23.7 C
Toronto
Sunday, September 28, 2025
spot_img
Homeਸੰਪਾਦਕੀਅਕਾਲੀ-ਭਾਜਪਾ ਗਠਜੋੜ ਦੀ ਹੋਂਦ ਦਾ ਸਵਾਲ

ਅਕਾਲੀ-ਭਾਜਪਾ ਗਠਜੋੜ ਦੀ ਹੋਂਦ ਦਾ ਸਵਾਲ

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ‘ਚ ਤਰੇੜਾਂ ਆ ਗਈਆਂ ਹਨ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਨੇ ਵੱਖ-ਵੱਖ ਰਾਹ ਅਖ਼ਤਿਆਰ ਕਰ ਲਏ ਹਨ। ਪਿਛਲੇ ਦਿਨੀਂ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਜਦੋਂ ਉਮੀਦਵਾਰਾਂ ਦਾ ਐਲਾਨ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਕੋਈ ਵੀ ਸੀਟ ਨਾ ਛੱਡੀ ਗਈ। ਹਾਲਾਂਕਿ ਪਿਛਲੀ ਰਵਾਇਤ ਅਨੁਸਾਰ ਭਾਰਤੀ ਜਨਤਾ ਪਾਰਟੀ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਸੀਟਾਂ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜਨ ਲਈ ਛੱਡਦੀ ਸੀ ਅਤੇ ਕੁਝ ਸੀਟਾਂ ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਨ ਲਈ ਦਿੰਦੀ ਸੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸੀਟਾਂ ਛੱਡਣ ਦੀ ਬਜਾਇ ਦੋ ਸੀਟਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਲਈ ਛੱਡੀਆਂ ਗਈਆਂ ਅਤੇ ਇਕ ਸੀਟ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ ਲਈ ਛੱਡੀ ਗਈ। ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਸਮੇਂ-ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਟੁੱਟਣ ਦੇ ਚਰਚੇ ਚੱਲਦੇ ਰਹੇ ਪਰ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਅਜਿਹੀਆਂ ਚਰਚਾਵਾਂ ਨੂੰ ਆਪਣੇ ਸਦਭਾਵਨਾ ਵਾਲੇ ਬਿਆਨਾਂ ਨਾਲ ਥੰਮ੍ਹ ਦਿੱਤਾ ਜਾਂਦਾ ਰਿਹਾ ਹੈ।
ਪਿਛਲੇ ਮਹੀਨੇ ਹਰਿਆਣਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਨੇ ਇਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਸੀ। ਹਰਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਇਕੋ-ਇਕ ਵਿਧਾਇਕ ਨੂੰ ਭਾਜਪਾ ਨੇ ਤੋੜ ਕੇ ਆਪਣੀ ਪਾਰਟੀ ਵਿਚ ਵੀ ਸ਼ਾਮਲ ਕਰ ਲਿਆ ਸੀ। ਅਖੀਰ ਸ਼੍ਰੋਮਣੀ ਅਕਾਲੀ ਦਲ ਨੇ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੇ ਇੰਡੀਅਨ ਨੈਸ਼ਨਲ ਲੋਕਦਲ ਨਾਲ ਰਲ ਕੇ ਕੁਝ ਸੀਟਾਂ ‘ਤੇ ਚੋਣਾਂ ਲੜੀਆਂ ਸਨ। ਪਰ ਉਸ ਨੂੰ ਨਮੋਸ਼ੀਜਨਕ ਹਾਰ ਮਿਲੀ ਸੀ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਸਾਲ 1997 ‘ਚ ‘ਹਿੰਦੂ-ਸਿੱਖ ਏਕਤਾ’ ਦਾ ਨਾਅਰਾ ਲੈ ਕੇ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਪੰਜਾਬ ‘ਚ ਖਾੜਕੂਵਾਦ ਦੇ ਖ਼ਾਤਮੇ ਤੋਂ ਬਾਅਦ ਪੰਜਾਬ ‘ਚ ਹਿੰਦੂ-ਸਿੱਖ ਭਾਈਚਾਰੇ ‘ਚ ਡੂੰਘੀ ਬੇਵਿਸ਼ਵਾਸੀ ਬਣੀ ਹੋਈ ਸੀ। ਇਕ ਪਾਸੇ ਝੂਠੇ ਪੁਲਿਸ ਮੁਕਾਬਲਿਆਂ ‘ਚ ਸਿੱਖ ਨੌਜਵਾਨਾਂ ਨੂੰ ਮਾਰ-ਮੁਕਾਉਣ ਦੇ ਪੰਜਾਬ ਪੁਲਿਸ ਦੇ ਅਣਮਨੁੱਖੀ ਸਿਲਸਿਲੇ ਤੋਂ ਪੰਜਾਬ ਦੇ ਪੇਂਡੂ ਸਿੱਖ ਬੁਰੀ ਤਰ੍ਹਾਂ ਅਸੁਰੱਖਿਆ ਦੇ ਹਾਲਾਤਾਂ ‘ਚ ਜੀਅ ਰਹੇ ਸਨ ਦੂਜੇ ਪਾਸੇ ਸ਼ਹਿਰੀ ਹਿੰਦੂ ਵਰਗ ਵੀ ਅਣਕਿਆਸੇ ਖ਼ਤਰਿਆਂ ਨਾਲ ਦੋ-ਚਾਰ ਹੋ ਰਿਹਾ ਸੀ। ਅਕਾਲੀ-ਭਾਜਪਾ ਗਠਜੋੜ ਨੇ ਜਿੱਥੇ ਸਰਕਾਰ ਬਣਾ ਕੇ ਪੰਜਾਬ ਨੂੰ ਇਕ ਨਵਾਂ ਮਾਹੌਲ ਦਿੱਤਾ, ਉਥੇ ਪੰਜਾਬ ‘ਚ ਹਿੰਦੂ-ਸਿੱਖ ਭਾਈਚਾਰੇ ਵਿਚਾਲੇ ਤਰੇੜਾਂ ਨੂੰ ਖ਼ਤਮ ਕਰਕੇ ਇਕ ਨਵੇਂ ਸਮਾਜਿਕ ਮਾਹੌਲ ਨੂੰ ਸਿਰਜਣ ਦੀ ਸਫਲਤਾ ਹਾਸਲ ਕੀਤੀ ਸੀ। ਸਾਲ 1998 ਵਿਚ ਕੇਂਦਰ ‘ਚ ਕੌਮੀ ਜਮਹੂਰੀ ਗਠਜੋੜ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਸਾਲ 2007 ਅਤੇ 2012 ‘ਚ ਦੋ ਵਾਰ ਲਗਾਤਾਰ ਅਕਾਲੀ-ਭਾਜਪਾ ਸਰਕਾਰ ਪੰਜਾਬ ‘ਚ ਬਣਦੀ ਰਹੀ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਜ਼ਰੂਰ ਅਕਾਲੀ ਦਲ ਅਤੇ ਭਾਜਪਾ ਨੇ ਇਕੱਠੇ ਹੋ ਕੇ ਲੜੀਆਂ ਸਨ ਪਰ ਉਸ ਸਮੇਂ ਦੋਵਾਂ ਦਾ ਆਪਸ ਵਿਚ ਮੋਹ ਭੰਗ ਹੋ ਗਿਆ ਜਾਪਦਾ ਸੀ। ਲਗਾਤਾਰ 10 ਸਾਲ ਸੱਤਾ ‘ਚ ਰਹਿਣ ਕਾਰਨ ਸੱਤਾ ਵਿਰੋਧੀ ਰੁਝਾਨ ਸਦਕਾ ਚੋਣਾਂ ਵਿਚ ਅਕਾਲੀ ਦਲ ਦੇ ਪੱਲੇ ਸਿਰਫ 15 ਸੀਟਾਂ ਅਤੇ ਭਾਜਪਾ ਦੇ ਪੱਲੇ ਸਿਰਫ 3 ਸੀਟਾਂ ਹੀ ਪਈਆਂ।
ਲਗਾਤਾਰ ਤਿੰਨ ਵਾਰ ਗਠਜੋੜ ਸਰਕਾਰ ਵਿਚ ਰਹਿਣ ਕਾਰਨ ਅਕਾਲੀ-ਭਾਜਪਾ ਦੇ ਹੇਠਲੇ ਤੋਂ ਲੈ ਕੇ ਉਪਰਲੇ ਕੇਡਰ ਦੇ ਆਗੂਆਂ ਵਿਚ ਸਮੇਂ-ਸਮੇਂ ਤਕਰਾਰ, ਗੁੱਸੇ-ਗਿਲੇ ਅਤੇ ਮਨ-ਮਟਾਵ ਹੁੰਦੇ ਰਹੇ। ਸਥਾਨਕ ਸਰਕਾਰਾਂ ਦੀਆਂ ਚੋਣਾਂ ‘ਚ ਇਹ ਤਕਰਾਰ ਟਕਰਾਅ ਦਾ ਰੂਪ ਵੀ ਧਾਰਨ ਕਰਦੇ ਰਹੇ। ਸਾਲ 2014 ‘ਚ ਵੱਡੇ ਬਹੁਮਤ ਨਾਲ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਸੱਤਾ ‘ਚ ਆਈ ਤਾਂ ਉਸ ਤੋਂ ਬਾਅਦ ਭਾਜਪਾ ਦੇ ਤੇਵਰ ਆਪਣੀ ਗਠਜੋੜ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬਦਲਦੇ ਗਏ। ਸਾਲ 2019 ‘ਚ ਦੂਜੀ ਵਾਰ ਰਿਕਾਰਡਤੋੜ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੀ ਸੱਤਾ ‘ਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਵਿਖਾਉਣ ਦਾ ਸਿਲਸਿਲਾ ਭਾਜਪਾਈ ਆਗੂਆਂ ਨੇ ਸ਼ਰ੍ਹੇਆਮ ਆਰੰਭ ਦਿੱਤਾ ਸੀ।
ਇਸ ਸੰਦਰਭ ਵਿਚ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 1997 ਵਿਚ 117 ਵਿਚੋਂ 76 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਗਠਜੋੜ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਸਾਥ ਨਿਭਾਇਆ ਸੀ ਅਤੇ ਕੈਬਨਿਟ ਵਿਚ ਭਾਰਤੀ ਜਨਤਾ ਪਾਰਟੀ ਨੂੰ ਪੂਰਾ-ਪੂਰਾ ਭਾਈਵਾਲ ਬਣਾਈ ਰੱਖਿਆ। ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਰਾਜਨੀਤਕ ਗਠਜੋੜ ਨੂੰ ਨਿਭਾਉਣ ਲਈ ਪੰਜਾਬ ਅਤੇ ਸਿੱਖ ਪੰਥ ਦੇ ਉਨ੍ਹਾਂ ਮੁੱਦਿਆਂ, ਸਮੱਸਿਆਵਾਂ ਅਤੇ ਸਰੋਕਾਰਾਂ ਨੂੰ ਵੀ ਤਿਆਗ ਦਿੱਤਾ, ਜਿਨ੍ਹਾਂ ਕਾਰਨ ਕਿਸੇ ਵੇਲੇ ਅਕਾਲੀ ਦਲ ਮੋਰਚੇ ਲਗਾਉਂਦਾ ਰਿਹਾ ਸੀ। ਬਾਕੀ ਖੇਤਰੀ ਪਾਰਟੀਆਂ ਤਾਂ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿਸੇ ਨਾ ਕਿਸੇ ਮੁੱਦੇ ‘ਤੇ ਸਮਰਥਨ ਦਿੰਦੀਆਂ ਰਹੀਆਂ ਪਰ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਸ਼ਰਤ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਈ ਰੱਖਿਆ। ਪੰਜਾਬ ਵਿਚ ਹਰੇਕ ਅਕਾਲੀ-ਭਾਜਪਾ ਵਜ਼ਾਰਤ ਵਿਚ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਰੇਤਾ, ਬੱਜਰੀ ਤੋਂ ਲੈ ਕੇ ਉੱਦਮੀਆਂ-ਵਪਾਰੀਆਂਦੇ ਪੰਜਾਬ ਤੋਂ ਲੈ ਕੇ ਕੌਮੀ ਆਗੂ ਤੱਕ ‘ਬੇਗਾਨੇ ਘਰ ਲੱਗੀ ਅੱਗ ਨੂੰ ਬਸੰਤਰ’ ਸਮਝਦਿਆਂ ਪਾਸੇ ਬਹਿ ਕੇ ਤਮਾਸ਼ਾ ਵੇਂਹਦੇ ਰਹੇ। ਜਿਹੜੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲ ਸਰਕਾਰ ਵਿਚ ਭਾਈਵਾਲ ਰਹੀ, ਜਿਸ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਜ਼ਮੀਨਾਂ ਤੋਂ ਲੈ ਕੇ ਜੰਗਲਾਤ ਤੇ ਸਥਾਨਕ ਸਰਕਾਰਾਂ ਦੇ ਮਹਿਕਮਿਆਂ ਵਿਚ ਬੇਨਿਯਮੀਆਂ-ਘੁਟਾਲਿਆਂ ਕਾਰਨ ਵਿਵਾਦਾਂ ਵਿਚ ਰਹੇ ਉਸ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਆਪਣੇ ਆਪ ਨੂੰ ਦੁੱਧ ਧੋਤੇ ਬਣ ਕੇ ਪੰਜਾਬ ਵਿਚ ਸੱਤਾ ਵਿਰੋਧੀ ਰੁਝਾਨ ਦਾ ਸਾਰਾ ਮੁਹਾਣ ਅਕਾਲੀ ਦਲ ਵੱਲ ਮੋੜਦੇ ਰਹੇ। ਹੁਣ ਅਕਾਲੀ ਦਲ ‘ਤੇ ਸਿਆਸੀ ਤੌਰ ‘ਤੇ ਵੱਡਾ ਸੰਕਟ ਖੜ੍ਹਾ ਹੋਇਆ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਮੌਜਾਂ ਲੁੱਟਣ ਵੇਲੇ ਅਕਾਲੀਆਂ ਦੀ ਸਾਥੀ ਹੁੰਦੀ ਸੀ, ਉਹ ਹੱਥ ਝਾੜ ਕੇ ਲਾਂਭੇ ਹੋ ਗਈ ਹੈ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਬਹੁਮਤ ਵਿਚ ਹੈ ਤਾਂ ਪੰਜਾਬ ਦੀ ਸੱਤਾ ‘ਤੇ ਇਕੱਲਿਆਂ ਕਾਬਜ਼ ਹੋਣ ਦੇ ਸੁਪਨੇ ਵੇਖਣ ਲਗ ਪਈ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਕਤਾਰ ਦੇ ਪੰਜਾਬ ਆਗੂ ਸ਼ਰ੍ਹੇਆਮ ਪੰਜਾਬ ‘ਚ 2022ਦੀਆਂ ਸੂਬਾਈ ਚੋਣਾਂ ਇਕੱਲਿਆਂ ਲੜਨ ਜਾਂ ਅਕਾਲੀ ਦਲ ਦੇ ਵੱਡੇ ਭਰਾ ਦੀ ਹੈਸੀਅਤ ‘ਚ ਲੜਨ ਦੇ ਬਿਆਨ ਦੇ ਚੁੱਕੇ ਹਨ। ਇਸ ਤਰ੍ਹਾਂ ਅਕਾਲੀ-ਭਾਜਪਾ ਗਠਜੋੜ ਦੇ ਭਵਿੱਖ ਦੀ ਤਸਵੀਰ ਲਗਪਗ ਸਾਫ਼ ਹੋਣ ਲੱਗ ਪਈ ਹੈ। ਬੇਸ਼ੱਕ ਇਹ ਗੱਲ ਭਾਵੇਂ ਭਵਿੱਖ ਦੇ ਗਰਭ ‘ਚ ਲੁਕੀ ਹੋਈ ਹੈ ਕਿ ਅਕਾਲੀ-ਭਾਜਪਾ ਗਠਜੋੜ ਕੀ 2022 ਦੀਆਂ ਪੰਜਾਬ ਚੋਣਾਂ ਇਕੱਠਿਆਂ ਲੜ ਸਕੇਗਾ, ਪਰ ਫਿਲਹਾਲ ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਇਸ ਗਠਜੋੜ ਨੂੰ ਲੈ ਕੇ ਚਰਚਾਵਾਂ ਪੰਜਾਬ ਦੇ ਰਾਜਨੀਤਕ ਮਾਹੌਲ ਨੂੰ ਨਵਾਂ ਰੂਪ ਦੇ ਸਕਣ ਦੇ ਸਮਰੱਥ ਹਨ।

RELATED ARTICLES
POPULAR POSTS