17 ’ਚੋਂ 12 ਸਾਬਕਾ ਅਕਾਲੀ ਮੰਤਰੀਆਂ ਨੇ ਦੇ ਦਿੱਤੇ ਹਨ ਸਪੱਸ਼ਟੀਕਰਨ
ਅੰਮਿ੍ਰਤਸਰ/ਬਿਊਰੋ ਨਿਊਜ਼
ਲੰਘੀ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਸੀ। ਇਸ ਇਕੱਤਰਤਾ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਉੱਥੇ ਹੀ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ 17 ਸਾਬਕਾ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਸ ਆਦੇਸ਼ ਨੂੰ ਸਵੀਕਾਰ ਕਰਦਿਆਂ ਪਿਛਲੇ ਦਿਨੀਂ ਅਕਾਲੀ ਦਲ ਦੇ 10 ਸਾਬਕਾ ਮੰਤਰੀਆਂ ਨੇ ਆਪੋ-ਆਪਣੇ ਸਪਸ਼ਟੀਕਰਨ ਦੇ ਦਿੱਤੇ ਸਨ। ਅੱਜ ਮੰਗਲਵਾਰ ਨੂੰ ਸਰਵਣ ਸਿੰਘ ਫਿਲੌਰ ਤੇ ਸਿਕੰਦਰ ਸਿੰਘ ਮਲੂਕਾ ਨੇ ਵੀ ਆਪਣੇ ਸਪੱਸ਼ਟਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪ ਦਿੱਤੇ ਹਨ। ਇਸ ਤੋਂ ਪਹਿਲਾਂ ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾਹ, ਮਨਪ੍ਰੀਤ ਸਿੰਘ ਬਾਦਲ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਅਤੇ ਸੋਹਣ ਸਿੰਘ ਠੰਡਲ ਨੇ ਵੀ ਆਪਣਾ-ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪ ਦਿੱਤਾ ਸੀ। ਅਜੇ ਤੱਕ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਹੀਰਾ ਸਿੰਘ ਗਾਬੜੀਆ ਅਤੇ ਸੁਰਜੀਤ ਸਿੰਘ ਰੱਖੜਾ ਦੇ ਸਪੱਸ਼ਟੀਕਰਨਾਂ ਦੀ ਉਡੀਕ ਕੀਤੀ ਜਾ ਰਹੀ ਹੈ।