Breaking News
Home / ਸੰਪਾਦਕੀ / ਕਸ਼ਮੀਰ ਮੁੱਦੇ ‘ਤੇ ਪਾਕਿ ਦਾ ਭਾਰਤ ਖ਼ਿਲਾਫ਼ ਰਵੱਈਆ

ਕਸ਼ਮੀਰ ਮੁੱਦੇ ‘ਤੇ ਪਾਕਿ ਦਾ ਭਾਰਤ ਖ਼ਿਲਾਫ਼ ਰਵੱਈਆ

ਭਾਰਤ ਵਲੋਂ ਜੰਮੂ-ਕਸ਼ਮੀਰ ‘ਚ ਧਾਰਾ 370 ਰੱਦ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਬੇਸ਼ੱਕ ਜੰਮੂ-ਕਸ਼ਮੀਰ ‘ਚ ਭਾਰਤ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਵਿਸ਼ੇਸ਼ ਰਾਜ ਦੇ ਰੁਤਬੇ ਵਾਲੀ ਧਾਰਾ 370 ਨੂੰ ਰੱਦ ਕਰਨ ਦੇ ਤਰੀਕੇ ਨੂੰ ਲੈ ਕੇ ਅਤੇ ਕਸ਼ਮੀਰੀਆਂ ਦੇ ਰਾਜਸੀ ਅਧਿਕਾਰਾਂ ਸਬੰਧੀ ਭਾਰਤ ‘ਚ ਅਲੋਚਨਾ ਦਾ ਦੌਰ ਚੱਲ ਰਿਹਾ ਹੈ ਪਰ ਕਿਉਂਕਿ ਇਹ ਭਾਰਤ ਦਾ ਅੰਦਰੂਨੀ ਮਸਲਾ ਹੈ, ਇਸ ਕਰਕੇ ਇਸ ਮੁੱਦੇ ‘ਤੇ ਪਾਕਿਸਤਾਨ ਵਲੋਂ ਅਪਨਾਇਆ ਜਾ ਰਿਹਾ ਨਫ਼ਰਤ ਅਤੇ ਸੰਕੀਰਨ ਕਿਸਮ ਦਾ ਰਵੱਈਆ ਗ਼ੈਰ-ਵਾਜਬ ਹੈ।
ਪਾਕਿਸਤਾਨ ਨੇ ਕਸ਼ਮੀਰ ‘ਚ ਕਥਿਤ ਜੇਹਾਦ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਅਤੇ ਕਸ਼ਮੀਰੀਆਂ ਦੀ ਕਥਿਤ ਆਜ਼ਾਦੀ ਲਈ ਹਰ ਸੰਭਵ ਸਹਾਇਤਾ ਦੇਣ ਦਾ ਖੁੱਲ੍ਹ ਕੇ ਐਲਾਨ ਕੀਤਾ ਹੈ। ਜਿਸ ਵੇਲੇ ਭਾਰਤ ਨੇ ਕਸ਼ਮੀਰ ਵਿਚੋਂ ਵਿਸ਼ੇਸ਼ ਰਾਜ ਦੇ ਰੁਤਬੇ ਵਾਲੀ ਧਾਰਾ ਖ਼ਤਮ ਕੀਤੀ, ਉਸ ਵੇਲੇ ਪਾਕਿਸਤਾਨ ਦੀ ਸੰਸਦ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵਿਰੋਧੀ ਧਿਰਾਂ ਘੇਰ ਰਹੀਆਂ ਸਨ। ਵਿਰੋਧੀ ਧਿਰਾਂ ਦੀ ਨੁਕਤਾਚੀਨੀ ਤੋਂ ਬਾਅਦ ਆਪਣੇ ਭਾਸ਼ਨ ‘ਚ ਇਮਰਾਨ ਖ਼ਾਨ ਇਹ ਕਹਿੰਦੇ ਸੁਣੇ ਗਏ ਸਨ ਕਿ ਕੀ ਮੈਂ ਹੁਣ ਭਾਰਤ ਨਾਲ ਜੰਗ ਛੇੜ ਦੇਵਾਂ? ਭਾਵੇਂਕਿ ਉਸ ਵੇਲੇ ਪਾਕਿ ਪ੍ਰਧਾਨ ਮੰਤਰੀ ਭਾਰਤ ਪ੍ਰਤੀ ਥੋੜੇ ਸੰਜਮ ਤੇ ਸਹਿਜ ਵਿਚ ਦਿਖਾਈ ਦਿੱਤੇ, ਪਰ ਜਿਉਂ-ਜਿਉਂ ਦਿਨ ਬੀਤ ਰਹੇ ਹਨ ਪਾਕਿਸਤਾਨ ਸਰਕਾਰ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਰਵੱਈਏ ‘ਚ ਤਬਦੀਲੀ ਆ ਰਹੀ ਹੈ। ਉਹ ਭਾਰਤ ਦੇ ਖ਼ਿਲਾਫ਼ ਕਸ਼ਮੀਰ ਨੂੰ ਲੈ ਕੇ ਤਿੱਖੇ ਅਤੇ ਤਲਖ ਬਿਆਨ ਦੇ ਰਹੇ ਹਨ। ਪਾਕਿ ਦੇ ਪ੍ਰਧਾਨ ਮੰਤਰੀ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੀ ਆਗਾਮੀ ਨੀਤੀ ਬਾਰੇ ਆਪਣੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕੂਟਨੀਤਕ ਤੌਰ ‘ਤੇ ਭਾਰਤ ਨੂੰ ਵਿਸ਼ਵ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ‘ਚ ਘੇਰਨ ਦੀ ਗੱਲ ਤੋਂ ਸ਼ੁਰੂ ਹੋ ਕੇ ਭਾਰਤ ਨਾਲ ਸੰਭਾਵੀ ਜੰਗ ਛਿੜਨ ਅਤੇ ਪ੍ਰਮਾਣੂ ਬੰਬ ਚਲਾਉਣ ਤੱਕ ਦੀਆਂ ਧਮਕੀਆਂ ਦੇ ਚੁੱਕੇ ਹਨ।
ਪਿਛਲੇ 70-72 ਸਾਲਾਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਤਿੰਨ ਜੰਗਾਂ ਹੋ ਚੁੱਕੀਆਂ ਹਨ, ਲੁਕਵੀਂ ਅਤੇ ਸ਼ੀਤ ਜੰਗ ਹਰ ਰੋਜ਼ ਹੁੰਦੀ ਹੈ। ਹਰੇਕ ਜੰਗ ਅੰਨ੍ਹੇ ਘੋੜਿਆਂ ‘ਤੇ ਸਵਾਰ ਦੋ ਤੀਰਅੰਦਾਜ਼ਾਂ ਦੀ ਖੇਡ ਹੋ ਨਿਬੜਦੀ ਹੈ ਜਿਸ ਵਿਚ ਨਾ ਕੋਈ ਜਿੱਤਦਾ ਤੇ ਨਾ ਹਾਰਦਾ ਹੈ, ਮੁੜ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਗੱਲਬਾਤ ਅਤੇ ਮਿੱਤਰਤਾ ਰਾਹੀਂ ਮਸਲੇ ਸੁਲਝਾਉਣ ਦੇ ਰਾਹ ਪੈ ਜਾਂਦੀ ਹੈ, ਪਰ ਪਹਿਲਾਂ ਵਾਲੇ ਹਾਲਾਤਾਂ ਦਾ ਦੁਹਰਾਓ ਲਗਾਤਾਰ ਜਾਰੀ ਹੈ। ਆਖ਼ਰ ਕਿਉਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਪਿਛਲੀ ਅੱਧੀ ਸਦੀ ਤੋਂ ਭਰੋਸੇ ਦੀ ਡੂੰਘੀ ਖੱਡ ਖ਼ਤਮ ਨਹੀਂ ਹੋ ਰਹੀ? ਹੁਣ ਤੱਕ ਇਹੀ ਰਵਾਇਤ ਰਹੀ ਹੈ ਕਿ ਪਾਕਿਸਤਾਨ ਸਰਕਾਰ ਇਕ ਪਾਸੇ ਭਾਰਤ ਨਾਲ ਦੋਸਤੀ ਦਾ ਹੱਥ ਵਧਾਉਂਦੀ ਹੈ ਤੇ ਦੂਜੇ ਪਾਸੇ ਪਾਕਿ ਵਾਲੇ ਪਾਸਿਓਂ ਭਾਰਤ ਵਿਰੁੱਧ ਸਾਜ਼ਿਸ਼ਾਂ ਕਿਉਂ ਹੁੰਦੀਆਂ ਹਨ?
ਅਸਲ ਵਿਚ ਭਾਰਤ-ਪਾਕਿ ਵਿਚਾਲੇ ਪਿਛਲੀ ਅੱਧੀ ਸਦੀ ਤੋਂ ਭਰੋਸੇ ਅਤੇ ਦੋਸਤੀ ਵਿਚਕਾਰ ਡੂੰਘੀ ਖਾਈ ਦਾ ਨਾ ਪੂਰੇ ਜਾਣ ਪਿੱਛੇ ਇਕ ਵਿਆਪਕ ਪ੍ਰਸੰਗ ਹੈ ਜਿਹੜਾ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਵਲੋਂ ਬਣਾਈ ਸੁਰੱਖਿਆ ਰਣਨੀਤੀ ਨਾਲ ਜੁੜਿਆ ਹੈ। ਉਸ ਦੀ ਇਸ ਸੁਰੱਖਿਆ ਰਣਨੀਤੀ ਦੇ ਸਿਰਜਕ ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਨੂੰ ਮੰਨਿਆ ਜਾਂਦਾ ਹੈ। ਦੇਸ਼ ਨੂੰ ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਅਲੱਗ-ਥਲੱਗ ਕਰਨ ਵਾਲੀ ਇਸ ਰਣਨੀਤੀ ਅਧੀਨ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਦੀ ਇੱਛਾ ਹੈ ਕਿ ਤਾਲਿਬਾਨੀ ਜੇਹਾਦੀ ਜਥੇਬੰਦੀਆਂ ਨੂੰ ਸਰਪ੍ਰਸਤੀ ਦੇ ਕੇ ਭਾਰਤੀ ਕਸ਼ਮੀਰ ਵਿਚ ਬਦਅਮਨੀ ਉਦੋਂ ਤੱਕ ਜਾਰੀ ਰੱਖੀ ਜਾਵੇ, ਜਦੋਂ ਤੱਕ ਕਸ਼ਮੀਰ ਪਾਕਿਸਤਾਨ ਨੂੰ ਨਹੀਂ ਮਿਲ ਜਾਂਦਾ। ਜਦੋਂ ਪਾਕਿ ਦੀ ਪੱਛਮੀ ਸਰਹੱਦ ‘ਤੇ ਸ਼ਾਸਨ ਅਨੁਕੂਲ ਹੋਵੇ ਤਾਂ ਉਹ ਆਪਣੇ ਨਵੇਂ ਬੇਰੁਜ਼ਗਾਰ ਅੱਤਵਾਦੀਆਂ ਨੂੰ ਭਾਰਤ ਵਿਚ ਘੁਸਪੈਠ ਕਰਵਾਉਣ ਲਈ ਕਸ਼ਮੀਰ ਵਿਚ ਹਿੰਸਾ ਭੜਕਾਉਂਦਾ ਹੈ। ਸੰਨ 1988 ਦੌਰਾਨ ਹਾਰੇ ਹੋਏ ਸੋਵੀਅਮ ਜਦੋਂ ਅਫ਼ਗਾਨਿਸਤਾਨ ਤੋਂ ਪਰਤੇ ਸਨ ਤਾਂ ਪਾਕਿਸਤਾਨ ਨੇ ਆਪਣੇ ਅੱਤਵਾਦੀਆਂ ਨੂੰ ਪੱਛਮੀ ਮੋਰਚੇ ਤੋਂ ਹਟਾ ਕੇ ਪੂਰਬੀ ਮੋਰਚੇ ‘ਤੇ ਤਾਇਨਾਤ ਕਰ ਦਿੱਤਾ ਸੀ, ਇਸ ਦੀ ਸ਼ਾਹਦੀ ਅੰਕੜੇ ਵੀ ਭਰਦੇ ਹਨ। ਸਾਲ 1988 ਵਿਚ ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 31 ਸੀ ਅਤੇ ਅਗਲੇ ਪੰਜ ਸਾਲਾਂ ‘ਚ ਇਸ ਵਿਚ 52 ਗੁਣਾ ਤੇਜ਼ੀ ਨਾਲ ਵਾਧਾ ਹੋਇਆ। ਸਾਲ 1993 ਵਿਚ ਇਹ ਅੰਕੜਾ 2 ਹਜ਼ਾਰ ਨੂੰ ਪਾਰ ਕਰ ਗਿਆ ਅਤੇ ਸਾਲ 2001 ਤੱਕ ਵਧਦਾ ਹੋਇਆ 3,552 ਤੱਕ ਪਹੁੰਚ ਗਿਆ। ਦੂਜੇ ਪਾਸੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ 2001 ‘ਚ ਹੋਏ ਹਮਲੇ ਤੋਂ ਬਾਅਦ ਅਮਰੀਕੀ ਫ਼ੌਜਾਂ ਅਫ਼ਗਾਨਿਸਤਾਨ ਦੀ ਧਰਤੀ ‘ਤੇ ਆ ਗਈਆਂ ਤਾਂ ਕਸ਼ਮੀਰ ‘ਚ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੈਰਾਨੀਜਨਕ ਤਰੀਕੇ ਨਾਲ ਲਗਾਤਾਰ ਘਟਣ ਲੱਗੀ। ਸਾਲ 2001 ਦੇ ਮੁਕਾਬਲੇ ਸਾਲ 2005 ਵਿਚ ਇਹ ਘੱਟ ਕੇ 1,663 ਅਤੇ ਉਸ ਤੋਂ ਘੱਟਦੀ ਹੋਈ ਸਾਲ 2011 ਤੱਕ ਮਹਿਜ 164 ਤੱਕ ਰਹਿ ਗਈ।
ਪਾਕਿਸਤਾਨ ਦੀ ਮੌਜੂਦਾ ਰਾਜਨੀਤਕ ਲੀਡਰਸ਼ਿਪ ਦੀ ਸੋਚ ਵਿਚ ਪਹਿਲਾਂ ਨਾਲੋਂ ਕਾਫ਼ੀ ਤਬਦੀਲੀ ਆਈ ਹੈ, ਉਹ ਤਾਂ ਚਾਹੁੰਦੀ ਹੈ ਕਿ ਭਾਰਤ ਦੇ ਨਾਲ ਰਿਸ਼ਤੇ ਸੁਧਾਰੇ ਜਾਣ। ਪਾਕਿਸਤਾਨ ਦੀ ਆਰਥਿਕ ਖੁਸ਼ਹਾਲੀ ਭਾਰਤ ਦੇ ਸਹਿਯੋਗ ਤੋਂ ਬਗੈਰ ਸੰਭਵ ਨਹੀਂ, ਇਸ ਗੱਲ ਨੂੰ ਪਾਕਿ ਦੀ ਮੌਜੂਦਾ ਰਾਜਨੀਤਕ ਲੀਡਰਸ਼ਿਪ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਉਸ ਨੂੰ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਜਿਹੜਾ ਅੱਤਵਾਦ ਉਸ ਦੀ ਧਰਤੀ ‘ਤੇ ਸਰਕਾਰੀ ਸ਼ਹਿ ਨਾਲ ਪਲ ਰਿਹਾ ਹੈ, ਉਹ ਹੁਣ ਉਸ ਦੇ ਲਈ ਹੀ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ। ਆਏ ਦਿਨ ਪਾਕਿਸਤਾਨ ਵਿਚ ਬੰਬ ਧਮਾਕਿਆਂ, ਹੱਤਿਆਵਾਂ ਅਤੇ ਹੋਰ ਘਟਨਾਵਾਂ ਦੌਰਾਨ ਕੀੜੇ-ਮਕੌੜਿਆਂ ਵਾਂਗ ਲੋਕ ਮਰ ਰਹੇ ਹਨ। ਪਰ ਇਸ ਦੇ ਬਾਵਜੂਦ ਭਾਰਤੀ ਖ਼ੇਤਰ ਵਿਚਲੇ ਕਸ਼ਮੀਰ ‘ਚ ਭਾਰਤ ਸਰਕਾਰ ਵਲੋਂ ‘ਵਿਸ਼ੇਸ਼ ਰਾਜ ਦਾ ਰੁਤਬਾ ਦੇਣ ਵਾਲੀ ਧਾਰਾ’ ਨੂੰ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਦੀ ਭਾਰਤ ਵਿਰੁੱਧ ਬੁਖਲਾਹਟ ਅਤੇ ਨਫ਼ਰਤ ਵੱਧ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬੇਸ਼ੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਸ਼ਵ ਨਜ਼ਰੀਆ ਰੱਖਣ ਵਾਲੇ ਵਿਅਕਤੀ ਹਨ, ਪਰ ਇਸ ਦੇ ਬਾਵਜੂਦ ਪਾਕਿਸਤਾਨ ‘ਚ ਸੱਤਾ ਸਥਾਪਤੀ ‘ਤੇ ਹਾਵੀ ਫ਼ੌਜੀ ਸਥਾਪਤੀ ਅਤੇ ਕੱਟੜ੍ਹਵਾਦੀ ਤਾਕਤਾਂ, ਜਿਨ੍ਹਾਂ ਦਾ ਹੁਣ ਤੱਕ ਕਸ਼ਮੀਰ ਦੇ ਨਾਂਅ ‘ਤੇ ਹੀ ਭਾਰਤ ਵਿਰੁੱਧ ਅਖੌਤੀ ਜੇਹਾਦ ਦਾ ਸਾਰਾ ਦਾਰੋਮਦਾਰ ਚੱਲਦਾ ਰਿਹਾ ਹੈ ਅਤੇ ਕਸ਼ਮੀਰ ਦੀ ਅਖੌਤੀ ਆਜ਼ਾਦੀ ਦੇ ਨਾਂਅ ‘ਤੇ ਹੀ ਭਾਰਤ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਹਨ, ਪਰ ਜਦੋਂ ਭਾਰਤ ਸਰਕਾਰ ਨੇ ਕਸ਼ਮੀਰ ‘ਚੋਂ ‘ਵਿਸ਼ੇਸ਼ ਰਾਜ ਦੇ ਰੁਤਬੇ’ ਵਾਲੀ ਧਾਰਾ ਖ਼ਤਮ ਕਰਨ ਦਿੱਤੀ ਤਾਂ ਪਾਕਿਸਤਾਨ ਦੀਆਂ ਕੱਟੜ੍ਹਵਾਦੀ ਤਾਕਤਾਂ ਨੂੰ ਕਸ਼ਮੀਰ ‘ਚ ਅਖੌਤੀ ਜੇਹਾਦ ਦੀ ਜ਼ਮੀਨ ਖ਼ਿਸਕਦੀ ਜਾਪ ਰਹੀ ਹੈ। ਹੌਲੀ-ਹੌਲੀ ਇਨ੍ਹਾਂ ਕੱਟੜ੍ਹ ਤਾਕਤਾਂ ਦਾ ਸਰਕਾਰ ‘ਤੇ ਦਬਾਅ ਵੱਧ ਰਿਹਾ ਹੈ ਅਤੇ ਆਪਣਾ ਸਿੰਘਾਸਣ ਡੋਲਦਾ ਵੇਖਦਿਆਂ ਹੀ ਪਾਕਿਸਤਾਨ ਸਰਕਾਰ ਹੁਣ ਭਾਰਤ ਖ਼ਿਲਾਫ਼ ਜੰਗ ਦੀਆਂ ਗੱਲਾਂ ਕਰਨ ਲੱਗ ਪਈ ਹੈ ਅਤੇ ਸਰਹੱਦ ‘ਤੇ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ। ਜੋ ਵੀ ਹੋਵੇ, ਦੱਖਣੀ ਏਸ਼ੀਆ ‘ਚ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ, ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਜੰਗੀ ਰੂਪ ਅਖ਼ਤਿਆਰ ਕਰਨੋਂ ਰੋਕਣ ਲਈ ਸੰਸਾਰ ਭਾਈਚਾਰੇ ਨੂੰ ਢੁੱਕਵਾਂ ਦਖ਼ਲ ਦੇਣਾ ਚਾਹੀਦਾ ਹੈ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …