Breaking News
Home / ਦੁਨੀਆ / ਕੋਰੋਨਾ ਵਾਇਰਸ ਕੈਨੇਡਾ, ਅਮਰੀਕਾ ਅਤੇ

ਕੋਰੋਨਾ ਵਾਇਰਸ ਕੈਨੇਡਾ, ਅਮਰੀਕਾ ਅਤੇ

ਭਾਰਤ ਸਮੇਤ 77 ਦੇਸ਼ਾਂ ‘ਚ ਫੈਲਿਆ
ਭਾਰਤ ‘ਚ ਵੀ ਕੋਰੋਨਾ ਦੇ 29 ਮਾਮਲਿਆਂ ਦੀ ਪੁਸ਼ਟੀ
ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਹੁਣ ਕੈਨੇਡਾ, ਅਮਰੀਕਾ ਤੇ ਭਾਰਤ ਸਮੇਤ 77 ਦੇਸ਼ਾਂ ਤੱਕ ਜਾ ਪਹੁੰਚਿਆ ਹੈ। ਭਾਰਤ ਵਿਚ ਵੀ ਇਸ ਵਾਇਰਸ ਦੇ 29 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸੇ ਦੌਰਾਨ ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਵੀ ਨੋਟਿਸ ਜਾਰੀ ਕੀਤਾ ਹੈ ਕਿ 15 ਜਨਵਰੀ ਤੋਂ ਬਾਅਦ ਚੀਨ ਤੋਂ ਪਰਤੇ ਹਰ ਨਾਗਰਿਕ ਦੀ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਕਰਕੇ ਰਾਸ਼ਟਰਪਤੀ ਭਵਨ ਵਿਚ ਇਸ ਵਾਰ ਰਵਾਇਤੀ ਹੋਲੀ ਸਮਾਰੋਹ ਵੀ ਨਹੀਂ ਹੋਵੇਗਾ।
ਇਸ ਦੇ ਚੱਲਦਿਆਂ ਲੋਕਾਂ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਡਰ ਇਸ ਕਦਰ ਬੈਠ ਗਿਆ ਹੈ ਕਿ ਲੋਕ ਇਕ ਦੂਸਰੇ ਤੋਂ ਦੂਰੀਆਂ ਬਣਾ ਰਹੇ ਹਨ ਅਤੇ ਹੱਥ ਮਿਲਾਉਣ ਤੋਂ ਵੀ ਪਾਸਾ ਵੱਟ ਰਹੇ ਹਨ। ਉਧਰ ਚੀਨ, ਫਰਾਂਸ, ਬ੍ਰਾਜ਼ੀਲ, ਸਪੇਨ, ਜਰਮਨੀ ਅਤੇ ਪੋਲੈਂਡ ਵਿਚ ਸਰਕਾਰਾਂ ਨੇ ਹਦਾਇਤ ਦਿੱਤੀ ਹੈ ਕਿ ਹੱਥ ਮਿਲਾਉਣ ਦਾ ਕੰਮ ਕੁਝ ਸਮੇਂ ਤੱਕ ਛੱਡ ਦਿੱਤਾ ਜਾਵੇ। ਅਮਰੀਕਾ ਦੇ ਵਾਸ਼ਿੰਗਟਨ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ, ਜਿਸ ਕਾਰਨ ਇਥੇ 4 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਕਾਰਨ ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਛੇ ਮਰੀਜ਼ਾਂ ਦੀ ਮੌਤ ਕਿਰਕਲੈਂਡ ਦੇ ਐਵਰਗ੍ਰੀਨ ਹੈਲਥ ਮੈਡੀਕਲ ਸੈਂਟਰ ਵਿਖੇ ਹੋਈ ਹੈ।
ਸਿਆਟਲ ਤੇ ਕਿੰਗ ਕਾਊਂਟੀ ਦੇ ਪਬਲਿਕ ਹੈਲਥ ਦੇ ਸਿਹਤ ਅਧਿਕਾਰੀ ਡਾ: ਜੈਫ਼ਰੀ ਡੂਚਿਨ ਨੇ ਕਿਹਾ ਕਿ ਸਿਹਤ ਵਿਭਾਗ ਬੜੀ ਤੇਜ਼ੀ ਨਾਲ ਇਸ ਮਾਰੂ ਵਾਇਰਸ ਨਾਲ ਨਜਿੱਠਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਆਮ ਕੰਮਾਂ-ਕਾਰਾਂ ਨੂੰ ਤੇ ਆਮ ਜ਼ਿੰਦਗੀ ਨੂੰ ਰੋਜ਼ਾਨਾ ਦੀ ਤਰ੍ਹਾਂ ਚਾਲੂ ਰੱਖਿਆ ਜਾਵੇ ਪਰ ਇਹ ਸੂਬੇ ਦੇ ਲੱਖਾਂ ਲੋਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਜਾਰੀ ਕੀਤੇ ਬਚਾਅ ਦੇ ਦਿਸ਼ਾ-ਨਿਰਦੇਸ਼ਾਂ ਦਾ ਕਿਸ ਤਰ੍ਹਾਂ ਪਾਲਣ ਕਰਦੇ ਹਨ।
ਯਾਦ ਰਹੇ ਅਜੇ 14 ਹੋਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਬਹੁਤ ਸਾਰੇ ਸਕੂਲ ਸਾਵਧਾਨੀ ਵਜੋਂ ਬੰਦ ਕਰ ਦਿੱਤੇ ਗਏ ਤੇ ਇਨ੍ਹਾਂ ਸਾਰੇ ਸਕੂਲਾਂ ਦੀ ਬਹੁਤ ਬਾਰੀਕੀ ਨਾਲ ਸਫ਼ਾਈ ਹੋਵੇਗੀ। ਇਸੇ ਦਰਮਿਆਨ ਸੂਬੇ ਦੇ ਗਵਰਨਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਤੇ ਬਗ਼ੈਰ ਕੰਮ ਤੋਂ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ‘ਤੇ ਯਕੀਨ ਨਾ ਕਰਨ।

Check Also

ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …