ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ‘ਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਸਹਾਈ ਹੋਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਜਿਸ ਤਹਿਤ ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੇ ਦੇਸ਼ਾਂ ‘ਚ ਰਹਿੰਦੇ ਹੋਏ ਕੈਨੇਡੀਅਨ ਵਿੱਦਿਅਕ ਅਦਾਰੇ ਰਾਹੀਂ ਆਨਲਾਈਨ ਆਪਣੀ 100 ਫ਼ੀਸਦੀ ਪੜ੍ਹਾਈ ਮੁਕੰਮਲ ਕਰ ਲਈ ਹੋਵੇ।
ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ (ਇਰਪਾ) ਮੁਤਾਬਿਕ ਪੋਸਟ ਗਰੈਜੂਏਸ਼ਨ ਵਰਕ ਪਰਮਿਟ (ਵੱਧ ਤੋਂ ਵੱਧ 3 ਸਾਲ ਲਈ) ਦੇ ਹੱਕਦਾਰ ਉਹੀ ਵਿਦੇਸ਼ੀ ਵਿਦਿਆਰਥੀ ਹੁੰਦੇ ਹਨ, ਜਿਨ੍ਹਾਂ ਨੇ ਸਾਰੀ ਪੜ੍ਹਾਈ ਕੈਨੇਡਾ ਪਹੁੰਚ ਕੇ ਕੀਤੀ ਹੋਵੇ। ਲੰਘੇ ਸਾਲ ਤੋਂ ਇਸ ਸਾਲ ਸਤੰਬਰ ਤੱਕ (ਕੈਨੇਡਾ ਦਾ ਸਟੱਡੀ ਪਰਮਿਟ ਮਨਜ਼ੂਰ ਹੋ ਜਾਣ ਮਗਰੋਂ) ਆਨਲਾਈਨ ਪੜ੍ਹਦੇ ਰਹਿਣ ਅਤੇ ਪਾਸ ਹੁੰਦੇ ਰਹਿਣ ਵਾਲੇ ਵਿਦੇਸ਼ੀ ਵਿਦਿਆਰਥੀ ਕੈਨੇਡਾ ‘ਚ ਪਹੁੰਚ ਕੇ ਇਹ ਵਰਕ ਪਰਮਿਟ ਹਾਸਲ ਕਰ ਸਕਣਗੇ। ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਸਰਕਾਰ ਨੇ ਇਹ ਸ਼ਰਤ 50 ਫ਼ੀਸਦੀ ਕਰ ਦਿੱਤੀ ਸੀ ਪਰ ਹੁਣ ਹਾਲਾਤ ਦੇ ਮੱਦੇਨਜ਼ਰ ਵਿਦੇਸ਼ੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੈਨੇਡਾ ਪ੍ਰਤੀ ਖਿੱਚ ਬਣਾਈ ਰੱਖਣ ਲਈ 100 ਫ਼ੀਸਦੀ ਛੋਟ ਦੇ ਦਿੱਤੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਇਹ ਛੋਟ ਆਰਜ਼ੀ ਤੌਰ ‘ਤੇ ਹੈ, ਜਿਸ ਦਾ ਭਾਵ ਹੈ ਕਿ ਕਰੋਨਾ ਵਾਇਰਸ ਦੀਆਂ ਰੁਕਾਵਟਾਂ ਖ਼ਤਮ ਹੋਣ ਤੋਂ ਬਾਅਦ ਕੈਨੇਡਾ ‘ਚ ਰਹਿ ਕੇ ਪੜ੍ਹਾਈ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਇਹ ਵਰਕ ਪਰਮਿਟ ਮਿਲਿਆ ਕਰੇਗਾ। ਮੰਤਰੀ ਮੈਂਡੀਚੀਨੋ ਨੇ ਇਹ ਵੀ ਕਿਹਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਪੜ੍ਹਨ ਤੋਂ ਬਾਅਦ ਪੱਕੇ ਹੋਣ ਦੇ ਮੌਕੇ ਵੀ ਮਿਲਦੇ ਰਹਿਣਗੇ, ਕਿਉਂਕਿ ਉਨ੍ਹਾਂ ਦੀ ਸਰਕਾਰ ਚਾਹੁੰਦੀ ਹੈ ਕਿ ਵਿਦੇਸ਼ਾਂ ਤੋਂ ਨੌਜਵਾਨ ਕੈਨੇਡਾ ‘ਚ ਆ ਕੇ ਪੜ੍ਹਨ ਅਤੇ ਪੱਕੇ ਤੌਰ ‘ਤੇ ਸਥਾਪਿਤ ਹੋਣ।
Check Also
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …