ਓਨਟਾਰੀਓ/ਬਿਊਰੋ ਨਿਊਜ਼ : ਨਵੇਂ ਹਾਊਸਿੰਗ ਕਾਨੂੰਨ ਖਿਲਾਫ ਆਵਾਜ਼ ਉਠਾਉਣ ਵਾਲੀ ਮਿਸੀਸਾਗਾ ਦੀ ਮੇਅਰ ਤੇ ਹੋਰਨਾਂ ਮਿਊਂਸਪਲ ਆਗੂਆਂ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ਿਕਾਇਤਾਂ ਕਰਨਾ ਛੱਡ ਕੇ ਉਨ੍ਹਾਂ ਦਾ ਸਾਥ ਦੇਣ ਲਈ ਆਖਿਆ ਹੈ। ਬਰੈਂਪਟਨ ਵਿੱਚ ਇੱਕ ਐਲਾਨ ਸਮੇਂ ਫੋਰਡ ਨੇ ਆਪਣੇ ਹਾਊਸਿੰਗ ਪਲੈਨ ਦਾ ਵਿਰੋਧ ਕਰਨ ਵਾਲੀ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਐਨੀਆਂ ਸ਼ਿਕਾਇਤਾਂ ਕਿਸ ਲਈ ਕੀਤੀਆਂ ਜਾ ਰਹੀਆਂ ਹਨ। ਸਾਡਾ ਬਹੁਤ ਹੀ ਤਾਂਘਵਾਣ ਟੀਚਾ ਹੈ। ਉਨ੍ਹਾਂ ਆਖਿਆ ਕਿ ਉਹ ਮਿਸੀਸਾਗਾ ਨੂੰ ਆਪਣੀ ਮਿਸਾਲ ਵਜੋਂ ਵਰਤਣਾ ਚਾਹੁੰਦੇ ਹਨ। ਮਿਸੀਸਾਗਾ ਵਿੱਚ ਅਗਲੇ ਦਸ ਸਾਲਾਂ ਵਿੱਚ 120,000 ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜੋ ਕਿ ਸਾਲਾਨਾ 2,100 ਦੇ ਔਸਤ ਟੀਚੇ ਨਾਲੋਂ 12,000 ਘਰ ਵੱਧ ਹੈ।
ਜ਼ਿਕਰਯੋਗ ਹੈ ਕਿ ਕਰੌਂਬੀ ਤੇ ਕਈ ਹੋਰਨਾਂ ਮੇਅਰਜ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਓਨਟਾਰੀਓ ਦੇ ਇਸ ਨਵੇਂ ਕਾਨੂੰਨ ਕਾਰਨ ਮਿਊਂਸਪੈਲਿਟੀਜ਼ ਨੂੰ ਇਨਫਰਾਸਟ੍ਰਕਚਰ ਦੀ ਲਾਗਤ ਕੱਢਣ ਲਈ ਪ੍ਰਾਪਰਟੀ ਟੈਕਸ ਵਿੱਚ ਵਾਧਾ ਕਰਨਾ ਹੋਵੇਗਾ। ਇਸ ਉੱਤੇ ਮਿਊਂਸਪਲ ਅਫੇਅਰਜ਼ ਐਂਡ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ ਉਹ ਚੋਣਵੀਆਂ ਮਿਊਂਸਪੈਲਿਟੀਜ਼ ਦਾ ਥਰਡ ਪਾਰਟੀ ਤੋਂ ਆਡਿਟ ਕਰਵਾਉਣਗੇ ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਨਗੇ ਕਿ ਸੱਚਮੁੱਚ ਹੀ ਇਸ ਕਾਨੂੰਨ ਕਾਰਨ ਕੋਈ ਦਿੱਕਤ ਆ ਰਹੀ ਹੈ।
ਇਸ ਦੌਰਾਨ ਫੋਰਡ ਨੇ ਆਖਿਆ ਕਿ ਮਿਸੀਸਾਗਾ ਕੋਲ ਪਹਿਲਾਂ ਹੀ ਵਿਕਾਸ ਲਈ ਕਈ ਮਿਲੀਅਨ ਡਾਲਰ ਰਾਖਵੇਂ ਪਏ ਹਨ। ਉਨ੍ਹਾਂ ਆਖਿਆ ਕਿ ਖਾਹਮਖਾਹ ਦੀਆਂ ਸ਼ਿਕਾਇਤਾਂ ਛੱਡ ਕੇ ਕਰੌਂਬੀ ਤੇ ਹੋਰਨਾਂ ਮੇਅਰਜ਼ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਕਰੌਂਬੀ ਦੇ ਆਫਿਸ ਵੱਲੋਂ ਇਸ ਟਿੱਪਣੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਬੁਲਾਰੇ ਨੇ ਆਖਿਆ ਕਿ ਉਹ ਇਸ ਬਾਰੇ ਬਾਅਦ ਵਿੱਚ ਪ੍ਰਤੀਕਿਰਿਆ ਦੇਵੇਗੀ।