Breaking News
Home / ਘਰ ਪਰਿਵਾਰ / ਭਾਰਤ ਵਿਚ ਘੱਟ-ਗਿਣਤੀਆਂ ਨੂੰ ਆਪਸ ਵਿਚ ਲੜਨ ਦੀ ਬਜਾਏ ਇਕੱਠੇ ਹੋਣ ਦੀ ਲੋੜ : ਰਾਣਾ ਅਯੂਬ

ਭਾਰਤ ਵਿਚ ਘੱਟ-ਗਿਣਤੀਆਂ ਨੂੰ ਆਪਸ ਵਿਚ ਲੜਨ ਦੀ ਬਜਾਏ ਇਕੱਠੇ ਹੋਣ ਦੀ ਲੋੜ : ਰਾਣਾ ਅਯੂਬ

‘ਗੁਜਰਾਤ ਫ਼ਾਈਲਜ਼’ ਦਾ ਪੰਜਾਬੀ ਅਨੁਵਾਦ ਲੋਕਾਂ ਦੇ ਭਾਰੀ ਇਕੱਠ ਵਿਚ ਲੋਕ-ਅਰਪਿਤ
ਬਰੈਂਪਟਨ/ਡਾ ਝੰਡ : ਲੰਘੇ ਸ਼ਨੀਵਾਰ 19 ਅਗਸਤ ਨੂੰ ‘ਪਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ ਗਰੁੱਪ’, ‘ਸਰੋਕਾਰਾਂ ਦੀ ਆਵਾਜ਼’,’ਕੈਨੇਡੀਅਨਜ਼ ਅਗੇਨਸਟ ਟਾਰਚਰ’ ਵੱਲੋਂ ਹੋਰ ਅਗਾਂਹ-ਵਧੂ ਸੰਸਥਾਵਾਂ ਦੇ ਸਹਿਯੋਗ ਨਾਲ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਆਪਣੀ ਪੁਸਤਕ ‘ਗੁਜਰਾਤ ਫ਼ਾਈਲਜ਼: ਅਨਾਟਮੀ ਆਫ਼ ਕੱਵਰ-ਅੱਪ’ ਨਾਲ ਭਾਰਤ ਵਿਚ ਤਹਿਲਕਾ ਮਚਾਉਣ ਵਾਲੀ ਲੇਖਿਕਾ ਅਤੇ ਸਾਬਕਾ-ਪੱਤਰਕਾਰ ਅਯੂਬ ਰਾਣਾ ਨੇ ਬੋਲਦਿਆਂ ਕਿਹਾ ਕਿ ਭਾਰਤ ਵਿਚ ਘੱਟ-ਗਿਣਤੀਆਂ ਨਾਲ ਸਬੰਧਿਤ ਲੋਕਾਂ ਨੂੰ ਆਪਸ ਵਿਚ ਲੜਨ ਦੀ ਬਜਾਏ ਇਕ-ਮੁੱਠ ਹੋਣ ਦੀ ਸਖ਼ਤ ਜ਼ਰੂਰਤ ਹੈ। ਤਾਂ ਹੀ ਉਹ ਬਹੁ-ਗਿਣਤੀ ਵੱਲੋਂ ਉਨ੍ਹਾਂ ਉੱਪਰ ਹੋ ਰਹੇ ਲਗਾਤਾਰ ਹਮਲਿਆਂ ਦਾ ਜੁਆਬ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਵੰਬਰ 1984 ਵਿਚ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਹੋਏ ਸਿੱਖ-ਵਿਰੋਧੀ ਹਮਲਿਆਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਗੁਜਰਾਤ ਵਿਚ 1993 ਅਤੇ 2002 ਵਿਚ ਮੁਸਲਿਮ-ਵਿਰੋਧੀ ਦੰਗਿਆਂ ਦੀਆਂ ਮਾਰੂ-ਘਟਨਾਵਾਂ ਵਾਪਰਦੀਆਂ ਅਤੇ ਨਾ ਹੀ ਗਿਰਜੇ ਸਾੜਨ ਤੇ ਈਸਾਈਆਂ ਨੂੰ ਮਾਰਨ ਅਤੇ ਸਾੜਨ ਦੀਆਂ ਹਿਰਦੇਵੇਧਕ ਘਟਨਾਵਾਂ ਹੁੰਦੀਆਂ।
ਆਪਣੇ ਸੰਬੋਧਨ ਵਿਚ ਅੱਗੇ ਚੱਲ ਕੇ ਉਨ੍ਹਾਂ ਹੋਰ ਕਿਹਾ ਕਿ ਉੱਥੇ ਭਾਰਤ ਵਿਚ ਪਹਿਲਾਂ 60 ਸਾਲ ਕਾਂਗਰਸ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਆਪਸ ਵਿਚ ਲੜਾ ਕੇ ਰਾਜ ਕੀਤਾ ਹੈ ਅਤੇ ਹੁਣ ਭਾਰਤੀ ਜਨਤਾ ਪਾਰਟੀ ਵੀ ਉਨ੍ਹਾਂ ਹੀ ਲੀਹਾਂ ‘ਤੇ ਚੱਲਦਿਆਂ ਹੋਇਆਂ ਘੱਟ-ਗਿਣਤੀਆਂ ਅਤੇ ਦਲਿਤਾਂ ਨੂੰ ਦਬਾਅ ਕੇ ਰਾਜ ਚਲਾਉਣ ਵਾਲੀ ਰਾਜਨੀਤੀ ‘ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ‘ਤਹਿਲਕਾ’ ਮੈਗ਼ਜ਼ੀਨ ਵਿਚ ਕੰਮ ਕਰਦਿਆਂ ਉਨ੍ਹਾਂ 2010 ਵਿਚ ਭੇਸ ਵਟਾ ਕੇ ਮੈਥਿਲੀ ਤਿਆਗੀ ਨਾਮਕ ਹਿੰਦੂ ਲੜਕੀ ਅਤੇ ਭਾਜਪਾ ਕਾਰਕੁਨ ਦੇ ਰੂਪ ਵਿਚ ‘ਸਟਿੰਗ-ਆਪਰੇਸ਼ਨ’ ਦੌਰਾਨ ਮੌਕੇ ਦੇ ਸਰਕਾਰੀ ਅਫ਼ਸਰਾਂ ਅਤੇ ਵੱਖ-ਵੱਖ ਲੋਕਾਂ ਨਾਲ ਗੱਲ-ਬਾਤ ਕਰਕੇ ਗੁਜਰਾਤ ਵਿਚ ਹੋਏ ਮੁਸਲਿਮ-ਵਿਰੋਧੀ ਦੰਗਿਆਂ ਨਾਲ ਸਬੰਧਿਤ ਤੱਥ ਇਕੱਠੇ ਕਰਕੇ ਚਰਚਿਤ ਦਸਤਾਵੇਜ਼ ‘ਗੁਜਰਾਤ ਫ਼ਾਈਲਜ਼: ਅਨਾਟਮੀ ਆਫ਼ ਏ ਕੱਵਰ-ਅੱਪ’ ਤਿਆਰ ਕੀਤਾ ਜੋ ਕੇਵਲ ਇਕ ਪੁਸਤਕ ਹੀ ਨਹੀਂ ਹੈ ਸਗੋਂ ਗੁਜਰਾਤ ਵਿਚ ਘੱਟ-ਗਿਣਤੀ ਮੁਸਲਮਾਨਾਂ ਉੱਪਰ ਹੋਏ ਅੱਤਿਆਚਾਰਾਂ ਦੀ ਸੱਚੀ ਗਾਥਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕ 13 ਵੱਖ-ਵੱਖ ਭਾਸ਼ਾਵਾਂ ਵਿਚ ਛਪ ਚੁੱਕੀ ਹੈ ਅਤੇ ਹੁਣ ਤੱਕ ਡੇਢ ਲੱਖ ਤੋਂ ਉੱਪਰ ਵਿਕ ਚੁੱਕੀ ਹੈ। ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਹੀ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸੱਜੀ ਬਾਂਹ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਵੱਖਰੀ ਗੱਲ ਹੈ ਕਿ ‘ਕੁਰਸੀ’ ਦੇ ਜ਼ੋਰ ਨਾਲ ਇਹ ਸਬੂਤ ਨਸ਼ਟ ਕਰ ਦਿੱਤੇ ਗਏ ਅਤੇ ਅੱਗੋਂ ਕਿਸੇ ਅਦਾਲਤ ਵਿਚ ਉਸ ਨੁੰ ਸਜ਼ਾ ਨਾ ਹੋ ਸਕੀ। ਲੱਗਭੱਗ ਅੱਧੇ ਘੰਟੇ ਦੇ ਸੰਬੋਧਨ ਤੋਂ ਬਾਅਦ ਰਾਣਾ ਅਯੂਬ ਨੇ ਇਸ ਮੌਕੇ ਭਾਰੀ ਇਕੱਠ ਵਿਚ ਸ਼ਾਮਲ ਲੋਕਾਂ ਦੇ ਸੁਆਲਾਂ ਦੇ ਜੁਆਬ ਬੜੇ ਤਸੱਲੀ-ਪੂਰਵਕ ਦਿੱਤੇ।
ਰਾਣਾ ਅਯੂਬ ਤੋਂ ਬਾਅਦ ‘ਕੈਨੇਡੀਅਨਜ਼ ਅਗੇਨਸਟ ਟਾਰਚਰ’ ਦੀ ਸਰਗ਼ਗਰਮ ਲੀਡਰ ਨੈਲਾ ਸਈਅਦ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ ਦੇ ਵਿਰੁੱਧ ਹੋ ਰਹੇ ਅੱਤਿਆਚਾਰਾਂ ਦੇ ਵਿਰੁੱਧ ਉਨ੍ਹਾ ਦੇ ਗਰੁੱਪ ਵੱਲੋਂ ਮੁਜ਼ਾਹਰੇ ਕਰਕੇ ਗਾਹੇ-ਬਗਾਹੇ ਆਵਾਜ਼ ਉਠਾਈ ਜਾਂਦੀ ਹੈ ਅਤੇ ਲੋਕਾਂ ਨੂੰ ਇਸ ਦੇ ਪ੍ਰਤੀ ਜਗਰੂਕ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ‘ਸਰੋਕਾਰਾਂ ਦੀ ਆਵਾਜ਼’ ਦੀ ਟੀਮ ਦੇ ਮੈਂਬਰ ਡਾ. ਹਰਦੀਪ ਵੱਲੋਂ ਬੜੀ ਸੁਰੀਲੀ ਆਵਾਜ਼ ਵਿਚ ਸੁਰਜੀਤ ਪਾਤਰ ਦੀ ਸਦਾ-ਬਹਾਰ ਗ਼ਜ਼ਲ ”ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ” ਸੁਣਾਈ ਗਈ ਅਤੇ ਹਰਜੀਤ ਬੇਦੀ ਨੇ ਇਕ ਪਾਗ਼ਲ ਆਦਮੀ ਦੇ ਰੋਲ ਵਿਚ ਇਕ-ਪਾਤਰੀ ਇਕਾਂਗੀ ਸਵ. ਭਾਅ ਜੀ ਗੁਰਸ਼ਰਨ ਸਿੰਘ ਜੀ ਦੇ ਅੰਦਾਜ਼ ਵਿਚ ਪੇਸ਼ ਕੀਤਾ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਇਸ ਵਿਚ ਰਾਣਾ ਅਯੂਬ ਦੀ ਅੰਗਰੇਜ਼ੀ ਪੁਸਤਕ ‘ਗੁਜਰਾਤ ਫ਼ਾਈਲਜ਼: ਅਨਾਟਮੀ ਆਫ਼ ਏ ਕੱਵਰ ਅੱਪ’ ਦਾ ਬੂਟਾ ਸਿੰਘ ਵੱਲੋਂ ਕੀਤਾ ਹੋਇਆ ਪੰਜਾਬੀ ਅਨੁਵਾਦ ‘ਗੁਜਰਾਤ ਫ਼ਾਈਲਾਂ: ਪਰਦਾਪੋਸ਼ੀ ਦੀ ਚੀਰਫ਼ਾੜ’ ਰਾਣਾ ਅਯੂਬ, ਪੰਜਾਬ ਤੋਂ ਆਏ ‘ਆਪ’ ਦੇ ਨੇਤਾ ਕੰਵਰ ਸੰਧੂ ਅਤੇ ਪਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ ਗਰੁੱਪ ਅਤੇ ਸਹਿਯੋਗੀ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਮਿਲ ਕੇ ਲੋਕ-ਅਰਪਿਤ ਕੀਤੀ ਗਈ। ਇਸ ਦੇ ਨਾਲ ਹੀ ਹਿਊਗ ਜੇ. ਐੱਮ. ਜੌਹਨਸਟਨ ਦੀ ਕਾਮਾਗਾਟਾ ਮਾਰੂ ਦੁਖਾਂਤ ਬਾਰੇ ਅੰਗਰੇਜ਼ੀ ਵਿਚ ਲਿਖੀ ਗਈ ਪੁਸਤਕ ਦਾ ਪੰਜਾਬੀ ਅਨੁਵਾਦ ‘ਕਾਮਾਗਾਟਾਮਾਰੂ ਦੀ ਯਾਤਰਾ ਵੀ ਰੀਲੀਜ਼ ਕੀਤੀ ਗਈ। ਇਸ ਮੌਕੇ ਲਗਾਏ ਗਏ ਸਟਾਲ ‘ਤੇ ਦੋਹਾਂ ਪੁਸਤਕਾਂ ਦੀ ਖ਼ੂਬ ਵਿਕਰੀ ਹੋਈ। ਸਮਾਗ਼ਮ ਦੌਰਾਨ ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਸਰੋਕਾਰਾਂ ਦੀ ਆਵਾਜ਼’ ਮੁੱਖ-ਸੰਪਾਦਕ ਹਰਬੰਸ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਉਨ੍ਹਾਂ ਸਮਾਗ਼ਮ ਵਿਚ ਭਰਪੂਰ ਹਾਜ਼ਰੀ ਲਈ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਇਸ ਸਮਾਗ਼ਮ ਨੂੰ ਸਫ਼ਲ ਬਨਾਉਣ ਲਈ ਪੰਜਾਬੀ ਮੀਡੀਏ ਅਤੇ ਸਪਾਂਸਰਾਂ ਦਾ ਉਨ੍ਹਾਂ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਓਨਟਾਰੀਓ ਦੇ ਐੱਮ.ਪੀ.ਪੀਜ਼ ਵਿੱਕ ਢਿੱਲੋਂ, ਹਰਿੰਦਰ ਮੱਲ੍ਹੀ, ਪੰਜਾਬ ਤੋਂ ‘ਆਪ’ ਦੇ ਵਿਧਾਇਕ ਕੰਵਰ ਸੰਧੂ ਸਮੇਤ ਸੈਂਕੜੇ ਲੋਕ ਹਾਜ਼ਰ ਸਨ।

Check Also

BREAST CANCER

What is Breast Cancer? : Breast cancer is one of the most prevalent types of …