
ਬਿਕਰਮ ਮਜੀਠੀਆ ਨੇ ਸੰਜੇ ਸਿੰਘ ਖਿਲਾਫ ਕੀਤਾ ਹੋਇਆ ਹੈ ਕੇਸ
ਲੁਧਿਆਣਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਆਪਣੇ ਉਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਮੁੱਢ ਤੋਂ ਨਕਾਰ ਦਿੱਤਾ ਹੈ। ਸੰਜੇ ਸਿੰਘ ਨੇ ਇਹ ਬਿਆਨ ਲੁਧਿਆਣਾ ਦੀ ਅਦਾਲਤ ਵਿਚ ਫੌਜਦਾਰੀ ਜ਼ਾਬਤਾ ਦੀ ਧਾਰਾ 313 ਤਹਿਤ ਦਰਜ ਕਰਵਾਏ ਹਨ। ਮਾਮਲੇ ਦੀ ਸੁਣਵਾਈ ਦੌਰਾਨ ਬਿਕਰਮ ਸਿੰਘ ਮਜੀਠੀਆ ਅਦਾਲਤ ਵਿਚ ਪੇਸ਼ ਨਹੀਂ ਹੋਏ, ਕਿਉਂਕਿ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਪਹਿਲਾਂ ਹੀ ਛੋਟ ਮਿਲੀ ਹੋਈ ਹੈ। ਸੰਜੇ ਸਿੰਘ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਿਆ, ਜਿਨ੍ਹਾਂ ਵਿਚ ਮਜੀਠੀਆ ਨੇ ਉਨ੍ਹਾਂ ’ਤੇ ਪੰਜਾਬ ਅੰਦਰ ਨਸ਼ਾ ਤਸਕਰੀ ਨਾਲ ਨਾਮ ਜੋੜ ਕੇ ਇਤਰਾਜ਼ਯੋਗ ਬਿਆਨਬਾਜ਼ੀ ਕਰਨ ਦੇ ਦੋਸ਼ ਲਗਾਏ ਸਨ। ਮਾਨਯੋਗ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਡੇਜ਼ੀ ਬੰਗੜ ਦੀ ਅਦਾਲਤ ਨੇ ਮਾਮਲੇ ਦੀ ਅੰਤਿਮ ਬਹਿਸ ਲਈ 10 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 2016 ਦਾ ਹੈ, ਉਸ ਸਮੇਂ ਮਜੀਠੀਆ ਨੇ ਸੰਜੇ ਸਿੰਘ ਖਿਲਾਫ ਇਹ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਸੀ। ਮਜੀਠੀਆ ਦਾ ਇਲਜ਼ਾਮ ਸੀ ਕਿ ਸੰਜੇ ਸਿੰਘ ਨੇ ਉਨ੍ਹਾਂ ਦਾ ਨਾਮ ਨਸ਼ਾ ਤਸਕਰੀ ਨਾਲ ਜੋੜ ਕੇ ਝੂਠੇ ਤੇ ਮਾਣਹਾਨੀ ਵਾਲੇ ਬਿਆਨ ਦਿੱਤੇ ਸਨ, ਜਿਸਦਾ ਮਕਸਦ ਉਨ੍ਹਾਂ ਦੇ ਅਕਸ਼ ਨੂੰ ਢਾਹ ਲਾਉਣਾ ਅਤੇ ਜਨਤਕ ਤੌਰ ’ਤੇ ਬਦਨਾਮ ਕਰਨਾ ਸੀ।

