Breaking News
Home / ਹਫ਼ਤਾਵਾਰੀ ਫੇਰੀ / ਖਹਿਰਾ ਨਾਲ ਖੜ੍ਹਿਆ ‘ਆਮ ਆਦਮੀ’

ਖਹਿਰਾ ਨਾਲ ਖੜ੍ਹਿਆ ‘ਆਮ ਆਦਮੀ’

ਪੰਜਾਬ ਦੀ ‘ਆਪ’ ਇਕਾਈ ਦੋਫਾੜ, ਸੁਖਪਾਲ ਖਹਿਰਾ ਨੇ ਦਿੱਤੇ ਤੀਜੇ ਫਰੰਟ ਬਣਾਉਣ ਦੇ ਸੰਕੇਤ
ਬਠਿੰਡਾ/ਬਿਊਰੋ ਨਿਊਜ਼
‘ਆਪ’ ਹਾਈ ਕਮਾਂਡ ਨੇ ਸਾਫ਼ ਆਖਿਆ ਸੀ ਕਿ ਬਠਿੰਡਾ ‘ਚ ਹੋਣ ਵਾਲੀ ਕਨਵੈਨਸ਼ਨ ਆਮ ਆਦਮੀ ਪਾਰਟੀ ਦੀ ਕਨਵੈਨਸ਼ਨ ਨਹੀਂ ਹੈ ਪਰ ਉਨ੍ਹਾਂ ਦੇ ਹੁਕਮਾਂ ਤੇ ਧਮਕੀਆਂ ਨੂੰ ਦਰਕਿਨਾਰ ਕਰਦਿਆਂ ਪਾਰਟੀ ਇਕੱਲੀ ਰਹਿ ਗਈ ਤੇ ਆਮ ਆਦਮੀ ਸੁਖਪਾਲ ਖਹਿਰਾ ਨਾਲ ਜਾ ਖੜ੍ਹਿਆ। ਪੰਜਾਬ ਦੇ 20 ਵਿਧਾਇਕਾਂ ਵਿਚੋਂ ਸੁਖਪਾਲ ਖਹਿਰਾ ਨਾਲ 6 ਵਿਧਾਇਕ ਮੰਚ ‘ਤੇ ਨਜ਼ਰ ਆਏ ਤੇ ਪੰਡਾਲ ਵਿਚ ਹਜ਼ਾਰਾਂ ਦਾ ਇਕੱਠ। ਭਰਵੇਂ ਇਕੱਠ ਵਿਚ ਸੁਖਪਾਲ ਖਹਿਰਾ ਨੇ ਖੁਦਮੁਖਤਿਆਰੀ ਦੀ ਗੱਲ ਕਰਦਿਆਂ ਸਾਫ਼ ਸੰਕੇਤ ਦੇ ਦਿੱਤਾ ਕਿ ਉਹ ਛੇਤੀ ਹੀ ਤੀਜਾ ਫਰੰਟ ਬਣਾਉਣਗੇ ਤੇ ਇਸ ਸਫ਼ਲ ਕਨਵੈਨਸ਼ਨ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਦੋਫਾੜ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕਰੀਬ ਇੱਕ ਤਿਹਾਈ ਬਾਗ਼ੀ ਵਿਧਾਇਕਾਂ ਨੇ ਵੀਰਵਾਰ ਨੂੰ ‘ਬਠਿੰਡਾ ਰੈਲੀ’ ‘ਚ ਮਜ਼ਬੂਤ ਤਾਕਤ ਦਾ ਵਿਖਾਵਾ ਕਰਕੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ ਜਿਸ ਨਾਲ ਪੰਜਾਬ ‘ਚ ਹੁਣ ‘ਆਪ’ ਦੇ ਦੋਫਾੜ ਹੋਣ ਦਾ ਮੁੱਢ ਬਝ ਗਿਆ ਹੈ। ਖਹਿਰਾ ਧੜੇ ਨੇ ਵੀਰਵਾਰ ਨੂੰ ‘ਆਪ’ ਦੀ ਹਾਈਕਮਾਨ ਨੂੰ ਸਿੱਧੀ ਚੁਣੌਤੀ ਦੇ ਕੇ ਪੰਜਾਬ ਯੂਨਿਟ ਨੂੰ ਖ਼ੁਦਮੁਖ਼ਤਿਆਰ ਐਲਾਨ ਦਿੱਤਾ। ‘ਬਠਿੰਡਾ ਰੈਲੀ’ ਨੂੰ ਵੱਡਾ ਹੁੰਗਾਰਾ ਮਿਲਣ ਮਗਰੋਂ ਬਾਗ਼ੀ ਧੜੇ ਨੇ ਦਿੱਲੀ ਪ੍ਰਤੀ ਆਪਣੇ ਤੇਵਰ ਤਿੱਖੇ ਕਰ ਲਏ। ਬਾਗ਼ੀ ਧੜੇ ਨੇ ਹਾਈ ਕਮਾਨ ਨੂੰ ਦੋ ਟੁੱਕ ਲਫ਼ਜ਼ਾਂ ‘ਚ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਹੁਣ ਹਾਈਕਮਾਨ ਦੇ ਫ਼ੈਸਲੇ ਮਨਜ਼ੂਰ ਨਹੀਂ। ਬਠਿੰਡਾ ਰੈਲੀ ‘ਚ ਸੁਖਪਾਲ ਸਿੰਘ ਖਹਿਰਾ ਸਮੇਤ ਸੱਤ ‘ਆਪ’ ਵਿਧਾਇਕਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਨੇ ਹਿੱਕ ਥਾਪੜ ਕੇ ਹਾਈ ਕਮਾਨ ਖ਼ਿਲਾਫ਼ ਭੜਾਸ ਕੱਢੀ। ਕਰੀਬ ਤਿੰਨ ਘੰਟੇ ਚੱਲੇ ਤਿੱਖੇ ਭਾਸ਼ਣਾਂ ਮੌਕੇ ਨਾਅਰੇ ਵੀ ਗੂੰਜਦੇ ਰਹੇ ਪ੍ਰੰਤੂ ‘ਆਪ’ ਦੇ ਦੋ ਤਿਹਾਈ ਵਿਧਾਇਕਾਂ ਵੱਲੋਂ ਰੈਲੀ ਤੋਂ ਬਣਾਈ ਦੂਰੀ ਨੇ ਬਾਗ਼ੀ ਧੜੇ ਨੂੰ ਅੰਦਰੋਂ ਸੂਤੀ ਰੱਖਿਆ। ਕਨਵੈਨਸ਼ਨ ਦੇ ਅਖੀਰ ‘ਚ ਛੇ ਮਤੇ ਪਾਸ ਕੀਤੇ ਗਏ ਜਿਨ੍ਹਾਂ ਲਈ ਜੁੜੇ ਇਕੱਠ ਤੋਂ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ ਗਈ।
ਬਾਗ਼ੀ ਧੜੇ ਨੇ ਮਤਾ ਪਾਸ ਕਰਕੇ ‘ਆਪ’ ਦਾ ਪੰਜਾਬ ਯੂਨਿਟ ਭੰਗ ਕਰਕੇ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਅਤੇ ਪੰਜਾਬ ਯੂਨਿਟ ਨੂੰ ਖ਼ੁਦਮੁਖ਼ਤਿਆਰ ਬਣਾਉਣ ਦਾ ਫ਼ੈਸਲਾ ਕੀਤਾ। ਬਾਗ਼ੀ ਵਿਧਾਇਕਾਂ ਨੇ ਮਤਾ ਪਾਸ ਕਰਕੇ ‘ਆਪ’ ਵੱਲੋਂ ਐਲਾਨੇ ਨਵੇਂ ਵਿਰੋਧੀ ਧਿਰ ਦੇ ਨੇਤਾ ਦੀ ਨਿਯੁਕਤੀ ਨੂੰ ਖ਼ਾਰਜ ਕਰਕੇ ਹਾਈ ਕਮਾਨ ਨੂੰ ਅਲਟੀਮੇਟਮ ਦਿੱਤਾ ਕਿ ਹਫ਼ਤੇ ਦੇ ਅੰਦਰ ‘ਆਪ’ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਵਿਰੋਧੀ ਧਿਰ ਦੇ ਨਵੇਂ ਨੇਤਾ ਦੀ ਚੋਣ ਕੀਤੀ ਜਾਵੇ। ਬਾਗ਼ੀ ਧੜੇ ਨੇ ਐਲਾਨ ਕੀਤਾ ਕਿ ਉਹ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨਗੇ। 22 ਜ਼ਿਲ੍ਹਾ ਪ੍ਰੋਗਰਾਮ ਕਰਨ ਮਗਰੋਂ ਮਾਝੇ, ਦੁਆਬੇ ਅਤੇ ਮਾਲਵੇ ਵਿੱਚ ਵੱਡੇ ਇਕੱਠ ਕੀਤੇ ਜਾਣਗੇ। ਬਾਗ਼ੀ ਧੜੇ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਹਮਖ਼ਿਆਲ ਪਾਰਟੀਆਂ ਨਾਲ ਮਿਲ ਕੇ ਤੀਸਰਾ ਬਦਲ ਉਸਾਰਿਆ ਜਾਵੇਗਾ। ਹਾਈਕਮਾਨ ਦੇ ਦਲਿਤ ਪੱਤੇ ‘ਤੇ ਦਹਿਲਾ ਮਾਰਨ ਲਈ ਖਹਿਰਾ ਧੜੇ ਨੇ ਪੰਜਾਬੀ ਪੱਤਾ ਖੇਡਿਆ।ਬਾਗ਼ੀ ਵਿਧਾਇਕਾਂ ਨੇ ਸਟੇਜ ਤੋਂ ਪੰਥਕ ਚਿਹਰਾ ਵੀ ਵਿਖਾਇਆ ਤੇ ਪੰਜਾਬੀਆਂ ਦੀ ਅਣਖ ਤੇ ਗ਼ੈਰਤ ਦੀ ਤੰਦ ਵਾਰ ਵਾਰ ਛੇੜੀ ਗਈ। ਭਾਵੁਕ ਹੋਏ ਸੁਖਪਾਲ ਖਹਿਰਾ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਦਿੱਤਾ ਕਿ ਉਹ ਰੈਲੀ ਤੋਂ ਦੂਰ ਰਹਿਣ ਵਾਲੇ ‘ਆਪ’ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ। ਉਨ੍ਹਾਂ ਹਾਈ ਕਮਾਨ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਟਿਕਟਾਂ ਵੇਚਣ, ਟਿਕਟਾਂ ਦੀ ਗ਼ਲਤ ਵੰਡ ਅਤੇ ਹਾਈਕਮਾਂਡ ਦੀ ਗੈਰਜਮਹੂਰੀ ਸੋਚ ਨੂੰ ਨਿਸ਼ਾਨੇ ‘ਤੇ ਰੱਖਿਆ । ਸੁਖਪਾਲ ਖਹਿਰਾ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ਵਿਚ ਪੰਜਾਬ ਦੇ ਬੁਨਿਆਦੀ ਮਸਲੇ ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦੀ ਗੱਲ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਉਭਾਰਿਆ। ਉਨ੍ਹਾਂ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਰਾਇਲਟੀ ਲੈਣ ਦੀ ਗੱਲ ਦੁਹਰਾਈ। ਖਹਿਰਾ ਨੇ ਬਾਦਲ ਤੇ ਕੈਪਟਨ ਪਰਿਵਾਰ ਦੀ ‘ਦੋਸਤਾਨਾ ਮੈਚ’ ਦੀ ਗੱਲ ਕਰਦੇ ਹੋਏ ਪੰਜਾਬ ਨੂੰ ਦੋ ਟੱਬਰਾਂ ਵੱਲੋਂ ਲੁੱਟੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਕਿਸਾਨੀ ਤੇ ਜਵਾਨੀ ਤੋਂ ਇਲਾਵਾ ਵਪਾਰੀਆਂ ਦੇ ਦੁੱਖਾਂ ਦਰਦਾਂ ਦਾ ਮੁੱਦਾ ਵੀ ਛੋਹਿਆ। ਉਨ੍ਹਾਂ ਆਖਿਆ ਕਿ ਹਾਈ ਕਮਾਨ ਦੇ ਦੋ ਸੂਬੇਦਾਰਾਂ ਨੇ ਪੰਜਾਬ ਵਿਚ ਚੋਣਾਂ ਵੇਲੇ ਟਿਕਟਾਂ ਵੇਚੀਆਂ ਅਤੇ ਗ਼ਲਤ ਟਿਕਟਾਂ ਦੀ ਵੰਡ ਕਰਕੇ ਪਾਰਟੀ ਪੰਜਾਬ ਵਿੱਚ ਸੌ ਸੀਟਾਂ ਤੋਂ 20 ਸੀਟਾਂ ਤੱਕ ਸਿਮਟ ਗਈ। ਖਹਿਰਾ ਧੜੇ ‘ਚੋਂ ਸੀਨੀਅਰ ਵਿਧਾਇਕ ਕੰਵਰ ਸੰਧੂ ਨੇ ਕਨਵੈਨਸ਼ਨ ਵਿੱਚ ਮਤੇ ਪੜ੍ਹੇ ਅਤੇ ਉਸ ਤੋਂ ਪਹਿਲਾਂ ਸੰਧੂ ਨੇ ਆਖਿਆ ਕਿ ਜਦੋਂ ਦਿੱਲੀ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ ਲੋਕ ਕਚਹਿਰੀ ਵਿੱਚ ਆਏ ਹਨ। ਉਨ੍ਹਾਂ ਆਖਿਆ ਕਿ ਹਾਈਕਮਾਨ ਪੰਜਾਬ ਦੀ ਖ਼ੁਦਮੁਖ਼ਤਿਆਰੀ ਦੇ ਮਾਮਲੇ ‘ਤੇ ਚੁੱਪ ਹੋ ਜਾਂਦੀ ਹੈ ਜਦੋਂ ਕਿ ਖ਼ੁਦ ਐਲ.ਜੀ ਦਫ਼ਤਰ ਵਿੱਚ ਧਰਨਾ ਮਾਰ ਕੇ ਖ਼ੁਦਮੁਖ਼ਤਿਆਰੀ ਮੰਗਦੀ ਹੈ। ਕੰਵਰ ਸੰਧੂ ਨੇ ਚੋਣਾਂ ਵਿਚ 50 ਸੀਟਾਂ ਗ਼ਲਤ ਟਿਕਟਾਂ ਦੀ ਵੰਡ ਕਰਕੇ ਹਾਰਨ ਦੀ ਗੱਲ ਆਖੀ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਖਿਆ ਕਿ ਹਾਈਕਮਾਨ ਨੂੰ ਹੋਰਨਾਂ ਅਹੁਦਿਆਂ ‘ਤੇ ਕਦੇ ਦਲਿਤ ਨੇਤਾ ਲਾਏ ਜਾਣ ਦਾ ਚੇਤਾ ਨਹੀਂ ਆਇਆ ਅਤੇ ਖਹਿਰਾ ਨੂੰ ਲਾਹੁਣ ਲਈ ਦਲਿਤ ਪੱਤਾ ਖੇਡਿਆ। ਵਿਧਾਇਕ ਜਗਦੇਵ ਕਮਾਲੂ ਨੇ ਆਖਿਆ ਕਿ ਨਵੀਂ ਸ਼ੁਰੂਆਤ ਹੋਈ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ। ਵਿਧਾਇਕ ਪਿਰਮਲ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਨੇ ਪੰਜਾਬ ਯੂਨਿਟ ਦੀ ਖ਼ੁਦਮੁਖ਼ਤਿਆਰੀ ਦੀ ਗੱਲ ਕੀਤੀ।
ਪੰਜਾਬ ‘ਚ ਹਾਰ ਦਾ ਕਾਰਨ ਦਿੱਲੀ ਵਾਲਿਆਂ ਨੇ ਕਈ ਸੀਟਾਂ ਪੈਸੇ ਲੈ ਕੇ ਵੇਚੀਆਂ : ਕੰਵਰ ਸੰਧੂ
ਬਠਿੰਡਾ : ਸੁਖਪਾਲ ਖਹਿਰਾ ਵਲੋਂ ਬਠਿੰਡਾ ‘ਚ ਕੀਤੀ ਕਨਵੈਨਸ਼ਨ ‘ਚ ਵਿਧਾਇਕ ਕੰਵਰ ਸੰਧੂ ਨੇ ਕਈ ਗੁੱਝੇ ਭੇਦ ਵੀ ਖੋਲ੍ਹ ਦਿੱਤੇ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ 50 ਸੀਟਾਂ ਇਸ ਲਈ ਹਾਰ ਗਈ ਕਿਉਂਕਿ ਕੁਝ ਟਿਕਟਾਂ ਪੈਸੇ ਲੈ ਕੇ ਗਲਤ ਢੰਗ ਨਾਲ ਵੰਡੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਤਾਂ ਬਰਨਾਲਾ ਤੋਂ ਇੱਕ ਪੁਲਿਸ ਵਾਲੇ ਨੂੰ ਟਿਕਟ ਦੇਣ ਜਾ ਰਹੀ ਸੀ, ਪਰ ਵਿਰੋਧ ਕਰਕੇ ਟਿਕਟ ਮੀਤ ਹੇਅਰ ਨੂੰ ਦਿਵਾਈ ਤੇ ਉਹ ਜਿੱਤ ਕੇ ਵਿਧਾਇਕ ਬਣੇ। ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਲਿਖਿਆ ਤਾਂ ਉਸ ਵਿਚੋਂ ਹਾਈਕਮਾਂਡ ਨੇ ਪਾਣੀਆਂ ਦੇ ਮਸਲਿਆਂ ਬਾਰੇ ਲਿਖੀਆਂ ਲਾਈਨਾਂ ਇਹ ਕਹਿ ਕੇ ਕਟਵਾ ਦਿੱਤੀਆਂ ਕਿ ਅਸੀਂ ਤਾਂ ਹੋਰ ਸੂਬਿਆਂ ਵਿਚ ਵੀ ਚੋਣਾਂ ਲੜਨੀਆਂ ਹਨ।
ਚਰਚੇ 12 ਵਿਧਾਇਕ ਦਿੱਲੀ ‘ਚ ਨਜ਼ਰਬੰਦ, ਫੋਨ ਤੱਕ ਖੋਹੇ
ਇਕ ਪਾਸੇ ਖਹਿਰਾ ਸਮੇਤ 7 ਵਿਧਾਇਕ ਬਠਿੰਡਾ ਕਨਵੈਨਸ਼ਨ ‘ਚ ਸਨ ਤੇ ਐਚ ਐਸ ਫੂਲਕਾ ਨੂੰ ਛੱਡ ਕੇ 12 ਵਿਧਾਇਕ ਦਿੱਲੀ ‘ਚ ਸਨ। ਦਿਨ ਭਰ ਮੀਡੀਆ ਜਗਤ ‘ਚ ਚਰਚਾ ਰਹੀ ਕਿ ‘ਆਪ’ ਹਾਈ ਕਮਾਂਡ ਨੇ ਇਨ੍ਹਾਂ 12 ਵਿਧਾਇਕਾਂ ਨੂੰ ਦਿੱਲੀ ਸੱਦ ਕੇ ਪੂਰੀ ਤਰ੍ਹਾਂ ਨਜ਼ਰਬੰਦ ਰੱਖਿਆ ਤੇ ਫੋਨ ਤੱਕ ਆਪਣੇ ਕਬਜ਼ੇ ‘ਚ ਲੈ ਲਏ ਕਿ ਕਿਤੇ ਸੁਖਪਾਲ ਖਹਿਰਾ ਦੇ ਸੰਪਰਕ ਵਿਚ ਨਾ ਆ ਜਾਣ। ਚਰਚਾ ਤਾਂ ਇਹ ਵੀ ਰਹੀ ਕਿ ਸੰਜੇ ਸਿੰਘ ਇਕ ਰਾਤ ਪਹਿਲਾਂ ਹੀ ਬਠਿੰਡਾ ਪਹੁੰਚੇ ਹੋਏ ਸਨ। ਜਦੋਂਕਿ ਨਵੇਂ ਬਣੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਮੈਂ ਤੇ ਹੋਰ ਵਿਧਾਇਕ ਤਾਂ ਦਿੱਲੀ ‘ਚ ਭਗਵੰਤ ਮਾਨ ਦੀ ਖਬਰ ਲੈਣ ਗਏ ਸਾਂ ਪਰ ਉਨ੍ਹਾਂ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਨਾਲ ਮੁਲਾਕਾਤ ਦੀ ਗੱਲ ਤਾਂ ਕਬੂਲੀ ਪਰ ਵਿਧਾਇਕਾਂ ਨੂੰ ਨਜ਼ਰਬੰਦ ਰੱਖੇ ਜਾਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
ਕਨਵੈਨਸ਼ਨ ਲਈ ਖਹਿਰਾ ਨੇ ਬਠਿੰਡਾ ਹੀ ਕਿਉਂ ਚੁਣਿਆ!
ਮੀਡੀਆ ਇਸ ਗੱਲ ਦੀ ਵੀ ਸੂਹ ਲੈਂਦਾ ਰਿਹਾ ਕਿ ਸੁਖਪਾਲ ਖਹਿਰਾ ਨੇ ਕਨਵੈਨਸ਼ਨ ਲਈ ਬਠਿੰਡਾ ਹੀ ਕਿਉਂ ਚੁਣਿਆ। ਮਜੀਠੀਆ ਨਾਲ ਖਹਿਰਾ ਦੀ ਕਨਵੈਨਸ਼ਨ ਤੋਂ ਪਹਿਲਾਂ ਮੁਲਾਕਾਤ ਦੀ ਚਰਚਾ ਦਾ ਵੀ ਰੌਲਾ ਪਿਆ, ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਸਾਰੀ ਖੇਡ ਸੁਖਬੀਰ ਬਾਦਲ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਹੈ। ਗੱਲ ਇਹ ਵੀ ਉਡੀ ਕਿ ਖਹਿਰਾ ਦੀ ਕਨਵੈਨਸ਼ਨ ਨੂੰ ਸਫ਼ਲ ਬਣਾਉਣ ਲਈ ਅਕਾਲੀ ਦਲ ਨੇ ਵੀ ਲੋਕ ਭੇਜੇ ਤੇ ਅਕਾਲੀ ਦਲ ਚਾਹੁੰਦਾ ਹੈ ਕਿ ਖਹਿਰਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੂਰੇ ਪੰਜਾਬ ਵਿਚ ਤੀਜੇ ਫਰੰਟ ਵਜੋਂ ਘੁੰਮਣ ਤੇ ਉਹੀ ਭੂਮਿਕਾ ਨਿਭਾਉਣ ਜੋ 2012 ਵਿਚ ਮਨਪ੍ਰੀਤ ਨੇ ਨਿਭਾਈ ਸੀ ਤਾਂ ਜੋ ਪੰਜਾਬ ‘ਚ ਅਕਾਲੀ-ਭਾਜਪਾ ਦੇ ਸੰਸਦ ਮੈਂਬਰ ਵੱਧ ਜਿੱਤ ਸਕਣ। ਅਜਿਹੀਆਂ ਅਫ਼ਵਾਹਾਂ ਅਜੇ ਨਿੱਤ ਦਿਨ ਉਡਦੀਆਂ ਰਹਿਣਗੀਆਂ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …