ਸਿਵਲ ਸਕੱਤਰੇਤ ਮੁਲਾਜ਼ਮਾਂ ਨੂੰ ਲਿਜਾ ਰਹੀ ਸੀ ਪ੍ਰਾਈਵੇਟ ਬੱਸ, ਜ਼ਖ਼ਮੀਆਂ ਦੀ ਹਾਲਤ ਗੰਭੀਰ
ਪਿਸ਼ਾਵਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪਿਸ਼ਾਵਰ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ਵਿੱਚ ਹੋਏ ਬੰਬ ਧਮਾਕੇ ਵਿੱਚ ਤਿੰਨ ਔਰਤਾਂ ਸਮੇਤ 17 ਜਣੇ ਮਾਰੇ ਗਏ ਹਨ ਜਦੋਂ ਕਿ 30 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਮਰਦਾਨ ਤੋਂ ਚੱਲੀ ਇਸ ਬੱਸ ਵਿੱਚ ਸਿਵਿਲ ਸਕੱਤਰੇਤ ਦੇ ਮੁਲਾਜ਼ਮ ਸਵਾਰ ਸਨ। ਇਹ ਪ੍ਰਾਈਵੇਟ ਬੱਸ ਜਦੋਂ ਸੁਨਹਿਰੀ ਮਸਜਿਦ ਰੋਡ ‘ਤੇ ਪੁੱਜੀ ਤਾਂ ਧਮਾਕਾ ਹੋ ਗਿਆ।
ਪਿਸ਼ਾਵਰ ਦੇ ਐਸਐਸਪੀ (ਅਪਰੇਸ਼ਨਜ਼) ਅੱਬਾਸ ਮਜੀਦ ਮਾਰਵਤ ਨੇ ਦੱਸਿਆ ਕਿ ਸਰਕਾਰੀ ਅਧਿਕਾਰੀਆਂ ਨੂੰ ਲਿਜਾ ਰਹੀ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਬੰਬ ਧਮਾਕੇ ਵਿੱਚ ਤਿੰਨ ਔਰਤਾਂ ਸਮੇਤ 16 ਵਿਅਕਤੀਆਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਬੱਸ ਵਿੱਚ ਤਕਰੀਬਨ 50 ਵਿਅਕਤੀ ਸਵਾਰ ਸਨ। ਇਸ ਧਮਾਕੇ ਵਿੱਚ 30 ਵਿਅਕਤੀ ਜ਼ਖ਼ਮੀ ਹੋਏ ਹਨ। ਐਸਪੀ ਕੈਂਟ ਕਾਸ਼ਿਫ਼ ਜ਼ੁਲਫਿਕਾਰ ਨੇ ਦੱਸਿਆ ਕਿ ਇਹ ਬੰਬ (ਆਈਈਡੀ) ਬੱਸ ਅੰਦਰ ਫਿੱਟ ਕੀਤਾ ਗਿਆ ਸੀ। ਤਕਰੀਬਨ ਅੱਠ ਕਿਲੋ ਧਮਾਕਾਖੇਜ਼ ਸਮੱਗਰੀ ਵਰਤੀ ਗਈ ਲੱਗਦੀ ਹੈ। ਜ਼ਖ਼ਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਸਾਰੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀਆਂ ਵਿੱਚੋਂ ਤਿੰਨ ਵਿਅਕਤੀ ਤਾਂ ਆਈਸੀਯੂ ਵਿੱਚ ਹਨ।
ਪੁਲਿਸ ਤੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ। ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਹਾਲੇ ਤੱਕ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, ‘ਇਸ ਤਰ੍ਹਾਂ ਦੀਆਂ ਕਾਇਰਾਨਾ ਕਾਰਵਾਈਆਂ ਸਾਡੀ ਅੱਤਵਾਦ ਖ਼ਿਲਾਫ਼ ਦ੍ਰਿੜਤਾ ਨੂੰ ਡੁਲਾ ਨਹੀਂ ਸਕਦੀਆਂ।’ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਚਾਰਸੱਦਾ ਜ਼ਿਲ੍ਹੇ ਦੇ ਸ਼ਬਕਦਾਰ ਬਾਜ਼ਾਰ ਅਦਾਲਤ ਵਿੱਚ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ 17 ਵਿਅਕਤੀ ਮਾਰੇ ਗਏ ਸਨ ਅਤੇ 31 ਜ਼ਖਮੀ ਹੋਏ ਸਨ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …