Breaking News
Home / ਮੁੱਖ ਲੇਖ / ਬਹੁ-ਪਰਤੀ ਸਮਾਜਿਕ ਸੰਕਟ ਦਾ ਵਰਤਾਰਾ ਹੈ ਡੇਰਾਵਾਦ

ਬਹੁ-ਪਰਤੀ ਸਮਾਜਿਕ ਸੰਕਟ ਦਾ ਵਰਤਾਰਾ ਹੈ ਡੇਰਾਵਾਦ

ਤਲਵਿੰਦਰ ਸਿੰਘ ਬੁੱਟਰ
ਪਿਛਲੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੀਆਂ ਦੋ ਸਾਧਵੀਆਂ ਨਾਲ ਜਬਰ-ਜਿਨਾਹ ਕਰਨ ਦੇ ਮਾਮਲੇ ‘ਚ ਪੰਚਕੂਲਾ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਸਜ਼ਾ ਸੁਣਾਉਣ ਅਤੇ ਇਸ ਦੌਰਾਨ ਡੇਰੇ ਦੇ ਪੈਰੋਕਾਰਾਂ ਵਲੋਂ ਹਰਿਆਣਾ ਅਤੇ ਪੰਜਾਬ ਦੇ ਮਾਲਵਾ ਖੇਤਰ ‘ਚ ਵਿਆਪਕ ਪੱਧਰ ‘ਤੇ ਕੀਤੀ ਹਿੰਸਾ ਦਾ ਵਰਤਾਰਾ, ਸਾਡੇ ਸਮਿਆਂ ਦੀ ਅਧਿਆਤਮਕ ਪਰੰਪਰਾ ਦੇ ਰਸਾਤਲ ਵੱਲ ਜਾਂਦੇ ਰੁਝਾਨਾਂ ਦੀ ਨਿਸ਼ਾਨਦੇਹੀ ਕਰਵਾਉਂਦਾ ਹੈ। ਨਿਰਸੰਦੇਹ ਭਾਰਤੀ ਅਧਿਆਤਮਕਤਾ ਦੀ ਪਰੰਪਰਾ ਬੜੀ ਪੁਰਾਣੀ ਅਤੇ ਮੌਲਿਕ ਹੈ। ਇਸ ਪਰੰਪਰਾ ਨੇ ਸਮਾਜ ਨੂੰ ਬੜੇ ਉੱਚੇ-ਸੁੱਚੇ ਵਿਸ਼ਵਾਸ, ਸੱਭਿਅਕ, ਸ਼ਾਲੀਨ ਅਤੇ ਪਵਿੱਤਰ ਸੰਸਕਾਰਾਂ ਦੀ ਅਮੀਰ ਵਿਰਾਸਤ ਦਿੱਤੀ ਹੈ। ਪਰ ਅਜੋਕੇ ਪਦਾਰਥਵਾਦ ਤੇ ਭੋਗਵਾਦ ਦੇ ਯੁੱਗ ਵਿਚ ਮਨੋਕਾਮਨਾਵਾਂ ਲਈ ਲੋਭੀ ਅੰਨ੍ਹੇ ਸ਼ਰਧਾਲੂਆਂ ਦੀ ਭੀੜ ਵਿਚਾਲੇ ਅਧਿਆਤਮਕਤਾ ਇਕ ਬਾਜ਼ਾਰ ਬਣਦੀ ਨਜ਼ਰ ਆ ਰਹੀ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਉਸ ਦੇ ਡੇਰੇ ਅੰਦਰੋਂ ਏ.ਕੇ.-47 ਵਰਗੇ ਮਾਰੂ ਅਤੇ ਪਾਬੰਦੀਸ਼ੁਦਾ ਸਵੈ-ਚਾਲਿਤ ਹਥਿਆਰਾਂ ਦਾ ਮਿਲਣਾ, ਡੇਰਾ ਮੁਖੀ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਵੱਡੀ ਪੱਧਰ ‘ਤੇ ਹਿੰਸਾ ਭੜਕਾਉਣ ਦੀ ਸਾਜ਼ਿਸ਼ ਤਹਿਤ ਭਾਰੀ ਮਾਤਰਾ ਵਿਚ ਜਲਣਸ਼ੀਲ ਅਤੇ ਮਾਰੂ ਪਦਾਰਥਾਂ ਦਾ ਬਰਾਮਦ ਹੋਣਾ ਅਤੇ ਡੇਰੇ ਦੇ ਅੰਦਰ ਡੇਰਾ ਮੁਖੀ ਦੀਆਂ ਦੁਨੀਆ ਦੇ ਅਜੂਬਿਆਂ ਨੂੰ ਮਾਤ ਪਾਉਂਦੀਆਂ ਆਲੀਸ਼ਾਨ ਐਸ਼ਗਾਹਾਂ ਦਾ ਬੇਪਰਦ ਹੋਣਾ; ਅਜੋਕੀ ਧਾਰਮਿਕ ਪਰੰਪਰਾ, ਸਮਾਜਿਕ ਬਣਤਰ ਅਤੇ ਰਾਜਨੀਤਕ ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਂਦਾ ਹੈ।
ਜ਼ਾਹਰ ਜਿਹੀ ਗੱਲ ਹੈ ਕਿ ਅਧਿਆਤਮਕਤਾ ਦੀਆਂ ਅੰਤਰਮੁਖੀ, ਤਿਆਗ, ਸਾਦਗੀ ਅਤੇ ਪਰਉਪਕਾਰ ਵਾਲੀਆਂ ਉੱਚੀਆਂ-ਸੁੱਚੀਆਂ, ਅਨੂਠੀਆਂ ਪਰੰਪਰਾਵਾਂ ਵਾਲੇ ਦੇਸ਼ ਭਾਰਤ ਵਿਚ, ਅੱਜ ਧਰਮ ਦੇ ਬੁਰਕੇ ਹੇਠਾਂ ਦੰਭੀ ਗੁਰੂਡੰਮ ਸਮਾਜ ਵਿਚ ਵਹਿਮਾਂ-ਭਰਮਾਂ, ਕਰਮ-ਕਾਂਡਾਂ ਵਰਗੀਆਂ ਕੁਰੀਤੀਆਂ ਦੇ ਪ੍ਰਫੁਲਤ ਹੋਣ ਅਤੇ ਧਰਮ ਦੇ ਨਾਂਅ ‘ਤੇ ਮਨੁੱਖਤਾ ਦੇ ਸ਼ੋਸ਼ਣ ਦਾ ਕਾਰਨ ਤਾਂ ਬਣ ਹੀ ਰਿਹਾ ਹੈ ਪਰ ਇਸ ਦੇ ਨਾਲ ਜਮਹੂਰੀਅਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਹ ਡੇਰਾਵਾਦ ਧਾਰਮਿਕ ਸ਼ਰਧਾ ਦੀ ਆੜ ਹੇਠ ਭਾਰਤ ਅੰਦਰ ਸਮਾਨਾਂਤਰ ਸਾਮਰਾਜ ਖੜ੍ਹੇ ਕਰ ਰਿਹਾ ਹੈ।
ਕੁਝ ਅਰਸਾ ਪਹਿਲਾਂ ਹਰਿਆਣਾ ਦੇ ਬਰਵਾਲਾ ਸ਼ਹਿਰ ‘ਚ ‘ਸਤਲੋਕ ਆਸ਼ਰਮ’ ਦਾ ਮੁਖੀ ਬਹੁਚਰਚਿਤ ਬਾਬਾ ਰਾਮਪਾਲ ਵੀ ਕੁਝ ਹੀ ਸਾਲਾਂ ਅੰਦਰ ਆਪਣੇ ਪੈਰੋਕਾਰਾਂ ਦੀ ਵਿਸ਼ਾਲ ਫ਼ੌਜ ਇਕੱਠੀ ਕਰਕੇ ਅਮਨ-ਕਾਨੂੰਨ ਵਿਵਸਥਾ ਲਈ ਚੁਣੌਤੀ ਬਣ ਗਿਆ ਸੀ। ਜਦੋਂ ਉਹ ਆਪਣੇ ਡੇਰੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲੱਗਾ ਤਾਂ ਅਦਾਲਤ ਨੇ ਉਸ ਨੂੰ ਤਲਬ ਕੀਤਾ ਪਰ ਉਸ ਨੇ ਆਪਣੇ ਪੈਰੋਕਾਰਾਂ ਦਾ ਪ੍ਰਦਰਸ਼ਨ ਕਰਕੇ ਕਾਨੂੰਨ ਨੂੰ ਵੀ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪਾਰਟੀ ਗਈ ਤਾਂ ਉਸ ਦੇ ਪੈਰੋਕਾਰਾਂ ਨੇ ਉਸ ਲਈ ਮਨੁੱਖੀ ਢਾਲ ਬਣਦਿਆਂ ਸਮੂਹਿਕ ਆਤਮਦਾਹ ਦੀ ਕੋਸ਼ਿਸ਼ ਵੀ ਕੀਤੀ ਸੀ। ਆਖ਼ਰਕਾਰ ਕਾਨੂੰਨ ਵਿਵਸਥਾ ਵਲੋਂ 45 ਹਜ਼ਾਰ ਦੀ ਭਾਰੀ ਪੁਲਿਸ ਫੋਰਸ ਭੇਜ ਕੇ ਲਗਭਗ 56 ਘੰਟੇ ਦੀ ਵੱਡੀ ਜੱਦੋਜਹਿਦ ਤੋਂ ਬਾਅਦ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ ਦੇ ਆਸ਼ਰਮ ਵਿਚੋਂ 15 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਰਾਮਪਾਲ ਵਲੋਂ ਸਿਰਫ਼ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਢਾਲ ਵਜੋਂ ਵਰਤਣ ਵਾਸਤੇ, ਜਬਰੀ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਰਾਮਪਾਲ ਨੇ ਆਪਣੀ ਸੁਰੱਖਿਆ ਲਈ ਵਿਸ਼ੇਸ਼ ਕਿਸਮ ਦੇ 15 ਹਜ਼ਾਰ ਕਮਾਂਡੋ ਵੀ ਰੱਖੇ ਹੋਏ ਸਨ। ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਸਰਕਾਰ ਦੇ ਲਗਭਗ 30 ਕਰੋੜ ਰੁਪਏ ਖਰਚ ਆਏ। ਉਸ ਵੇਲੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਸੂਬਿਆਂ ਵਿਚਲੇ ਹਰ ਡੇਰੇ ਦੀਆਂ ਗਤੀਵਿਧੀਆਂ ਦੀ ਜਾਂਚ ਕਰਕੇ ਰਿਪੋਰਟ ਮੰਗੀ ਸੀ। ਉਸ ਵੇਲੇ ਵੀ ਡੇਰਾ ਸਿਰਸਾ ‘ਚ ਫ਼ੌਜੀ ਸਿਖਲਾਈ ਦੇਣ ਦੇ ਤੱਥ ਅਦਾਲਤ ਦੇ ਧਿਆਨ ਵਿਚ ਆਏ ਸਨ।
ਹਰਿਆਣਾ ਦੇ ਸ਼ਹਿਰ ਸਿਰਸਾ ‘ਚ ਲਗਭਗ ਇਕ ਹਜ਼ਾਰ ਏਕੜ ਦੇ ਵਿਸ਼ਾਲ ਰਕਬੇ ਵਿਚ ਫੈਲੇ ‘ਡੇਰਾ ਸੱਚਾ ਸੌਦਾ’ ਵਿਚ ਧਰਮ ਦੇ ਨਾਂਅ ‘ਤੇ ਖੜ੍ਹੇ ਕੀਤੇ ਇਕ ਵੱਡੇ ਸਾਮਰਾਜ ਅੰਦਰ 700 ਏਕੜ ਦੇ ਫਾਰਮ ਹਾਊਸ ਵਿਚ ਖੇਤੀਬਾੜੀ ਕੀਤੀ ਜਾਂਦੀ ਹੈ। ਲਗਭਗ 600 ਕਰੋੜ ਰੁਪਏ ਦੀ ਟਰਨ ਓਵਰ ਵਾਲੀ ਡੇਰੇ ਦੀ ‘ਐੱਮ.ਐੱਸ.ਜੀ. ਪ੍ਰੋਡਕਟਸ’ ਕੰਪਨੀ ਵਲੋਂ 150 ਤੋਂ ਵੱਧ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਦੇ ਉਤਪਾਦਨ ਲਈ ਡੇਰੇ ਦੇ ਅੰਦਰ ਹੀ ਲਗਾਈਆਂ ਉਦਯੋਗਿਕ ਇਕਾਈਆਂ ਵਿਚ ਲਗਭਗ 10 ਹਜ਼ਾਰ ਲੋਕ ਕੰਮ ਕਰਦੇ ਸਨ। ਮੀਡੀਆ ਰਿਪੋਰਟਾਂ ਅਨੁਸਾਰ ਡੇਰੇ ਦੀ ਰੋਜ਼ਾਨਾ ਆਮਦਨ ਸਾਢੇ 16 ਲੱਖ ਰੁਪਏ ਹੈ ਅਤੇ ਇਸ ਹਿਸਾਬ ਨਾਲ ਇਕ ਸਾਲ ਦੀ ਇਹ ਆਮਦਨ 60 ਕਰੋੜ ਰੁਪਏ ਦੇ ਲਗਭਗ ਬਣਦੀ ਹੈ। ਖ਼ਬਰਾਂ ਅਨੁਸਾਰ ਡੇਰੇ ਅੰਦਰ ਉਗਾਈਆਂ ਜਾਂਦੇ ਫਲ, ਸਬਜ਼ੀਆਂ ਬਾਬੇ ਦੇ ਹੱਥ ਲਵਾ ਕੇ ਸ਼ਰਧਾਲੂਆਂ ਨੂੰ ‘ਪ੍ਰਸ਼ਾਦ’ ਵਜੋਂ ਭਾਰੀ ਕੀਮਤ ‘ਤੇ ਦਿੱਤੀਆਂ ਜਾਂਦੀਆਂ ਸਨ, ਹਾਲਾਂਕਿ ‘ਸੇਵਾ’ ਦੇ ਨਾਂਅ ‘ਤੇ ਇਨ੍ਹਾਂ ਫਲਾਂ, ਸਬਜ਼ੀਆਂ ਨੂੰ ਉਗਾਉਂਦੇ ਵੀ ‘ਮੁਫ਼ਤ’ ਦੇ ਕਾਮੇ ਇਹ ਸ਼ਰਧਾਲੂ ਹੀ ਸਨ। ਇਸ ਹਿਸਾਬ ਨਾਲ ਡੇਰਾ ਸਿਰਸਾ ਮੁਖੀ ਨੇ ਸ਼ਰਧਾ ਤੇ ਵਿਸ਼ਵਾਸ ਦੇ ਨਾਂਅ ‘ਤੇ ਇਕ ਅਜਿਹੀ ਵਿਸ਼ਾਲ ‘ਮੰਡੀ’ ਉਸਾਰੀ ਹੋਈ ਸੀ, ਜਿਸ ਦੀ ਲਾਗਤ ਮਨਫ਼ੀ ਅਤੇ ਮੁਨਾਫ਼ਾ 100 ਫ਼ੀਸਦੀ ਸੀ।
ਡੇਰਾ ਸਿਰਸਾ ਵਲੋਂ ਦੁਨੀਆ ਭਰ ‘ਚ 5 ਕਰੋੜ ਤੋਂ ਵੱਧ ਆਪਣੇ ਪੈਰੋਕਾਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਪੰਜਾਬ ਦੇ ਮਾਲਵਾ ਖੇਤਰ ਦੇ 12 ਜ਼ਿਲ੍ਹਿਆਂ ਵਿਚ ਡੇਰਾ ਸਿਰਸਾ ਦੇ ਲੱਖਾਂ ਦੀ ਗਿਣਤੀ ਵਿਚ ਪੈਰੋਕਾਰ ਮੰਨੇ ਜਾਂਦੇ ਹਨ। ਆਪਣੇ ਪੈਰੋਕਾਰਾਂ ਦੀ ਸ਼ਕਤੀਸ਼ਾਲੀ ਫ਼ੌਜ ਦੀ ਆੜ ਹੇਠ ਡੇਰਾ ਪੰਜਾਬ ਅਤੇ ਹਰਿਆਣਾ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਪੰਜਾਬ ਦੇ ਮਾਲਵਾ ਖੇਤਰ ਦੇ 35 ਵਿਧਾਨ ਸਭਾ ਹਲਕਿਆਂ ਵਿਚ ਡੇਰੇ ਵਲੋਂ ਸੱਤਾ ਦਾ ਤਵਾਜ਼ਨ ਹਿਲਾਉਣ ਦੀ ਸਮਰੱਥਾ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ।
ਡੇਰੇ ਅੰਦਰ ਆਪਣੇ ਸ਼ਰਧਾਲੂਆਂ ਵਲੋਂ ਧਾਰਮਿਕ ਆਚਾਰ-ਵਿਹਾਰ ਵਿਚ ਪ੍ਰਪੱਕਤਾ ਹਾਸਲ ਕਰਨ ਲਈ ਛੱਡੀਆਂ ਜਾਂਦੀਆਂ ਉਨ੍ਹਾਂ ਦੀਆਂ ਪੜ੍ਹੀਆਂ-ਲਿਖੀਆਂ ਜਵਾਨ ਧੀਆਂ ਨਾਲ ਵਿਸ਼ਵਾਸ ਅਤੇ ਸ਼ਰਧਾ ਦੀ ਆੜ ਹੇਠ ਡੇਰਾ ਸਿਰਸਾ ਦੇ ਮੁਖੀ ਦੁਆਰਾ, ਕਿੰਨਾ ਕੁਰੱਖਤ ਅਤੇ ਦੁਰਲੱਭ ਕਿਸਮ ਦਾ ਜ਼ਾਲਮਾਨਾ ਵਿਹਾਰ ਕੀਤਾ ਜਾਂਦਾ ਸੀ, ਇਸ ਦੀ ਗੰਭੀਰਤਾ ਦਾ ਅੰਦਾਜ਼ਾ ਸੀ.ਬੀ.ਆਈ. ਦੇ ਜੱਜ ਵਲੋਂ ਉਸ ਨੂੰ ਸਜ਼ਾ ਸੁਣਾਉਣ ਵੇਲੇ ਕੀਤੀ ਇਸ ਟਿੱਪਣੀ ਤੋਂ ਲਗਾਇਆ ਜਾ ਸਕਦਾ ਹੈ, ”ਜਿਨ੍ਹਾਂ ਨੇ ਉਸ ਨੂੰ ਰੱਬ ਅਤੇ ਪਿਤਾ ਜੀ ਮੰਨਿਆ, ਉਨ੍ਹਾਂ ਦਾ ਹੀ ਵਿਸ਼ਵਾਸ ਤੋੜ ਕੇ ਉਸ ਨੇ ਉਨ੍ਹਾਂ ਨਾਲ ਜੰਗਲੀ ਜਾਨਵਰਾਂ ਵਾਲਾ ਵਿਹਾਰ ਕੀਤਾ ਹੈ, ਜਿਸ ਕਰਕੇ ਉਹ ਸਜ਼ਾ ‘ਚ ਕਿਸੇ ਪ੍ਰਕਾਰ ਦੀ ਢਿੱਲ ਜਾਂ ਰਹਿਮ ਦਾ ਹੱਕਦਾਰ ਨਹੀਂ।”
ਡੇਰਾ ਸਿਰਸਾ ਮੁਖੀ ਨੂੰ ਜਬਰ-ਜਿਨਾਹ ਮਾਮਲੇ ‘ਚ ਸਜ਼ਾ ਹੋਣ ਤੋਂ ਬਾਅਦ ਪੰਜਾਬ ਦੇ ਮਾਲਵਾ ਖੇਤਰ ‘ਚ ਡੇਰਾ ਪੈਰੋਕਾਰਾਂ ਨੂੰ ਮੁੜ ਸਿੱਖ ਧਰਮ ਵਿਚ ਵਾਪਸੀ ਦੀਆਂ ਦਲੀਲਾਂ-ਅਪੀਲਾਂ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ, ਜਿਹੜੇ ਕਿ ਪਿਛਲੇ ਲੰਬੇ ਸਮੇਂ ਦਰਮਿਆਨ ਸਿੱਖ ਧਰਮ ਨਾਲੋਂ ਟੁੱਟ ਕੇ ਡੇਰਾਵਾਦ ਦੇ ਪੈਰੋਕਾਰ ਬਣੇ ਸਨ। ਬਹੁਤ ਸਾਰੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਹਲਕੇ ਪੰਜਾਬ ਅੰਦਰ ਡੇਰਾਵਾਦ ਦੇ ਪ੍ਰਫੁਲਤ ਹੋਣ ਲਈ ਸਿੱਖ ਧਾਰਮਿਕ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਕਰਾਰ ਰਹੇ ਹਨ। ਧਰਮ ‘ਤੇ ਸਿਆਸਤ ਦੇ ਭਾਰੂ ਹੋਣ, ਧਰਮ ਪ੍ਰਚਾਰ ਪ੍ਰਤੀ ਅਵੇਸਲੇਪਨ, ਸਿੱਖ ਸਮਾਜ ਵਲੋਂ ਸਿੱਖੀ ਦੇ ਬੁਨਿਆਦੀ ਅਸੂਲ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਤੋਂ ਦੂਰ ਹੋਣ, ਜਾਤ-ਪਾਤ ਅਤੇ ਕਰਮ-ਕਾਂਡਾਂ ਦੇ ਬੋਲਬਾਲੇ ਨੂੰ ਵੀ ਸਿੱਖ ਸਮਾਜ ਦੇ ਵੱਡੇ ਹਿੱਸੇ ਵਲੋਂ ਡੇਰਾਵਾਦ ਵੱਲ ਜਾਣ ਦਾ ਅਹਿਮ ਕਾਰਨ ਸਮਝਿਆ ਜਾ ਰਿਹਾ ਹੈ। ਦਰਅਸਲ ਡੇਰਾਵਾਦ ਸਮਾਜਿਕ ਸ਼੍ਰੇਣੀ ਦੇ ਆਧਾਰ ‘ਤੇ ਵਿਤਕਰਿਆਂ ਵਿਚੋਂ ਹੀ ਪ੍ਰਫ਼ੁਲਤ ਹੁੰਦਾ ਹੈ। ਜਦੋਂ ਪ੍ਰਚਲਿਤ ਧਾਰਮਿਕ ਪਰੰਪਰਾਵਾਂ ਵਿਚ ਜਗੀਰੂ ਅਤੇ ਸ੍ਰੇਸ਼ਠ ਮਾਨਸਿਕਤਾ ਵਾਲੇ ਸਰਬਰਾਹ ਕਾਬਜ਼ ਹੋ ਕੇ ਪੈਰੋਕਾਰਾਂ ਨੂੰ ਜਾਤ-ਪਾਤ, ਆਰਥਿਕਤਾ ਅਤੇ ਹੋਰ ਵਖਰੇਵਿਆਂ ਦੇ ਆਧਾਰ ‘ਤੇ ਵੰਡਣ ਲੱਗ ਜਾਣ ਤਾਂ ਨਿਮਨ ਵਰਗੀ ਅਤੇ ਅਖੌਤੀ ਦਲਿਤ ਜਾਤਾਂ ਦੇ ਲੋਕ ਆਪਣੇ ਰਵਾਇਤੀ ਧਰਮ ਨੂੰ ਤਿਲਾਂਜਲੀ ਦੇ ਕੇ ਆਪਣਾ ਨਵਾਂ ਇਸ਼ਟ ਲੱਭਣ ਲੱਗਦੇ ਹਨ। ਚੰਗੇ ਭਰਮਾਊ ਉਪਦੇਸ਼ ਦੇਣ ਵਾਲੇ ਲੋਕ ਉਨ੍ਹਾਂ ਦਾ ਇਸ਼ਟ ਬਣ ਜਾਂਦੇ ਹਨ। ਸਰਮਾਏਦਾਰੀ ਪ੍ਰਧਾਨ ਯੁੱਗ ਵਿਚ ਹਰ ਮਨੁੱਖ ਪਦਾਰਥਕ ਤਮ੍ਹਾਂ ਅਤੇ ਤੋਟਾਂ ਦਾ ਮਾਰਿਆ ਕਿਤੋਂ ਨਾ ਕਿਤੋਂ ਆਸਰਾ ਭਾਲਦਾ ਹੈ ਤਾਂ ਕਰਨੀ ਤੋਂ ਸੱਖਣੇ ਅਜਿਹੇ ‘ਉਪਦੇਸ਼ਕ’ ਗੈਬੀ ਸ਼ਕਤੀਆਂ ਨਾਲ ਕਿਸਮਤਾਂ ਸੰਵਾਰਨ ਦੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਨੂੰ ਆਪਣੇ ਪੈਰੋਕਾਰ ਬਣਾ ਲੈਂਦੇ ਹਨ। ਆਪਣੀ ਮਾਨਤਾ ਵੱਧਦੀ ਦੇਖਦਿਆਂ ਇਹ ਲੋਕ ਆਪਣਾ ਵੱਖਰਾ ਮੱਤ/ ਸੰਪਰਦਾ ਤੋਰ ਲੈਂਦੇ ਹਨ। ਲੋਕ ਹਿੱਤਾਂ ਤੋਂ ਟੁੱਟੀ ਰਾਜਨੀਤੀ ਅਜਿਹੇ ਮੱਤਾਂ, ਸੰਪਰਦਾਵਾਂ ਅਤੇ ਡੇਰਿਆਂ ਦੇ ਪੈਰੋਕਾਰਾਂ ਨੂੰ ‘ਵੋਟ ਬੈਂਕ’ ਵਜੋਂ ਦੇਖਣ ਲੱਗਦੀ ਹੈ। ਸਿਆਸਤਦਾਨਾਂ, ਹੁਕਮਰਾਨਾਂ ਦਾ ਵੋਟਾਂ ਲਈ ਅਜਿਹੇ ਡੇਰਿਆਂ ਦੀ ਸ਼ਰਨ ਵਿਚ ਜਾਣਾ, ਇਨ੍ਹਾਂ ਅਖੌਤੀ ਧਰਮਾਤਮਾਵਾਂ ਦੀ ਪ੍ਰਭੂਤਾ ਅਤੇ ਹੰਕਾਰ ਨੂੰ ਹੋਰ ਪ੍ਰਚੰਡ ਕਰਦਾ ਹੈ। ਅਜੋਕੀਆਂ ਸਰਕਾਰਾਂ ਵਲੋਂ ਸਮਾਜ ਦੇ ਨਾਗਰਿਕਾਂ ਲਈ ‘ਰੋਟੀ, ਕੱਪੜਾ ਅਤੇ ਮਕਾਨ’ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਮੁਨਕਰ ਹੋਣ ਕਾਰਨ, ਅਜਿਹੇ ਡੇਰਿਆਂ, ਸੰਪਰਦਾਵਾਂ ਵਿਚੋਂ ਇਕ ਵੱਡੀ ‘ਮੰਡੀ’ ਵੀ ਵਿਕਸਿਤ ਹੋਣ ਲੱਗੀ ਹੈ। ਸ਼ਰਧਾ ਦੇ ਨਾਂਅ ‘ਤੇ ਇਨ੍ਹਾਂ ਲੋਕਾਂ ਨੂੰ ਕਾਮੇ ਵੀ ਮੁਫ਼ਤ ਵਿਚ ਮਿਲ ਜਾਂਦੇ ਹਨ ਅਤੇ ‘ਪ੍ਰਸ਼ਾਦ’ ਦੇ ਨਾਂਅ ‘ਤੇ ਇਹ ਆਪਣੇ ਹਰੇਕ ਘਟੀਆ/ਵਧੀਆ ਉਤਪਾਦ ਨੂੰ ਆਪਣੇ ਸ਼ਰਧਾਲੂਆਂ ਦੇ ਪੱਲੇ ਪਾ ਦਿੰਦੇ ਹਨ। ਭਾਵੇਂ ਇਹ ਆਪਣੇ ਸ਼ਰਧਾਲੂਆਂ ਲਈ ਉਤਪਾਦਾਂ ਦੀ ਕੀਮਤ ਬਾਜ਼ਾਰ ਦੀ ਕੀਮਤ ਨਾਲੋਂ 10 ਫ਼ੀਸਦੀ ਘੱਟ ਵੀ ਰੱਖ ਲੈਣ, ਪਰ ਲਾਗਤ 0 ਫ਼ੀਸਦੀ ਹੋਣ ਕਾਰਨ, ਇਨ੍ਹਾਂ ਦਾ ਮੁਨਾਫ਼ਾ ਤਾਂ 100 ਫ਼ੀਸਦੀ ਹੀ ਹੁੰਦਾ ਹੈ, ਪਰ ਘੱਟ ਖ਼ਰੀਦ ਸ਼ਕਤੀ ਵਾਲੇ ਗ਼ਰੀਬ ਲੋਕ ਧਰਮ ਦੇ ਨਾਂਅ ‘ਤੇ ਚੱਲਦੀ ਇਸ ‘ਮੰਡੀ’ ਨੂੰ ਵੀ ਆਪਣੇ ‘ਤੇ ਇਕ ਵੱਡਾ ਪਰਉਪਕਾਰ ਮੰਨਣ ਲੱਗਦੇ ਹਨ। ਸਰਕਾਰੀ ਪੱਧਰ ‘ਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਅਣਹੋਂਦ ਵੀ ਲੋਕਾਂ ਨੂੰ ਡੇਰੇਦਾਰਾਂ ਦੇ ਮਾਨਸਿਕ ਗ਼ੁਲਾਮ ਬਣਾਉਣ ‘ਚ ਸਹਾਈ ਹੁੰਦੇ ਹਨ। ਭਾਵੇਂਕਿ ਇੱਕੀਵੀਂ ਸਦੀ ਵਿਚ ਨਾਰੀ ਆਰਥਿਕ ਤੌਰ ‘ਤੇ ਆਜ਼ਾਦ ਅਤੇ ਸਮਰੱਥ ਬਣ ਚੁੱਕੀ ਹੈ ਪਰ ਸਾਡੇ ਸਮਾਜ ਅੰਦਰ ਅਜੇ ਵੀ ਧੀਆਂ ਨੂੰ ਬੋਝ ਹੀ ਸਮਝਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਧੀ ਦੇ ਪਾਲਣ-ਪੋਸ਼ਣ, ਪੜ੍ਹਾਈ-ਲਿਖਾਈ ਅਤੇ ਵਿਆਹ ਨੂੰ ਵੱਡੀ ਮੁਸੀਬਤ ਸਮਝਦਿਆਂ ਡੇਰਿਆਂ, ਸੰਪਰਦਾਵਾਂ ਦੇ ਪੈਰੋਕਾਰ ਆਪਣੀਆਂ ਜਵਾਨ ਧੀਆਂ ਨੂੰ ਅੰਨ੍ਹੀ ਸ਼ਰਧਾਵੱਸ ਰੱਬ ਆਸਰੇ ਡੇਰੇਦਾਰਾਂ ਦੀ ਸੇਵਾ ਕਰਨ ਲਈ ਭੇਜ ਦਿੰਦੇ ਹਨ। ਅਜਿਹੇ ਵਿਚ ਸੋਹਣੇ ਉਪਦੇਸ਼ ਦੇਣ ਵਾਲੇ ਇਹ ਸ਼ਾਤਰ ਅਤੇ ਚਾਤਰ ਕਿਸਮ ਦੇ ਅਖੌਤੀ ਸੰਤ, ਗੁਰੂ ਵਿਸ਼ਵਾਸ ਅਤੇ ਸ਼ਰਧਾ ਦੀ ਆੜ ਹੇਠ ਦੇਵੀਆਂ ਵਰਗੀਆਂ ਆਪਣੀਆਂ ਸਾਧਵੀਆਂ ਦੀ ਅਜ਼ਮਤ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਸ਼ਰਧਾ ਦੇ ਨਾਂਅ ‘ਤੇ ਮਿਲਦੇ ਚੜ੍ਹਤ-ਚੜ੍ਹਾਵੇ, ਰਾਜਨੀਤਕ ਲੋਕਾਂ ਤੋਂ ਮਿਲਦੀਆਂ ਮੋਟੀਆਂ ਦਾਨ ਰਾਸ਼ੀਆਂ ਤੋਂ ਇਲਾਵਾ ਸਮਾਜ ਭਲਾਈ ਦੇ ਨਾਂਅ ‘ਤੇ ਇਨ੍ਹਾਂ ਵਲੋਂ ਸਥਾਪਿਤ ਕੀਤੇ ਆਪਣੇ ‘ਬਾਜ਼ਾਰ’ ਤੋਂ ਹੁੰਦੀ ਅੰਨ੍ਹੀ ਕਮਾਈ ਦੇ ਸਦਕਾ ਆਪਣੇ ਆਪ ਨੂੰ ਸੰਤ, ਮਹਾਤਮਾ ਕਹਾਉਣ ਵਾਲੇ ਡੇਰੇਦਾਰ ਬਾਦਸ਼ਾਹਾਂ ਵਰਗੀ ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ ਜਿਊਣ ਲੱਗਦੇ ਹਨ। ਇਨ੍ਹਾਂ ਅੱਯਾਸ਼ ਕਿਸਮ ਦੇ ਅਖੌਤੀ ਧਰਮਾਤਮਾਵਾਂ ਵਲੋਂ ਆਪਣੇ ਆਪ ਨੂੰ ‘ਰੱਬ ਹੋਣ’ ਦਾ ਭਰਮ ਹੋ ਜਾਂਦਾ ਹੈ ਤਾਂ ਫਿਰ ਇਹ ਆਪਣੇ ਆਪ ਨੂੰ ਕਾਨੂੰਨ, ਸਮਾਜ, ਦੇਸ਼, ਧਰਮ ਤੋਂ ਉਪਰ ਸਮਝਦਿਆਂ ਸੱਭਿਅਕਤਾ, ਨੈਤਿਕਤਾ ਅਤੇ ਮਨੁੱਖੀ ਅਧਿਕਾਰਾਂ ਨੂੰ ਆਪਣੇ ਪੈਰਾਂ ਹੇਠਾਂ ਰੋਲਣ ਲੱਗਦੇ ਹਨ। ਜੇਕਰ ਇਨ੍ਹਾਂ ਦੇ ਖਿਲਾਫ਼ ਕੋਈ ਆਵਾਜ਼ ਉਠਾਉਣ ਲੱਗਦਾ ਹੈ ਤਾਂ ਇਨ੍ਹਾਂ ਦੇ ਪੈਰੋਕਾਰ ਬਣੇ ਅਗਿਆਨੀ ਲੋਕ ਇਨ੍ਹਾਂ ਦੀ ਢਾਲ ਬਣ ਕੇ ਮਰ-ਮਿਟਣ ਤੱਕ ਤਿਆਰ ਹੋ ਜਾਂਦੇ ਹਨ। ਸੋ, ਧਰਮ ਦੇ ਨਾਂਅ ‘ਤੇ ਅਧਰਮ ਦਾ ਵਰਤਾਰਾ, ਬਹੁ-ਪਰਤੀ ਸਮਾਜਿਕ ਵਰਤਾਰਾ ਹੈ। ਭਾਰਤੀ ਅਧਿਆਤਮਕਤਾ, ਸੱਭਿਅਤਾ, ਸਮਾਜ, ਉੱਚੀ-ਸੁੱਚੀ ਵਿਰਾਸਤ ਅਤੇ ਪਵਿੱਤਰ ਸੰਸਕਾਰਾਂ ਨੂੰ ਬਚਾਉਣ ਲਈ ਭਾਰਤੀ ਸਮਾਜ ਦੇ ਸਾਰੇ ਵਰਗਾਂ ਨੂੰ ਹੀ, ਧਰਮ ਦੀ ਆੜ ਹੇਠ ਵੱਧ-ਫੁਲ ਰਹੇ ਇਸ ਗੈਰ-ਸਮਾਜੀ, ਗੈਰ-ਕਾਨੂੰਨੀ ਅਤੇ ਅਣਮਨੁੱਖੀ ਵਰਤਾਰੇ ਨੂੰ ਰੋਕਣ ਲਈ ਵਿਆਪਕ ਹੰਭਲਾ ਮਾਰਨ ਦੀ ਲੋੜ ਹੈ। ਸਮਾਜ ‘ਚ ਧਰਮ, ਗਿਆਨ ਅਤੇ ਜਾਗਰੂਕਤਾ ਦਾ ਚਾਨਣ ਹੀ ਡੇਰਾਵਾਦ ਦੇ ਧੁੰਦੂਕਾਰੇ ਨੂੰ ਮਿਟਾਉਣ ਦੇ ਸਮਰੱਥ ਹੈ।

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …