Breaking News
Home / ਸੰਪਾਦਕੀ / ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਰੈਲੀ ਤੇ ਸਰਕਾਰ ਦਾ ਪੈਂਤੜਾ

ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਰੈਲੀ ਤੇ ਸਰਕਾਰ ਦਾ ਪੈਂਤੜਾ

ਆਮ ਤੌਰ ‘ਤੇ ਭਾਰਤੀ ਰਾਜਨੀਤੀ ‘ਚ ਰੈਲੀਆਂ, ਮੁਜ਼ਾਹਰਿਆਂ ਜਾਂ ਰੋਸ-ਪ੍ਰਦਰਸ਼ਨਾਂ ਤੋਂ ਅਰਥ ਇਹ ਕੱਢਿਆ ਜਾਂਦਾ ਹੈ ਕਿ ਵਿਰੋਧੀ ਪਾਰਟੀ ਦਾ ਵੱਡਾ ਸਾਰਾ ਹਜ਼ੂਮ, ਜਿਸ ਵਿਚ ਬਹੁਤ ਸਾਰੇ ਲੋਕਾਂ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹ ਇੱਥੇ ਕਿਸ ਮਨੋਰਥ ਲਈ ਆਏ ਹਨ, ਸਰਕਾਰ ਦੇ ਖਿਲਾਫ਼ ਤੱਤੇ-ਤੱਤੇ ਨਾਅਰੇ ਮਾਰਦੇ ਹਨ, ਸਰਕਾਰ ਦੀ ਪੁਲਿਸ ਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹੁੰਦੇ ਹਨ ਅਤੇ ਦੋਵਾਂ ਪਾਸਿਆਂ ਤੋਂ ਕੁਝ ਤਣਾ-ਤਣਾ ਹੁੰਦੀ ਤੇ ਫ਼ਿਰ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਦੀ, ਪਾਣੀ ਦੀਆਂ ਤੋਪਾਂ ਪ੍ਰਦਰਸ਼ਨਕਾਰੀਆਂ ਵੱਲ ਖੋਲ੍ਹਦੀ ਹੈ ਤੇ ਜੇ ਫ਼ਿਰ ਵੀ ਪ੍ਰਦਰਸ਼ਨਕਾਰੀ ਹਿੰਸਕ ਰੂਪ ਧਾਰਦੇ ਜਾਣ ਤਾਂ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਹਨ। ਪ੍ਰਦਰਸ਼ਨਕਾਰੀ ਵੀ ਅਕਸਰ ਪੁਲਿਸ ਦੇ ਜਬਰ ਦਾ ਮੁਕਾਬਲਾ ਕਰਨ ਦੀ ਸਥਿਤੀ ਵਿਚ ਆਉਣ ਦੀ ਕੋਸ਼ਿਸ਼ ਕਰਦਿਆਂ ਪੱਥਰਬਾਜ਼ੀ ਕਰਦੇ ਹਨ। ਇਸ ਤਰ੍ਹਾਂ ਸਰਕਾਰ ਦੀ ਮਸ਼ੀਨਰੀ ਅਤੇ ਵਿਰੋਧੀ ਪਾਰਟੀ ਦੇ ਕਾਰਕੁੰਨਾਂ ਵਿਚਾਲੇ ਤਿੱਖੀਆਂ ਝੜਪਾਂ ਨੂੰ ਰੋਸ-ਪ੍ਰਦਰਸ਼ਨ ਆਖ ਲਿਆ ਜਾਂਦਾ ਹੈ।
ਬੀਤੇ ਸੋਮਵਾਰ ਨੂੰ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਵਲੋਂ ਜਿਹੜੀ ਪੰਜਾਬ ‘ਚ 12 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਦੀ ਜਾਂਚ ਅਤੇ ਪੰਜਾਬ ਦੇ ਹੋਰ ਭੱਖਦੇ ਮੁੱਦਿਆਂ ਨੂੰ ਲੈ ਕੇ ਸੂਬਾ ਪੱਧਰੀ ਰੈਲੀ ਲਿਜਾਈ ਗਈ, ਉਸ ਵਿਚ ਰਵਾਇਤੀ ਰੋਸ-ਰੈਲੀਆਂ ਤੋਂ ਬਿਲਕੁਲ ਵੱਖਰੀ ਸਥਿਤੀ ਨਜ਼ਰ ਆਈ ਅਤੇ ਇਸ ਦੇ ਸਮੀਕਰਨ ਵੀ ਬਿਲਕੁਲ ਅੱਡਰੇ ਬਣੇ ਹਨ। ਆਮ ਆਦਮੀ ਪਾਰਟੀ ਦਾ ਲਗਭਗ 50 ਹਜ਼ਾਰ ਦਾ ਵਿਸ਼ਾਲ ਇਕੱਠ। ਪੰਜਾਬ ਸਰਕਾਰ ਵਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਮਿਲਾ ਕੇ ਲਗਭਗ 20 ਹਜ਼ਾਰ ਪੁਲਿਸ ਫੋਰਸ ਚੰਡੀਗੜ੍ਹ, ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਤਾਇਨਾਤ ਕੀਤੀ ਗਈ ਸੀ ਤਾਂ ਜੋ ਆਮ ਆਦਮੀ ਪਾਰਟੀ ਦੀ ਰੋਸ-ਰੈਲੀ ਨੂੰ ਵੀ ਉਸੇ ਤਰ੍ਹਾਂ ਹੀ ਖਿੰਡਾਇਆ ਜਾ ਸਕੇ,ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਚੰਡੀਗੜ੍ਹ ‘ਚ ਕਾਂਗਰਸੀਆਂ ਦੀ ਰੈਲੀ ‘ਤੇ ਪੁਲਿਸ ਦੀਆਂ ਡਾਂਗਾਂ ਵਰ੍ਹੀਆਂ ਸਨ। ਪਰ ਸਰਕਾਰ ਦੀ ਮਸ਼ੀਨਰੀ ਵਲੋਂ ਤਣਾਅ ਅਤੇ ਸੰਵੇਦਨਸ਼ੀਲ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਰੋਸ-ਰੈਲੀ ਲਈ ਆਏ ਹਜ਼ਾਰਾਂ ਲੋਕਾਂ ਵਲੋਂ ਜ਼ਾਬਤੇ ਵਿਚ ਰਹਿਣਾ ਇਹ ਦਰਸਾਉਂਦਾ ਹੈ, ਕਿ ਇਸ ਰੈਲੀ ਵਿਚ ਆਏ ਲੋਕ ਸੱਚਮੁਚ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਸੰਜੀਦਾ ਬਿਰਤੀ ਰੱਖਦੇ ਸਨ ਅਤੇ ਉਹ ਆਪਣੀਆਂ ਲਕੀਰਾਂ ਖਿੱਚ ਕੇ ਹੀ ਆਏ ਸਨ, ਸਿਰਫ਼ ਹੁੜਦੰਗ ਜਾਂ ਨਾਅਰੇਬਾਜ਼ੀਆਂ ਦਾ ਹੋ-ਹੱਲਾ ਕਰਨ ਦੀ ਨੀਅਤ ਨਾਲ ਹੀ ਨਹੀਂ ਆਏ ਸਨ। ਉਧਰ, ਸਰਕਾਰ ਨੇ ਵੀ ਇਸ ਰੋਸ ਰੈਲੀ ਵਿਚ ਸ਼ਾਮਲ ਲੋਕਾਂ ਦੇ ਸੰਜਮ ਨੂੰ ਦੇਖਦਿਆਂ ਆਪਣੀ ਪੈਂਤੜੇਬਾਜੀ ਬਦਲਣੀ ਪਈ ਅਤੇ ਪਹਿਲਾਂ ਗਵਰਨਰ ਅਤੇ ਫ਼ਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਹਾਲਾਤਾਂ ਸਬੰਧੀ ਮੈਮੋਰੰਡਮ ਦੇਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਫ਼ਦ ਨੂੰ ਲੈ ਕੇ ਖੁਦ ਸਰਕਾਰ ਦੇ ਉੱਚ ਅਧਿਕਾਰੀ ਹੀ ਗਏ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਘਰ ਤੋਂ ਬਾਹਰ ਖੁਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ ਆਦਿ ਦੇ ਰੂਪ ਵਿਚ ਵਫ਼ਦ ਨੂੰ ਮਿਲਣ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਕੋਠੀ ਅੰਦਰ ਆ ਕੇ ਚਾਹ-ਪਾਣੀ ਪੀਣ ਲਈ ਪੂਰਾ ਜ਼ੋਰ ਲਗਾਇਆ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਮੀਡੀਆ ਦੀ ਹਾਜ਼ਰੀ ਵਿਚ ਹੀ ਮੁੱਖ ਮੰਤਰੀ ਨਿਵਾਸ ਦੇ ਬਾਹਰ ਸੜਕ ‘ਤੇ ਮੁੱਖ ਮੰਤਰੀ ਬਾਦਲ ਨਾਲ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕਰਨਾ ਇਹ ਗੱਲ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਹੀ ਰੂਪ ਵਿਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦਿਆਂ ਪੰਜਾਬ ਦੇ, ਲੋਕਾਂ ਦੇ ਮੁੱਦੇ ਸਰਕਾਰ ਤੱਕ ਉਠਾਏ, ਇਹ ਲੀਡਰਸ਼ਿਪ ਸੁਚੇਤ ਰੂਪ ਵਿਚ ਇਨ੍ਹਾਂ ਮੁੱਦਿਆਂ ‘ਤੇ ਕੇਂਦਰਿਤ ਰਹੀ, ਕਿਉਂਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਇਹ ਜਾਣੀ-ਪਛਾਣੀ ਕਲਾ ਹੈ ਕਿ ਉਹ ਵੱਡੇ ਵੱਡੇ ਸੰਜੀਦਾ ਅਤੇ ਗੰਭੀਰ ਮੁੱਦਿਆਂ ‘ਤੇ ਮਿਲਣ ਗਏ ਬੰਦਿਆਂ ਨੂੰ ਆਪਣੇ ਘਰ ਬਿਠਾ ਕੇ ਚਾਹ-ਪਾਣੀ ਪਿਆ ਕੇ ਹੀ ਕੀਲ ਲੈਂਦੇ ਰਹੇ ਅਤੇ ਜਿਹੜੇ ਆਗੂ ਬਾਹਰ ਸ. ਬਾਦਲ ਨੂੰ ਪਾਣੀ ਪੀ-ਪੀ ਕੋਸਦੇ ਹੁੰਦੇ ਹਨ, ਉਹ ਬਾਦਲ ਦੀ ਕੋਠੀ ਵਿਚੋਂ ਚਾਹ-ਪਾਣੀ ਪੀਣ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾ ਕੇ ਮੁੜਦੀ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਆਪਣੇ ਮੁੱਦਿਆਂ ‘ਤੇ ਕੇਂਦਰਿਤ ਹੋਣ ਅਤੇ ਟੱਸ ਤੋਂ ਮੱਸ ਨਾ ਹੁੰਦੇ ਦੇਖਦਿਆਂ ਸ. ਬਾਦਲ ਨੇ ਆਪਣਾ ਦੂਜਾ ਪੈਂਤੜਾ ਵਰਤਿਆ, ਜੋ ਜਾਣਿਆ ਪਛਾਣਿਆ ਹੈ, ਕਿ ਉਹ ਹਲਕੀ-ਫ਼ੁਲਕੀ ਹਾਸੀ-ਮਜ਼ਾਕ ਵਿਚ ਪਾ ਕੇ ਗੰਭੀਰ ਮਸਲਿਆਂ ਨੂੰ ਸੰਬੋਧਤ ਹੋਣ ਦੀ ਸਥਿਤੀ ਨੂੰ ਟਾਲ ਲੈਂਦੇ ਹਨ। ਆਮ ਆਦਮੀ ਪਾਰਟੀ ਵਲੋਂ ਕਿਸਾਨੀ ਖੁਦਕੁਸ਼ੀਆਂ, ਪੰਜਾਬ ‘ਚ ਨਸ਼ਿਆਂ ਦੀ ਵਿਕਰਾਲ ਸਮੱਸਿਆ ਅਤੇ ਨਸ਼ਿਆਂ ਦੀ ਤਸਕਰੀ ‘ਚ ਪ੍ਰਭਾਵਸ਼ਾਲੀ ਸੱਤਾਧਾਰੀ ਲੋਕਾਂ ਦੀ ਸ਼ਮੂਲੀਅਤ, ਬਰਗਾੜੀ ਗੋਲੀ ਕਾਂਡ ‘ਚ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ਼ ਕੋਈ ਕਾਰਵਾਈ ਨਾ ਹੋਣੀ ਆਦਿ ਮਸਲਿਆਂ ਨੂੰ ਬੜੇ ਸੰਖੇਪ ਤੇ ਭਾਵਪੂਰਤ ਤਰੀਕੇ ਨਾਲ ਮੁੱਖ ਮੰਤਰੀ ਸਾਹਮਣੇ ਮੀਡੀਆ ਦੀ ਹਾਜ਼ਰੀ ਵਿਚ ਰੱਖਿਆ ਗਿਆ, ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਨੇ ਆਪਣੇ ਸੁਭਾਅ ਅਨੁਸਾਰ ਇਨ੍ਹਾਂ ਸਾਰੇ ਮੁੱਦਿਆਂ ਨੂੰ ਮੁਖਾਤਿਬ ਹੋਣ ਤੋਂ ਟਾਲਾ ਵੱਟਦਿਆਂ ਬਸ ਇਨਕੁਆਇਰੀਆਂ ਜਾਂ ਜਾਂਚ ਕਮੇਟੀਆਂ ਦੇ ਪਾਲੇ ‘ਚ ਗੇਂਦ ਸੁੱਟ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਸਮੁੱਚੇ ਮਾਮਲੇ ਵਿਚ ਮੀਡੀਆ ਵਲੋਂ ਸ. ਬਾਦਲ ਦੀ ਪੈਂਤੜੇਬਾਜੀ ਨੂੰ ਸਫ਼ਲਤਾ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਪੰਜਾਬ ਦੇ ਮੁੱਦਿਆਂ ‘ਤੇ ਮੁੱਖ ਮੰਤਰੀ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਨੂੰ ਅਸਫ਼ਲਤਾ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਕਿ ਹੈਰਾਨੀਜਨਕ ਹੈ। ਕਿਸੇ ਸਿਆਸੀ ਧਿਰ ਵਲੋਂ ਲੋਕ ਮੁੱਦਿਆਂ ‘ਤੇ ਗੰਭੀਰਤਾ ਦਿਖਾਉਣੀ ਅਸਫ਼ਲਤਾ ਹੈ ਜਾਂ ਫ਼ਿਰ ਸੱਤਾਧਾਰੀ ਧਿਰ ਵਲੋਂ ਇਨ੍ਹਾਂ ਮੁੱਦਿਆਂ ਨੂੰ ਮੁਖਾਤਿਬ ਹੋਣ ਤੋਂ ਕਤਰਾਉਂਦਿਆਂ ਮਚਲਾਪਣ ਦਿਖਾਉਣ ਵਿਚ ਸਰਕਾਰ ਦੀ ਅਸਫ਼ਲਤਾ ਹੈ?
ਪੰਜਾਬੀ ਰਾਜਨੀਤੀ ਦੇ ਅਜਿੱਤ ਖਿਡਾਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਇਹ ਖਾਸੀਅਤ ਹੈ ਕਿ ਉਹ ਅਕਸਰ ਮੀਡੀਆ ਵਲੋਂ ਪੁੱਛੇ ਗਏ ਅਹਿਮ ਤੇ ਗੰਭੀਰ ਸਵਾਲਾਂ ਨੂੰ ਵੀ ਹਲਕੀ-ਫ਼ੁਲਕੀ ਹਾਸੀ ਵਿਚ ਪਾਉਂਦਿਆਂ ਸਹਿਜੇ ਹੀ ਟਾਲ ਜਾਂਦੇ ਹਨ। ਇਸ ਅੰਦਾਜ਼ ਨਾਲ ਸ. ਬਾਦਲ ਕਈ ਵਾਰ ਆਪਣੇ ਪ੍ਰਤੀਕੂਲ ਹਾਲਾਤਾਂ ਨੂੰ ਵੀ ਅਨੁਕੂਲ ਬਣਾਉਣ ‘ਚ ਸਫ਼ਲ ਰਹੇ ਹਨ। ਸ. ਪ੍ਰਕਾਸ਼ ਸਿੰਘ ਬਾਦਲ ਭਾਵੇਂਕਿ ਤਹੱਮਲ, ਧੀਰਜ ਤੇ ਸਹਿਜ ਰਾਜਨੀਤਕ ਅਵਸਥਾ ਵਿਚ ਰਹਿਣ ਵਾਲੇ ਆਗੂ ਮੰਨੇ ਜਾਂਦੇ ਹਨ ਪਰ ਉਨ੍ਹਾਂ ਵਲੋਂ ਅਕਸਰ ਪੰਜਾਬ ਦੇ ਜਾਂ ਲੋਕਾਂ ਦੇ ਸੰਜੀਦਾ ਮੁੱਦਿਆਂ ਨੂੰ ਮੁਖਾਤਿਬ ਹੋਣ ਤੋਂ ਗੈਰ-ਸੰਜੀਦਾ ਅੰਦਾਜ਼ ਵਿਚ ਕਤਰਾਉਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਰਾਜਨੀਤੀ ‘ਚ ਲੋਕਤੰਤਰ ਦੀਆਂ ਜੜ੍ਹਾਂ ਹਾਲੇ ਤੱਕ ਮਜਬੂਤ ਨਹੀਂ ਹੋਈਆਂ। ਕਾਂਗਰਸ ਪਾਰਟੀ ਪਿਛਲੇ 9 ਸਾਲਾਂ ਤੋਂ ਵਿਰੋਧੀ ਧਿਰ ਵਿਚ ਹੈ ਪਰ ਉਸ ਨੇ ਲੋਕਾਂ ਦਾ ਭਰੋਸਾ ਹਾਸਲ ਨਹੀਂ ਕੀਤਾ। ਸਰਕਾਰ ਦੀਆਂ ਅਸਫ਼ਲਤਾਵਾਂ ਅਤੇ ਲੋਕ ਮੁੱਦਿਆਂ ‘ਤੇ ਕਾਂਗਰਸ ਦੀ ਗੈਰ-ਸੰਜੀਦਾ ਪਹੁੰਚ ਵੀ ਪੰਜਾਬ ਦੀ ਸਰਕਾਰ ਵਲੋਂ ਲਗਾਤਾਰ ਲੋਕ ਮੁੱਦਿਆਂ ਨੂੰ ਮੁਖਾਤਿਬ ਹੋਣ ਤੋਂ ਕਤਰਾਉਣ ਲਈ ਜ਼ਿੰਮੇਵਾਰ ਹਨ। ਜੋ ਵੀ ਹੋਵੇ, ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਲੋਕ ਮੁੱਦਿਆਂ ‘ਤੇ ਬੁਲਾਈ ਰੈਲੀ ਨੂੰ ਜਿਸ ਤਰੀਕੇ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਵਨਾਤਮਕ ਤੌਰ ‘ਤੇ ਸਾਬੋਤਾਜ ਕੀਤਾ, ਉਹ ਪੰਜਾਬ ਦੀ ਲੋਕ ਰਾਜਨੀਤੀ ਲਈ ਸ਼ੁੱਭ ਰੁਝਾਨ ਨਹੀਂ ਹੈ। ਪੰਜਾਬ ਦੇ ਮੀਡੀਆ ਦੀ ਇਸ ਮਾਮਲੇ ‘ਤੇ ਰਿਪੋਰਟਿੰਗ ਵੀ ਮੀਡੀਆ ਦੀ ਸਪਾਂਸਰਡ ਸੋਚ ਨੂੰ ਉਭਾਰਦੀ ਹੈ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …