Breaking News
Home / ਜੀ.ਟੀ.ਏ. ਨਿਊਜ਼ / ਸਸਕੈਚਵਨ ਵਿੱਚ ਚਾਕੂ ਮਾਰ ਕੇ 11 ਦੀ ਹੱਤਿਆ, 19 ਜ਼ਖ਼ਮੀ

ਸਸਕੈਚਵਨ ਵਿੱਚ ਚਾਕੂ ਮਾਰ ਕੇ 11 ਦੀ ਹੱਤਿਆ, 19 ਜ਼ਖ਼ਮੀ

ਪੁਲਿਸ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ
ਰੈਜਿਨਾ : ਰੈਜਿਨਾ ਅਤੇ ਸਸਕੈਚਵਨ ਵਿੱਚ ਇਕ ਹੋਰ ਕਸਬੇ ‘ਚ ਮੁਕਾਮੀ ਭਾਈਚਾਰੇ ਦੇ ਲੋਕਾਂ ‘ਤੇ ਚਾਕੂ ਨਾਲ ਹਮਲੇ ਦੀਆਂ ਲੜੀਵਾਰ ਘਟਨਾਵਾਂ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 19 ਵਿਅਕਤੀ ਜ਼ਖ਼ਮੀ ਹੋ ਗਏ। ਆਰੋਪੀਆਂ ਦੀ ਪਛਾਣ ਡੈਮੀਅਨ ਸੈਂਡਰਸਨ (31) ਤੇ ਮਾਇਲਸ ਸੈਂਡਰਸਨ (30) ਵਜੋਂ ਹੋਈ ਹੈ।
ਪੁਲਿਸ ਮੁਤਾਬਕ ਚਾਕੂ ਨਾਲ ਹਮਲੇ ਦੀਆਂ ਇਹ ਘਟਨਾਵਾਂ ਜੇਮਸ ਸਮਿਥ ਕ੍ਰੀ ਨੇਸ਼ਨ ਤੇ ਸੈਸਕਾਟੂਨ ਦੇ ਉੱਤਰ-ਪੂਰਬ ਵਿੱਚ ਵੈਲਡਨ ਪਿੰਡ ਵਿੱਚ ਵਾਪਰੀਆਂ।
ਪੁਲਿਸ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਸਕੈਚਵਨ ਪੁਲਿਸ ਵਿੱਚ ਸਹਾਇਕ ਕਮਿਸ਼ਨਰ ਰੌਂਡਾ ਬਲੈਕਮੋਰ ਨੇ ਕਿਹਾ ਕਿ ਮਸ਼ਕੂਕਾਂ ਨੇ ਕੁਝ ਪੀੜਤਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਦੋਂਕਿ ਇਕ ਹੋਰ ਘਟਨਾ ਵਿੱਚ ਹਮਲਾਵਰਾਂ ਨੂੰ ਜਿਹੜਾ ਵਿਅਕਤੀ ਮਿਲਿਆ, ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਹਾਲਾਂਕਿ ਇਨ੍ਹਾਂ ਹਮਲਿਆਂ ਪਿਛਲੇ ਅਸਲ ਮੰਤਵ ਬਾਰੇ ਨਹੀਂ ਦੱਸ ਸਕੀ।
ਬਲੈਕਮੋਰ ਨੇ ਕਿਹਾ ਕਿ ਘੱਟੋ-ਘੱਟ 13 ਥਾਵਾਂ ਸਨ, ਜਿੱਥੇ ਹਮਲੇ ਵਿੱਚ ਮਾਰੇ ਗਏ ਲੋਕ ਜਾਂ ਜ਼ਖ਼ਮੀ ਮਿਲੇ ਹਨ। ਕੈਨੇਡਾ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀਆਂ ਸਭ ਤੋਂ ਘਾਤਕ ਸਮੂਹਿਕ ਹੱਤਿਆਵਾਂ ਹਨ। ਇਸ ਤੋਂ ਪਹਿਲਾਂ ਸਾਲ 2020 ਵਿੱਚ ਨੋਵਾਸਕੋਸ਼ੀਆ ਸੂਬੇ ਵਿੱਚ ਪੁਲਿਸ ਅਧਿਕਾਰੀ ਦੇ ਭੇਸ ਵਿੱਚ ਆਏ ਵਿਅਕਤੀ ਵੱਲੋਂ ਘਰਾਂ ਵਿੱਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ ਵਿੱਚ 22 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।

11 ਲੋਕਾਂ ਦੀ ਜਾਨ ਲੈਣ ਵਾਲੇ ਇਕ ਆਰੋਪੀ ਦੀ ਗ੍ਰਿਫਤਾਰੀ ਪਿੱਛੋਂ ਹੋਈ ਮੌਤ
ਸਸਕੈਚਵਨ/ਬਿਊਰੋ ਨਿਊਜ਼ : ਸਸਕੈਚਵਨ ਵਿੱਚ ਛੁਰੇਬਾਜ਼ੀ ਕਰਕੇ 11 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਤੇ 19 ਹੋਰਨਾਂ ਨੂੰ ਜ਼ਖਮੀ ਕਰਨ ਵਾਲੇ ਮਸਕੂਕ ਦੀ ਗ੍ਰਿਫਤਾਰੀ ਤੋਂ ਬਾਅਦ ਮੌਤ ਹੋ ਗਈ। 30 ਸਾਲਾ ਮੁੱਖ ਮਸਕੂਕ ਮਾਈਲਜ ਸੈਂਡਰਸਨ ਨੂੰ ਬੁੱਧਵਾਰ ਦੁਪਹਿਰ ਨੂੰ ਆਰਸੀਐਮਪੀ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਆਰਸੀਐਮਪੀ ਦੀ ਅਸਿਸਟੈਂਟ ਕਮਿਸਨਰ ਰੌਂਡਾ ਬਲੈਕਮੋਰ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਕੁੱਝ ਦੇਰ ਬਾਅਦ ਹੀ ਸੈਂਡਰਸਨ ਨੂੰ ਮੈਡੀਕਲ ਪ੍ਰੌਬਲਮ ਹੋ ਗਈ ਤੇ ਪੈਰਾਮੈਡਿਕਸ ਵੱਲੋਂ ਉਸ ਨੂੰ ਫੌਰਨ ਹਸਪਤਾਲ ਪਹੁੰਚਾ ਦਿੱਤਾ ਗਿਆ। ਬੁੱਧਵਾਰ ਸਾਮ ਨੂੰ ਰੇਜਾਈਨਾ ਵਿੱਚ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲੈਕਮੋਰ ਨੇ ਆਖਿਆ ਕਿ ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੈਰਾਮੈਡਿਕਸ ਦੇ ਆਉਣ ਤੋਂ ਪਹਿਲਾਂ ਮਾਊਂਟੀਜ ਵੱਲੋਂ ਉਸ ਨੂੰ ਮੌਕੇ ਉੱਤੇ ਹੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ।
ਜਾਣਕਾਰ ਸੂਤਰ ਨੇ ਦੱਸਿਆ ਕਿ ਸੈਂਡਰਸਨ ਦੀ ਮੌਤ ਉਸ ਦੇ ਪਹਿਲਾਂ ਤੋਂ ਹੀ ਜਖਮੀ ਹੋਣ ਕਾਰਨ ਹੋਈ। ਬਲੈਕਮੋਰ ਨੇ ਆਖਿਆ ਕਿ ਉਹ ਸੈਂਡਰਸਨ ਦੀ ਮੌਤ ਸਬੰਧੀ ਹੋਰ ਜਾਣਕਾਰੀ ਨਹੀਂ ਦੇ ਸਕਦੀ ਕਿਉਂਕਿ ਅਜੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੈਂਡਰਸਨ ਬੁੱਧਵਾਰ ਨੂੰ 3:30 ਵਜੇ ਰੌਸਦਰਨ, ਸਸਕੈਚਵਨ ਨੇੜੇ ਮਿਲਿਆ। ਇਸ ਸਬੰਧ ਵਿੱਚ ਐਤਵਾਰ ਸਵੇਰ ਤੋਂ ਹੀ ਐਲਰਟ ਜਾਰੀ ਕੀਤਾ ਗਿਆ ਸੀ।
ਪੁਲਿਸ ਨੂੰ ਕਿਸੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇੱਕ ਵਿਅਕਤੀ ਨੂੰ ਚਾਕੂ ਦੇ ਨਾਲ ਵਾਕਾਅ, ਸਸਕੈਚਵਨ ਨੇੜੇ ਵੇਖਿਆ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਇਹ ਵਿਅਕਤੀ ਚੋਰੀ ਦੀ ਚਿੱਟੇ ਰੰਗ ਦੀ 2008 ਮਾਡਲ ਦੀ ਸੈਵਰਲੇ ਐਵਲਾਂਸ ਵਿੱਚ ਟਰੈਵਲ ਕਰ ਰਿਹਾ ਸੀ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …