ਨਵੀਂ ਦਿੱਲੀ : ਆਪਣਾ ਟਵਿੱਟਰ ਖਾਤਾ ਬੰਦ ਕਰਨ ਮਗਰੋਂ ਪਿਸ਼ਾਵਰ ਛੱਡ ਕੇ ਲਾਹੌਰ ਵਸੇ ਸਿੱਖ ਆਗੂ, ਜਿਸ ਉੱਪਰ ਕੁਝ ਹਫ਼ਤੇ ਪਹਿਲਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ ਸੀ, ਨੇ ਆਪਣੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਹੁਣ ਪਾਕਿਸਤਾਨ ਹੀ ਛੱਡ ਦਿੱਤਾ ਹੈ। ਇਸਲਾਮਾਬਾਦ ਵਿਚਲੇ ਸੂਤਰਾਂ ਨੇ ਦੱਸਿਆ ਕਿ ਧਮਕੀਆਂ ਮਿਲਣ ਕਾਰਨ ਖੈਬਰ ਪਖਤੂਨਖਵਾ ਤੋਂ ਘੱਟ ਗਿਣਤੀ ਅਧਿਕਾਰਾਂ ਬਾਰੇ ਕਾਰਕੁਨ ਅਤੇ ਸਿੱਖ ਆਗੂ ਰਾਦੇਸ਼ ਸਿੰਘ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਦਿੱਤਾ ਹੈ ਅਤੇ ਉਸ ਵਲੋਂ ਭਾਰਤ ਵਿੱਚ ਸ਼ਰਨ ਲਏ ਜਾਣ ਦੀ ਸੰਭਾਵਨਾ ਹੈ। ਟੋਨੀ ਇਸਲਾਮੀ ਦਹਿਸ਼ਤਗਰਦਾਂ ਦੇ ਨਿਸ਼ਾਨੇ ‘ਤੇ ਰਿਹਾ ਹੈ ਅਤੇ ਉਸ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਉਹ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦਾ ਵੀ ਆਲੋਚਕ ਹੈ ਅਤੇ ਕਈ ਵਾਰ ਮੁਲਕ ਵਿੱਚ ਅਮਨ-ਕਾਨੂੰਨ ਦੇ ਵਿਗੜੇ ਹਾਲਾਤ ਬਾਰੇ ਸ਼ਿਕਾਇਤ ਕਰ ਚੁੱਕਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਨਕਾਣਾ ਸਾਹਿਬ ਦੇ ਗੁਰਦੁਆਰਾ ‘ਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਸਿੱਖਾਂ ਦਾ ਘੱਟ ਗਿਣਤੀ ਭਾਈਚਾਰਾ ਦਹਿਸ਼ਤ ਹੇਠ ਦਿਨ ਕੱਟ ਰਿਹਾ ਹੈ।
ਰਾਦੇਸ਼ ਸਿੰਘ ਟੋਨੀ ਨੇ ਪਿਛਲੇ ਸਾਲ ਪਿਸ਼ਾਵਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਹਾਰ ਗਿਆ ਸੀ। ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਦਹਿਸ਼ਤਗਰਦਾਂ ਵਲੋਂ ਮਿਲੀਆਂ ਧਮਕੀਆਂ ਕਾਰਨ ਉਹ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰਕੇ ਲਾਹੌਰ ਆ ਵਸਿਆ ਸੀ ਅਤੇ ਹੁਣ ਉਸ ਨੇ ਪਾਕਿਸਤਾਨ ਹੀ ਛੱਡ ਦਿੱਤਾ ਹੈ। ਉਸ ਨੇ ਧਮਕੀਆਂ ਮਿਲਣ ਦਾ ਕਾਰਨ ਪਿਸ਼ਾਵਰ ਵਿੱਚ ਉਸ ਦੀ ਆਗੂ ਵਜੋਂ ਵੱਧ ਰਹੀ ਲੋਕਪ੍ਰਿਯਤਾ ਦੱਸਿਆ ਸੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …