Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਸਰਕਾਰ ਸਕੂਲਾਂ ਨੂੰ ਦੇਵੇਗੀ 2 ਬਿਲੀਅਨ ਡਾਲਰ ਦਾ ਫੰਡ

ਟਰੂਡੋ ਸਰਕਾਰ ਸਕੂਲਾਂ ਨੂੰ ਦੇਵੇਗੀ 2 ਬਿਲੀਅਨ ਡਾਲਰ ਦਾ ਫੰਡ

ਕਰੋਨਾ ਮਹਾਂਮਾਰੀ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਤਿਆਰੀ
ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਕੈਨੇਡਾ ਵਿਚ ਜੱਦੋ-ਜਹਿਦ ਚੱਲ ਰਹੀ ਹੈ। ਅਜਿਹੇ ਮਾਹੌਲ ਵਿਚ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਦੀ ਬਹੁਤ ਚਿੰਤਾ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਜਸਟਿਨ ਟਰੂਡੋ ਸਰਕਾਰ ਨੇ ਸਕੂਲਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੀਆਂ ਟੈਰੇਟਰੀਜ਼ ਅਤੇ ਸੂਬਿਆਂ ਦੇ ਸਕੂਲਾਂ ਨੂੰ 2 ਬਿਲੀਅਨ ਡਾਲਰ ਦਾ ਫੰਡ ਦੇਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਵਾਸਤੇ ਇਹ ਫੰਡ ਦੋ ਕਿਸ਼ਤਾਂ ਵਿਚ ਦਿੱਤਾ ਜਾਵੇਗਾ। ਇਸ ਵਿਚੋਂ 1 ਬਿਲੀਅਨ ਡਾਲਰ ਫੰਡ ਹੁਣ ਦਿੱਤਾ ਜਾਵੇਗਾ ਤਾਂ ਕਿ ਸਤੰਬਰ ਵਿਚ ਖੁੱਲ੍ਹਣ ਵਾਲੇ ਸਕੂਲਾਂ ਦੀ ਮੁਰੰਮਤ ਤੇ ਸੁਰੱਖਿਆ ਉਪਕਰਣਾਂ ਦੀ ਪੂਰਤੀ ਕੀਤੀ ਜਾ ਸਕੇ। ਇਸ ਦੇ ਇਲਾਵਾ ਬਾਕੀ ਦਾ ਇਕ ਬਿਲੀਅਨ ਡਾਲਰ ਦਾ ਵੰਡ ਸਕੂਲਾਂ ਨੂੰ ਜਨਵਰੀ ਮਹੀਨੇ ਮਿਲੇਗਾ।
ਸਿਹਤ ਮਾਹਰਾਂ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਵਿਚ ਕਲਾਸਾਂ ਦਾ ਆਕਾਰ ਘੱਟ ਕੀਤਾ ਜਾਵੇ, ਭਾਵ ਇਕ ਕਲਾਸ ਵਿਚ ਵੱਧ ਤੋਂ ਵੱਧ 15 ਵਿਦਿਆਰਥੀ ਹੋਣ। ਇਸ ਤੋਂ ਇਲਾਵਾ ਸਰੀਰਕ ਦੂਰੀ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਮਾਸਕ ਪਾਉਣਾ ਲਾਜ਼ਮੀ ਕੀਤਾ ਜਾਵੇ। ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੈਸੋ ਨੇ ਕਿਹਾ ਕਿ ਵੈਂਟੀਲੇਸ਼ਨ ਖੇਤਰ ਵਿਚ ਸੂਬਾ ਸਰਕਾਰ ਨੇ ਹਾਲ ਹੀ ਵਿਚ 50 ਮਿਲੀਅਨ ਡਾਲਰ ਦੀ ਵੱਧ ਮੱਦਦ ਦੇਣ ਦਾ ਐਲਾਨ ਕੀਤਾ ਹੈ। ਸਕੂਲ ਬੋਰਡਾਂ ਨੂੰ ਹਦਾਇਤ ਦਿੱਤੀ ਜਾ ਰਹੀ ਹੈ ਕਿ ਉਹ ਪੁਰਾਣੀਆਂ ਸਕੂਲੀ ਇਮਾਰਤਾਂ ਦੀ ਚੰਗੀ ਤਰ੍ਹਾਂ ਮੁਰੰਮਤ ਕਰਾਉਣ। ਸੂਤਰਾਂ ਮੁਤਾਬਕ ਕੁਝ ਸਕੂਲ ਇਸ ਹਫਤੇ ਖੋਲ੍ਹਣ ਅਤੇ ਕੁਝ ਸਕੂਲਾਂ ਨੂੰ ਅਗਲੇ ਹਫਤੇ ਖੋਲ੍ਹਣ ਲਈ ਤਿਆਰੀ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸੂਬਾ ਤੇ ਟੈਰੇਟਰੀ ਆਗੂਆਂ ਨੂੰ ਇਹ ਅਜ਼ਾਦੀ ਹੋਵੇਗੀ ਕਿ ਉਹ ਸੰਘੀ ਸਰਕਾਰ ਵਲੋਂ ਸਕੂਲਾਂ ਨੂੰ ਅਲਾਟ ਕੀਤੇ ਗਏ ਫੰਡ ਦੀ ਵਰਤੋਂ ਆਪਣੇ ਹਿਸਾਬ ਨਾਲ ਕਰ ਸਕਣਗੇ। ਉਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਵੱਜੋਂ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਮਾਪੇ ਅਜੇ ਦੀ ਦੁਚਿੱਤੀ ਵਿਚ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ, ਪਰ ਕਈ ਮਾਪਿਆਂ ਦਾ ਮੰਨਣਾ ਹੈ ਕਿ ਜੇਕਰ ਬੱਚਿਆਂ ਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਸਕੂਲ ਜਾ ਕੇ ਪੜ੍ਹਾਈ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …