ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਛੋਟ ਨੂੰ ਰੀਬ੍ਰੈਂਡ ਕੀਤਾ ਜਾ ਰਿਹਾ ਹੈ। ਇਸ ਨੂੰ ਪਹਿਲਾਂ ਕਲਾਈਮੇਟ ਐਕਸ਼ਨ ਇੰਸੈਂਟਿਵ ਪੇਅਮੈਂਟ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਲਿਬਰਲ ਇਸ ਨੂੰ ਕੈਨੇਡਾ ਕਾਰਬਨ ਰੀਬੇਟ ਦਾ ਨਾਂ ਦੇ ਰਹੇ ਹਨ।
ਨਾਂ ਵਿੱਚ ਆਈ ਇਸ ਤਬਦੀਲੀ ਬਾਰੇ ਸੱਭ ਤੋਂ ਪਹਿਲਾਂ ਜਾਣਕਾਰੀ ਫਾਇਨਾਂਸ ਕੈਨੇਡਾ ਦੀ ਪ੍ਰੈੱਸ ਰਲੀਜ਼ ਤੋਂ ਮਿਲੀ। ਇਸ ਤਬਦੀਲੀ ਨਾਲ ਫੈਡਰਲ ਫਿਊਲ ਚਾਰਜ ਸਿਸਟਮ ਤੇ ਰੀਫੰਡ ਕਰਨ ਦੇ ਤਰੀਕੇ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ। ਸਰਕਾਰ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਇਸ ਨਾਂ ਨਾਲ ਇਹ ਸਪਸ਼ਟ ਹੋਵੇਗਾ ਕਿ ਕੈਨੇਡਾ ਦੀ ਕਾਰਬਨ ਛੋਟ ਕਿਸ ਤਰ੍ਹਾਂ ਕੰਮ ਕਰਦੀ ਹੈ। ਇਸ ਨਾਲ ਕੈਨੇਡੀਅਨਜ਼ ਨੂੰ ਵੀ ਕਾਰਬਨ ਪ੍ਰਾਈਸਿੰਗ ਸਿਸਟਮ ਦਾ ਮਤਲਬ ਤੇ ਸਬੰਧ ਚੰਗੀ ਤਰ੍ਹਾਂ ਸਮਝ ਆਵੇਗਾ।
ਮੰਤਰੀਆਂ ਨੇ ਆਖਿਆ ਕਿ ਪਿਛਲੇ ਨਾਂ ਨਾਲ ਕਾਰਬਨ ਟੈਕਸ ਪਲੈਨ ਨੂੰ ਸਮਝਣਾ ਜਾਂ ਜੋੜਨਾ ਔਖਾ ਸੀ।ਲੇਬਰ ਮੰਤਰੀ ਸੀਮਸ ਓਰੀਗਨ ਨੇ ਆਖਿਆ ਕਿ ਜੇ ਅਸੀਂ ਲੋਕਾਂ ਦੀ ਜ਼ੁਬਾਨ ਵਿੱਚ ਹੀ ਉਨ੍ਹਾਂ ਨੂੰ ਦੱਸੀਏ ਕਿ ਸਰਕਾਰ ਦਾ ਮੰਤਵ ਕੀ ਹੈ ਤਾਂ ਉਨ੍ਹਾਂ ਨੂੰ ਜਲਦੀ ਸਮਝ ਆਉਂਦਾ ਹੈ। ਲੋਕ ਕਾਰਬਨ ਲਫਜ਼ ਦੀ ਵਰਤੋਂ ਕਰਦੇ ਹਨ ਤੇ ਛੋਟ ਦੀ ਵਰਤੋਂ ਵੀ ਕਰਦੇ ਹਨ, ਇਸ ਲਈ ਜੇ ਅਸੀਂ ਵੀ ਉਨ੍ਹਾਂ ਦੀ ਜੁਬਾਨ ਵਿੱਚ ਹੀ ਉਨ੍ਹਾਂ ਨੂੰ ਦੱਸੀਏ ਕਿ ਸਰਕਾਰ ਉਨ੍ਹਾਂ ਲਈ ਕੀ ਕਰ ਰਹੀ ਹੈ ਤਾਂ ਉਹ ਜ਼ਿਆਦਾ ਵਧੀਆ ਹੋਵੇਗਾ। ਪ੍ਰਦੂਸ਼ਣ ਸਬੰਧੀ ਪ੍ਰਾਈਸਿੰਗ ਪ੍ਰੋਗਰਾਮ ਤੇ ਰੀਬੇਟ ਸਿਸਟਮ 2019 ਤੋਂ ਹੀ ਲਾਗੂ ਹੈ। ਜਿਨ੍ਹਾਂ ਪ੍ਰੋਵਿੰਸਾਂ ਵਿੱਚ ਫੈਡਰਲ ਸਰਕਾਰ ਦਾ ਇਹ ਸਿਸਟਮ ਅਪਲਾਈ ਹੁੰਦਾ ਹੈ ਉੱਥੇ ਹਰ ਤਿੰਨ ਮਹੀਨੇ ਵਿੱਚ ਕੈਨੇਡੀਅਨਜ਼ ਨੂੰ ਸਿੱਧੇ ਡਿਪਾਜ਼ਿਟ ਜਾਂ ਚੈੱਕ ਰਾਹੀਂ ਇਹ ਛੋਟ ਦਿੱਤੀ ਜਾਂਦੀ ਹੈ।