Breaking News
Home / ਦੁਨੀਆ / ਦਿੱਲੀ ‘ਚ ਕੋਰੋਨਾਵਾਇਰਸ ਕਾਰਨ ਦੋ ਸਕੂਲ ਬੰਦ

ਦਿੱਲੀ ‘ਚ ਕੋਰੋਨਾਵਾਇਰਸ ਕਾਰਨ ਦੋ ਸਕੂਲ ਬੰਦ

ਨੋਇਡਾ : ਕਰੋਨਾਵਾਇਰਸ ਦੇ ਡਰੋਂ ਦੋ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਮੰਗਲਵਾਰ ਨੂੰ ਅਗਲੇ ਕੁਝ ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਹਨ। ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਕ ਵਿਦਿਆਰਥੀ ਦੇ ਪਿਤਾ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਸੁਰੱਖਿਆ ਪੱਖੋਂ ਸਕੂਲ ਕੁਝ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਦੋਵਾਂ ਸਕੂਲਾਂ ਦੇ ਪ੍ਰਬੰਧਕਾਂ ਨੇ ਸਕੂਲ ਬੰਦ ਰੱਖਣ ਸਬੰਧੀ ਸੁਨੇਹਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਭੇਜ ਦਿੱਤਾ ਹੈ। ਚੇਤੇ ਰਹੇ ਕੇਂਦਰੀ ਸਿਹਤ ਮੰਤਰਾਲੇ ਨੇ ਪਹਿਲਾਂ ਕਰੋਨਾਵਾਇਰਸ ਦੇ ਦੋ ਤਾਜ਼ਾ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚੋਂ ਇਕ ਦਿੱਲੀ ਨਾਲ ਸਬੰਧਤ ਹੈ। ਇਹ ਵਿਅਕਤੀ ਕੁਝ ਕੁ ਦਿਨ ਪਹਿਲਾਂ ਹੀ ਇਟਲੀ ਤੋਂ ਪਰਤਿਆ ਹੈ। ਪਿਛਲੇ ਹਫ਼ਤੇ ਇਸ ਨੇ ਆਪਣੇ ਬੱਚੇ ਦੇ ਜਨਮਦਿਨ ‘ਤੇ ਪਾਰਟੀ ਦਿੱਤੀ ਸੀ ਜਿਸ ਵਿੱਚ ਸਕੂਲ ਦੇ ਕੁਝ ਬੱਚੇ ਵੀ ਸ਼ਾਮਲ ਹੋਏ ਸਨ। ਦੂਜਾ ਸਕੂਲ 9 ਮਾਰਚ ਤੱਕ ਬੰਦ ਰਹੇਗਾ। ਅਧਿਕਾਰੀਆਂ ਦੱਸਿਆ ਕਿ ਨੋਇਡਾ ਦੇ ਮੁੱਖ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸਕੂਲ ਦਾ ਦੌਰਾ ਕੀਤਾ ਸੀ। ਇਸੇ ਦੌਰਾਨ ਕਰੋਨਾਵਾਇਰਸ ਪੀੜਤ ਦਿੱਲੀ ਵਾਸੀ ਦੇ ਪਰਿਵਾਰਕ ਜੀਆਂ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਜਾਂਚ ਲਈ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਘਰਾਂ ਵਿੱਚ ਹੀ ਰਹਿਣ ਲਈ ਆਖਿਆ ਗਿਆ ਹੈ। ਨੋਇਡਾ ਦੇ ਐੱਸਐੱਮਓ ਅਨੁਰਾਗ ਭਾਰਗਵ ਨੇ ਦੱਸਿਆ ਕਿ ਮਯੂਰ ਵਿਹਾਰ ਦੇ ਕਰੋਨਾਵਾਇਰਸ ਪੀੜਤ ਵਿਅਕਤੀ ਨੇ ਪਿਛਲੇ ਹਫ਼ਤੇ ਜਨਮਦਿਨ ਪਾਰਟੀ ਦਿੱਤੀ ਸੀ ਜਿਸ ਵਿੱਚ ਕਈ ਲੋਕ ਸ਼ਾਮਲ ਹੋਏ ਸਨ। ਸੀਨੀਅਰ ਡਾਕਟਰ ਨੇ ਲੋਕਾਂ ਨੂੰ ਇਸ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਰੋਨਾਵਾਇਰਸ ਦੇ ਡਰੋਂ ਇਟਲੀ, ਇਰਾਨ, ਦੱਖਣੀ ਕੋਰੀਆ, ਜਪਾਨ ਤੋਂ ਭਾਰਤ ਵਿੱਚ ਆਉਣ ਵਾਲਿਆਂ ਦੇ ਸਾਰੇ ਰੈਗੂਲਰ ਵੀਜ਼ਾ ਤੇ ਈ-ਵੀਜ਼ਾ ਮੁਲਤਵੀ ਕਰ ਦਿੱਤੇ ਹਨ।
ਭਾਰਤ ਨੇ 26 ਦਵਾਈਆਂ ਦੀ ਬਰਾਮਦ ‘ਤੇ ਰੋਕ ਲਾਈ
ਨਵੀਂ ਦਿੱਲੀ : ਭਾਰਤ ਨੇ ਪੈਰਾਸਿਟਾਮੋਲ ਸਣੇ 26 ਦਵਾਈਆਂ ਦੀ ਬਰਾਮਦ ‘ਤੇ ਰੋਕ ਲਾ ਦਿੱਤੀ ਹੈ। ਗ਼ੌਰਤਲਬ ਹੈ ਕਿ ਵਿਸ਼ਵ ਵਿੱਚ ਵੱਡੇ ਪੱਧਰ ‘ਤੇ ਭਾਰਤ ਜੈਨਰਿਕ ਦਵਾਈਆਂ ਬਣਾਉਂਦਾ ਹੈ। ਦਵਾਈਆਂ ਦੀ ਬਰਾਮਦ ‘ਤੇ ਰੋਕ ਲਾਉਣ ਦਾ ਫ਼ੈਸਲਾ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤਾ ਗਿਆ ਹੈ ਤਾਂ ਜੋ ਦਵਾਈਆਂ ਦੀ ਕਮੀ ਨਾ ਆ ਜਾਵੇ। ਇਸ ਸਬੰਧੀ ਨੋਟੀਫਿਕੇਸ਼ਨ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਕੀਤਾ ਗਿਆ ਹੈ।
ਹੈਂਡਸ਼ੇਕ ਦੀ ਬਜਾਏ ਹੁਣ ਫੁੱਟਸ਼ੇਕ
ਚੀਨ, ਫਰਾਂਸ, ਬ੍ਰਾਜ਼ੀਲ, ਸਪੇਨ, ਜਰਮਨੀ ਅਤੇ ਪੋਲੈਂਡ ਵਿਚ ਸਰਕਾਰਾਂ ਨੇ ਹਦਾਇਤ ਦਿੱਤੀ ਹੈ ਕਿ ਹੱਥ ਮਿਲਾਉਣ ਦੀ ਪਰੰਪਰਾ ਕੁਝ ਸਮੇਂ ਲਈ ਛੱਡ ਦਿੱਤੀ ਜਾਵੇ। ਬ੍ਰਾਜ਼ੀਲ ਅਤੇ ਚੀਨ ਦੀਆਂ ਸਰਕਾਰੀਆਂ ਨੇ ਹੈਂਡਸ਼ੇਕ ਦੀ ਬਜਾਏ ਫੁੱਟਸ਼ੇਕ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …