Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਵਰਕ ਪਰਮਿਟ ਤੋਂ ਇਨਕਾਰ ਦੀ ਦਰ ਵਾਧੇ ਵੱਲ

ਕੈਨੇਡਾ ਦੇ ਵਰਕ ਪਰਮਿਟ ਤੋਂ ਇਨਕਾਰ ਦੀ ਦਰ ਵਾਧੇ ਵੱਲ

ਵਿਆਹਾਂ ਦੀ ਸੌਦੇਬਾਜ਼ੀ ਬਾਰੇ ਪੁੱਛ ਪੜਤਾਲ ਵਧੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਵਰਕ ਪਰਮਿਟ ਦਾ ਵੀਜ਼ਾ ਲੈ ਕੇ ਕੈਨੇਡਾ ਪੁੱਜਣ ‘ਚ ਲੰਘੇ ਚਾਰ ਕੁ ਸਾਲਾਂ ਤੋਂ ਬਹੁਤ ਤੇਜ਼ੀ ਆਈ ਹੋਈ ਹੈ। ਉਨ੍ਹਾਂ ‘ਚ ਵਿਦਿਆਰਥੀ ਵਜੋਂ ਜਾ ਰਹੇ ਕੁੜੀਆਂ ਅਤੇ ਮੁੰਡਿਆਂ ਦੇ ਪਤੀ ਅਤੇ ਪਤਨੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ। ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਕੈਨੇਡੀਅਨ ਵਰਕ ਪਰਮਿਟ ਦੀ ਮਿਲੀ ਸਹੂਲਤ ‘ਚ ਲੋਕਾਂ ਵਲੋਂ ਸੰਗਠਿਤ ਰੂਪ ‘ਚ ਵੱਡੀ ਘਪਲੇਬਾਜ਼ੀ ਕਰਨ ਬਾਰੇ ਵੀ ਪਤਾ ਲੱਗਦਾ ਰਹਿੰਦਾ ਹੈ ਜਿਸ ਦੀ ਕੁਝ ਮਾਮਲਿਆਂ ‘ਚ ਭਿਣਕ ਅੰਬੈਸੀ ਦੇ ਅਧਿਕਾਰੀਆਂ ਨੂੰ ਵੀ ਪੈ ਚੁੱਕੀ ਹੋਈ ਹੈ। ਇਹੀ ਕਾਰਨ ਹੈ ਕਿ ਵਿਆਹਾਂ ਦੀ ਸੌਦੇਬਾਜ਼ੀ ਬਾਰੇ ਪੁੱਛ-ਪੜਤਾਲ ਵਧੀ ਹੋਈ ਹੈ ਤਾਂ ਕਿ ਕੈਨੇਡਾ ਵਿਚ ਪਹੁੰਚਣ ਲਈ ਕੀਤੇ ਜਾਂਦੇ ਨਕਲੀ ਰਿਸ਼ਤਿਆਂ ਦੀ ਪੈੜ ਦੱਬੀ ਜਾ ਸਕੇ। ਲੰਘੀ 16 ਜਨਵਰੀ ਨੂੰ ਕੈਨੇਡਾ ਵਿਚ ਫੈਡਰਲ ਕੋਰਟ ਦਾ ਇਕ ਸਖ਼ਤ ਫ਼ੈਸਲਾ ਆਇਆ ਹੈ ਜਿਸ ਦਾ ਸਖ਼ਤ ਅਸਰ ਭਵਿੱਖ ਵਿਚ ਵਰਕ ਪਰਮਿਟ ਦੀਆਂ ਅਰਜ਼ੀਆਂ ਉੱਪਰ ਪੈਣ ਦੇ ਪੱਕੇ ਆਸਾਰ ਹਨ। ਉਹ ਫ਼ੈਸਲਾ ਅੰਮ੍ਰਿਤਵੀਰ ਸਿੰਘ ਬੈਂਸ ਨੂੰ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਤੋਂ ਵਰਕ ਪਰਮਿਟ ਦੀ ਹੋਈ ਨਾਂਹ ਬਾਰੇ ਹੈ। ਉਸ ਨੇ ਕੈਨੇਡਾ ਵਿਚ ਪੜ੍ਹਦੀ ਆਪਣੀ ਪਤਨੀ ਨਾਲ ਜਾ ਕੇ ਰਹਿਣਾ ਸੀ। ਇੰਟਰਵਿਊ ਦੌਰਾਨ ਉਹ ਵੀਜ਼ਾ ਅਫ਼ਸਰ ਦੇ (ਸਧਾਰਨ) ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ ਤਾਂ ਉਸ ਨੂੰ ਵਰਕ ਪਰਮਿਟ ਤੋਂ ਨਾਂਹ ਤਾਂ ਕਰ ਹੀ ਦਿੱਤੀ ਗਈ, ਇਸ ਦੇ ਨਾਲ ਹੀ ਅਫ਼ਸਰ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਦੇ ਕਸੂਰ ਕਾਰਨ 5 ਸਾਲਾਂ ਵਾਸਤੇ ਕੈਨੇਡਾ ਤੋਂ ਬੈਨ ਵੀ ਕਰ ਦਿੱਤਾ ਗਿਆ। ਕੈਨੇਡਾ ਦਾ ਇਮੀਗ੍ਰੇਸ਼ਨ ਕਾਨੂੰਨ ਅਜਿਹਾ ਹੈ ਕਿ ਜੇਕਰ ਪਰਿਵਾਰ ਦਾ ਇਕ ਜੀਅ ਬੈਨ ਕਰ ਦਿੱਤਾ ਜਾਵੇ ਤਾਂ ਸਾਰੇ ਪਰਿਵਾਰ ਨੂੰ ਬੈਨ ਸਮਝਿਆ ਜਾਂਦਾ ਹੈ। ਇਸ ਦਾ ਭਾਵ ਹੈ ਕਿ ਅੰਮ੍ਰਿਤਵੀਰ ਦੀ ਪਤਨੀ ਹੁਣ ਖ਼ੁਦ ਕੈਨੇਡਾ ਵਿਚ ਪੱਕੀ ਹੋਣ ਵਾਸਤੇ ਅਗਲੇ ਕੁਝ ਸਾਲਾਂ ਦੌਰਾਨ ਅਰਜ਼ੀ ਨਹੀਂ ਕਰ ਸਕੇਗੀ।
ਅੰਮ੍ਰਿਤਵੀਰ ਦੇ ਮਾਪੇ ਅਤੇ ਪਤਨੀ ਸਿਮਰਨਜੀਤ ਕੌਰ ਕੈਨੇਡਾ ਵਿਚ ਹਨ। ਕੇਸ ਦੀ ਇਬਾਰਤ ਮੁਤਾਬਕ ਉਹ ਉੱਥੇ ਇਕੱਠੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਉੱਥੇ ਫੈਡਰਲ ਕੋਰਟ ਵਿਚ ਅਪੀਲ ਕੀਤੀ ਸੀ ਤਾਂ ਕਿ ਅੰਬੈਸੀ ਦਾ ਫ਼ੈਸਲਾ ਬਦਲਿਆ ਜਾ ਸਕੇ। ਅਦਾਲਤ ਦੇ ਜੱਜ ਕੀਥ ਬੋਸਵੈਲ ਨੇ ਸਖ਼ਤ ਰੁੱਖ ਅਪਣਾਉਂਦਿਆਂ ਅਪੀਲ ਰੱਦ ਕਰ ਦਿੱਤੀ ਹੈ ਅਤੇ ਅੰਮ੍ਰਿਤਵੀਰ ਦੀ ਅਰਜ਼ੀ ਰੱਦ ਕਰਨ ਬਾਰੇ ਅੰਬੈਸੀ ਦੇ ਫ਼ੈਸਲੇ ਨੂੰ ਢੁਕਵਾਂ ਕਰਾਰ ਦਿੱਤਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …