Breaking News
Home / ਭਾਰਤ / ਨਿਤੀਸ਼ ਕੁਮਾਰ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਨਿਤੀਸ਼ ਕੁਮਾਰ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਵਿਰੋਧੀ ਧਿਰ ਦੀ ਏਕਤਾ ਤੇ 2024 ਦੀਆਂ ਆਮ ਚੋਣਾਂ ਬਾਰੇ ਕੀਤੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਨਵੀਂ ਦਿੱਲੀ ‘ਚ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਦੋਵਾਂ ਆਗੂਆਂ ਨੇ ਮੁਲਾਕਾਤ ਦੌਰਾਨ ਦੇਸ਼ ਵਿਚਲੇ ਮੌਜੂਦਾ ਸਿਆਸੀ ਹਾਲਾਤ ਤੇ ਵਿਰੋਧੀ ਧਿਰ ਦੀ ਏਕਤਾ ਯਕੀਨੀ ਬਣਾਈ ਰੱਖਣ ਦੇ ਢੰਗਾਂ ਬਾਰੇ ਵਿਚਾਰ ਚਰਚਾ ਕੀਤੀ। ਨਿਤੀਸ਼ ਕੁਮਾਰ ਨੇ ਬਾਅਦ ਵਿੱਚ ਜਨਤਾ ਦਲ (ਸੈਕੁਲਰ) ਦੇ ਮੁਖੀ ਐੱਚਡੀ ਕੁਮਾਰਸਵਾਮੀ ਨਾਲ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।
ਸੂਤਰਾਂ ਅਨੁਸਾਰ ਰਾਹੁਲ ਗਾਂਧੀ ਤੇ ਨਿਤੀਸ਼ ਕੁਮਾਰ ਵਿਚਾਲੇ ਤਕਰੀਬਨ ਇੱਕ ਘੰਟਾ ਗੱਲਬਾਤ ਹੋਈ। ਇਸ ਦੌਰਾਨ ਨਿਤੀਸ਼ ਨਾਲ ਬਿਹਾਰ ਦੇ ਜਲ ਸਰੋਤ ਮੰਤਰੀ ਤੇ ਜਨਤਾ ਦਲ (ਯੂ) ਦੇ ਆਗੂ ਸੰਜੈ ਕੁਮਾਰ ਝਾਅ ਵੀ ਹਾਜ਼ਰ ਸਨ। ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਸਾਥ ਛੱਡਣ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ), ਕਾਂਗਰਸ ਤੇ ਖੱਬੀਆਂ ਧਿਰਾਂ ਦੀ ਹਮਾਇਤ ਨਾਲ ਮਹਾਗੱਠਜੋੜ ਸਰਕਾਰ ਬਣਾਉਣ ਮਗਰੋਂ ਨਿਤੀਸ਼ ਕੁਮਾਰ ਪਹਿਲੀ ਵਾਰ ਦਿੱਲੀ ਪਹੁੰਚੇ।
ਨਿਤੀਸ਼ ਨੂੰ ਪ੍ਰਧਾਨ ਮੰਤਰੀ ਬਣਨ ਦੀ ਖਾਹਿਸ਼ : ਚਿਰਾਗ
ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਅਤੇ ਜਮੁਈ ਤੋਂ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਕਿਹਾ ਕਿ ਮੁੱਖ ਮੰਤਰੀ, ਜਿਨ੍ਹਾਂ ਨੌਕਰੀਆਂ ਮੰਗ ਰਹੇ ਬੇਰੁਜ਼ਗਾਰਾਂ ‘ਤੇ ਲਾਠੀਚਾਰਜ ਦਾ ਹੁਕਮ ਦਿੱਤਾ, ਆਪਣੀ ਪ੍ਰਧਾਨ ਮੰਤਰੀ ਬਣਨ ਦੀ ਖਾਹਿਸ਼ ਪੂਰੀ ਕਰਨ ਲਈ ਦਿੱਲੀ ਦੀ ਫੇਰੀ ‘ਤੇ ਹਨ। ਉਨ੍ਹਾਂ ਟਵੀਟ ਕੀਤਾ ਕਿ ਬਿਹਾਰ ਦੇ ਵਿਕਾਸ ਵੱਲ ਧਿਆਨ ਦੇਣ ਦੀ ਥਾਂ ਉਹ ਵਿਰੋਧੀ ਧਿਰ ਨੂੰ ਇੱਕ ਕਰਨ ‘ਚ ਰੁੱਝੇ ਹੋਏ ਹਨ। ਪਾਸਵਾਨ ਦੀ ਪਾਰਟੀ ਨੇ ਟਵੀਟ ਕੀਤਾ, ‘ਬਿਹਾਰ ‘ਚ ਹੜ੍ਹ ਆਏ ਹੋਏ ਹਨ ਤੇ ਮੁੱਖ ਮੰਤਰੀ ਬਿਹਾਰ ਤੋਂ ਬਾਹਰ ਹਨ।’
ਭਾਜਪਾ ਖਿਲਾਫ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨਾ ਮੇਰਾ ਮੰਤਵ : ਨਿਤੀਸ਼ ਕੁਮਾਰ
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਤੋਂ ਕੀਤਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਨਵੀਂ ਦਿੱਲੀ ਵਿਚ ਵਿਰੋਧੀ ਧਿਰਾਂ ਦੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਖੱਬੇ ਪੱਖੀ ਧਿਰਾਂ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ। ਨਿਤੀਸ਼ ਨੇ ਕਿਹਾ ਕਿ ਉਹ ਨਾ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹਨ ਤੇ ਨਾ ਹੀ ਇਸ ਦੇ ਇਛੁੱਕ ਹਨ। ਸੀਪੀਐਮ ਦੇ ਦਫ਼ਤਰ ਵਿਚ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਿਤੀਸ਼ ਨੇ ਮੀਡੀਆ ਨੂੰ ਕਿਹਾ ਕਿ ਇਹ ਸਮਾਂ ਖੱਬੇ ਪੱਖੀ ਪਾਰਟੀਆਂ, ਕਾਂਗਰਸ ਤੇ ਹੋਰ ਸਾਰੇ ਖੇਤਰੀ ਦਲਾਂ ਨੂੰ ਇਕਜੁੱਟ ਕਰਕੇ ਮਜ਼ਬੂਤ ਵਿਰੋਧੀ ਧਿਰ ਦੇ ਗਠਨ ਕਰਨ ਦਾ ਹੈ। ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਨਿਤੀਸ਼ ਪਹਿਲੀ ਵਾਰ ਸੋਮਵਾਰ ਨੂੰ ਦਿੱਲੀ ਪਹੁੰਚੇ ਸਨ। ਉਨ੍ਹਾਂ ਸੋਮਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ, ਜੇਡੀ (ਐੱਸ) ਦੇ ਮੁਖੀ ਐਚ.ਡੀ. ਕੁਮਾਰਸਵਾਮੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਨਿਤੀਸ਼ ਕੁਮਾਰ ਦੇ ਦਿੱਲੀ ਦੌਰੇ ਨੂੰ ਵਿਰੋਧੀ ਧਿਰਾਂ ਦਾ ਨੇਤਾ ਬਣਨ ਦੀ ਉਨ੍ਹਾਂ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਖੱਬੇ ਪੱਖੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਕੁਮਾਰ ਨੇ ਕਿਹਾ, ‘ਸੀਪੀਐਮ ਨਾਲ ਮੇਰੇ ਰਿਸ਼ਤੇ ਬਹੁਤ ਪੁਰਾਣੇ ਤੇ ਲੰਮੇ ਸਮੇਂ ਤੋਂ ਹਨ। ਤੁਸੀਂ ਸਾਰਿਆਂ ਨੇ ਨਹੀਂ ਦੇਖਿਆ ਹੋਵੇਗਾ, ਪਰ ਮੈਂ ਜਦ ਵੀ ਦਿੱਲੀ ਆਇਆ ਹਾਂ, ਇਸ ਦਫ਼ਤਰ ਵਿਚ ਜ਼ਰੂਰ ਆਉਂਦਾ ਸੀ। ਸਾਡਾ ਪੂਰਾ ਧਿਆਨ ਸਾਰੇ ਖੱਬੇ ਪੱਖੀ ਦਲਾਂ, ਖੇਤਰੀ ਪਾਰਟੀਆਂ, ਕਾਂਗਰਸ ਨੂੰ ਇਕਜੁੱਟ ਕਰਨ ਉਤੇ ਹੈ। ਸਾਡੇ ਸਾਰਿਆਂ ਦੇ ਇਕੱਠੇ ਹੋਣ ਦੇ ਵੱਡੇ ਮਾਅਨੇ ਹਨ।’
ਨਿਤੀਸ਼ ਦਾ ਭਾਜਪਾ ਖਿਲਾਫ ਨਿੱਤਰਨਾ ਅਹਿਮ ਸਿਆਸੀ ਬਦਲਾਅ: ਯੇਚੁਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਵਿਰੋਧੀ ਧਿਰ ਵਿਚ ਵਾਪਸੀ ਤੇ ਭਾਜਪਾ ਖਿਲਾਫ ਲੜਾਈ ਦਾ ਹਿੱਸਾ ਬਣਨ ਦੀ ਉਨ੍ਹਾਂ ਦੀ ਇੱਛਾ ਭਾਰਤੀ ਰਾਜਨੀਤੀ ਲਈ ਮਹੱਤਵਪੂਰਨ ਬਦਲਾਅ ਹੈ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਕੋਸ਼ਿਸ਼ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਹੈ ਨਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ ਕਰਨ ਦੀ। ਜਦ ਸਮਾਂ ਆਵੇਗਾ, ਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਚੁਣਾਂਗੇ ਤੇ ਦੱਸਾਂਗੇ।ਸੀਪੀਐਮ ਆਗੂ ਨੇ ਕਿਹਾ ਕਿ ਹਾਲੇ ਤੱਕ ਇਸ ਪਾਸੇ ਕੋਈ ਠੋਸ ਕਾਰਜ ਯੋਜਨਾ ਨਹੀਂ ਤਿਆਰ ਕੀਤੀ ਗਈ ਹੈ ਪਰ ਗੱਲਬਾਤ ਜਾਰੀ ਹੈ।
ਓਮ ਪ੍ਰਕਾਸ਼ ਚੌਟਾਲਾ ਤੇ ਮੁਲਾਇਮ ਯਾਦਵ ਨੂੰ ਵੀ ਮਿਲੇ ਨਿਤੀਸ਼ ਕੁਮਾਰ
ਨਵੀਂ ਦਿੱਲੀ : ਨਿਤੀਸ਼ ਕੁਮਾਰ ਨੇ ਆਈਐੱਨਐਲਡੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ, ‘ਸਪਾ’ ਆਗੂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਵੀ ਮੁਲਾਕਾਤ ਕੀਤੀ।
ਚੌਟਾਲਾ ਨੂੰ ਕੁਮਾਰ ਉਨ੍ਹਾਂ ਦੀ ਗੁੜਗਾਓਂ ਰਿਹਾਇਸ਼ ‘ਤੇ ਮਿਲੇ। ਇਸ ਮੌਕੇ ਜੇਡੀ(ਯੂ) ਦੇ ਬੁਲਾਰੇ ਕੇਸੀ ਤਿਆਗੀ ਵੀ ਉਨ੍ਹਾਂ ਦੇ ਨਾਲ ਸਨ। ਆਈਐਨਐਲਡੀ ਦੇ ਆਗੂ ਨਫ਼ੇ ਸਿੰਘ ਰਾਠੀ ਨੇ ਕਿਹਾ ਕਿ ਦੋਵੇਂ ਆਗੂ ਨਿੱਘ ਨਾਲ ਮਿਲੇ ਤੇ ਚੌਟਾਲਾ ਨੇ ਕੁਮਾਰ ਨੂੰ ਪਾਰਟੀ ਵੱਲੋਂ ਰੱਖੀ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਰੈਲੀ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਜਨਮ ਦਿਹਾੜੇ ਮੌਕੇ ਕਰਵਾਈ ਜਾਣੀ ਹੈ। ਮੁਲਾਇਮ ਯਾਦਵ ਨੂੰ ਕੁਮਾਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਮਿਲੇ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਖਿਲੇਸ਼ ਵੀ ਉੱਥੇ ਮੌਜੂਦ ਸਨ। ਯਾਦਵਾਂ ਨਾਲ ਮੁਲਾਕਾਤ ਤੋਂ ਬਾਅਦ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ, ‘ਸਾਡੇ ਵਿਚਾਰ ਮੇਲ ਖਾਂਦੇ ਹਨ ਤੇ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ।’

 

Check Also

ਚੰਡੀਗੜ੍ਹ ਦੇ ਨਵੇਂ ਡੀਸੀ ਲਈ ਹਰਿਆਣਾ ਸਰਕਾਰ ਤੋਂ ਮੰਗਿਆ ਪੈਨਲ

ਲੋਕ ਸਭਾ ਚੋਣਾਂ ਤੋਂ ਬਾਅਦ ਅਫ਼ਸਰਸ਼ਾਹੀ ’ਚ ਹੋਵੇਗਾ ਬਦਲਾਅ, ਕਈ ਅਧਿਕਾਰੀਆਂ ਦਾ ਕਾਰਜਕਾਲ ਹੋ ਰਿਹਾ …