Breaking News
Home / ਜੀ.ਟੀ.ਏ. ਨਿਊਜ਼ / ਪੰਜਾਬੀ ਦੇ ਹੱਥ ਆਈ ਪੀਸੀਪੀ ਪਾਰਟੀ ਦੀ ਕਮਾਨ

ਪੰਜਾਬੀ ਦੇ ਹੱਥ ਆਈ ਪੀਸੀਪੀ ਪਾਰਟੀ ਦੀ ਕਮਾਨ

ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਪਿਛਲੇ ਦਿਨੀ ਕੈਨੇਡਾ ਦੇ ਓਨਟਾਰੀਓ ਸੂਬੇ ਵਿਚਲੇ ਵਿਰੋਧੀ ਧਿਰ ਪੀ ਸੀ ਪਾਰਟੀ ਦੇ ਆਗੂ ਪੈਟਰਿਕ ਬਰਾਊਨ ਤੇ ਦੋ ਔਰਤਾਂ ਵੱਲੋਂ ਕਥਿੱਤ ਤੌਰ ‘ਤੇ ਲਾਏ ਜਿਨਸੀ ਸ਼ੋਸ਼ਣ ਤੋਂ ਬਾਅਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਏਸੇ ਤਰ੍ਹਾਂ ਓਨਟਾਰੀਓ ਪੀ ਸੀ ਪਾਰਟੀ ਦੇ ਪ੍ਰਧਾਨ ਰਿੱਕ ਡਾਇਕੈਸਟਰਾ ‘ਤੇ ਵੀ ਲੱਗੇ ਅਜਿਹੇ ਦੋਸ਼ਾਂ ਨੂੰ ਇਕ ਮੈਗਜੀਨ ਵੱਲੋਂ ਜੱਗ ਜ਼ਾਹਰ ਕਰਨ ਤੇ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ। ਪਾਰਟੀ ਵਿਧਾਨ ਮੁਤਾਬਕ ਪਾਰਟੀ ਦੇ ਮੀਤ ਪ੍ਰਧਾਨ ਨੂੰ ਅਜਿਹੇ ਮੌਕਿਆਂ ‘ਤੇ ਪ੍ਰਧਾਨ ਸਥਾਪਤ ਕੀਤਾ ਜਾਂਦਾ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੱਬੇਵਾਲ ਨੇੜਲੇ ਰਾਜਨੀ ਪਿੰਡ ਦੇ ਜੰਮਪਲ ਜੈਗ ਬਡਵਾਲ ਇਹਨੀਂ ਦਿਨੀ ਓਨਟਾਰੀਓ ਸੂਬੇ ਦੀ ਪੀ ਸੀ ਪਾਰਟੀ ਦੇ ਪ੍ਰਧਾਨ ਵੱਜੋਂ ਕੰਮ ਕਰ ਰਹੇ ਹਨ। 1987 ‘ਚ ਕੈਨੇਡਾ ਆ ਵੱਸੇ ਅਤੇ ਭਾਰਤ ਤੋਂ ਬੀ ਐੱਸ ਸੀ ਅਤੇ ਡਿਪਲੋਮਾ ਇੰਨ ਡੀ ਫਾਰਮੇਸੀ ਪਾਸ ਨੇ ਟੋਰਾਂਟੋ ਦੀ ਯੌਰਕ ਯੂਨੀਵਰਿਸਟੀ ਤੋਂ ਬੀ ਐਸ ਸੀ ਪਾਸ ਕਰਕੇ ਰੀਐਲਟਰ ਵੱਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜੈਗ ਬਡਵਾਲ ਜਿਸ ਨੇ ਕਿਸੇ ਸਮੇਂ ਪੀਸੀ ਪਾਰਟੀ ਲਈ ਵਾਲੰਟੀਅਰ ਵੱਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਪਾਰਟੀ ਦੇ ਕਈ ਅਹੁਦਿਆਂ ‘ਤੇ ਰਹਿਣ ਪਿੱਛੋਂ ਹੁਣ ਪਾਰਟੀ ਦੇ ਸੱਭ ਤੋਂ ਵੱਡੇ ਅਹੁਦੇ ਪਰਧਾਨਗੀ ਤੇ ਜਾ ਬਿਰਾਜੇ। ਭਾਵੇਂ ਹਾਲ ਦੀ ਘੜੀ ਇਹ ਅਹੁਦਾ ਜੈਗ ਬਡਵਾਲ ਲਈ ਵੱਡੀਆਂ ਚੁਣੌਤੀਆਂ ਭਰਿਆ ਹੈ ਪਰ ”ਪੰਜਾਬੀ ਆਪਣੀ ਧੁੰਨ ਦੇ ਪੱਕੇ” ਦੇ ਅਖਾਣ ਅਨੁਸਾਰ ਆਸ ਕੀਤੀ ਜਾਂਦੀ ਹੈ ਕਿ ਉਹ ਪੀ ਸੀ ਪਾਰਟੀ ਦੀ ਔਖੀ ਘੜੀ ਦੌਰਾਨ ਪਾਰਟੀ ਵੱਲੋਂ ਲਏ ਜਾਣ ਵਾਲੇ ਵੱਡੇ ਅਤੇ ਵਧੀਆ ਫੈਸਲਿਆਂ ‘ਚ ਸਹਾਈ ਹੋਣਗੇ ਕਿਉਂਕਿ ਇਹਨੀਂ ਦਿਨੀਂ ਨਵੇਂ ਪਾਰਟੀ ਆਗੂ ਦੀ ਚੋਣ ਜਿਸ ਦੇ ਚਿਹਰੇ ਨੂੰ ਸਾਹਮਣੇ ਰੱਖ ਕੇ 7 ਜੂਨ 18 ਨੂੰ ਹੋਣ ਵਾਲੀਆਂ ਓਨਟਾਰੀਓ ਸੂਬੇ ਦੀਆਂ ਚੋਣਾਂ ਲੜੀਆਂ ਜਾਣੀਆਂ ਹਨ ਅਤੇ ਜੇ ਪੀ ਸੀ ਪਾਰਟੀ ਨੂੰ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਉਹਨਾਂ ਦੀ ਪਾਰਟੀ ਪ੍ਰੀਮੀਅਰ (ਮੁੱਖ ਮੰਤਰੀ) ਦੇ ਅਹੁਦੇ ਲਈ ਆਸਵੰਦ ਹੈ। 10 ਮਾਰਚ ਨੂੰ ਹੋਣ ਵਾਲੀ ਪਾਰਟੀ ਨੇਤਾ ਦੀ ਚੋਣ ਲਈ ਦਾਅਵੇਦਾਰਾਂ ‘ਚ ਸਾਬਕਾ ਪ੍ਰਧਾਨ ਮੰਤਰੀ ਬਰਾਇਨ ਮਲਰੌਨੀ ਦੀ ਬੇਟੀ 43 ਸਾਲਾ ਕੈਰੋਲੀਨ ਮੈਲਰੋਨੀ ਚਾਰ ਬੱਚਿਆਂ ਦੀ ਮਾਂ ਅਤੇ ਕਿੱਤੇ ਵੱਜੋਂ ਵਕੀਲ ਹੈ, ਦੂਜੀ ਦਾਅਵੇਦਾਰ ਸੂਬੇ ‘ਚ ਦੋ ਵਾਰ ਚੁਣੀ ਗਈ ਐਮ ਪੀ ਪੀ ਅਤੇ ਕੈਨੇਡਾ ਦੇ ਸਾਬਕਾ ਫਾਈਨੈਂਸ ਮੰਤਰੀ ਜਿੰਮ ਫਲੈਹਰਟੀ ਦੀ 63 ਸਾਲਾ ਪਤਨੀ ਕ੍ਰਿਸਟੀਨ ਈਲੀਅਟ ਹੈ, ਜਦੋਂ ਕਿ ਇਸ ਅਹੁਦੇ ਦੇ ਤੀਸਰੇ ਉਮੀਦਵਾਰ ਸਿਟੀ ਆਫ ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੇ ਭਰਾ ਡੱਗ ਫੋਰਡ ਹਨ। ਪਾਰਟੀ ਨੇਤਾ ਦੇ ਇਹਨਾਂ ਤਿੰਨਾਂ ਉਮੀਦਵਾਰਾਂ ‘ਚੋਂ ਕਿਸੇ ਇਕ ਦੀ ਚੋਣ ਪੀ ਸੀ ਪਾਰਟੀ ਦੇ ਮੈਂਬਰਾਂ ਵੱਲੋਂ 10 ਮਾਰਚ ਨੂੰ ਵੋਟਾਂ ਰਾਹੀਂ ਕੀਤੀ ਜਾਣੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …