
ਉਤਰਾਖੰਡ ’ਚ ਇਕ ਸ਼ੋਅ ਦੌਰਾਨ ਦਲੇਰ ਮਹਿੰਦੀ ’ਤੇ ਸ਼ਰਾਬ ਪੀ ਕੇ ਪਹੁੰਚਣ ਦੇ ਲੱਗੇ ਹਨ ਇਲਜ਼ਾਮ
ਮੁਹਾਲੀ/ਬਿਊਰੋ ਨਿਊਜ਼
ਉਤਰਾਖੰਡ ਵਿਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਸਮਰਥਨ ਵਿਚ ਕਈ ਫਿਲਮੀ ਅਦਾਕਾਰ ਆ ਗਏ ਹਨ। ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਲੇਰ ਮਹਿੰਦੀ ਉਤੇ ਵਿਸਵਾਸ਼ ਪ੍ਰਗਟਾਇਆ ਹੈ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਅਨੁਪਮ ਖੇਰ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ, ਕਿਸੇ ਨਾਲ ਵੀ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿੰਨਾ ਮੈਂ ਦਲੇਰ ਮਹਿੰਦੀ ਨੂੰ ਜਾਣਦਾ ਹੈ, ਉਹ ਸ਼ਰਾਬ ਨਹੀਂ ਪੀਂਦੇ। ਇਸ ਤੋਂ ਪਹਿਲਾਂ ਦਲੇਰ ਮਹਿੰਦੀ ਦੇ ਛੋਟੇ ਭਰਾ ਮੀਕਾ ਸਿੰਘ, ਕਾਮੇਡੀਅਨ ਕਪਲ ਸ਼ਰਮਾ ਅਤੇ ਰੈਪਰ ਬਾਦਸ਼ਾਹ ਨੇ ਵੀ ਖੁੱਲ੍ਹ ਕੇ ਦਲੇਰ ਮਹਿੰਦੀ ਦਾ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਘੀ 18 ਅਕਤੂਬਰ ਨੂੰ ਉਤਰਾਖੰਡ ਦੇ ਟਿਹਰੀ ਵਿਚ ਆਯੋਜਿਤ ‘ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ’ ਦੌਰਾਨ ਉਥੋਂ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਅਚਾਨਕ ਮੰਚ ’ਤੇ ਆ ਗਏ। ਉਨ੍ਹਾਂ ਨੇ ਦਲੇਰ ਮਹਿੰਦੀ ਦੀ ਪੇਸ਼ਕਾਰੀ ਨੂੰ ਵਿਚਕਾਰ ਹੀ ਰੁਕਵਾ ਦਿੱਤਾ ਅਤੇ ਉਨ੍ਹਾਂ ’ਤੇ ‘ਲਿਪ-ਸਿੰਕਿੰਗ’ ਅਤੇ ਸ਼ਰਾਬ ਦੇ ਨਸ਼ੇ ਵਿਚ ਹੋਣ ਦਾ ਇਲਜ਼ਾਮ ਲਗਾਇਆ ਅਤੇ ਦਲੇਰ ਮਹਿੰਦੀ ਨੂੰ ਝਿੜਕਾਂ ਵੀ ਮਾਰੀਆਂ ਸਨ।

