ਆਉਣਾ ਪਿਆ। ਉਹਨਾਂ ਬੇਘਰੇ ਹੋ ਚੁੱਕੇ, ਭੁੱਖਣ ਭਾਣੇ ਬਜ਼ੁਰਗਾਂ ਤੇ ਬੱਚਿਆਂ ਸਮੇਤ ਔਰਤਾਂ ਦੀ ਅਗਵਾਈ ਕਰਦਿਆਂ, ਹਜ਼ਾਰਾਂ ਦੀ ਗਿਣਤੀ ਵਿੱਚ ਰਿਫੂਜੀਆਂ ਨੂੰ ਬਾਰਡਰ ਪਾਰ ਕਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਤੇ ਉਹ ਆਪ ਆਪਣੀ ਜਨਮ ਭੂਮੀ ਮੋਹੀ ਪਿੰਡ ਵਿੱਚ ਪਹੁੰਚ ਗਏ।
‘ਫੈਲੇ ਵਿਦਿਆ ਚਾਨਣ ਹੋਏ’, ਦੇ ਸਿਧਾਂਤ ‘ਤੇ ਅਮਲ ਕਰਦਿਆਂ ਤੇ ਬਿਨਾਂ ਕੋਈ ਸਮਾਂ ਗਵਾਇਆਂ, ਉਹਨਾਂ ਨੇ 1948 ਵਿੱਚ ਮੋਹੀ ਪਿੰਡ ਵਿੱਚ ਦਸਵੀਂ ਜਮਾਤ ਤੱਕ ਲੜਕੇ ਲੜਕੀਆਂ ਦਾ ਸਕੂਲ ਸ਼ੁਰੂ ਕਰ ਦਿੱਤਾ। ਉਸ ਤੋਂ ਪਹਿਲਾਂ ਮੋਹੀ ਪਿੰਡ ਦੇ ਲੜਕੇ 6 ਕਿਲੋਮੀਟਰ ਦੂਰ ਸੁਧਾਰ ਸਕੂਲ ਵਿੱਚ ਪੜ੍ਹਦੇ ਸਨ ਤੇ ਪਿੰਡ ਦੀਆਂ ਲੜਕੀਆਂ ਅਨਪੜ੍ਹ ਰਹਿ ਜਾਂਦੀਆਂ ਸਨ। ਇਸ ਤੋਂ ਥੋੜ੍ਹਾ ਸਮਾਂ ਪਿਛੋ ਹੀ ਉਹਨਾਂ ਨੇ ਲੋਕਾਂ ਤੇ ਦਾਨੀ ਸੱਜਣਾਂ ਨੂੰ ਪ੍ਰੇਰ ਕੇ ਪਿੰਡ ਜਾਗਪੁਰ, ਮੁੱਲਾਂਪੁਰ ਤੇ ਰਾਏਕੋਟ ਤੇ ਫਿਰ ਮਸਤੂਆਣਾ ਸਾਹਿਬ (ਜੋ ਪਿਛੋਂ ਜਾ ਕੇ ਕਾਲਜ ਤਕ ਅਪਗ੍ਰੇਡ ਹੋ ਗਿਆ) ਵਿਖੇ ਵੀ ਖਾਲਸਾ ਹਾਈ ਸਕੂਲ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਸੰਤ ਬਾਬਾ ਨਿਰੰਜਣ ਸਿੰਘ ਦੇ ਯਤਨਾਂ ਸਦਕਾ ਇਸ ਪਛੜੇ ਹੋਏ ਪੇਂਡੂ ਖੇਤਰ ਵਿੱਚ ਇਕ ਤਰ੍ਹਾਂ ਨਾਲ ਵਿਦਿਅਕ ਇਨਕਲਾਬ ਆ ਗਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਸਮਿਆਂ ਵਿੱਚ ਇਨ੍ਹਾਂ ਸਕੂਲਾਂ ਤੋਂ ਵਿਦਿਆ ਪ੍ਰਾਪਤ ਕਰਕੇ ਤੇ ਫਿਰ ਨਾਲ ਲੱਗਦੇ ਸੁਧਾਰ ਕਾਲਜ ਤੋਂ ਉਚੇਰੀ ਸਿੱਖਿਆ ਨਾਲ ਲੈਸ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਉਚ ਕੋਟੀ ਦੀਆਂ ਪਦਵੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ।
ਸੰਤ ਬਾਬਾ ਨਿਰੰਜਣ ਸਿੰਘ ਮੋਹੀ ਵਾਲੇ ਇਕ ਦੂਰਦਰਸ਼ੀ ਸਖਸ਼ੀਅਤ ਸਨ ਤੇ ਅੱਜ ਦੇ ਸਮੇਂ ਦੇ ਬਹੁਤੇ ਸੰਤਾਂ ਤੋਂ ਵਖਰੇ ਸਨ। ਉਹ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਸਨ। ਲੋਕ ਭਲਾਈ ਤੇ ਪੇਂਡੂ ਇਲਾਕਿਆਂ ਵਿੱਚ ਵਿੱਦਿਆ ਦਾ ਪਸਾਰ ਕਰਨਾ ਉਹਨਾਂ ਦਾ ਵਿਜਨ ਸੀ। 10 ਜੁਲਾਈ 1965 ਨੂੰ ਮੋਹੀ ਪਿੰਡ ਵਿੱਚ ਉਹਨਾਂ ਨੇ ਸੁਆਸ ਤਿਆਗ ਦਿੱਤੇ। ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ ਕਿ ਕਿਵੇ ਅਸੀ ਨਿੱਜ ਤੋਂ ਉੱਪਰ ਉੱਠ ਕੇ, ਸਾਰਿਆਂ ਦੇ ਸਹਿਯੋਗ ਨਾਲ ਅਨੁਸ਼ਾਸਨ ਵਿੱਚ ਰਹਿੰਦੇ ਹੋਏ, ਮਨੁੱਖ ਮਨਾਂ ਦੇ ਹਨ੍ਹੇਰੇ ਨੂੰ ਸਿਖਿਆ ਨਾਲ ਰੁਸ਼ਨਾ ਸਕਦੇ ਹਾਂ। ਉਹਨਾਂ ਦੀ ਵਿਦਿਅਕ ਖੇਤਰ ਵਿੱਚ ਪਿੰਡ ਮੋਹੀ ਅਤੇ ਹੋਰ ਪਛੜੇ ਹੋਏ ਪੇਂਡੂ ਇਲਾਕੇ ਵਿੱਚ ਪਾਏ ਯੋਗਦਾਨ ਤੋਂ ਸੇਧ ਲੈਦੇ ਹੋਏ, ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ 7 ਜੁਲਾਈ ਦਿਨ ਸ਼ੁੱਕਰਵਾਰ ਨੂੰ ਗੁਰਦਵਾਰਾ ਸਿੱਖ ਸੰਗਤ, ਰੀਗਨ ਰੋਡ ਬਰੈਂਪਟਨ ਵਿਖੇ, ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ।
9 ਜੁਲਾਈ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਤੇ ਸਾਰੀ ਸਮਾਪਤੀ 12 ਵਜੇ ਹੋਵੇਗੀ। ਬਰੈਂਪਟਨ ‘ਚ ਰਹਿ ਰਹੇ ਸਾਰੇ ਪਿੰਡ ਵਾਸੀਆਂ, ਸਕੂਲਾਂ ਵਿੱਚ ਪੜ੍ਹੇ ਪੁਰਾਣੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਸੰਤ ਨਿਰੰਜਣ ਸਿੰਘ ਮੋਹੀ ਵਾਲਿਆਂ ਦੀ ਬਰਸੀ ‘ਤੇ ਹਾਜ਼ਰ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨੂੰ 416 659 1232 ‘ਤੇ ਜਾਂ ਰਣਜੀਤ ਸਿੰਘ ਕਾਕਾ ਮੋਹੀ ਨੂੰ 647 330 9800 ‘ਤੇ ਜਾਂ ਜਸਪ੍ਰੀਤ ਸਿੰਘ ਜਸੀ ਮੋਹੀ ਨੂੰ 647 281 0859 ‘ਤੇ ਫੋਨ ਕੀਤਾ ਜਾ ਸਕਦਾ ਹੈ।
ਵਲੋਂ : ਮਹਿੰਦਰ ਸਿੰਘ ਮੋਹੀ 416 659 1232

Check Also

BREAST CANCER

What is Breast Cancer? : Breast cancer is one of the most prevalent types of …