Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਬਰੀ ਹੋਣ ਦੀ ਵਗੀ ਹਵਾ…ਤੂੰ ਵੀ ਬਰੀ, ਮੈਂ ਵੀ ਬਰੀ, ਉਹ ਵੀ ਬਰੀ

ਪੰਜਾਬ ‘ਚ ਬਰੀ ਹੋਣ ਦੀ ਵਗੀ ਹਵਾ…ਤੂੰ ਵੀ ਬਰੀ, ਮੈਂ ਵੀ ਬਰੀ, ਉਹ ਵੀ ਬਰੀ

ਬਲਾਤਕਾਰ ਮਾਮਲੇ ‘ਚ ਲੰਗਾਹ ਬਰੀ
ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਬੀਬੀ ਅਦਾਲਤ ‘ਚ ਮੁੱਕਰੀ ਤਾਂ ਹੋਇਆ ਲੰਗਾਹ ਦਾ ਬਚਾਅ, ਪਰ ਕਕਾਰਾਂ ਦੀ ਬੇਅਦਬੀ ਦੇ ਦੋਸ਼ ਤਾਂ ਬਰਕਰਾਰ ਹਨ
ਗੁਰਦਾਸਪੁਰ/ਬਿਊਰੋ ਨਿਊਜ਼
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਭਾਰੀ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ (ਗੁਰਦਾਸਪੁਰ) ਪ੍ਰੇਮ ਕੁਮਾਰ ਦੀ ਅਦਾਲਤ ਨੇ ਬਲਾਤਕਾਰ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਬੀਬੀ ਹੀ ਅਦਾਲਤ ਵਿਚ ਮੁੱਕਰ ਗਈ, ਜਿਸ ਦੇ ਚਲਦਿਆਂ ਅਦਾਲਤ ‘ਚੋਂ ਲੰਗਾਹ ਦਾ ਬਚਾਅ ਹੋ ਗਿਆ। ਇਸ ਫੈਸਲੇ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਜਥੇਦਾਰਾਂ ‘ਤੇ ਟਿਕ ਗਈਆਂ ਹਨ। ਧਿਆਨ ਰਹੇ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਪੰਥ ‘ਚੋਂ ਛੇਕ ਦਿੱਤਾ ਗਿਆ ਸੀ। ਅਦਾਲਤ ‘ਚੋਂ ਬਰੀ ਹੋ ਕੇ ਲੰਗਾਹ ਨੇ ਦਾਅਵਾ ਕੀਤਾ ਕਿ ਉਹ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਕੇ ਪੰਥ ‘ਚ ਵਾਪਸੀ ਦਾ ਰਾਹ ਲੱਭਣਗੇ। ਪਰ ਧਿਆਨ ਰਹੇ ਕਿ ਵਾਇਰਲ ਹੋਈ ਵੀਡੀਓ ਵਿਚ ਗੈਰ ਔਰਤ ਨਾਲ ਸਬੰਧ ਬਣਾਉਂਦੇ ਨਜ਼ਰ ਆ ਰਹੇ ਸੁੱਚਾ ਸਿੰਘ ਲੰਗਾਹ ਨੇ ਕਕਾਰਾਂ ਦੀ ਸ਼ਰ੍ਹੇਆਮ ਬੇਅਦਬੀ ਕੀਤੀ। ਇਹ ਸਾਰਾ ਮਾਮਲਾ ਉਸੇ ਤਰ੍ਹਾਂ ਬਰਕਰਾਰ ਹੈ। ਇਸ ਲਈ ਪੰਥ ‘ਚ ਵਾਪਸੀ ਦਾ ਰਾਹ ਏਨਾ ਆਸਾਨ ਨਹੀਂ ਹੈ। ਲੰਗਾਹ ਖ਼ਿਲਾਫ਼ ਵਿਜੀਲੈਂਸ ਵਿਭਾਗ ਪਠਾਨਕੋਟ ਵਿਖੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਉੱਤੇ ਸਿਟੀ ਪੁਲਿਸ (ਗੁਰਦਾਸਪੁਰ) ઠਵਿਖੇ 28 ਸਤੰਬਰ, 2017 ਨੂੰ ਧਾਰਾ 376 (ਬਲਾਤਕਾਰ) ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ઠਸੀ।
ਜਾਣਕਾਰੀ ਅਨੁਸਾਰ ਲੰਗਾਹ ਸੋਮਵਾਰ ਸਵੇਰੇ ਕਰੀਬ 10 ਵਜੇ ਆਪਣੇ ਵਕੀਲਾਂ ਸਮੇਤ ਅਦਾਲਤ ਪੁੱਜੇ। ਕਰੀਬ ਦੋ ਘੰਟਿਆਂ ਤੱਕ ਦੋਹਾਂ ਧਿਰਾਂ ਦੀ ਬਹਿਸ ਚਲਦੀ ਰਹੀ। ਜੱਜ ਨੇ ਦਲੀਲਾਂ ਸੁਣਨ ਤੋਂ ਪਿੱਛੋਂ ਬਾਅਦ ਦੁਪਹਿਰ ਆਪਣਾ ਫੈਸਲਾ ਸੁਣਾ ਦਿੱਤਾ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਲੰਗਾਹ ਸਾਲ 2009 ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ। ਇਸ ਸਬੰਧੀ ਇੱਕ ਅਸ਼ਲੀਲ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਸੀ। ਉਦੋਂ ਲੋਕ ਸਭਾ ਜ਼ਿਮਨੀ ਚੋਣ ਹੋਣ ਕਾਰਨ ਕਾਂਗਰਸ ਨੂੰ ਫਾਇਦਾ ਵੀ ਮਿਲਿਆ ਸੀ।
ਘਟਨਾ ਬਾਅਦ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਪੰਥ ਵਿੱਚੋਂ ਛੇਕ ਦਿੱਤਾ ਸੀ। ਕੇਸ ਦਰਜ ਹੋਣ ਪਿੱਛੋਂ ਲੰਗਾਹ ਰੂਪੋਸ਼ ਹੋ ਗਏ ਸਨ ਪਰ ਪੇਸ਼ਗੀ ਜ਼ਮਾਨਤ ਰੱਦ ਹੋਣ ਬਾਅਦ 4 ਅਕਤੂਬਰ ਨੂੰ ਗੁਰਦਾਸਪੁਰ ਅਦਾਲਤ ਵਿੱਚ ਆਤਮ-ਸਮਰਪਣ ਕੀਤਾ ਸੀ। ਵੀਡੀਓ ਵਾਇਰਲ ਹੋਣ ਉਪਰੰਤ ਸਿੱਖ ਸੰਗਠਨਾਂ ਦੀ ਮੰਗ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295ਏ ਵੀ ਕੇਸ ਵਿੱਚ ਜੋੜੀ ਗਈ ਸੀ।
ਸੁਣਵਾਈ ਦੌਰਾਨ ਸਬੰਧਤ ਔਰਤ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਗਈ। ਉਸ ਨੇ ਅਦਾਲਤ ਵਿੱਚ ਕਿਹਾ ਕਿ ਪੁਲਿਸ ਨੇ ਦਬਾਅ ਪਾ ਕੇ ਲੰਗਾਹ ਖਿਲਾਫ਼ ਸ਼ਿਕਾਇਤ ਕਰਵਾਈ ਸੀ। ਉਸ ਨੇ ਵੀਡੀਓ ਵਿੱਚ ਵੀ ਆਪਣੇ ਹੋਣ ਤੋਂ ਇਨਕਾਰ ਕੀਤਾ। ਇਸ ਕਾਰਨ ਲੰਗਾਹ ਅਦਾਲਤ ਵਿੱਚੋਂ ਜ਼ਮਾਨਤ ਲੈਣ ਵਿੱਚ ਵੀ ਸਫਲ ਹੋ ਗਏ। ਇਸੇ ਰੌਸ਼ਨੀ ਵਿਚ ਅਦਾਲਤ ਨੇ ਲੰਗਾਹ ਨੂੰ ਧਾਰਾ 376 (ਬਲਾਤਕਾਰ) ਅਤੇ 295ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੰਗਾਹ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਨਿਆਂ ਮਿਲਣ ਦਾ ਪੂਰਾ ਭਰੋਸਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਲੋਕ ਸਭਾ ਜ਼ਿਮਨੀ ਚੋਣ ਵਿੱਚ ਲਾਹਾ ਲੈਣ ਲਈ ਉਨ੍ਹਾਂ ਨੂੰ ‘ਝੂਠਾ’ ਫਸਾਇਆ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪਾਰਟੀ ਪ੍ਰਧਾਨ ਨੂੰ ਮਿਲਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਵੀ ਇਨਸਾਫ਼ ਦੀ ਮੰਗ ਕਰਨਗੇ।
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲਾ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਬਰੀ
ਮੁਹਾਲੀ : ਮੁਹਾਲੀ ਦੀ ਇੱਕ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੇਕਸੂਰ ਮੰਨਦਿਆਂ ਸਾਰੇ ਦੋਸ਼ਾਂ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਵਿਜੀਲੈਂਸ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ-ਚਰਚਿਤ 32 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ 11 ਸਤੰਬਰ 2008 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰਨਾਂ ਆਗੂਆਂ ਅਤੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਥਾਣਾ ਫੇਜ਼-8 ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਭਰਤੀ ਘੁਟਾਲੇ ਮਾਮਲੇ ‘ਚੋਂ ਤੋਤਾ ਸਿੰਘ ਬਰੀ
ਮੁਹਾਲੀ : ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਮੁਹਾਲੀ ਅਦਾਲਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਮਾਮਲੇ ‘ਚੋਂ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਕੁੱਲ ਛੇ ਵਿਅਕਤੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ ‘ਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਬਾਕੀਆਂ ਨੂੰ ਅਦਾਲਤ ਨੇ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਿਨ੍ਹਾਂ ਮੁਲਜ਼ਮਾਂ ਨੂੰ ਸਜ਼ਾ ਹੋਈ ਹੈ ਉਨ੍ਹਾਂ ਨੂੰ 20-20 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …