13 ਅਪ੍ਰੈਲ ਨੂੰ ਮਿਲੇਗਾ ਖਰਾਬ ਹੋਈ ਕਣਕ ਦਾ ਮੁਆਵਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਵਿਚ ਹੋਈ ਹੈ। ਮੀਟਿੰਗ ਤੋਂ ਬਾਅਦ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਫਾਜ਼ਿਲਕਾ ਦੇ ਕਿਸਾਨਾਂ ਨੂੰ ਤੇਜ਼ ਮੀਂਹ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੇ ਮੁਆਵਜ਼ੇ ਲਈ ਚੈਕ ਦੇਣਗੇ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੀਐਮ ਮਾਨ 13 ਅਪ੍ਰੈਲ ਨੂੰ ਕਿਸਾਨਾਂ ਨੂੰ ਵਿਅਕਤੀਗਤ ਰੂਪ ’ਚ ਮਿਲ ਕੇ ਉਨ੍ਹਾਂ ਨੂੰ ਚੈਕ ਦੇਣਗੇ। ਧਾਲੀਵਾਲ ਹੋਰਾਂ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੰਤਰੀਆਂ ਦੀ ਡਿਊਟੀ ਵੀ ਲਗਾਈ ਹੈ। ਖੇਤੀਬਾੜੀ ਨੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈਕ ਜਲਦੀ ਮਿਲਣ ਦੀ ਗੱਲ ਕਹੀ ਹੈ। ਮੰਤਰੀ ਧਾਲੀਵਾਲ ਨੇ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਸਹਿਕਾਰੀ ਬੈਂਕਾਂ ਦੀ ਕਿਸ਼ਤ ਮਾਫ ਕੀਤੇ ਜਾਣ ਦੀ ਗੱਲ ਮੁੜ ਦੁਹਰਾਈ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਬਨਿਟ ਮੀਟਿੰਗ ਦੌਰਾਨ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸਾਨਾਂ ਦੀ ਮੱਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ।