Home / ਸੰਪਾਦਕੀ / ਅਕਾਲੀ ਦਲ ਬਾਦਲ ਦੇ ਪਤਨ ਦਾ ਕਾਰਨ ਬਣੇ ਪੰਜ ਪਹਿਲੂ

ਅਕਾਲੀ ਦਲ ਬਾਦਲ ਦੇ ਪਤਨ ਦਾ ਕਾਰਨ ਬਣੇ ਪੰਜ ਪਹਿਲੂ

ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਆਗੂ ਤੇ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਮਰਥਨ ‘ਚ ਇਕੱਠੇ ਕੀਤੇ ਅਕਾਲੀ ਵਰਕਰਾਂ ਦੀ ਇਕੱਤਰਤਾ ‘ਚ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨਗੀ ਤੋਂ ਲਾਹੁਣ ਦਾ ਦਾਅਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਨਵੇਂ ਹੱਥਾਂ ‘ਚ ਚਲਾਉਣ ਦਾ ਐਲਾਨ ਵੀ ਕਰ ਦਿੱਤਾ। ਬੇਸ਼ੱਕ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਬਣਾਉਣ ਦਾ ਐਲਾਨ ਕੀਤਾ ਪਰ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਹੁਣ ਪਾਰਟੀ ਆਪਣੇ ਰਵਾਇਤੀ ਹੈੱਡਕੁਆਰਟਰ ਅੰਮ੍ਰਿਤਸਰ ਤੋਂ ਚਲਾਈ ਜਾਵੇਗੀ ਅਤੇ ਪਾਰਟੀ ਦਾ ਦਫ਼ਤਰ ਵੀ ਸੁਖਬੀਰ ਸਿੰਘ ਬਾਦਲ ਤੋਂ ਖੋਹਿਆ ਜਾਵੇਗਾ। ਅਜਿਹੀ ਹਾਲਤ ‘ਚ ਸ਼੍ਰੋਮਣੀ ਅਕਾਲੀ ਦਲ ‘ਤੇ ਇਕ ਨਵੀਂ ਕਿਸਮ ਦੀ ਬਿਪਤਾ ਆ ਖੜ੍ਹੀ ਹੋਈ ਹੈ। ਇਸ ਬਿਪਤਾ ਵਿਚੋਂ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਬਚਾਅ ਕੇ ਕਿਵੇਂ ਨਿਕਲਦੇ ਹਨ ਜਾਂ ਫਿਰ ਪਾਰਟੀ ਅਤੇ ਕੇਡਰ ਦੀ ਅਗਵਾਈ ਅਤੇ ਭਰੋਸਾ ਹਾਸਲ ਕਰਨ ‘ਚ ਸੁਖਦੇਵ ਸਿੰਘ ਢੀਂਡਸਾ ਕਿੱਥੋਂ ਤੱਕ ਸਫਲ ਹੁੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਪਾਰਟੀ ਦੇ ਪਤਨ ਲਈ ਪੰਜ ਵੱਡੇ ਦੋਸ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਕਰਕੇ ਸਿੱਖਾਂ ਦੀ ਇਕ ਸਦੀ ਪੁਰਾਣੀ ਰਵਾਇਤੀ ਪਾਰਟੀ ਪਤਨ ਵੱਲ ਜਾਂਦੀ ਦਿਖਾਈ ਦੇ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ 2007 ਤੋਂ ਲੈ ਕੇ 2017 ਤੱਕ ਲਗਾਤਾਰ ਦਸ ਸਾਲ ਪੰਜਾਬ ‘ਤੇ ਰਾਜ ਕੀਤਾ ਹੈ। ਬੇਸ਼ੱਕ ਅਕਾਲੀ ਦਲ ਦੀ ਇਸ ਲਗਾਤਾਰ ਸੱਤਾ ਪਾਰੀ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਸੜਕਾਂ, ਪੁਲਾਂ, ਬਿਜਲੀ ਉਤਪਾਦਨ ਵਰਗੇ ਖੇਤਰਾਂ ਵਿਚ ਵੱਡੇ ਪੱਧਰ ‘ਤੇ ਵਿਸਥਾਰ ਹੋਇਆ ਪਰ ਇਸ ਦੇ ਨਾਲ ਲਗਾਤਾਰ ਦਸ ਸਾਲ ਇਕੋ ਪਾਰਟੀ ਦੀ ਸੱਤਾ ਹੋਣ ਕਾਰਨ ਰੇਤਾ, ਬੱਜਰੀ, ਟਰਾਂਸਪੋਰਟ, ਟੀ.ਵੀ. ਕੇਬਲ ਅਤੇ ਹੋਰ ਵਪਾਰਕ ਖੇਤਰਾਂ ਵਿਚ ਸੱਤਾਧਾਰੀ ਪਾਰਟੀ ਦੇ ਮਾਫ਼ੀਆ ਅਤੇ ਅਮਨ-ਕਾਨੂੰਨ ਦੀ ਮਾੜੀ ਸਥਿਤੀ ਨੇ ਪੰਜਾਬ ਦੇ ਆਮ ਜਨ-ਜੀਵਨ ਦਾ ਜੀਣਾ ਬਦਤਰ ਕਰ ਛੱਡਿਆ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਸੰਸਥਾਵਾਂ ‘ਤੇ ਵੀ ਏਕਾਧਿਕਾਰ ਹੋਣ ਕਾਰਨ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਸੰਸਥਾਵਾਂ ‘ਤੇ ਵੀ ਸਿਆਸੀ ਦਬਾਅ ਭਾਰੂ ਹੋਣ ਕਾਰਨ ਸਿਰਮੌਰ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲੱਗੀ। ਇਹੀ ਸਭ ਕਾਰਨ ਸਨ ਕਿ 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।
ਸਿਆਸੀ ਵਿਰੋਧੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਹੀ ਅਕਾਲੀ ਦਲ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਕਰਦੇ ਆਏ ਹਨ। ਵਿਰੋਧੀ ਪਾਰਟੀਆਂ ਵਲੋਂ ਅਕਾਲੀ ਸਰਕਾਰ ਵੇਲੇ ਕੁਸ਼ਾਸਨ, ਧਰਮ ‘ਤੇ ਰਾਜਨੀਤੀ ਭਾਰੂ ਹੋਣ ਸਮੇਤ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਪਾਰਟੀ ਨੂੰ ਪ੍ਰਕਾਸ਼ ਸਿੰਘ ਬਾਦਲ ਵਲੋਂ ਇਕ ਪਰਿਵਾਰਕ ਪਾਰਟੀ ਬਣਾਉਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਅਕਾਲੀ ਦਲ ਦੇ ਸੱਤਾਹੀਣ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਤੇ ਪਾਰਟੀ ਅੰਦਰੋਂ ਹੀ ਸਵਾਲ ਉਠਣੇ ਸ਼ੁਰੂ ਹੋ ਗਏ ਅਤੇ ਪਿਛਲੇ ਦਿਨਾਂ ਤੋਂ ਤਾਂ ਪਾਰਟੀ ਅੰਦਰ ਬਗ਼ਾਵਤ ਵਰਗੇ ਹਾਲਾਤ ਪੈਦਾ ਹੋ ਗਏ ਹਨ। ਦੋ ਸਾਲ ਪਹਿਲਾਂ ਮਾਝੇ ਦੇ ਤਿੰਨ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਨੇ ਪਾਰਟੀ ਦੀ ਅਗਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਕਟ ‘ਚ ਘਿਰ ਗਿਆ ਸੀ। ਬੇਸ਼ੱਕ 2015 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ, ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਅਕਾਲੀ ਸਰਕਾਰ ਦੌਰਾਨ ਸੈਂਕੜੇ ਤੋਂ ਵੱਧ ਵਾਰ ਪੰਜਾਬ ‘ਚ ਹੋਈਆਂ ਬੇਅਦਬੀ ਘਟਨਾਵਾਂ ਅਤੇ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਨ ਪੰਥਕ ਧਿਰਾਂ ਦੇ ਨਿਸ਼ਾਨੇ ‘ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸੀ ਪਰ ਹੁਣ ਅਕਾਲੀ ਦਲ ਦੇ ਟਕਸਾਲੀ ਆਗੂ ਹੀ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦੇਣ ਅਤੇ ਬੇਅਦਬੀ ਘਟਨਾਵਾਂ ਅਤੇ ਬਰਗਾੜੀ ਗੋਲੀ ਕਾਂਡ ਲਈ ਅਕਾਲੀ ਦਲ ਦੀ ਅਗਵਾਈ ਨੂੰ ਸਵਾਲ ਕਰਨ ਲੱਗੇ ਹਨ। ਸਵਾਲਾਂ ਦਾ ਸਵਾਲ ਇਹ ਹੈ ਕਿ ਅਕਾਲੀ ਦਲ ਦੀ 10 ਸਾਲ ਸੱਤਾ ਪਾਰੀ ਦੌਰਾਨ ਅਜਿਹਾ ਕੀ ਕੁਝ ਹੋਇਆ ਹੈ, ਜਿਸ ਨੇ ਟਕਸਾਲੀ ਅਕਾਲੀ ਆਗੂਆਂ ਨੂੰ ਹੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਬਗ਼ਾਵਤ ਕਰਨ ਲਈ ਮਜਬੂਰ ਕਰ ਦਿੱਤਾ।
ਪਹਿਲਾ ਇਹ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਪਾਰਟੀ ਦੇ ਸਾਰੇ ਟਕਸਾਲੀ ਅਕਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਜਦੋਂ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਤਾਂ ਉਸ ਵੇਲੇ ਹੀ ਪਾਰਟੀ ਅੰਦਰ ਪਰਿਵਾਰਵਾਦ ਟਕਸਾਲੀ ਆਗੂਆਂ ਉੱਤੇ ਭਾਰੂ ਹੋ ਗਿਆ ਸੀ।
ਦੂਜਾ, ਅਕਾਲੀ ਦਲ ਦੇ 10 ਸਾਲਾ ਰਾਜ ਦੌਰਾਨ ਪੰਜਾਬ ਵਜ਼ਾਰਤ ‘ਚ ਸਭ ਤੋਂ ਵੱਧ ਮੰਤਰੀ ਅਤੇ ਸਭ ਤੋਂ ਵੱਧ ਮਹਿਕਮੇ ਬਾਦਲ ਪਰਿਵਾਰ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਹੀ ਸਨ। ਸਾਲ 2012 ‘ਚ ਜਦੋਂ ਦੂਜੀ ਵਾਰ ਅਕਾਲੀ ਸਰਕਾਰ ਬਣੀ ਤਾਂ ਮੰਤਰੀ ਮੰਡਲ ਵਿਚ ਚਾਰ ਮੰਤਰੀ ਸਿਰਫ਼ ਬਾਦਲ ਪਰਿਵਾਰ ਦੇ ਹੀ ਸਨ।
ਤੀਜਾ, 2014 ‘ਚ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਸੰਸਦ ਮੈਂਬਰਾਂ ਵਿਚੋਂ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਬਾਦਲ ਪਰਿਵਾਰ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਦੀ ਵਜ਼ਾਰਤ ਦਿਵਾਈ ਗਈ। ਕੇਂਦਰੀ ਵਜ਼ਾਰਤ ‘ਚ ਹਰਸਿਮਰਤ ਕੌਰ ਬਾਦਲ ਦੀ ਥਾਂ ਬਣਾਈ ਰੱਖਣ ਲਈ ਪੰਜਾਬ ਅਤੇ ਸਿੱਖਾਂ ਦੇ ਉਹ ਸਾਰੇ ਰਵਾਇਤੀ ਮੁੱਦਿਆਂ ਦਾ ਭੋਗ ਪਾ ਦਿੱਤਾ ਗਿਆ, ਜਿਨ੍ਹਾਂ ਨੂੰ ਲੈ ਕੇ ਕਿਸੇ ਵੇਲੇ ਅਕਾਲੀ ਦਲ ਕੇਂਦਰ ਦੀਆਂ ਸਰਕਾਰਾਂ ਦੇ ਵਿਰੁੱਧ ਮੋਰਚੇ ਲਾਉਂਦਾ ਰਿਹਾ ਹੈ।
ਚੌਥਾ, ਸ਼੍ਰੋਮਣੀ ਅਕਾਲੀ ਦਲ ਵਿਚ ਅਤੇ ਸਰਕਾਰ ਵਿਚ ਸੱਤਾ ਦਾ ਸਾਰਾ ਏਕਾਧਿਕਾਰ ਬਾਦਲ ਪਰਿਵਾਰ ਕੋਲ ਹੋਣ ਕਾਰਨ ਇਸ ਦਾ ਸਿਆਸੀ ਖੇਤਰ ਤੋਂ ਇਲਾਵਾ ਧਾਰਮਿਕ ਖੇਤਰ ‘ਚ ਵੀ ਪ੍ਰਭਾਵ ਪਿਆ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੂਰੀ ਤਰ੍ਹਾਂ ਬਾਦਲ ਪਰਿਵਾਰ ਦਾ ਹੀ ਏਕਾਧਿਕਾਰ ਰਿਹਾ। ਇਸੇ ਕਾਰਨ ਸਤੰਬਰ 2015 ‘ਚ ਸਿਆਸੀ ਫ਼ਾਇਦੇ ਲਈ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾ ਦਿੱਤੀ ਗਈ, ਭਾਵੇਂਕਿ ਪੰਥ ਦੀ ਭਾਰੀ ਵਿਰੋਧਤਾ ਕਾਰਨ ਇਸ ਮਾਫ਼ੀ ਦੇ ਫ਼ੈਸਲੇ ਨੂੰ ਜਥੇਦਾਰਾਂ ਵਲੋਂ ਵਾਪਸ ਲੈਣਾ ਪਿਆ।
ਪੰਜਵਾਂ, ਜੂਨ 2015 ‘ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਚੋਰੀ ਹੋਣ ਅਤੇ ਅਕਤੂਬਰ 2015 ਵਿਚ ਇਸੇ ਸਰੂਪ ਦੇ ਪਿੰਡ ਬਰਗਾੜੀ ਵਿਚ ਪਾਵਨ ਅੰਗ ਪਾੜ ਕੇ ਸੁੱਟਣ ਦੀ ਘਟਨਾ ਵਾਪਰਨ ਅਤੇ ਇਸ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ‘ਚ ਨਾਕਾਮ ਰਹੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਵਲੋਂ ਗੋਲੀ ਚਲਾਉਣ ਅਤੇ ਦੋ ਨੌਜਵਾਨਾਂ ਨੂੰ ਕਤਲ ਕਰਨ ਦੀ ਘਟਨਾ ਨੇ ਅਕਾਲੀ ਦਲ ਦੀ ਸਰਕਾਰ ਖ਼ਿਲਾਫ਼ ਲੋਕਾਂ ਦਾ ਰੋਹ ਪ੍ਰਚੰਡ ਕਰ ਦਿੱਤਾ ਸੀ।

Check Also

ਪੰਜਾਬ ‘ਚ ਵੱਧ ਰਿਹਾ ਕਰੋਨਾ ਵਾਇਰਸ

ਪੰਜਾਬ ਵਿਚ ਕੋਰੋਨਾ ਦਾ ਲਗਾਤਾਰ ਵਧਣਾ ਵੱਡੀ ਫ਼ਿਕਰਮੰਦੀ ਵਾਲੀ ਗੱਲ ਹੈ। ਹੁਣ ਤੱਕ ਸੂਬੇ ਵਿਚ …