ਨਵੀਂ ਦਿੱਲੀ/ਬਿਊਰੋ ਨਿਊਜ਼ : ਤਜਰਬੇਕਾਰ ਰਾਜਦੂਤ ਸੰਜੈ ਕੁਮਾਰ ਵਰਮਾ ਨੂੰ ਕੈਨੇਡਾ ‘ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਜਦਕਿ ਮੌਜੂਦਾ ਸਮੇਂ ਅਮਰੀਕਾ ਦੇ ਸ਼ਿਕਾਗੋ ‘ਚ ਭਾਰਤ ਦੇ ਕੌਂਸਲੇਟ ਜਨਰਲ ਵਜੋਂ ਕੰਮ ਕਰ ਰਹੇ ਅਮਿਤ ਕੁਮਾਰ ਨੂੰ ਦੱਖਣੀ ਕੋਰੀਆ ‘ਚ ਅਗਲੇ ਭਾਰਤੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਈਐੱਫਐੱਸ ਦੇ 1988 ਬੈਚ ਦੇ ਅਧਿਕਾਰੀ ਤੇ ਮੌਜੂਦਾ ਸਮੇਂ ਜਾਪਾਨ ‘ਚ ਭਾਰਤ ਦੇ ਰਾਜਦੂਤ ਸ੍ਰੀ ਵਰਮਾ ਜਲਦੀ ਹੀ ਨਵਾਂ ਕਾਰਜਭਾਰ ਸੰਭਾਲਣਗੇ। ਸ੍ਰੀ ਵਰਮਾ (57) ਕਾਰਜਕਾਰੀ ਹਾਈ ਕਮਿਸ਼ਨਰ ਅੰਸ਼ੂਮਨ ਗੌੜ ਦੀ ਥਾਂ ਲੈਣਗੇ। ਮੰਤਰਾਲੇ ਨੇ ਦੱਸਿਆ ਕਿ ਸ੍ਰੀ ਵਰਮਾ ਹਾਂਗਕਾਂਗ, ਚੀਨ, ਵੀਅਤਨਾਮ ਤੇ ਤੁਰਕੀ ਸਥਿਤ ਭਾਰਤੀ ਮਿਸ਼ਨ ‘ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।