‘ਟਾਈਮ’ ਰਸਾਲੇ ਦੇ ‘ਪਰਸਨ ਆਫ ਦਿ ਯੀਅਰ’ ਸਨਮਾਨ ਦੀ ਦੌੜ ‘ਚ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਸ਼ਾਮਲ
ਪ੍ਰਭਜੋਤ ਸਿੰਘ (Local Journalism Initiative Reporter)
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਅੱਗੇ ਆਪਣੇ ਮੁਲਕ ਦਾ ਮਜ਼ਬੂਤੀ ਨਾਲ ਪੱਖ ਰੱਖ ਕੇ ਆਲਮੀ ਪੱਧਰ ‘ਤੇ ਵੱਖਰੀ ਪਛਾਣ ਬਣਾਈ ਹੈ। ਕਾਰਨੀ ਦੇ ਇਸੇ ਅੰਦਾਜ਼ ਕਾਰਨ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਅਤੇ ‘ਟਾਈਮ’ ਰਸਾਲੇ ਦੇ ‘ਪਰਸਨ ਆਫ ਦਿ ਯੀਅਰ’ ਜਿਹੇ ਵੱਕਾਰੀ ਸਨਮਾਨਾਂ ਦੀ ਦੌੜ ‘ਚ ਦੇਖਿਆ ਜਾ ਰਿਹਾ ਹੈ। ਅਮਰੀਕਾ ਆਧਾਰਿਤ ਅੰਦਾਜ਼ੇ ਲਗਾਉਣ ਨਾਲ ਜੁੜੇ ਬਾਜ਼ਾਰ ‘ਕਲਸ਼ੀ’ ਵਿਚ ਕਾਰਨੀ ਦੇ ਦੋਵੇਂ ਸਨਮਾਨ ਹਾਸਲ ਕਰਨ ਦੀਆਂ ਸੰਭਾਵਨਾਵਾਂ ਦੇ ਕਿਆਸ ਲਾਏ ਜਾ ਰਹੇ ਹਨ।
ਕਾਰਨੀ ਕੁਝ ਸਮੇਂ ਲਈ 2026 ਦੇ ਨੋਬੇਲ ਸ਼ਾਂਤੀ ਪੁਰਸਕਾਰ ਦੇ ਸੰਭਾਵੀ ਜੇਤੂਆਂ ‘ਚ ਅੱਗੇ ਰਹੇ। ਕਾਰੋਬਾਰੀਆਂ ਨੇ ਉਨ੍ਹਾਂ ਦੀ ਸੰਭਾਵਨਾ 14 ਫ਼ੀਸਦ ਪਰਗਟ ਕੀਤੀ ਪਰ ਬਾਅਦ ‘ਚ ਇਹ ਘਟ ਗਈ। ਨੋਬੇਲ ਕਮੇਟੀ ਦੀ 9 ਅਕਤੂਬਰ ਨੂੰ ਓਸਲੋ ‘ਚ ਐਲਾਨੇ ਜਾਣ ਵਾਲੀ ਸੂਚੀ ‘ਚ ਕਾਰਨੀ ਦੇ ਸ਼ਾਮਲ ਹੋਣ ਦਾ ਕੋਈ ਜਨਤਕ ਸਬੂਤ ਨਹੀਂ ਹੈ।
ਉਂਝ ਨੋਬੇਲ ਪੁਰਸਕਾਰ ਬਾਰੇ ਚਰਚਾ ਨਾਲ ਕਾਰਨੀ ਦੇ ਉਸ ਸੁਨੇਹੇ ਵੱਲ ਧਿਆਨ ਗਿਆ ਹੈ ਜਿਸ ਨੇ ਉਨ੍ਹਾਂ ਦੀ ਆਲਮੀ ਪਛਾਣ ਬਣਾਈ ਹੈ। ਉਨ੍ਹਾਂ ਆਖਿਆ ਸੀ, ”ਦਰਮਿਆਨੀਆਂ ਤਾਕਤਾਂ ਵਾਲੇ ਮੁਲਕਾਂ ਨੂੰ ਆਪਣੀ ਖ਼ੁਦਮੁਖ਼ਤਾਰੀ ਦੀ ਰੱਖਿਆ ਲਈ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਵੱਡੀਆਂ ਤਾਕਤਾਂ ਆਰਥਿਕ ਅਤੇ ਫ਼ੌਜੀ ਦਬਾਅ ਦੀ ਵਰਤੋਂ ਵਧਾ ਰਹੀਆਂ ਹਨ।”
ਉੱਧਰ, ‘ਟਾਈਮ’ ਨੇ ਕਾਰਨੀ ਨੂੰ 2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ‘ਚ ਸ਼ਾਮਲ ਕੀਤਾ ਸੀ ਅਤੇ ਕਿਹਾ ਸੀ ਕਿ ਟਰੰਪ ਦੇ ਦਬਾਅ ਦਾ ਡਟ ਕੇ ਸਾਹਮਣਾ ਕਰਨ ਕਰ ਕੇ ਉਨ੍ਹਾਂ ਦੀ ਮਕਬੂਲੀਅਤ ਵਧੀ ਹੈ। ਬਾਜ਼ਾਰ ਵਿਚ ‘ਪਰਸਨ ਆਫ ਦਿ ਯੀਅਰ’ ਲਈ ਕਾਰਨੀ ਦੂਜੇ ਸਥਾਨ ‘ਤੇ ਸਨ ਅਤੇ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਉਨ੍ਹਾਂ ਤੋਂ ਅੱਗੇ ਸਨ।
ਟਰੰਪ ਦੇ ਵਿਰੋਧ ਕਾਰਨ ਮਾਰਕ ਕਾਰਨੀ ਨੂੰ ਨੋਬਲ ਪ੍ਰਾਈਜ਼ ਦੇਣ ਦੀ ਚਰਚਾ
RELATED ARTICLES

