ਪ੍ਰਭਜੋਤ ਸਿੰਘ (Local Journalism Initiative Reporter)
ਟੋਰਾਂਟੋ : ਕੈਨੇਡਾ ‘ਚ ਮਕਾਨਾਂ ਦੀਆਂ ਕੀਮਤਾਂ ਵਿੱਚ 2026 ਦੀ ਤੀਜੀ ਤਿਮਾਹੀ ਦੌਰਾਨ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਰੀਅਲ ਅਸਟੇਟ ਕੰਪਨੀ ਰਾਇਲ ਲੇਪੇਜ ਦੀ ਰਿਪੋਰਟ ਅਨੁਸਾਰ, ਦੇਸ਼ ਦੇ ਜ਼ਿਆਦਾਤਰ ਵੱਡੇ ਬਾਜ਼ਾਰਾਂ ਵਿੱਚ ਮਕਾਨਾਂ ਦੀ ਖਰੀਦ-ਵੇਚ ਦੀ ਸਰਗਰਮੀ ਸੁਸਤ ਰਹੀ। ਹਾਲਾਂਕਿ, ਚੌਥੀ ਤਿਮਾਹੀ ਦੌਰਾਨ ਮਕਾਨਾਂ ਦੀਆਂ ਸਮੁੱਚੀਆਂ ਕੀਮਤਾਂ ਵਿੱਚ ਇੱਕ ਫੀਸਦੀ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ, ਕੈਨੇਡਾ ਵਿੱਚ ਮਕਾਨਾਂ ਦੀ ਸਮੁੱਚੀ ਔਸਤ ਕੀਮਤ ਸਾਲਾਨਾ ਆਧਾਰ ‘ਤੇ 0.8 ਫੀਸਦੀ ਘਟ ਕੇ 8,10,000 ਡਾਲਰ ਰਹਿ ਗਈ। ਦੂਜੀ ਤਿਮਾਹੀ ਦੇ ਮੁਕਾਬਲੇ ਕੀਮਤਾਂ ਵਿੱਚ 0.6 ਫ਼ੀਸਦੀ ਦੀ ਕਮੀ ਆਈ। ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਕੀਮਤਾਂ ਦੀ ਗਿਰਾਵਟ ਕੌਮੀ ਔਸਤ ਨਾਲੋਂ ਵੱਧ ਰਹੀ। 2026 ਦੀ ਤੀਜੀ ਤਿਮਾਹੀ ਦੌਰਾਨ ਇੱਥੇ ਮਕਾਨਾਂ ਦੀ ਸਮੁੱਚੀ ਔਸਤ ਕੀਮਤ ਸਾਲਾਨਾ ਆਧਾਰ ‘ਤੇ 3.7 ਫ਼ੀਸਦੀ ਘਟ ਕੇ 10,73,100 ਡਾਲਰ ਰਹਿ ਗਈ। ਦੂਜੀ ਤਿਮਾਹੀ ਦੇ ਮੁਕਾਬਲੇ ਵੀ ਕੀਮਤਾਂ ਵਿੱਚ 2.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

