Breaking News
Home / ਦੁਨੀਆ / ਅਮਰੀਕਾ ਤੇ ਤਾਲਿਬਾਨ ‘ਚ ਸਮਝੌਤਾ

ਅਮਰੀਕਾ ਤੇ ਤਾਲਿਬਾਨ ‘ਚ ਸਮਝੌਤਾ

14 ਮਹੀਨਿਆਂ ‘ਚ ਫ਼ੌਜ ਵਾਪਸ ਸੱਦੇਗਾ ਅਮਰੀਕਾ
ਦੋਹਾ/ਬਿਊਰੋ ਨਿਊਜ਼
ਅਫ਼ਗਾਨਿਸਤਾਨ ਵਿਚ ਸ਼ਾਂਤੀ ਲਈ ਦੋਹਾ ਵਿਖੇ ਅਮਰੀਕਾ ਤੇ ਤਾਲਿਬਾਨ ਵਿਚਾਲੇ ਇਤਿਹਾਸਕ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਜਿਸ ਨਾਲ ਅਫ਼ਗਾਨਿਸਤਾਨ ‘ਚੋਂ 14 ਮਹੀਨਿਆਂ ਦੇ ਅੰਦਰ ਗੱਠਜੋੜ ਫ਼ੌਜਾਂ ਬਾਹਰ ਕੱਢਣ ਦਾ ਰਾਹ ਪੱਧਰਾ ਹੋ ਗਿਆ। ਇਸ ਸਮਝੌਤੇ ਨਾਲ ਤਾਲਿਬਾਨ ਅਤੇ ਕਾਬੁਲ ਸਰਕਾਰ ਵਿਚਾਲੇ ਗੱਲਬਾਤ ਹੋਣ ਦੀ ਉਮੀਦ ਹੈ, ਜਿਸ ਦੇ ਸਫ਼ਲ ਹੋਣ ‘ਤੇ 18 ਸਾਲ ਤੋਂ ਚੱਲ ਰਹੇ ਸੰਘਰਸ਼ ਦਾ ਅੰਤ ਹੋ ਜਾਵੇਗਾ। ਅਮਰੀਕਾ ਨਾਲ ਸਮਝੌਤੇ ‘ਤੇ ਦਸਤਖ਼ਤ ਕਰਨ ਲਈ 31 ਮੈਂਬਰੀ ਤਾਲਿਬਾਨ ਪ੍ਰਤੀਨਿਧੀ ਮੰਡਲ ਕਤਰ ਪਹੁੰਚਿਆ ਸੀ। ਤਾਲਿਬਾਨ ਦੇ ਲੜਾਕੇ ਤੇ ਸਮਝੌਤਾ ਕਰਨ ਵਾਲੇ ਮੁੱਲ੍ਹਾ ਬਰਦਾਰ ਨੇ ਵਾਸ਼ਿੰਗਟਨ ਦੇ ਮੁੱਖ ਵਾਰਤਾਕਾਰ ਜ਼ਲਮਾਏ ਖ਼ਲੀਜ਼ਾਦ ਨਾਲ ਦੋਹਾ ਦੇ ਇਕ ਲਗ਼ਜ਼ਰੀ ਹੋਟਲ ਵਿਚ ਇਕ ਕਾਨਫ਼ਰੰਸ ਰੂਮ ‘ਚ ਸਮਝੌਤੇ ‘ਤੇ ਦਸਤਖ਼ਤ ਕੀਤੇ। ਸਮਝੌਤੇ ਦੌਰਾਨ ਜਦੋਂ ਇਨ੍ਹਾਂ ਦੋਹਾਂ ਨੇ ਹੱਥ ਮਿਲਾਏ ਤਾਂ ਸਾਰਾ ਹਾਲ ‘ਅੱਲ੍ਹਾ ਹੂ ਅਕਬਰ’ ਨਾਲ ਗੂੰਜ ਉੱਠਿਆ। ਇਸ ਮੌਕੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੱਟੜਪੰਥੀਆਂ ਨੂੰ ਅਪੀਲ ਕੀਤੀ ਉਹ ਅਲ-ਕਾਇਦਾ ਨਾਲੋਂ ਸਬੰਧ ਤੋੜਨ ਦੇ ਆਪਣੇ ਵਾਅਦੇ ਨੂੰ ਨਿਭਾਉਣ। ਇਸ ਸਮਝੌਤੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗਾਨ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਨਵੇਂ ਭਵਿੱਖ ਦੇ ਮੌਕੇ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਜੇਕਰ ਤਾਲਿਬਾਨ ਤੇ ਅਫ਼ਗਾਨ ਸਰਕਾਰ ਆਪਣੇ ਵਾਅਦਿਆਂ ‘ਤੇ ਕਾਇਮ ਰਹਿੰਦੇ ਹਨ ਤਾਂ ਅਫ਼ਗਾਨਿਸਤਾਨ ‘ਚੋਂ ਯੁੱਧ ਦੇ ਖ਼ਾਤਮੇ ਦਾ ਰਾਹ ਪੱਧਰਾ ਹੋਵੇਗਾ ਅਤੇ ਸਾਡੀ ਫ਼ੌਜ ਵਾਪਸ ਪਰਤੇਗੀ। ਪਰ ਅਫ਼ਗਾਨ ਸਰਕਾਰ ਜਿਸ ਨੂੰ ਅਮਰੀਕੀ-ਤਾਲਿਬਾਨ ਗੱਲਬਾਤ ‘ਚੋਂ ਬਾਹਰ ਰੱਖਿਆ ਗਿਆ ਹੈ, ਦੀ ਸਥਿਤੀ ਅਸਪੱਸ਼ਟ ਬਣੀ ਹੋਈ ਹੈ ਅਤੇ ਚੋਣ ਨਤੀਜਿਆਂ ਵਿਚਾਲੇ ਦੇਸ਼ ਨਵੇਂ ਰਾਜਨੀਤਕ ਸੰਕਟ ਦੀ ਲਪੇਟ ‘ਚ ਹੈ।
ਤਾਲਿਬਾਨ ਜੇਕਰ ਦੋਹਾ ਸਮਝੌਤੇ ਦੀ ਪਾਲਣਾ ਕਰਦਾ ਹੈ ਤਾਂ ਅਮਰੀਕਾ ਤੇ ਉਸ ਦੇ ਸਹਿਯੋਗੀ 14 ਮਹੀਨਿਆਂ ਦੇ ਅੰਦਰ ਅਫ਼ਗਾਨਿਸਤਾਨ ਤੋਂ ਆਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਬੁਲਾ ਲੈਣਗੇ। ਅਮਰੀਕਾ ਤੇ ਅਫ਼ਗਾਨਿਸਤਾਨ ਦੇ ਸਾਂਝੇ ਐਲਾਨਨਾਮੇ ‘ਚ ਕਿਹਾ ਗਿਆ ਹੈ ਕਿ ਸਮਝੌਤੇ ‘ਤੇ ਦਸਤਖ਼ਤ ਹੋਣ ਦੇ 135 ਦਿਨ ਦੇ ਅੰਦਰ ਸ਼ੁਰੂਆਤੀ ਤੌਰ ‘ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਆਪਣੇ 8600 ਫ਼ੌਜੀਆਂ ਨੂੰ ਵਾਪਸ ਬੁਲਾ ਲੈਣਗੇ ਤੇ ਅਗਲੇ 14 ਮਹੀਨਿਆਂ ‘ਚ ਸਾਰੇ ਫ਼ੌਜੀ ਵਾਪਸ ਪਰਤ ਜਾਣਗੇ। ਇਸ ਮੌਕੇ ਤਾਲਿਬਾਨ ਦੇ ਬੁਲਾਰੇ ਜ਼ਬੀਉਲਾਹ ਮੁਜਾਹਿਦ ਨੇ ਦੱਸਿਆ ਕਿ ਸਮਝੌਤੇ ‘ਤੇ ਦਸਤਖ਼ਤ ਹੋਣ ਤੋਂ ਬਾਅਦ ਅਸੀਂ ਦੇਸ਼ ‘ਚ ਸਾਡੇ ਸਾਰੇ ਫ਼ੌਜੀ ਆਪ੍ਰੇਸ਼ਨ ਰੋਕ ਦਿੱਤੇ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …