ਹਰਚੰਦ ਸਿੰਘ ਬਾਸੀ
ਲੋਕ ਰਾਜੀ ਸਿਸਟਮ ਦੇ ਅੰਦਰ ਲੋਕਾਂ ਨੂੰ ਸਥਾਨਕ ਪੱਧਰ ‘ਤੇ ਆਪਣੇ ਨੁੰਮਾਇੰਦੇ ਚੁਣ ਸਕਣ ਦੀ ਵਿਵਸਥਾ ਹੈ ਜੋ ਸ਼ਹਿਰ, ਕਸਬਾ ਜਾਂ ਪਿੰਡ ਪੱਧਰ ਦੀ ਸਭਾ ਲਈ ਲੋਕ ਆਪਣੇ ਨੁਮਾਇੰਦੇ ਚੁਣ ਕੇ ਸ਼ਹਿਰ, ਕਸਬੇ ਜਾਂ ਪਿੰਡ ਦੀ ਬਿਹਤਰੀ ਕਰਨ ਲਈ ਅਧਿਕਾਰ ਦੇ ਦੇਣ। ਸਮਝਿਆ ਜਾਂਦਾ ਹੈ ਕਿ ਸਥਾਨਕ ਲੋਕ ਹੀ ਸਥਾਨਕ ਲੋੜਾਂ ਨੂੰ ਬਿਹਤਰ ਸਮਝ ਸਕਦੇ ਹਨ ਅਤੇ ਲੋਕਾਂ ਨਾਲ ਰਾਇ ਮਸ਼ਵਰਾ ਕਰਨਾ ਸੁਖਾਲਾ ਹੋ ਸਕਦਾ ਹੈ। ਜਿਸ ਥਾਂ ‘ਤੇ ਲੋਕ ਆਪਣੇ ਨੁਮਾਇੰਦੇ ਸੋਚ ਸਮਝ ਕੇ ਯੋਗ ਚੁਣ ਲੈਂਦੇ ਹਨ। ਉਹ ਮਿਲ ਬੈਠ ਕੇ ਉਸ ਸ਼ਹਿਰ, ਕਸਬੇ ਜਾਂ ਪਿੰਡ ਦੀ ਕਾਇਆ ਹੀ ਬਦਲ ਦਿੰਦੇ ਹਨ। ਜੇ ਲੋਕ ਕਿਸੇ ਸਮਝ ਤੋਂ ਊਣੇ ਹੋ ਕੇ ਲਾਲਚ, ਭਾਈਚਾਰਾ ਜਾਂ ਲਿਹਾਜਦਾਰੀ ਨਾਲ ਅਯੋਗ ਨੁਮਾਇੰਦੇ ਚੁਣ ਲੈਂਦੇ ਹਨ ਤਾਂ ਸਮਝੋ ਪੰਜ ਜਾਂ ਚਾਰ ਸਾਲ ਲਈ ਤਰੱਕੀ ਦਾ ਪੁੱਠਾ ਗੇੜਾ ਲੱਗ ਜਾਂਦਾ ਹੈ। ਕੁੱਝ ਕੁ ਲਾਲਚੀ ਲਿਹਾਜਦਾਰੀ ਵਾਲੇ ਲੋਕਾਂ ਦੇ ਨਿਗੂਣੇ ਜਿਹੇ ਲਾਲਚ ਕਾਰਨ ਸਮੁੱਚਾ ਸ਼ਹਿਰ, ਕਸਬਾ ਜਾਂ ਪਿੰਡ ਕਸ਼ਟ ਭੋਗਦਾ ਹੈ। ਉਹਨਾਂ ਕਾਰਨ ਬੱਚਿਆਂ ਦਾ ਭਵਿਖ ਦਾਅ ‘ਤੇ ਲੱਗ ਜਾਂਦਾ ਹੈ।
ਬਰੈਂਪਟਨ ਸ਼ਹਿਰ ਦੀਆਂ ਮੇਅਰ, ਰਿਜ਼ਨਲ ਕੌਂਸਲਰ, ਕੌਂਸਲਰ ਅਤੇ ਸਕੂਲ ਟਰੱਸਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਲਈ ਆਖਰੀ ਵੋਟਾਂ 24 ਅਕਤੂਬਰ ਨੂੰ ਪੈਣੀਆਂ ਹਨ। ਹਰ ਉਮੀਦਵਾਰ ਨੇ ਲੋਕਾਂ ਵਿੱਚ ਜਾ ਕੇ ਆਪਣੇ ਲਈ ਪਰਚਾਰ ਕਰਨਾ ਹੈ, ਦੱਸਣਾ ਹੈ ਕਿ ਕਿਸ ਤਰ੍ਹਾਂ ਉਹ ਤੁਹਾਡੀ ਵੋਟ ਦਾ ਹੱਕਦਾਰ ਹੈ। ਹਰ ਇਕ ਉਮੀਦਵਾਰ ਲੋਕਾਂ ਕੋਲ ਆਪਣੀ ਪਹੁੰਚ ਕਰਨੀ ਹੈ। ਕਈ ਉਮੀਦਵਾਰਾਂ ਵਿੱਚੋਂ ਹਰ ਇੱਕ ਵੋਟਰ ਨੇ ਆਪਣੀ ਮਰਜੀ ਨਾਲ ਆਪਣੀ ਪਸੰਦ ਦਾ ਉਮੀਦਵਾਰ ਚੁਨਣ ਲਈ ਮੱਤ ਜ਼ਾਹਰ ਕਰਨਾ ਹੈ। ਇਸ ਲਈ ਵੋਟਰ ਦਾ ਹਰ ਉਮੀਦਵਾਰ ਨੂੰ ਸੁਨਣਾ ਜ਼ਰੂਰੀ ਹੈ। ਸ਼ਾਇਦ ਜਿਸ ਉਮੀਦਵਾਰ ਬਾਰੇ ਉਹ ਕਿਸੇ ਤੋਂ ਸੁਣ ਸੁਣਾ ਕੇ ਵਿਰੋਧ ਦਾ ਮਨ ਬਣਾਈ ਬੈਠਾ ਹੋਵੇ ਤੇ ਨਿਜੀ ਤੌਰ ‘ਤੇ ਸੁਣ ਕੇ ਵੇਖ ਕੇ ਉਸ ਦਾ ਮਨ ਉਸੇ ਨੂੰ ਵੋਟ ਦੇਣ ‘ਤੇ ਆ ਜਾਏ ਅਤੇ ਉਹ ਲਾਭਕਾਰੀ ਹੋਵੇ। ਇਸ ਲਈ ਜੇ ਵੋਟਰ ਦਾ ਵੋਟ ਦੇਣ ਦਾ ਅਧਿਕਾਰ ਹੈ ਤਾਂ ਫਰਜ਼ ਵੀ ਹੈ ਕਿ ਠੀਕ ਨਿਰਣਾ ਕਰਨ ਲਈ ਖੁੱਲ੍ਹੇ ਮਨ ਨਾਲ ਸੁਣੇ। ਤਾਂ ਹੀ ਠੀਕ ਫੈਸਲਾ ਕਰ ਸਕਦਾ ਹੈ। ਇਹ ਵੇਖਣਾ ਵੀ ਸਾਡਾ ਸੁਨਿਸਚਤ ਬਣਦਾ ਹੈ ਕਿ ਪਿਛਲੀ ਕੌਂਸਲ ਦੇ ਸਮੇਂ ਵਿੱਚ ਸਿਟੀ ਕੌਸਲ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ। ਕਿਹਨਾਂ ਮੈਂਬਰਾਂ ਦੇ ਰੀਕਾਰਡ ਮਾੜੇ ਰਹੇ। ਇਹ ਸੁਣੀ ਸੁਣਾਈ ਨਹੀਂ ਲਿਖਤੀ ਰਿਕਾਰਡ ਬੋਲਦੇ ਹਨ ਪਰ ਫਿਰ ਵੀ ਉਹ ਮੈਦਾਨ ਵਿੱਚ ਹਨ। ਪਤਾ ਨਹੀ ਜਾਂ ਤਾਂ ਉਹ ਲੋਕਾਂ ਦੀ ਸਮਝ ਦੀ ਪਰਖ ਕਰਨਾ ਚਾਹੁੰਦੇ ਹਨ ਕਿ ਜੇ ਲੋਕ ਚੁਣ ਲੈਂਦੇ ਹਨ ਤਾਂ ਲੋਕਾਂ ਦੀ ਸਮਝ ‘ਤੇ ਸਵਾਲ ਉਠਣੇ ਲਾਜ਼ਮੀ ਹਨ। ਜੇ ਲੋਕ ਨਕਾਰ ਦਿੰਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਸੰਵੇਦਨਸ਼ੀਲ ਹਨ। ਆਪਣੀ ਸਮਝ ਨਾਲ ਚੰਗੇ ਮਾੜੇ ਨੂੰ ਸਵੀਕਾਰਦੇ ਅਤੇ ਨਕਾਰਦੇ ਹਨ। ਪਿਛਲੇ ਚਾਰ ਸਾਲ ਬਰੈਂਪਟਨ ਨਿਵਾਸੀ ਸਿਟੀ ਅੰਦਰ ਜੋ ਨੂਰਾ ਕੁਸ਼ਤੀ ਹੁੰਦੀ ਰਹੀ ਉਸ ਨੂੰ ਭੁੱਲ ਜਾਣ ਤਾਂ ਸ਼ੁਭ ਸ਼ਗਨ ਨਹੀਂ।
ਇਸੇ ਤਰ੍ਹਾਂ ਸਾਡੀਆਂ ਸੀਨੀਅਰਜ਼ ਦੀਆਂ ਕਲੱਬਾਂ ਦੀ ਚੋਣ ਹੁੰਦੀ ਹੈ। ਪ੍ਰਧਾਨ ਅਤੇ ਕਾਰਜਕਰਨੀ ਚੁਣੀ ਜਾਂਦੀ ਹੈ। ਲੋਕਾਂ ਨੇ ਆਪਣੀ ਮਰਜ਼ੀ ਨਾਲ ਚੋਣ ਕੀਤੀ ਹੁੰਦੀ ਹੈ। ਜਿਸ ਨੂੰ ਬਹੁਮੱਤ ਨਾਲ ਚੁਣਿਆ ਜਾਂਦਾ ਹੈ ਉਹ ਨਿਸ਼ਚਿਤ ਕਾਰਜਕਾਲ ਲਈ ਨੁਮਾਇੰਦੀ ਕਰਦਾ ਹੈ। ਚੰਗੇ ਵਿਅੱਕਤੀ ਚੰਗਾ ਪ੍ਰਬੰਧ ਕਰਦੇ ਹਨ ਅਤੇ ਉਸਤਤ ਹੁੰਦੀ ਹੈ। ਮਾੜਿਆਂ ਦੇ ਕੰਮ ਦੀ ਕੰਮ ਅਨੁਸਾਰ ਟੀਕਾ ਟਿਪਣੀ ਹੁੰਦੀ ਹੈ। ਪਰ ਇੱਕ ਗੱਲ ਚੇਤੇ ਰੱਖਣੀ ਅਤਿ ਜ਼ਰੂਰੀ ਹੈ ਕਿ ਚੁਣੇ ਗਏ ਨੁਮਾਇੰਦੇ ਕਲੱਬ ਦੇ ਮੈਂਬਰਾਂ ਦੇ ਨਿਜੀ ਅਧਿਕਾਰਾਂ ਦਾ ਸੋਸ਼ਣ ਨਹੀਂ ਕਰ ਸਕਦੇ। ਇਹ ਕੋਈ ਰਾਜਨੀਤਕ ਸਭਾਵਾਂ ਨਹੀਂ ਇਹ ਗੈਰ ਰਾਜਨੀਤਿਕ ਨੋ ਪਰੌਫਿਟ ਨੋ ਲੌਸ ਦੀਆਂ ਸਭਾਵਾਂ ਹਨ। ਕੋਈ ਪ੍ਰਧਾਨ ਸੈਕਟਰੀ ਕਲੱਬ ਦੇ ਬੀਹਾਫ ‘ਤੇ ਨਿਰਣਾ ਨਹੀਂ ਕਰ ਸਕਦਾ ਕਿ ਫਲਾਣੇ ਉਮੀਦਵਾਰ ਨੂੰ ਵੋਟ ਪਾਉ। ਫਲਾਣੇ ਉਮੀਦਵਾਰ ਨੂੰ ਮੰਚ ਤੋਂ ਬੋਲਣ ਦੇਣਾ ਹੈ ਜਾਂ ਫਲਾਣੇ ਨੂੰ ਨਹੀਂ ਬੋਲਣ ਦੇਣਾ। ਜੇ ਕੋਈ ਇੰਝ ਕਰਦਾ ਹੈ ਜਾਂ ਤਾਂ ਉਹ ਕਲੱਬ ਦੇ ਉਦੇਸ਼ਾਂ ਤੋਂ ਜਾਣੂ ਨਹੀਂ ਜਾਂ ਛੋਟੀ ਜਿਹੀ ਸੰਸਥਾ ਦਾ ਪ੍ਰਧਾਨ ਬਣ ਕੇ ਆਪਣੀ ਊਣੀ ਸਮਝ ਦਾ ਦਿਵਾਲਾ ਕੱਢਦਾ ਹੈ। ਉਸ ਕਲੱਬ ਵਿੱਚ ਹਰ ਵਿਚਾਰ ਦੇ ਮੈਂਬਰ ਹੋ ਸਕਦੇ ਹਨ। ਇਹ ਵੀ ਹੋ ਸਕਦਾ ਪ੍ਰਧਾਨ ਦੇ ਵਿਚਾਰਾਂ ਨਾਲ ਰਾਜਨੀਤਕ ਤੌਰ ‘ਤੇ ਬਹੁਤੇ ਜਾਂ ਥੋੜ੍ਹੇ ਸਹਿਮਤ ਨਾ ਹੋਣ। ਉਹ ਆਪਣੀ ਧਾਕੜ ਬਿਰਤੀ ਨਾਲ ਰੋਹਬ ਪਾਉਣਾ ਚਾਹੁੰਦਾ ਹੋਵੇ। ਇਸ ਲਈ ਅਜਿਹੇ ਨੁਮਾਇੰਦੇ ਕਿਤੇ ਵੀ ਹੋਣ ਨਿੰਦੇ ਜਾਣੇ ਚਾਹੀਦੇ ਹਨ। ਅਜਿਹਾ ਕੁੱਝ ਇੱਕ ਕਲੱਬ ਵਿੱਚ ਵਾਪਰਿਆ ਹੈ ਜਿਸ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ। ਰਾਜਨੀਤਕ ਤੌਰ ‘ਤੇ ਹਰ ਵਿਅਕਤੀ ਨੂੰ ਪ੍ਰਧਾਨ ਸਮੇਤ ਅਜ਼ਾਦੀ ਹੈ ਕਿ ਜਿਸ ਉਮੀਦਵਾਰ ਨੂੰ ਚਾਹੁੰਦਾ ਹੈ ਵੋਟ ਪਾਏ।
ਸੀਨੀਅਰਜ਼ ਦੀਆਂ ਕਲੱਬਾਂ ਨੂੰ ਆਪਣੇ ਦਾਇਰੇ ਅੰਦਰ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਨਹੀਂ ਤਾਂ ਜਲਦੀ ਆਪਣੇ ਉਦੇਸ਼ ਤੋਂ ਭਟਕ ਕੇ ਆਪਣੀ ਸਾਰਥਿਕਤਾ ਗੁਆ ਲੈਣਗੀਆਂ। ਕਿੰਗ ਮੇਕਰ ਬਨਣ ਦੀ ਪ੍ਰਵਿਰਤੀ ਨੂੰ ਛੱਡ ਕੇ ਕਲੱਬਾਂ ਦਾ ਕੰਮ ਸੀਨੀਅਰਜ਼ ਲਈ ਕੰਮ ਕਰਨਾ ਹੈ। ਕੁੱਝ ਕਲੱਬਾਂ ਬਹੁਤ ਅੱਛਾ ਕੰਮ ਕਰਹੀਆਂ ਹਨ। ਸਾਡੇ ਸੱਭਿਆਚਾਰ ਸਾਹਿਤ ਨਾਟ ਕਲਾ ਆਦਿ ਨੂੰ ਸੁਰੱਖਿਅਤ ਰੱਖਿਆ ਹੈ। ਬਹੁਤ ਕਲੱਬਾਂ ਵਿੱਚ ਪੜ੍ਹੇ ਲਿਖੇ ਵਿਅੱਕਤੀ ਵੀ ਹਨ ਉਹਨਾਂ ਨੂੰ ਕੋਈ ਵਿਚਾਰ ਗੋਸ਼ਟੀਆਂ ਰੱਖਣੀਆਂ ਚਾਹੀਦੀਆਂ ਹਨ। ਉਹਨਾਂ ਨੂੰ ਕਰਮਸ਼ੀਲ ਯੋਗਤਾ ਵਿਖਾਉਣੀ ਚਾਹੀਦੀ ਹੈ। ਕਿਸ ਤਰ੍ਹਾਂ ਅਸੀਂ ਇਥੋਂ ਦੇ ਸਿਸਟਮ ਦਾ ਹਿੱਸਾ ਬਣ ਕੇ ਆਪਣੇ ਵਿਚਲੀਆਂ ਕਮੀਆਂ ਨੂੰ ਦੂਰ ਕਰ ਸਕਦੇ ਹਾਂ। ਹਰ ਰੋਜ਼ ਜਾਣੇ ਅਣਜਾਣੇ ਸਾਡੇ ਵਿਵਹਾਰ ਦੀਆਂ ਕਹਾਣੀਆਂ ਸੁਣੀਦੀਆਂ ਹਨ। ਇਸ ਲਈ ਆਪਾ ਪੜਚੋਲ ਕਰਨੀ ਚਾਹੀਦੀ ਹੈ। ਇਕੱਲੇ ਮੇਲੇ, ਟੂਰ, ਸਮੋਸੇ-ਪਕੌੜੇ ਸਾਡਾ ਟੀਚਾ ਨਹੀਂ ਹੋਣਾ ਚਾਹੀਦਾ।
***
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …