Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਪਤਨੀ ਤੇ ਸੱਸ ਦੇ ਕਾਤਲ ਪੰਜਾਬੀ ਨੂੰ ਦੋਹਰੀ ਉਮਰ ਕੈਦ

ਬਰੈਂਪਟਨ ‘ਚ ਪਤਨੀ ਤੇ ਸੱਸ ਦੇ ਕਾਤਲ ਪੰਜਾਬੀ ਨੂੰ ਦੋਹਰੀ ਉਮਰ ਕੈਦ

ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ਵਿਚ ਅਦਾਲਤ ਵਲੋਂ ਪਿਛਲੇ ਦਿਨੀਂ ਦਲਵਿੰਦਰ ਸਿੰਘ ਨੂੰ ਸ਼ਹਿਰ ਵਿਚ ਆਪਣੇ ਘਰ ਅੰਦਰ (12 ਜਨਵਰੀ 2018 ਦੀ ਰਾਤ ਨੂੰ) ਆਪਣੀ ਪਤਨੀ ਬਲਜੀਤ ਥਾਂਦੀ (32) ਅਤੇ ਸੱਸ ਅਵਤਾਰ ਕੌਰ (60) ਦੇ ਕਤਲ ਦੇ ਦੋਸ਼ ਵਿਚ ਦੋਹਰੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
ਦੋਵੇਂ ਸਜ਼ਾਵਾਂ ਨਾਲ-ਨਾਲ ਚਲੱਣਗੀਆਂ ਅਤੇ ਉਸ ਨੂੰ 25 ਸਾਲ ਪੈਰੋਲ ਨਹੀਂ ਮਿਲ ਸਕੇਗੀ। ਜੱਜ ਕੋਫੀ ਬ੍ਰਨੇਜ਼ ਨੇ ਆਪਣੇ ਫੈਸਲੇ ‘ਚ ਲਿਖਿਆ ਹੈ ਕਿ ਜਦੋਂ ਦੋਸ਼ੀ ਨੂੰ ਆਪਣੀ ਪਤਨੀ ਅਤੇ ਸੱਸ ਵਲੋਂ ਨਵਜਨਮੇ ਬੱਚੇ ਦੀ ਲੋਹੜੀ ਮਨਾਉਣ ਦੇ ਪ੍ਰੋਗਰਾਮ ਦਾ ਪ੍ਰਬੰਧ ਉਸ ਤੋਂ ਚੋਰੀ ਕੀਤੇ ਜਾਣ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ‘ਚ ਬੇਕਾਬੂ ਹੋ ਗਿਆ, ਬਹਿਸ ਮਗਰੋਂ ਵਧੇ ਝਗੜੇ ‘ਚ (11 ਕੁ ਮਿੰਟਾਂ ਦੌਰਾਨ) ਉਸ ਨੇ ਬਲਜੀਤ ਅਤੇ ਅਵਤਾਰ ਨੂੰ ਰਸੋਈ ‘ਚ ਚਾਕੂ ਮਾਰ ਕੇ ਖਤਮ ਕਰ ਦਿੱਤਾ। ਫੈਸਲਾ ਸੁਣਾਏ ਜਾਣ ਸਮੇਂ ਦਲਵਿੰਦਰ ਅਦਾਲਤ ਵਿਚ ਹਾਜ਼ਰ ਸੀ। ਸਰਕਾਰੀ ਵਕੀਲ ਨੇ ਦੱਸਿਆ ਕਿ ਆਰਥਿਕ ਤੰਗੀ ਹੋਣ ਕਰਕੇ ਦਲਵਿੰਦਰ ਲੋਹੜੀ ਦਾ ਖਰਚਾ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਲੋਹੜੀ ਪਾਉਣਾ ਚਾਹੁੰਦੀ ਸੀ। ਦਲਵਿੰਦਰ ਤੇ ਬਲਜੀਤ ਦਾ ਵਿਆਹ 2016 ਵਿੱਚ ਹੋਇਆ ਸੀ ਪਰ ਜਲਦੀ ਮਗਰੋਂ ਝਗੜੇ ਸ਼ੁਰੂ ਹੋ ਗਏ। 2017 ‘ਚ (ਬੱਚੇ ਦੇ ਜਨਮ ਮਗਰੋਂ) ਦੋਸ਼ੀ ਨੂੰ ਆਪਣੀ ਪਤਨੀ ਨੂੰ ਕੁੱਟਣ ਦੇ ਦੋਸ਼ਾਂ ‘ਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।ਜ਼ਮਾਨਤ ਦੀਆਂ ਸ਼ਰਤਾਂ ਤਹਿਤ ਉਹ ਪਤਨੀ ਬਲਜੀਤ ਦੇ ਨੇੜੇ ਨਹੀਂ ਜਾ ਸਕਦਾ ਸੀ ਤੇ ਨਾ ਹੀ ਉਸ ਨਾਲ ਘਰ ‘ਚ ਰਹਿ ਸਕਦਾ ਸੀ ਪਰ ਜ਼ਮਾਨਤ ਦੀਆਂ ਸ਼ਰਤਾਂ ਤੋੜ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …