Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

– ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-3)
ਘੱਗਰਾ ਵੀਹ ਗਜ਼ ਦਾ
ਔਰਤਾਂ ਵਲੋਂ ਲੱਕ ਦੁਆਲੇ ਪਹਿਨੇ ਜਾਣ ਵਾਲੇ ਘੇਰੇਦਾਰ ਵਸਤਰ ਨੂੰ ਘੱਗਰਾ ਕਹਿੰਦੇ ਹਨ। ਇਹ ਪੰਜਾਬੀ ਪੇਂਡੂ ਔਰਤਾਂ ਦਾ ਮਨਭਾਉਂਦਾ, ਇੱਜ਼ਤਦਾਰ ਤੇ ਗੌਰਵਮਈ ਪੁਰਾਤਨ ਪਹਿਰਾਵਾ ਹੈ ਜਿਸ ਨੂੰ ਲਹਿੰਗਾ ਵੀ ਕਿਹਾ ਜਾਂਦਾ ਹੈ। ਘੱਗਰੇ ਨੂੰ ਪ੍ਰਾਕ੍ਰਿਤ ਵਿਚ ਘਰਗਰ, ਸਿੰਧੀ ਵਿੱਚ ਘਾਗਰੋ ਤੇ ਹਿੰਦੀ ਬੋਲੀ ਵਿੱਚ ਘਾਘਰਾ ਕਹਿੰਦੇ ਹਨ।
ਬਾਵਨ ਗਜ਼ ਕਾ ਘਾਘਰਾ, ਕਲੀ ਥੀ ਨਿਆਰੀ-ਨਿਆਰੀ,
ਭਾਰੀ ਜੁਗਨੀ ਮੋਹਨਮੋਲਾ, ਬਿੰਦੀ ਤਕ ਭੀ ਲਾਰੀ।
ਪੁਰਾਣੇ ਸਮਿਆਂ ਵਿੱਚ ਪੰਜਾਬੀ ਪੇਂਡੂ ਔਰਤਾਂ ਦੇ ਪਹਿਰਾਵੇ ਵਿੱਚ ਘੱਗਰੇ ਨੂੰ ਬਹੁਤਾ ਉਚਾ ਸਥਾਨ ਪ੍ਰਾਪਤ ਸੀ ਤੇ ਇਸਦੀ ਵੱਖਰੀ ਹੀ ਸ਼ਾਨ ਹੁੰਦੀ ਸੀ :
ਘੱਗਰੇ ਦੀ ਸ਼ਾਨ ਵੱਖਰੀ, ਪਾਉਣ ਵੱਡੇ ਘਰਾਂ ਦੀਆਂ ਜਾਈਆਂ …
ਪੰਜਾਬੀ ਸਮਾਜ ਵਿੱਚ ਹਰੇਕ ਸੁਹਾਗਣ ਔਰਤ ਲਈ ਘੱਗਰਾ ਪਹਿਨਣਾ ਜ਼ਰੂਰੀ ਸਮਝਿਆ ਜਾਂਦਾ ਸੀ। ਵਿਆਹ ਤੋਂ ਪਿੱਛੋਂ ਹਰ ਔਰਤ ਸਾਰੀ ਉਮਰ ਜਾਂ ਵੱਡੇ ਮੁੰਡੇ ਦੇ ਵਿਆਹ ਤੱਕ ਘੱਗਰਾ ਜ਼ਰੂਰ ਪਹਿਨਦੀ ਸੀ। ਜੇ ਕੋਈ ਔਰਤ ਘੱਗਰਾ ਪਹਿਨੇ ਬਿਨਾ ਸਹੁਰੇ ਪਿੰਡ ਦੀ ਸੱਥ ਵਿਚੋਂ ਦੀ ਲੰਘ ਜਾਂਦੀ ਤਾਂ ਉਸ ਨੂੰ ਸੂਝਵਾਨ, ਸਿਆਣੀ ਜਾਂ ਇੱਜ਼ਤਦਾਰ ਔਰਤ ਨਹੀਂ ਸੀ ਸਮਝਿਆ ਜਾਂਦਾ :
ਬਿਨਾ ਘੱਗਰੇ ਨਾ ਸੱਥ ਵਿਚੋਂ ਲੰਘਣਾ,
ਇਹ ਰੀਤ ਸਹੁਰੇ ਪਿੰਡ ਦੀ …
ਕੋਈ ਵੀ ਵਹੁਟੀ ਬਿਨਾ ਘੱਗਰਾ ਪਾਏ ਖੇਤ ਰੋਟੀ ਲੈ ਕੇ ਜਾਂ ਖੂਹ ਤੋਂ ਪਾਣੀ ਭਰਨ ਲਈ ਘਰੋਂ ਬਾਹਰ ਨਹੀਂ ਸੀ ਨਿਕਲਦੀ। ਕੋਈ ਨਣਦ ਆਪਣੀ ਨਵੀਂ-ਨਵੇਲੀ ਭਰਜਾਈ ਨੂੰ ਸਿਆਣੀ ਮੱਤ ਦਿੰਦੀ ਹੋਈ ਕਹਿੰਦੀ : ਭਾਬੀ ਮੋਰਨੀਏ, ਮਰਗਾਈਏ,
ਤੀਲੀ ਲੌਂਗ ਬਿਨਾ ਨਾ ਪਾਈਏ,
ਖੂਹ ਤੇ ਪਾਣੀ ਨੂੰ, ਘੱਗਰੇ ਬਾਝ ਨਾ ਜਾਈਏ
ਗੋਹੇ ਕੂੜੇ ਨੂੰ, ਦਿਨ ਨਾ ਵੱਡਾ ਚੜ੍ਹਾਈਏ
ਦਿੱਤਾ ਸ਼ਰੀਕੇ ਦਾ ਪੁੱਛੇ ਬਾਝ ਨਾ ਖਾਈਏ,
ਰੋਟੀ ਹਾਲੀ ਦੀ ਲੈ ਕੇ ਸੰਦੇਹਾਂ ਜਾਈਏ …
ਵਹੁਟੀਆਂ ਹਾਰ-ਸ਼ਿੰਗਾਰ ਲਾ ਕੇ, ਸੋਹਣੇ-ਸੋਹਣੇ ਘੱਗਰੇ ਪਹਿਨ ਕੇ ਨਣਦਾਂ ਨਾਲ ਖੂਹ ਤੋਂ ਪਾਣੀ ਭਰਨ ਜਾਂਦੀਆਂ :
ਢਾਈਏ … ਢਾਈਏ…ਢਾਈਏ
ਗੱਲ ਛੋਟੀ ਨਣਦੀ ਦੀ, ਸੁਣ ਵੱਡੀਏ ਭਰਜਾਈਏ,
ਕੱਢ-ਕੱਢ ਦੇਵਾਂ ਕੱਪੜੇ, ਤੂੰ ਪਹਿਨ ਸੋਹਣੀ ਭਰਜਾਈਏ,
ਕਿੱਲੇ ਉਤੋਂ ਲਾਹ ਘੱਗਰਾ, ਨਾਲਾ ਹੈ ਨੀ ਤਾਂ ਰੇਸ਼ਮੀ ਪਾਈਏ,
ਅੱਖਾਂ ਵਿਚ ਪਾ ਸੁਰਮਾ, ਘਰੇ ਹੈ ਨੀ ਤਾਂ ਹੋਰ ਮੰਗਾਈਏ,
ਲੌਂਗ ਤੇ ਸੰਧੂਰ ਭੁੱਕ ਲੈ, ਆਪਾਂ ਪਾਣੀ ਦਾ ਘੜਾ ਚੱਕ ਲਿਆਈਏ
ਬਣ ਕੇ ਮੋਰਨੀਆਂ, ਪਾਣੀ ਭਰਨ ਖੂਹੇ ਤੇ ਜਾਈਏ …
ਪਹਿਲੇ ਸਮਿਆਂ ਵਿਚ ਘੱਗਰੇ ਘਰ ਦੇ ਬਣਾਏ ਹੋਏ ਖੱਦਰ ਤੋਂ ਹੀ ਬਣਾਏ ਜਾਂਦੇ ਸਨ ਤੇ ਇਨ੍ਹਾਂ ਨੂੰ ਕਿੱਕਰ ਦਾ ਸੱਕ ਉਬਾਲ ਕੇ ਉਸ ਨਾਲ ਘਸਮੈਲਾ ਜਿਹਾ ਰੰਗ ਲਿਆ ਜਾਂਦਾ ਸੀ। ਸ਼ੁਕੀਨ ਮੁਟਿਆਰਾਂ ਘੱਗਰੇ ਦੀ ਦਿੱਖ ਨੂੰ ਹੋਰ ਸੁੰਦਰ ਤੇ ਦਿਲਕਸ਼ ਬਣਾਉਣ ਲਈ ਉਸ ਉਤੇ ਰੰਗਦਾਰ ਧਾਗਿਆਂ ਨਾਲ ਸੋਹਣੇ-ਸੋਹਣੇ ਵੇਲ ਬੂਟੇ ਜਾਂ ਮੋਰ, ਘੁੱਗੀਆਂ ਆਦਿ ਪੰਛੀਆਂ ਦੀਆਂ ਆਕ੍ਰਿਤੀਆਂ ਦੀ ਕਢਾਈ ਕਰਕੇ ਸ਼ਿੰਗਾਰ ਲੈਂਦੀਆਂ : ਸੱਤ ਗਜ਼ ਦਾ ਮੈਂ ਘੱਗਰਾ ਸਵਾਇਆ,
ਉਤੇ ਪਾਇਆ ਮੈਂ ਮੋਰ ਕੁੜੀਓ,
ਮੇਰੀ ਸੱਪਣੀ ਵਰਗੀ ਤੋਰ ਕੁੜੀਓ …
ਫਿਰ ਸਮਾਂ ਪਾ ਕੇ ਸਾਂਟਣ, ਸੰਘਈ, ਕਾਨਵੇਜ਼, ਮਖਮਲ, ਮਲਮਲ, ਕਾਲੀ ਸੂਫ਼, ਹਰੀ ਜਾਂ ਗੁਲਾਬੀ ਸ਼ੈਲ ਆਦਿ ਕੱਪੜਿਆਂ ਦੀਆਂ ਵੰਨਗੀਆਂ ਦੇ ਘੱਗਰੇ ਪਹਿਨਣ ਦਾ ਰਿਵਾਜ਼ ਤੁਰ ਪਿਆ :
ਆਲਾ…ਆਲਾ…ਆਲਾ
ਸ਼ੈਲ ਦਾ ਗੁਲਾਬੀ ਘੱਗਰਾ,
ਵਿਚ ਪਾਇਆ ਰੇਸ਼ਮੀ ਨਾਲਾ,
ਦਿਸਦਾ ਘੁੰਡ ਵਿਚ ਦੀ,
ਗੋਰੀ ਗੱਲ੍ਹ ਤੇ ਟਿਮਕਣਾ ਕਾਲਾ,
ਟੱਪ ਜਾ ਮੋਰੀਨੀਏ, ਛਾਲ ਮਾਰ ਕੇ ਖਾਲਾ …
ਪਰ ਸੂਫ਼ ਦੇ ਕਾਲੇ ਘੱਗਰੇ ਨੂੰ ਔਰਤਾਂ ਸਭ ਤੋਂ ਵੱਧ ਪਸੰਦ ਕਰਦੀਆਂ:
ਤੇਰੀ ਕਾਹਦੀ ਨੰਬਰਦਾਰੀ, ਘੱਗਰਾ ਨਾ ਲਿਆਇਆ ਸੂਫ ਦਾ
ਜਦੋਂ ਕੋਈ ਛੈਲ-ਛਬੀਲੀ ਮੁਟਿਆਰ ਕਾਲੀ ਸੂਫ਼ ਦਾ ਘੱਗਰਾ ਪਾ ਕੇ ਪੈਲਾਂ ਪਾਉਂਦੀ ਗਲੀ ਵਿਚੋਂ ਲੰਘਦੀ ਤਾਂ ਛੜਿਆਂ ਦੇ ਦਿਲਾਂ ‘ਤੇ ਬਿਜਲੀਆਂ ਡਿੱਗਣ ਲੱਗਦੀਆਂ :
ਜੀਤੋ ਕੁੜੀ ਨੇ ਘੱਗਰਾ ਸਮਾਇਆ,
ਘੱਗਰਾ ਕਾਲੀ ਸੂਫ਼ ਦਾ ਨੀ,
ਜਾਵੇ ਸ਼ੂਕਦਾ, ਜਾਵੇ ਸ਼ੂਕਦਾ ਛੜੇ ਦੀ ਹਿੱਕ ਫੂਕਦਾ ਨੀ …
ਮਕਾਣ ਜਾਣ ਸਮੇਂ ਔਰਤਾਂ ਕਾਲੀ ਸੂਫ਼ ਦੇ ਘੱਗਰੇ ਪਾ ਕੇ ਸਿਰਾਂ ਉਤੇ ਦੁੱਧ ਚਿੱਟੇ ਦੁਪੱਟੇ ਲੈਂਦੀਆਂ :
ਘੱਗਰਿਆ ਸੂਫ਼ ਦਿਆ ਤੈਨੂੰ ਸੱਸ ਮਰੀ ਤੋਂ ਪਾਵਾਂ …
ਟੂਲ (ਟਵਿੱਲ) ਦਾ ਘੱਗਰਾ ਵੀ ਪੰਜਾਬੀ ਮੁਟਿਆਰਾਂ ਬੜੇ ਸ਼ੌਕ ਨਾਲ ਪਹਿਨਦੀਆਂ :
ਸੁਣੀਂ ਰਕਾਨੇ ਸੈਲ ਜੁਆਨੇ, ਤੈਨੂੰ ਕੱਪੜੇ ਸੁਆਦੂੰ ਸਾਰੇ,
ਟੂਲ ਦਾ ਤੈਨੂੰ ਘੱਗਰਾ ਸੁਆਦਿਆਂ,
ਪੱਟ ਦੇ ਸੁਆ ਦਿਆਂ ਨਾਲੇ,
ਰੰਗਲਾ ਤੈਨੂੰ ਚਰਖਾ ਮੰਗਾ ਦਿਆਂ,
ਕੱਤਿਆ ਕਰੀਂ ਚੁਬਾਰੇ,
ਡਾਹ ਕੇ ਚਰਖਾ ਬਹਿਗੀ ਬੀਹੀ ‘ਚ,
ਆਸ਼ਕ ਲੈਣ ਨਜ਼ਾਰੇ,
ਪਾਣੀ ਭਰ ਪਤਲੋ, ਝਾਕਾ ਲੈਣ ਕੁਆਰੇ …
ਸ਼ੁਕੀਨ ਮਲਵਈ ਮੁਟਿਆਰਾਂ ਸੋਹਣੇ-ਸੋਹਣੇ ਰੰਗ-ਬਿਰੰਗੇ ਘੱਗਰੇ ਪਹਿਨ ਕੇ ਜਦੋਂ ਮੜ੍ਹਕ ਮਿਜਾਜ਼ ਨਾਲ ਲੱਕ ਨੂੰ ਤਿੰਨ-ਤਿੰਨ ਵਲ ਪਾ ਕੇ ਤੁਰਦੀਆਂ ਤਾਂ ਦੇਖਣ ਵਾਲਿਆਂ ਦੇ ਕਾਲਜੇ ਹੌਲ ਪੈਣ ਲੱਗਦੇ :
ਸੋਹਣੇ ਘੱਗਰੇ ਸਵਾਏ,
ਸ਼ੀਸ਼ੇ ਕੁੜਤੀ ਤੇ ਲਾਏ,
ਸਿਰਾਂ ਉਤੇ ਫੁਲਕਾਰੀਆਂ,
ਮਾਲਵੇ ਦੀਆਂ ਸੋਹਣੀਆਂ, ਸ਼ੁਕੀਨ ਨਾਰੀਆਂ …
ਕਈ ਚੰਚਲ, ਨਟਖਟ ਮੁਟਿਆਰਾਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਘੱਗਰੇ ਵਿਚ ਪੈਰਾਂ ਦੀ ਠੋਕਰ ਮਾਰ ਕੇ ਆਵਾਜ਼ ਪੈਦਾ ਕਰਦੀਆਂ :
ਝਾਮਾਂ…ਝਾਮਾਂ…ਝਾਮਾਂ
ਗੜਵਿਆ ਚਾਂਦੀ ਦਿਆ, ਤੈਨੂੰ ਧਾਰ ਕੱਢਣ ਨੂੰ ਲਾਮਾਂ,
ਘੱਗਰਿਆਂ ਸੂਫ਼ ਦਿਆ, ਤੈਨੂੰ ਠੋਕਰ ਮਾਰ ਹੰਢਾਮਾ,
ਵਿਆਹ ਕਰਵਾ ਦਿਉਰਾ,
ਘੁੰਡ ਕੱਢ ਕੇ ਸਲਾਮੀ ਪਾਮਾਂ …
ਕਿਸੇ ਖੇਤ ਦੀ ਰਾਖੀ ਬੈਠਾ ਕੋਈ ਅੱਲ੍ਹੜ ਗੱਭਰੂ ਮਨ ਨੂੰ ਲੁਭਾਉਣ ਵਾਲੀ ਘੱਗਰੇ ਦੀ ਆਵਾਜ਼ ਨੂੰ ਸੁਣ ਕੇ ਸੁੱਧ-ਬੁੱਧ ਖੋ ਬੈਠਦਾ ਤੇ ਉਸ ਨੂੰ ਫਸਲ ਦੀ ਰਾਖੀ ਕਰਨੀ ਭੁੱਲ ਜਾਂਦੀ :
ਮੁੰਡਾ ਪੱਟ ‘ਤਾ ਸਰ੍ਹੋਂ ਦਾ ਰਾਖਾ, ਘੱਗਰੇ ਦੀ ਠੋਕਰ ਨੇ …
ਪਹਿਲੇ ਸਮਿਆਂ ਵਿਚ ਉਮਰ ਨੂੰ ਮੁੱਖ ਰੱਖ ਕੇ ਵੱਖ-ਵੱਖ ਰੰਗਾਂ ਦੇ ਘੱਗਰੇ ਪਹਿਨੇ ਜਾਂਦੇ ਸਨ। ਬਜ਼ੁਰਗ ਔਰਤਾਂ ਚਿੱਟੇ ਲੱਠੇ ਜਾਂ ਚਿੱਟੀ ਮਲਮਲ ਦੇ ਘੱਗਰੇ ਪਹਿਨਦੀਆਂ ਸਨ। ਜਵਾਨ ਔਰਤਾਂ ਰੰਗਦਾਰ ਘੱਗਰੇ ਪਹਿਨਣਾ ਪਸੰਦ ਕਰਦੀਆਂ ਸਨ। ਸ਼ੁਕੀਨ ਮੁਟਿਆਰਾਂ ਹਰੇ, ਲਾਲ, ਜਾਮਨੀ, ਸੰਤਰੀ ਜਾਂ ਗੁਲਾਬੀ ਰੰਗਾਂ ਦੇ ਰੇਸ਼ਮੀ ਘੱਗਰੇ ਬੜੇ ਸ਼ੌਕ ਨਾਲ ਪਾਉਂਦੀਆਂ :
ਤਾਵੇ…ਤਾਵੇ…ਤਾਵੇ , ਚੰਦ ਕੁਰ ਘੁੰਡ ਕੱਢ ਲੈ
ਤੇਰਾ ਰੂਪ ਝੱਲਿਆ ਨਾ ਜਾਵੇ, ਵੇਲ ਵਾਂਗੂੰ ਜਾਵੇਂ ਵਧਦੀ,
ਤੇਰੇ ਘੱਗਰਾ ਮੇਚ ਨਾ ਆਵੇ,
ਰੇਸ਼ਮੀ ਗੁਲਾਬੀ ਘੱਗਰਾ,
ਕਿਸੇ ਫੁੱਲ ਦਾ ਭੁਲੇਖਾ ਪਾਵੇ,
ਪਿਪਲੀ ਦੇ ਪੱਤ ਵਰਗੀ ਮੇਰੀ ਨਣਦ ਚੱਲੀ ਮੁਕਲਾਵੇ…
ਮੁਟਿਆਰਾਂ ਦੇ ਰੇਸ਼ਮੀ ਘੱਗਰੇ ਧੁੱਪ ਵਿਚ ਸ਼ੀਸ਼ੇ ਵਾਂਗ ਲਿਸ਼ਕਾਂ ਮਾਰਦੇ ਤਾਂ ਕਿਸੇ ਦਰਸ਼ਕ ਦੇ ਮੂੰਹੋਂ ਬੋਲ ਨਿਕਲ ਜਾਂਦੇ :
ਪੰਜਾਬ ਦੇਸ਼ ਦੀਆਂ ਕੁੜੀਆਂ ਦੇਖ ਲਓ,
ਅੱਲ੍ਹੜ ਤੇ ਮੁਟਿਆਰਾਂ,
ਘੱਗਰੇ ਇਨ੍ਹਾਂ ਦੇ ਲਹਿ ਲਹਿ ਕਰਦੇ,
ਲੱਪੇ ਤੇ ਲਿਸ਼ਕਾਰਾਂ,
ਕੁੜੀਓ ਨੱਚ ਲਉ ਨੀ, ਬਣੀਆਂ ਮੌਜ ਬਹਾਰਾਂ …
ਵਿਆਹ ਸ਼ਾਦੀਆਂ ਸਮੇਂ ਮਲਵਈ ਮੁਟਿਆਰਾਂ ਹਾਰ-ਸ਼ਿੰਗਾਰ ਲਾ ਕੇ, ਸੋਹਣੇ-ਸੋਹਣੇ ਰੰਗ-ਬਰੰਗੇ ਘੱਗਰੇ ਪਾਉਂਦੀਆਂ ਤਾਂ ਉਨ੍ਹਾਂ ਦੇ ਹੁਸਨ ਨੂੰ ਚਾਰ ਚੰਨ ਲੱਗ ਜਾਂਦੇ। ਕੋਈ ਕੁੜੀ ਉਨ੍ਹਾਂ ਦੇ ਸੋਹਣੇ ਘੱਗਰਿਆਂ ਤੋਂ ਪ੍ਰਭਾਵਿਤ ਹੋ ਕੇ ਚਾਹੁੰਦੀ ਕਿ ਉਸ ਦਾ ਵੀਰ ਵੀ ਅਜਿਹੇ ਸੁੰਦਰ ਘੱਗਰੇ ਪਹਿਨਣ ਵਾਲੀ ਕਿਸੇ ਮੁਟਿਆਰ ਨਾਲ ਵਿਆਹ ਕਰਵਾਏ :
ਵੀਰਾ ਵਿਆਹ ਲੈ ਜੰਗਲ ਦੀਆਂ ਜਾਈਆਂ,
ਖੱਟੇ ਮਿੱਠੇ ਪਾਉਣ ਘੱਗਰੇ …
ਘੱਗਰਾ ਬਣਾਉਣ ਲਈ ਆਮ ਤੌਰ ‘ਤੇ ਸੱਤ ਤੋਂ ਨੌਂ ਜਾਂ ਗਿਆਰਾਂ ਗਜ਼ ਕੱਪੜਾ ਲੱਗਦਾ ਸੀ ਪਰ ਕਈ ਹੁੰਦੜਹੇਲ ਤੱਕੜੇ ਜੁੱਸੇ ਵਾਲੀਆਂ ਮੁਟਿਆਰਾਂ ਵੀਹ-ਵੀਹ ਗਜ਼ ਦੇ ਘੱਗਰੇ ਵੀ ਪਹਿਨਦੀਆਂ ਸਨ :
ਗਿੱਧੇ ਦੇ ਵਿਚ ਪਾਉਣ ਬੋਲੀਆਂ,
ਇਕੋ ਜਿਹੀਆਂ ਮੁਟਿਆਰਾਂ,
ਵਾਰੋ-ਵਾਰੀ ਮਾਰਨ ਗੇੜੇ,
ਹੁਸਨ ਦੀਆਂ ਸਰਕਾਰਾਂ,
ਚਾਰੇ ਪਾਸੇ ਝੁੰਡ ਕੁੜੀਆਂ ਦੇ,
ਪਏ ਹੁੰਗਾਰੇ ਭਰਦੇ,
ਘੱਗਰੇ ਵੀਹ ਗਜ਼ ਦੇ, ਬਹਿਜਾ-ਬਹਿਜਾ ਕਰਦੇ …
ਪਰ ਕਈ ਵਾਰ ਸਰੂ ਵਰਗੀ ਲੰਮੀ ਮੁਟਿਆਰ ਦੇ ਪਾਇਆ ਹੋਇਆ ਵੀਹ ਗਜ਼ ਦਾ ਘੱਗਰਾ ਵੀ ਉਚਾ ਰਹਿ ਜਾਂਦਾ :
ਲੰਮੀ ਰੰਨ ਦਾ ਕੀ ਸਲਾਹੀਏ,
ਜਿਉਂ ਕੋਠੇ ਦੀ ਥੰਮੀ,
ਵੀਹਾਂ ਗਜ਼ਾਂ ਦਾ ਘੱਗਰਾ ਪਾਵੇ,
ਅਜੇ ਵੀ ਅੱਡੀ ਨੰਗੀ …
ਜੇ ਕੋਈ ਨਾਜ਼ੁਕ, ਸੋਹਲ ਮੁਟਿਆਰ ਵੀਹ ਗਜ਼ ਦਾ ਭਾਰਾ ਘੱਗਰਾ ਪਹਿਨ ਲੈਂਦੀ ਤਾਂ ਉਸ ਲਈ ਮੁਸੀਬਤ ਖੜ੍ਹੀ ਹੋ ਜਾਂਦੀ ਤੇ ਉਸ ਨੂੰ ਤੁਰਨਾ ਮੁਸ਼ਕਲ ਹੋ ਜਾਂਦਾ :
2ਲੱਕ ਪਤਲਾ ਹੁਲਾਰੇ ਖਾਵੇ, ਘੱਗਰੇ ਦਾ ਭਾਰ ਨਾ ਝੱਲੇ …
ਜਾਂ 2ਲੱਕ ਪਤਲਾ ਨਾੜ ਦਾ ਤੀਲਾ,
ਘੱਗਰੇ ਦਾ ਭਾਰ ਨਾ ਝੱਲੇ …
ਫਿਰ ਕਮਜ਼ੋਰ ਸਿਹਤ ਵਾਲੀਆਂ ਦੁਬਲੀਆਂ ਪਤਲੀਆਂ ਮੁਟਿਆਰਾਂ ਦੀ ਸਹੂਲਤ ਲਈ ਮਲਮਲ ਦੇ ਹੌਲੇ ਆਰਾਮਦਾਇਕ ਘੱਗਰੇ ਬਣਨ ਲੱਗੇ …
ਘੱਗਰਾ ਮਲਮਲ ਦਾ ਪਤਲੇ ਲੱਕਾਂ ਲਈ ਬਣਿਆ …
ਪੁਰਾਣੇ ਸਮਿਆਂ ਵਿਚ ਭਾਰੇ ਤੇ ਨੀਵੇਂ ਘੱਗਰੇ ਨੂੰ ਵੱਡੇ (ਅਮੀਰ) ਘਰ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਕਈ ਵਾਰ ਤਾਂ ਘੱਗਰਾ ਏਨਾ ਨੀਵਾਂ ਹੁੰਦਾ ਕਿ ਪੈਰੀਂ ਪਾਈ ਹੋਈ ਜੁੱਤੀ ਵੀ ਦਿਖਾਈ ਨਹੀਂ ਸੀ ਦਿੰਦੀ। ਵਹੁਟੀ ਦੇ ਨੀਵੇਂ ਘੱਗਰੇ ਨੂੰ ਉਸ ਦੇ ਸਹੁਰੇ ਪਰਿਵਾਰ ਦੀ ਵਡਿਆਈ ਤੇ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਨੀਵਾਂ ਘੱਗਰਾ ਪਹਿਨਣ ਵਾਲੀ ਕੋਈ ਮੁਟਿਆਰ ਬੜੇ ਮਾਣ ਨਾਲ ਕਹਿੰਦੀ :
ਘੱਗਰੇ ਦੀ ਲੌਣ ਮੇਰੇ ਪੈਰੀਂ ਪੈਂਦੀ ਏ।
ਸ਼ਰੀਕਾਂ ਦੀ ਬੋਲੀ ਮੇਰੀ ਜੁੱਤੀ ਸਹਿੰਦੀ ਏ।
ਅਜਿਹੇ ਨੀਵੇਂ ਘੱਗਰੇ ਵਾਲੀ ਕੋਈ ਮੁਟਿਆਰ ਜਦੋਂ ਠੁਮਕ-ਠੁਮਕ ਪੈਲਾਂ ਪਾ ਕੇ ਤੁਰਦੀ ਤਾਂ ਘੱਗਰਾ ਧਰਤੀ ‘ਤੇ ਘਸਰ ਕੇ ਮਿੱਟੀ ਉਡਾਉਂਦਾ ਜਾਂਦਾ :
ਨਵੀਂ ਬਹੂ ਮੁਕਲਾਵੇ ਆਈ, ਵੀਹ ਗਜ਼ ਦਾ ਘੱਗਰਾ ਪਾਵੇ,
ਲੋਕਾਂ ਨੂੰ ਮੌਜ ਲੱਗ ਗਈ, ਬੀਹੀ ਹੂੰਝਦਾ ਜਾਵੇ…
ਕੋਈ ਸ਼ੁਕੀਨ ਮਰਾਸਣ ਨੀਵਾਂ ਘੱਗਰਾ ਪਹਿਨ ਕੇ ਲੋਕਾਂ ਦੀ ਘੇਰੀਂ ਸੱਦਾ ਦੇਣ ਜਾਂਦੀ ਤਾਂ ਉਸ ਦਾ ਘੱਗਰਾ ਗਲੀਆਂ ਦੀ ਸਫਾਈ ਕਰਦਾ ਜਾਂਦਾ :
ਘੱਗਰਾ ਮਰਾਸਣ ਦਾ ਗਲੀਆਂ ਸੁੰਭਰਦਾ ਜਾਵੇ…
ਘੱਗਰਿਆਂ ਦੇ ਉਪਰਲੇ ਘੇਰ ‘ਤੇ ਪਲੇਟਾਂ ਪਾਈਆਂ ਜਾਂਦੀਆਂ ਸਨ :
ਮੇਰਾ ਘੱਗਰਾ ਪਲੇਟਾਂ ਵਾਲਾ, ਜੇਠ ਦੇਖੇ ਘੂਰ ਘੂਰ ਕੇ …
ਘੱਗਰੇ ਦੇ ਹੇਠਲੇ ਘੇਰ ਨੂੰ ਵਲਦਾਰ ਕਾਲੀ ਕਿਨਾਰੀ, ਸੁਨਹਿਰੀ ਤਾਰਾਂ ਤੋਂ ਬਣੀ ਜ਼ਰੀ ਜਾਂ ਗੋਟੇ ਨਾਲ ਸਜਾਇਆ ਜਾਂਦਾ ਸੀ, ਜਿਸ ਨੂੰ ਲੌਣ ਕਿਹਾ ਜਾਂਦਾ ਸੀ :
ਕੀਹਨੇ ਡੋਲ੍ਹਿਆ ਗਲੀ ਦੇ ਵਿਚ ਪਾਣੀ,
ਘੱਗਰੇ ਦੀ ਲੌਣ ਭਿੱਜਗੀ …
ਨਾਚ ਕਰਨ ਵਾਲੀਆਂ ਪੇਸ਼ਾਵਰ ਔਰਤਾਂ ਮੋਤੀਆਂ ਨਾਲ ਸ਼ਿੰਗਾਰੇ ਹੋਏ ਘੱਗਰੇ ਪਹਿਨਦੀਆਂ ਸਨ। ਘੱਗਰਿਆਂ ਦੇ ਹੇਠੋਂ ਦੀ ਸਿਮਟਵੀਆਂ ਸਲਵਾਰਾਂ ਜਾਂ ਰੇਬ ਪਜਾਮੇ ਹੁੰਦੇ ਸਨ। ਘੱਗਰਿਆਂ ਵਿਚ ਸਿਲਮੇ ਸਿਤਾਰਿਆਂ ਵਾਲੇ ਰੰਗ-ਬਿਰੰਗੇ ਕੂਲ-ਕੂਲੇ ਰੇਸ਼ਮੀ ਨਾਲੇ ਪਾਏ ਜਾਂਦੇ ਸਨ ਜਿਨ੍ਹਾਂ ਨੂੰ ਸ਼ੀਸ਼ਿਆਂ, ਘੁੰਗਰੂਆਂ ਤੇ ਲੋਗੜੀ ਦੇ ਫੁੱਲਾਂ ਨਾਲ ਸਜਾ ਕੇ ਉਨ੍ਹਾਂ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਜਾਂਦਾ ਸੀ :
ਸੱਤ ਰੰਗੀ ਪੀਂਘ ਵਰਗਾ,
ਉਹਨੇ ਘੱਗਰੇ ‘ਚ ਪਾਇਆ ਨਾਲਾ,
ਮਿਲਦੀ ਹਰ ਪੁੰਨਿਆ, ਲੈ ਕੇ ਡੋਰੀਆ ਕਾਲਾ …
ਪਹਿਲੇ ਸਮਿਆਂ ਵਿਚ ਮਾਪੇ ਧੀਆਂ ਨੂੰ ਦਾਜ ਵਿਚ ਪੰਜ ਘੱਗਰੇ ਵਾਲੇ ਤਿਉਰ (ਤੇਵਰ) ਜ਼ਰੂਰ ਦਿੰਦੇ ਸਨ। ਇਕ ਫੁਲਕਾਰੀ, ਇਕ ਦੁਪੱਟਾ ਮਲਮਲ ਦਾ, ਇਕ ਬਾਹਾਂ ਵਾਲੀ ਕੁੜਤੀ ਤੇ ਇਕ ਘੱਗਰੇ ਨੂੰ ਤਿਉਰ ਜਾਂਦਾ ਸੀ। ਕਿਸੇ ਖਾਸ ਖੁਸ਼ੀ ਦੇ ਮੌਕੇ ਰੇਸ਼ਮੀ ਤਿਉਰ ਵੀ ਦਿੱਤੇ ਜਾਂਦੇ ਸਨ।
ਕਿਸੇ ਮੁਟਿਆਰ ਨੂੰ ਆਂਢਣਾਂ-ਗੁਆਂਢਣਾਂ ਪੁੱਛਦੀਆਂ ਕਿ ਭਤੀਜੇ ਦੇ ਜਨਮ ਸਮੇਂ ਉਸ ਦੇ ਵੀਰ ਨੇ ਦਾਈਆਂ ਤੇ ਭਰਜਾਈਆਂ ਨੂੰ ਕੀ ਦਿੱਤਾ ਤਾਂ ਉਹ ਬੜੇ ਮਾਣ ਨਾਲ ਕਹਿੰਦੀ :
ਪੰਜ ਰੁਪਏ ਦਾਈਆਂ ਤੇ ਮਾਈਆਂ, ਸੁੱਚੇ ਤੇਵਰ ਭਰਜਾਈਆਂ …
ਸਹੁਰੀਂ ਜਾਣ ਸਮੇਂ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੇ ਰੰਗ ਰੂਪ ਤੇ ਹੁਸਨ ਦੇ ਪ੍ਰਭਾਵ ਨੂੰ ਵਧਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ :
ਹਰੀਆਂ ਕੁੜਤੀਆਂ ਕਿਰਮਚੀ ਘੱਗਰੇ,
ਕੁੜਤੀ ਨੂੰ ਬਾਡਰ ਲਾਈਏ
ਪਿੰਡ ਜਾਣਾ ਸਹੁਰਿਆਂ ਦੇ,
ਬਣ ਕੇ ਕਬੂਤਰੀ ਜਾਈਏ …
ਸਹੁਰੇ ਪਿੰਡ ਜਾਣ ਸਮੇਂ ਮੁਟਿਆਰਾਂ ਘੱਗਰੇ ਨੂੰ ਮੋਢੇ ‘ਤੇ ਸੁੱਟ ਲੈਂਦੀਆਂ ਤਾਂ ਪਿੰਡ ਦੇ ਨੇੜੇ ਜਾ ਕੇ ਪਾ ਲੈਂਦੀਆਂ। ਪਰ ਕਈ ਵਾਰ ਕਿਸੇ ਅਨਜਾਣ ਮੁਟਿਆਰ ਨੂੰ ਘੱਗਰਾ ਪਾਉਣ ਦੀ ਜਾਚ ਨਾ ਆਉਂਦੀ ਤੇ ਉਸ ਤੋਂ ਘੱਗਰੇ ਦੇ ਵਲ ਸੂਤ ਨਾ ਹੁੰਦੇ :
ਤੇਰਾ ਘੱਗਰਾ ਰਾਸ ਨਾ ਆਵੇ, ਸਹੁਰਿਆਂ ਦਾ ਪਿੰਡ ਆ ਗਿਆ।
ਉਨ੍ਹਾਂ ਸਮਿਆਂ ਵਿਚ ਪੈਦਲ ਤੁਰ ਕੇ ਹੀ ਸਫਰ ਕੀਤਾ ਜਾਂਦਾ ਸੀ। ਸਫਰ ਕਰਨ ਸਮੇਂ ਜੇ ਪਤਨੀ ਨੇ ਘੱਗਰਾ ਪਾਇਆ ਹੁੰਦਾ ਤਾਂ ਉਸ ਨੂੰ ਬੱਚਾ ਗੋਦੀ ਚੁੱਕ ਕੇ ਤੁਰਨਾ ਮੁਸ਼ਕਲ ਹੋ ਜਾਂਦਾ। ਹਾਲੋਂ ਬੇਹਾਲ ਹੋਈ ਪਤਨੀ ਨੂੰ ਦੇਖ ਕੇ ਪਤੀ ਨੂੰ ਕਹਿਣਾ ਹੀ ਪੈਂਦਾ :
ਤੈਨੂੰ ਘੱਗਰੇ ਦਾ ਭਾਰ ਬਥੇਰਾ,
ਮੁੰਡਾ ਤੇਰਾ ਮੈਂ ਚੱਕ ਲੂੰ…
ਕੋਈ ਮੁਟਿਆਰ ਬਣ ਠਣ ਕੇ ਆਪਣੇ ਦਿਉਰ ਨਾਲ ਮੇਲਾ ਦੇਖਣ ਜਾਂਦੀ ਤੇ ਰਾਹ ਵਿਚ ਉਸ ਨੂੰ ਘੱਗਰਾ ਫੜਾ ਦਿੰਦੀ :
ਪੱਤੋ ਦੇ ਕੋਲ ਖਾਈ ਸੁਣੀਂਦੀ,
ਖਾਈ ਦੇ ਕੋਲ ਦੀਨਾ,
ਉਰਲੇ ਪਾਸੇ ਛੱਪੜ ਸੁਣੀਂਦਾ,
ਪਰਲੇ ਪਾਸੇ ਢੀਮਾਂ,
ਘੱਗਰਾ ਭਾਬੋ ਦਾ ਚੱਕ ਲੈ,
ਦਿਉਰ ਸ਼ੁਕੀਨਾ …
ਵਿਆਹੁਲੇ ਗਿੱਧੇ ਵਿਚ ਨੱਚ ਰਹੀ ਕਿਸੇ ਸੋਹਣੀ ਸੁਨੱਖੀ ਮੇਲਣ ਦੀ ਸਿਫਤ ਕਰਦਾ ਹੋਇਆ ਕੋਈ ਦਰਸ਼ਕ ਗੱਭਰੂ ਕਹਿੰਦਾ :
ਤਾਵੇ…ਤਾਵੇ…ਤਾਵੇ
ਜ਼ੋਰ ਜੁਆਨੀ ਦਾ,
ਕੁੜੀ ਟਾਕੀਆਂ ਅੰਬਰ ਨੂੰ ਲਾਵੇ,
{ਰੇਸ਼ਮੀ ਗੁਲਾਬੀ ਘੱਗਰਾ,
ਲੱਕ ਪਤਲਾ ਹੁਲਾਰੇ ਖਾਵੇ,
ਬੋਚ ਬੋਚ ਪੱਬ ਧਰਦੀ,
ਉਹਦੀ ਸਿਫ਼ਤ ਕਰੀ ਨਾ ਜਾਵੇ,
ਨੱਚ ਲੈ ਸਿਆਮ ਕੁਰੇ, ਭੌਰ ਬੋਲੀਆਂ ਪਾਵੇ…
ਸਮਾਂ ਪਾ ਕੇ ਜਦੋਂ ਆਵਾਜਾਈ ਦੇ ਸਾਧਨ ਵਿਕਸਤ ਤੇ ਸੌਖੇ ਹੋ ਗਏ ਤਾਂ ਪੇਂਡੂ ਲੋਕਾਂ ਦਾ ਸ਼ਹਿਰਾਂ ਦੇ ਵਸਨੀਕਾਂ ਨਾਲ ਮੇਲ ਜੋਲ ਵਧ ਗਿਆ।
ਵਿੱਦਿਆ ਦੇ ਪਸਾਰ ਕਾਰਨ ਪੇਂਡੂ ਕੁੜੀਆਂ ਵਿੱਚ ਜਾਗ੍ਰਿਤੀ ਆਉਣੀ ਸ਼ੁਰੂ ਹੋ ਗਈ ਤੇ ਉਨ੍ਹਾਂ ਦੇ ਪਹਿਰਾਵੇ ‘ਤੇ ਸ਼ਹਿਰੀ ਮੁਟਿਆਰਾਂ ਦੇ ਪਹਿਰਾਵੇ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਉਹ ਤੰਗ ਮੂਹਰੀ ਦੀਆਂ ਸਲਵਾਰਾਂ, ਚੂੜੀਦਾਰ ਪਜਾਮੇ ਤੇ ਘੁੱਟਵੀਆਂ ਕਮੀਜ਼ਾਂ ਪਾਉਣ ਲੱਗੀਆਂ
ਇਨ੍ਹਾਂ ਪੜ੍ਹੀਆਂ-ਲਿਖੀਆਂ ਕੁੜੀਆਂ ਦੀ ਰੀਸੋ-ਰੀਸ ਅਨਪੜ੍ਹ ਪੇਂਡੂ ਮੁਟਿਆਰਾਂ ਨੇ ਵੀ ਆਪਣੇ ਰਵਾਇਤੀ ਪਹਿਰਾਵੇ ਘੱਗਰੇ, ਕੁੜਤੀ ਨੂੰ ਤਿਆਗ ਕੇ ਸ਼ਹਿਰੀ ਪਹਿਰਾਵੇ ਨੂੰ ਅਪਣਾ ਲਿਆ। ਪ੍ਰੀਤਮ ਸਿੰਘ ਆਪਣੀ ਪੱਤਲ ਵਿਚ ਇਸ ਬਾਰੇ ਲਿਖਦਾ ਹੈ :
ਕਹੇ ਪ੍ਰੀਤਮ ਸਿੰਘ ਬੰਨ੍ਹੀ ਗੁੱਟੇ ‘ਤੇ ਘੜੀ,
ਸਲਵਾਰ ਮੂਹਰੀ ਘੁੱਟਵੀਂ, ਕਮੀਜ਼ ਤੰਗ ਪਾਉੋਂਦੀਆਂ
ਫਿਰ ਪੜ੍ਹੀਆਂ ਲਿਖੀਆਂ ਔਰਤਾਂ ਸਾੜੀਆਂ ਪਹਿਨਣ ਲੱਗੀਆਂ :
ਮੈਨੂੰ ਲੈ ਕੇ ਰੇਸ਼ਮੀ ਸਾੜ੍ਹੀ, ਘੱਗਰੇ ਦਾ ਯੁੱਗ ਬੀਤਿਆ …
ਹੌਲੀ-ਹੌਲੀ ਪੇਂਡੂ ਔਰਤਾਂ ਦੇ ਪਹਿਰਾਵੇ ਵਿਚੋਂ ਘੱਗਰਾ ਬਿਲਕੁਲ ਅਲੋਪ ਹੋ ਗਿਆ।
ਹੁਣ ਕਦੇ ਕਦਾਈਂ ਹੀ ਸਟੇਜਾਂ ਉਪਰ ਗਿੱਧਾ ਪਾਉਂਦੀਆਂ ਹੋਈਆਂ ਕੁੜੀਆਂ ਦੇ ਪਾਏ ਘੱਗਰਿਆਂ ਦੀ ਝਲਕ ਦੇਖਣ ਨੂੰ ਮਿਲਦੀ ਹੈ।
ੲੲੲ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …