ਲਕਸ਼ਮੀ ਕਾਂਤਾ ਚਾਵਲਾ
ਅਜੋਕੇ ਯੁੱਗ ਵਿਚ ਆਮ ਆਦਮੀ ਤਾਂ ਵਫ਼ਾਦਾਰੀ ਨਿਭਾਉਂਦਾ ਹੈ ਅਤੇ ਸਹੁੰ ਦਾ ਮਹੱਤਵ ਜਾਣਦਾ ਹੈ, ਪਰ ਦੇਸ਼ ਦੀ ਸਿਆਸਤ ਦੇ ਇਸ ਚੁਣਾਵੀ ਮੌਸਮ ਵਿਚ ਸਹੁੰ, ਵਫ਼ਾਦਾਰੀ, ਇਮਾਨਦਾਰੀ ਕੇਵਲ ਭਾਸ਼ਣਾਂ ਤੱਕ ਸੀਮਿਤ ਹੋ ਗਈ ਹੈ। ਜਦੋਂ ਜਮਹੂਰੀਅਤ ਦੇ ਮਹਾਂਸੰਗਰਾਮ ਵਿਚ ਦਾਗੀ ਹੀ ਨਹੀਂ ਸਗੋਂ ਵੱਡੇ-ਵੱਡੇ ਅਪਰਾਧ ਕਰਨ ਵਾਲੇ ਵੀ ਸੰਸਦ ਵਿਚ ਪੁੱਜਣ ਲਈ ਹਰ ਹਰਬਾ ਵਰਤਦੇ ਹਨ ਤਾਂ ਜਨਤਾ ਨਾਲ ਕੀਤੇ ਗਏ ਵਾਅਦੇ ਕਿਸ ਨੂੰ ਯਾਦ ਰਹਿਣੇ ਹਨ! ਸੰਸਦ ਵਿਚ ਪੁੱਜਣ ਲਈ ਵਰਤੇ ਜਾਂਦੇ ਤਰੀਕਿਆਂ ਵਿਚੋਂ ਇਕ ਦਲ ਬਦਲੀ ਵੀ ਹੈ। ਅੱਜ ਕੱਲ੍ਹ ਦਲ ਬਦਲਣ ਦਾ ਮੌਸਮ ਵੀ ਹੈ। ਜਿਹੜਾ ਨੇਤਾ ਦਲ ਬਦਲਣ ਦੀ ਜਿੰਨੀ ਜ਼ਿਆਦਾ ਹਿੰਮਤ ਰੱਖਦਾ ਹੈ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਸੰਵਾਰ ਲੈਂਦਾ ਹੈ।
ਇਸ ਦੀਆਂ ਕਈ ਮਿਸਾਲਾਂ ਸਾਡੇ ਸਾਹਮਣੇ ਹਨ। ਕੁਝ ਦਿਨ ਪਹਿਲਾਂ ਤੱਕ ਮੁੰਬਈ ਦੀ ਪ੍ਰਿਅੰਕਾ ਚਤੁਰਵੇਦੀ ਕਾਂਗਰਸ ਦੀ ਬੁਲਾਰਾ ਬਣ ਕੇ ਮੀਡੀਆ ਦੇ ਲਗਭਗ ਸਾਰੇ ਚੈਨਲਾਂ ਉੱਤੇ ਛਾਈ ਹੋਈ ਸੀ। ਇਹ ਮੰਨਣਾ ਪਵੇਗਾ ਕਿ ਉਹ ਵੱਡੀ ਕੁਸ਼ਲਤਾ ਨਾਲ ਵਿਰੋਧੀਆਂ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਹਰ ਤਰ੍ਹਾਂ ਨਾਲ ਪਾਰਟੀ ਦੇ ਸਨਮਾਨ ਦੀ ਰੱਖਿਆ ਕਰਨ ਦੀ ਸਫਲ-ਅਸਫਲ ਕੋਸ਼ਿਸ਼ ਕਰਦੀ ਰਹੀ। ਅਚਾਨਕ ਖ਼ਬਰ ਮਿਲੀ ਕਿ ਉਹ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ। ਕਾਰਨ ਇਹ ਕਿ ਉਸ ਨੂੰ ਕਾਂਗਰਸ ਵਿਚ ਪੂਰਾ ਸਨਮਾਨ ਨਹੀਂ ਮਿਲਿਆ। ਸੰਭਵ ਹੈ ਕਿ ਉਸ ਦੇ ਮਨ ਵਿਚ ਕਿਸੇ ਵਿਸ਼ੇਸ਼ ਖੇਤਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਨ ਦੀ ਇੱਛਾ ਹੋਵੇ ਜੋ ਪੂਰੀ ਨਹੀਂ ਹੋਈ, ਪਰ ਇਹ ਸਮਝ ਨਹੀਂ ਆਇਆ ਕਿ ਕਾਂਗਰਸ ਅਤੇ ਸ਼ਿਵ ਸੈਨਾ ਦੀ ਵਿਚਾਰਧਾਰਾ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਉਹ ਉਸ ਵਿਚ ਕਿਵੇਂ ਫਿੱਟ ਹੋ ਸਕੇਗੀ। ਖੌਰੇ ਉਸ ਨੂੰ ਇਸ ਗੱਲੋਂ ਹੀ ਸੰਤੋਖ ਹੋ ਗਿਆ ਕਿ ਉਸ ਨੇ ਕਾਂਗਰਸ ਛੱਡ ਕੇ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਂਜ ਤਾਂ ਦੇਸ਼ ਦੇ ਪੂਰਬੀ, ਪੱਛਮੀ, ਉੱਤਰੀ ਤੇ ਦੱਖਣੀ ਹਿੱਸਿਆਂ ਦੇ ਖਾਣ-ਪਹਿਨਣ, ਭਾਸ਼ਾ ਆਦਿ ਵਿਚ ਬਹੁਤ ਵੱਡਾ ਅੰਤਰ ਹੈ, ਪਰ ਦਲ ਬਦਲਣ ਦੀ ਰੀਤ ਪੂਰੇ ਦੇਸ਼ ਵਿਚ ਇਕੋ ਜਿਹੀ ਹੈ।
ਪੰਜਾਬ ਵਿਚ ਤਾਂ ਕਮਾਲ ਹੀ ਹੋ ਗਈ। ਜਗਮੀਤ ਬਰਾੜ ਨੇ ਦੋ ਕੁ ਹਫ਼ਤੇ ਪਹਿਲਾਂ ਹੀ ਕਿਹਾ ਸੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਬਾਦਲਾਂ ਨੂੰ ਸੂਤ ਕਰ ਦੇਣਗੇ ਅਰਥਾਤ ਉਨ੍ਹਾਂ ਨੂੰ ਦਿਨੇ ਹੀ ਤਾਰੇ ਵਿਖਾ ਦੇਣਗੇ। ਵਿਡੰਬਨਾ ਇਹ ਹੈ ਕਿ ਅਜਿਹਾ ਕਹਿਣ ਵਾਲਾ ਆਗੂ ਹੀ ਹੁਣ ਅਕਾਲੀ ਦਲ ਦਾ ਹੋ ਗਿਆ ਹੈ। ਉਂਜ, ਇਹ ਆਗੂ ਦਲ ਬਦਲਣ ਦੇ ਮਾਮਲੇ ਵਿਚ ਸਾਰੇ ਰਿਕਾਰਡ ਤੋੜ ਚੁੱਕਿਆ ਹੈ। ਕੁਝ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਬਾਦਲ ਨੂੰ ਫ਼ਰੀਦਕੋਟ ਲੋਕ ਸਭਾ ਚੋਣ ਵਿਚ ਹਰਾ ਕੇ ਸਿਆਸਤ ਵਿਚ ਚਮਕੇ ਜਗਮੀਤ ਬਰਾੜ ਕੁਝ ਸਾਲਾਂ ਬਾਅਦ ਅਕਾਲੀ ਦਲ ਵਿਚ ਆ ਗਏ। ਇਸ ਤੋਂ ਇਲਾਵਾ ਬਰਾੜ ਨੇ ਪਹਿਲਾਂ ਲੋਕ ਯੁੱਧ ਮੋਰਚਾ ਬਣਾਇਆ, ਫਿਰ ਤਿਵਾੜੀ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ। ਇਕ ਵਾਰ ਫਿਰ ਕਾਂਗਰਸ ਵਿਚ ਆ ਗਏ, ਪਰ ਦੋ ਸਾਲ ਪਹਿਲਾਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਮੌਕੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ ਲਿਆ। ਕੌਣ ਨਹੀਂ ਜਾਣਦਾ ਕਿ ਬਰਾੜ ਭਾਜਪਾ ਵਿਚ ਜਾਣ ਨੂੰ ਵੀ ਬੇਤਾਬ ਸਨ, ਪਰ ਭਾਜਪਾ ਦੇ ਰੱਥ ਵਿਚ ਸਵਾਰ ਹੁੰਦੇ ਹੁੰਦੇ ਰਹਿ ਗਏ। ਸਿਆਸੀ ਜੀਵਨ ਵਿਚ ਦਲ ਬਦਲਣ ਵਾਲਿਆਂ ਵਿਚ ਹੰਸਰਾਜ ਹੰਸ ਦਾ ਨਾਮ ਵੀ ਕੋਈ ਘੱਟ ਨਹੀਂ। ਕਿੰਨੇ ਦਲ ਬਦਲੇ ਉਹੀ ਦੱਸ ਸਕਦੇ ਹਨ। ਹੁਣ ਉਨ੍ਹਾਂ ਨੂੰ ਦਲ ਬਦਲਣ ਦਾ ਇਨਾਮ ਮਿਲ ਗਿਆ ਜਾਪਦਾ ਹੈ। ਸਭ ਤੋਂ ਹੈਰਾਨੀਜਨਕ ਦਲ ਬਦਲੀ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਦੀ ਹੈ। ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ। ਭਾਵੇਂ ਉਨ੍ਹਾਂ ਨੇ ਜਨਤਕ ਤੌਰ ‘ਤੇ ਇਹ ਨਹੀਂ ਦੱਸਿਆ ਕਿ ਉਹ ਭਾਜਪਾ ਦੇ ਮੈਂਬਰ ਕਿਸ ਆਦਰਸ਼ ਕਾਰਨ ਬਣੇ ਹਨ, ਪਰ ਦਲ ਬਦਲਣ ਵਾਲੇ ਕਿਸੇ ਵਿਅਕਤੀ ਤੋਂ ਆਦਰਸ਼ਾਂ ਦੀ ਆਸ ਕਰਨਾ ਹੀ ਫਜ਼ੂਲ ਹੈ। ਭਾਰਤੀ ਫ਼ੌਜ ਦੇ ਮੁਖੀ ਰਹੇ ਜਨਰਲ ਜੇ.ਜੇ. ਸਿੰਘ ਜਿਸ ਢੰਗ ਨਾਲ ਦਲ ਬਦਲਦੇ ਜਾ ਰਹੇ ਹਨ, ਉਹ ਵੀ ਦੁਖਦਾਈ ਅਤੇ ਚਿੰਤਾਜਨਕ ਹੈ। ਅਜਿਹੇ ਜਨਰਲ ਦਾ ਜਨਤਾ ਦੀ ਅਦਾਲਤ ਵਿਚ ਹਾਰ ਜਾਣਾ ਸ਼ੁਭ ਸ਼ਗਨ ਨਹੀਂ।
ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤ੍ਰਿਪਾਠੀ ਦਾ ਵਿਰੋਧ ਕਰਨ ਵਾਲੇ ਕਾਂਗਰਸ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਜਿਵੇਂ ਸ਼ਿਵ ਸੈਨਾ ਅਤੇ ਕਾਂਗਰਸ ਵਿਚ ਕੋਈ ਵਿਚਾਰਕ ਸਮਾਨਤਾ ਨਹੀਂ, ਉਵੇਂ ਹੀ ਕਾਂਗਰਸ ਅਤੇ ਅਕਾਲੀ ਦਲ ਵੀ ਦੋ ਉਲਟ ਦਿਸ਼ਾਵਾਂ ਵਿਚ ਚੱਲਣ ਵਾਲੀਆਂ ਪਾਰਟੀਆਂ ਹਨ। ਅਜਿਹਾ ਲੱਗਦਾ ਹੈ ਕਿ ਹੁਣ ਨਿੱਜੀ ਸਵਾਰਥਾਂ ਅੱਗੇ ਵਫ਼ਾਦਾਰੀ ਆਦਿ ਦੀ ਕੋਈ ਕੀਮਤ ਨਹੀਂ ਰਹੀ। ਪਿਛਲੀਆਂ ਚੋਣਾਂ ਸਮੇਂ ਕਾਂਗਰਸ ਦੀ ਕ੍ਰਿਸ਼ਨਾ ਤੀਰਥ ਭਾਜਪਾ ਵਿਚ ਸ਼ਾਮਲ ਹੋਈ ਸੀ। ਹੁਣ ਉਸ ਦੀ ਵੀ ਆਪਣੀ ਪੁਰਾਣੀ ਪਾਰਟੀ ਵਿਚ ਘਰ ਵਾਪਸੀ ਹੋ ਗਈ। ਉੱਤਰ ਪ੍ਰਦੇਸ਼ ਵਿਚ ਪੀੜ੍ਹੀਆਂ ਤੋਂ ਕਾਂਗਰਸੀ ਰਹੀ ਰੀਤਾ ਬਹੁਗੁਣਾ ਜੋਸ਼ੀ ਭਾਜਪਾ ਸਰਕਾਰ ਵਿਚ ਮੰਤਰੀ ਬਣ ਕੇ ਮੁਸਕੁਰਾ ਰਹੀ ਹੈ।
ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦਾ ਹੱਥ ਫੜਦਿਆਂ ਹੀ ਸੁਰ ਬਦਲ ਲਈ।
ਜ਼ਰਾ ਹਿਮਾਚਲ ਪ੍ਰਦੇਸ਼ ਵੱਲ ਝਾਤ ਮਾਰੀਏ, ਉੱਘੇ ਕਾਂਗਰਸੀ ਨੇਤਾ ਸੁਖਰਾਮ ਅਤੇ ਉਨ੍ਹਾਂ ਦਾ ਪਰਿਵਾਰ ਮੌਕੇ ਮੁਤਾਬਿਕ ਕਾਂਗਰਸ ਅਤੇ ਭਾਜਪਾ ਵਿਚ ਸ਼ਾਮਲ ਹੁੰਦਾ ਰਹਿੰਦਾ ਹੈ। ਆਇਆ ਰਾਮ ਗਿਆ ਰਾਮ ਦੀ ਜੋ ਬਿਮਾਰੀ ਕਦੇ ਹਰਿਆਣਾ ਵਿਚ ਸੀ, ਹੁਣ ਪੂਰੇ ਦੇਸ਼ ਵਿਚ ਫੈਲ ਰਹੀ ਹੈ। ਦਲ ਬਦਲੀ ਉੱਤਰ ਪੂਰਬ ਵਿਚ ਵੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਅਤੇ ਦੱਖਣ ਵਿਚ ਵੀ। ਗੋਆ ਵੀ ਇਸ ਰੋਗ ਤੋਂ ਅਛੂਤਾ ਨਹੀਂ।
ਇਸ ਸਭ ਦੇ ਮੱਦੇਨਜ਼ਰ ਸੋਚਣਾ ਤਾਂ ਜਨਤਾ ਨੂੰ ਪਵੇਗਾ ਜੋ ਸਿਆਸਤਦਾਨ ਆਪਣੇ ਸੰਗਠਨ, ਆਪਣੇ ਸ਼ਬਦਾਂ ਅਤੇ ਆਪਣੀ ਚੁੱਕੀ ਸਹੁੰ ਪ੍ਰਤੀ ਵਫ਼ਾਦਾਰ ਨਹੀਂ ਉਹ ਜਨਤਾ ਨਾਲ ਕੀ ਵਫ਼ਾਦਾਰੀ ਨਿਭਾਉਣਗੇ। ਮੇਰੀ ਦੇਸ਼ ਦੀ ਜਨਤਾ ਨੂੰ ਬੇਨਤੀ ਹੈ ਕਿ ਦਲ ਬਦਲ ਕੇ ਸਿਆਸਤ ਦੀ ਮੰਡੀ ਵਿਚ ਸਿਰਫ਼ ਨੋਟਾਂ ਅਤੇ ਸੱਤਾ ਲਈ ਆ ਰਹੇ ਹਨ, ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ। ਉਨ੍ਹਾਂ ਦੇ ਪੱਖ ਵਿਚ ਉਂਜ ਵੀ ਵੋਟ ਨਹੀਂ ਪਾਉਣੀ ਚਾਹੀਦੀ।
Check Also
ਸਿੱਖ ਵਿਰਾਸਤ ਦੇ ਪ੍ਰਤੀਕ ਖ਼ਾਲਸਾ ਦਿਹਾੜੇ ਅਤੇ ਵੈਸਾਖੀ ਦੇ ਪੁਰਬ ਦੀ ਮਹਾਨਤਾ
ਡਾ. ਗੁਰਵਿੰਦਰ ਸਿੰਘ ਕੈਨੇਡਾ ਵਿੱਚ ਅਪ੍ਰੈਲ ਨੂੰ ‘ਸਿੱਖ ਵਿਰਾਸਤ ਮਹੀਨੇ’ ਵਜੋਂ ਮਾਨਤਾ ਦਿੱਤੀ ਗਈ ਹੈ। …