Breaking News
Home / ਸੰਪਾਦਕੀ / ਪੰਜਾਬੀਅਤ ਨੂੰ ਧੱਬਾ ਲਾਉਂਦੀ ਘਟਨਾ

ਪੰਜਾਬੀਅਤ ਨੂੰ ਧੱਬਾ ਲਾਉਂਦੀ ਘਟਨਾ

ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ, ਜਿਸ ਨਾਲ ਸਮਾਜ ਵਿਚ ਨਮੋਸ਼ੀ ਪੈਦਾ ਹੁੰਦੀ ਹੈ, ਜਿਸ ਨਾਲ ਮਨੁੱਖੀ ਕਦਰਾਂ ਕੀਮਤਾਂ ਜ਼ਖ਼ਮੀ ਹੁੰਦੀਆਂ ਹਨ ਅਤੇ ਮਨੁੱਖੀ ਮਨ ਦੀ ਗਿਰਾਵਟ ਉਜਾਗਰ ਹੁੰਦੀ ਹੈ। ਪਿਛਲੇ ਦਿਨੀਂ ਅਜਿਹੀ ਹੀ ਘਟਨਾ ਫਤਹਿਗੜ੍ਹ ਸਾਹਿਬ ਦੇ ਨੇੜੇ ਇਕ ਪਿੰਡ ਦੀ ਸੜਕ ‘ਤੇ ਵਾਪਰੀ ਹੈ। ਕਸ਼ਮੀਰ ਤੋਂ ਉੜੀਸਾ ਭੇਜੇ ਜਾ ਰਹੇ ਸੇਬਾਂ ਦਾ ਟਰੱਕ ਪਲਟ ਜਾਣ ਨਾਲ ਸੜਕ ‘ਤੇ ਡਿਗੀਆਂ ਸੇਬਾਂ ਦੀਆਂ ਪੇਟੀਆਂ ਨੂੰ ਇਕਦਮ ਜਿਵੇਂ ਉਥੇ ਇਕੱਠੇ ਹੋਏ ਲੋਕਾਂ ਨੇ ਲੁੱਟਣਾ ਸ਼ੁਰੂ ਕੀਤਾ ਅਤੇ ਜਿਸ ਤਰ੍ਹਾਂ ਦੀ ਹਾਬੜ ਪਈ ਦੇਖੀ ਗਈ ਉਸ ਦੀ ਸ਼ਰਮਨਾਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਨਾਲ ਬੇਹੱਦ ਸ਼ਰਮਿੰਦਗੀ ਦਾ ਅਹਿਸਾਸ ਹੋਇਆ ਹੈ। ਦੁਰਘਟਨਾ ਵਿਚ ਟਰੱਕ ਪਲਟਣ ਨਾਲ ਡਰਾਈਵਰ ਜ਼ਖ਼ਮੀ ਹੋ ਗਿਆ ਸੀ ਤੇ ਉਹ ਨੇੜੇ ਕਿਸੇ ਸਥਾਨ ਤੋਂ ਡਾਕਟਰੀ ਸਹਾਇਤਾ ਲੈਣ ਗਿਆ ਸੀ ਤੇ ਪਿੱਛੋਂ ਬੇਮੁਹਾਰ ਹੋਏ ਆਲੇ-ਦੁਆਲੇ ਦੇ ਅਤੇ ਉਥੋਂ ਲੰਘਣ ਵਾਲੇ ਲੋਕਾਂ ਨੇ ਸੜਕ ‘ਤੇ ਖਿੱਲਰੀਆਂ ਅਤੇ ਪਲਟੇ ਟਰੱਕ ਵਿਚ ਪਈਆਂ ਸੇਬਾਂ ਦੀਆਂ ਪੇਟੀਆਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਜ਼ਖਮੀ ਡਰਾਈਵਰ ਵਾਪਸ ਆਇਆ ਤਾਂ ਵੀ ਸੇਬਾਂ ਦੀਆਂ ਪੇਟੀਆਂ ਲੁੱਟੀਆਂ ਜਾ ਰਹੀਆਂ ਸਨ, ਵਾਪਸ ਪਰਤੇ ਡਰਾਈਵਰ ਦੀ ਚੀਕ-ਪੁਕਾਰ ਬੇਹੱਦ ਦੁੱਖ-ਭਰੀ ਸੀ, ਪਰ ਲੋਕਾਂ ਨੇ ਉਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਡਰਾਈਵਰ ਨੇ ਪੰਜਾਬ ਵਿਚ ਅਜਿਹਾ ਹੋਣ ‘ਤੇ ਵੀ ਹੈਰਾਨੀ ਪ੍ਰਗਟ ਕੀਤੀ।
ਪੰਜਾਬ ਦੀ ਧਰਤੀ ‘ਤੇ ਅਜਿਹਾ ਦ੍ਰਿਸ਼ ਗਿਲਾਨੀ ਭਰਿਆ ਹੈ। ਅੱਜ ਹਰ ਮੌਕਾ ਮਿਲਣ ‘ਤੇ ਥਾਂ ਪੁਰ ਥਾਂ ਰਾਜ ਵਿਚ ਲੰਗਰ ਲਗਾਉਣ ਦੀ ਪ੍ਰਥਾ ਹੈ। ਪੰਜਾਬੀ ਫਰਾਖ਼ਦਿਲੀ ਲਈ ਅਤੇ ਸੇਵਾ ਭਾਵਨਾ ਲਈ ਜਾਣੇ ਜਾਂਦੇ ਹਨ। ਦੁਨੀਆ ਭਰ ਵਿਚ ਉਨ੍ਹਾਂ ਦੀ ਇਸ ਭਾਵਨਾ ਦੀ ਚਰਚਾ ਹੈ। ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਮਹਾਂਪੁਰਸ਼ਾਂ ਨੇ ਵੀ ਛੋਟੇ-ਛੋਟੇ ਲੋਭ ਲਾਲਚਾਂ ਤੋਂ ਉੱਪਰ ਉੱਠਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਹਮੇਸ਼ਾ ਪ੍ਰੇਰਨਾ ਦਿੱਤੀ ਹੈ। ਇਹ ਦ੍ਰਿਸ਼ ਸਾਹਮਣੇ ਆਉਣ ‘ਤੇ ਪੰਜਾਬੀਆਂ ਵਿਚ ਇਸ ਦਾ ਵੱਡਾ ਪ੍ਰਤੀਕਰਮ ਹੋਇਆ ਸੀ ਅਤੇ ਬਹੁਤੇ ਲੋਕਾਂ ਨੇ ਅਜਿਹਾ ਕਾਰਾ ਕਰਨ ਵਾਲਿਆਂ ਦੀ ਹਰ ਪੱਖੋਂ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਜਿਸ ਤਰ੍ਹਾਂ ਕੁਝ ਵਿਅਕਤੀਆਂ ਨੇ ਕਸ਼ਮੀਰ ਦੇ ਸੇਬਾਂ ਦੇ ਵਪਾਰੀ ਨੂੰ ਬੁਲਾ ਕੇ ਉਸ ਦੇ ਹੋਏ ਨੁਕਸਾਨ ਲਈ ਚੈਕ ਭੇਟ ਕੀਤਾ। ਉਸ ਨੇ ਪੈਦਾ ਹੋਈ ਨਮੋਸ਼ੀ ਨੂੰ ਕੁਝ ਹੱਦ ਤਕ ਜ਼ਰੂਰ ਘਟਾਇਆ ਹੈ। ਪੁਲਿਸ ਵਲੋਂ ਵੀ ਅਜਿਹਾ ਕਾਰਾ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ‘ਤੇ ਕੇਸ ਦਰਜ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਨੂੰ ਉਨ੍ਹਾਂ ਦੇ ਗੁਨਾਹ ਦੀ ਸਜ਼ਾ ਦਿਵਾਈ ਜਾ ਸਕੇ। ਬਿਨਾਂ ਸ਼ੱਕ ਅੱਜ ਜਿਸ ਤਰ੍ਹਾਂ ਲੁੱਟਾਂ-ਖੋਹਾਂ ਦਾ ਬਾਜ਼ਾਰ ਗਰਮ ਹੈ, ਉਸ ਨਾਲ ਇਕ ਵਾਰ ਤਾਂ ਆਮ ਨਾਗਰਿਕ ਠਠੰਬਰ ਕੇ ਰਹਿ ਗਿਆ ਹੈ। ਅਫ਼ਸੋਸ ਦੀ ਗੱਲ ਇਹ ਕਿ ਅਜਿਹੀਆਂ ਵਾਰਦਾਤਾਂ ਦਿਨ ਪ੍ਰਤੀਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਸੂਬੇ ‘ਤੇ ਲਗ ਰਹੇ ਨਸ਼ਿਆਂ ਦੇ ਦਾਗ਼ ਵੀ ਧੋਤੇ ਜਾਣੇ ਬੇਹੱਦ ਮੁਸ਼ਕਿਲ ਜਾਪਦੇ ਹਨ। ਜੇਕਰ ਹਰ ਪੱਧਰ ‘ਤੇ ਮਨੁੱਖੀ ਕਦਰਾਂ ਕੀਮਤਾਂ ਦਾ ਇਸੇ ਤਰ੍ਹਾਂ ਘਾਣ ਹੁੰਦਾ ਰਿਹਾ ਤਾਂ ਇਥੇ ਆਮ ਨਾਗਰਿਕ ਦਾ ਰਹਿਣਾ ਮੁਹਾਲ ਹੋ ਜਾਏਗਾ। ਇਸ ਦੇ ਨਾਲ ਹੀ ਇਸ ਧਰਤੀ ਦੀਆਂ ਪਰੰਪਰਾਵਾਂ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਰਹਿ ਜਾਣਗੀਆਂ।
ਇਸ ਸੰਬੰਧੀ ਕਸ਼ਮੀਰ ਦੇ ਸੇਬਾਂ ਦੇ ਵਪਾਰੀ ਮੁਹੰਮਦ ਸ਼ਾਹਿਦ ਨੇ ਜੋ ਭਾਵਨਾਵਾਂ ਪ੍ਰਗਟਾਈਆਂ ਹਨ, ਪੰਜਾਬੀਆਂ ਨੂੰ ਉਨ੍ਹਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਜਦੋਂ ਉਸ ਨੇ ਸੇਬਾਂ ਦੀ ਲੁੱਟ ਦੀ ਵੀਡਿਓ ਦੇਖੀ ਤਾਂ ਉਸ ਨੂੰ ਇਸ ਲਈ ਬਹੁਤ ਬੁਰਾ ਲੱਗਾ ਕਿਉਂਕਿ ਪੰਜਾਬੀਆਂ ਦੀ ਜੋ ਤਸਵੀਰ ਚਿਰਾਂ ਤੋਂ ਉਸ ਦੇ ਮਨ ਵਿਚ ਉੱਭਰੀ ਹੋਈ ਸੀ, ਇਹ ਵੀਡੀਓ ਉਸ ਤੋਂ ਬਿਲਕੁਲ ਉਲਟ ਸੀ ਅਤੇ ਪਹਿਲਾਂ ਉਸ ਨੂੰ ਇਹ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਅਜਿਹਾ ਘਟਨਾਕ੍ਰਮ ਪੰਜਾਬ ਦੀ ਧਰਤੀ ‘ਤੇ ਵੀ ਵਾਪਰਿਆ ਹੋ ਸਕਦਾ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਇਹ ਘਟਨਾ ਕਿਸੇ ਹੋਰ ਰਾਜ ਵਿਚ ਹੋਈ ਹੁੰਦੀ ਉਸ ਨੂੰ ਏਨਾ ਅਫ਼ਸੋਸ ਨਹੀਂ ਸੀ ਹੋਣਾ। ਚਾਹੇ ਕੁਝ ਸੰਵੇਦਨਸ਼ੀਲ ਪੰਜਾਬੀਆਂ ਵਲੋਂ ਉਸ ਨੂੰ ਦਿੱਤੇ ਗਏ ਚੈੱਕ ਨਾਲ ਨੁਕਸਾਨ ਦੀ ਕੁਝ ਭਰਪਾਈ ਤਾਂ ਹੋ ਸਕਦੀ ਹੈ ਪਰ ਵਾਪਰੀ ਇਸ ਘਟਨਾ ਨਾਲ ਜੋ ਨਮੋਸ਼ੀ ਹੋਈ ਹੈ ਮਨਾਂ ਨੂੰ ਉਸ ਤੋਂ ਉਭਰਨ ਲਈ ਕੁਝ ਸਮਾਂ ਜ਼ਰੂਰ ਲੱਗੇਗਾ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …