Breaking News
Home / ਭਾਰਤ / ਕਸ਼ਮੀਰ ਘਾਟੀ ਵਿਚ ਡਰ ਦਾ ਮਾਹੌਲ ਪਰਵਾਸੀ ਕਾਮੇ ਵਾਪਸ ਪਰਤਣ ਲੱਗੇ

ਕਸ਼ਮੀਰ ਘਾਟੀ ਵਿਚ ਡਰ ਦਾ ਮਾਹੌਲ ਪਰਵਾਸੀ ਕਾਮੇ ਵਾਪਸ ਪਰਤਣ ਲੱਗੇ

ਪਰਵਾਸੀ ਕਾਮਿਆਂ ਦੀਆਂ ਹੋਈਆਂ ਹੱਤਿਆਵਾਂ ਤੋਂ ਬਾਅਦ ਸਹਿਮ ਦਾ ਮਾਹੌਲ
ਸ੍ਰੀਨਗਰ/ਬਿਊਰੋ ਨਿਊਜ਼ : ਕਸ਼ਮੀਰ ਵਿਚ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੋਂ ਸਹਿਮੇ ਗ਼ੈਰ-ਕਸ਼ਮੀਰੀ ਕਾਮਿਆਂ ਨੇ ਘਰਾਂ ਨੂੰ ਪਰਤਣਾ ਆਰੰਭ ਦਿੱਤਾ ਹੈ। ਡਰੇ ਹੋਏ ਪਰਵਾਸੀ ਵਰਕਰ ਕਾਹਲੀ ਵਿਚ ਵਾਦੀ ਨੂੰ ਛੱਡ ਰਹੇ ਹਨ। ਸੋਮਵਾਰ ਪਰਵਾਸੀ ਕਾਮਿਆਂ ਦਾ ਇਕ ਗਰੁੱਪ ਸ੍ਰੀਨਗਰ ਰੇਲਵੇ ਸਟੇਸ਼ਨ ਉਤੇ ਇਕੱਠਾ ਹੋਇਆ ਤੇ ਉਹ ਆਪਣੇ ਜੱਦੀ ਪਿੰਡਾਂ-ਸ਼ਹਿਰਾਂ ਨੂੰ ਪਰਤ ਰਹੇ ਸਨ। ਇਸ ਦੌਰਾਨ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਗ਼ੈਰ ਕਸ਼ਮੀਰੀ ਪਰਵਾਸੀਆਂਨੂੰ ਵਾਦੀ ‘ਚੋਂ ਵਾਪਸ ਨਾ ਜਾਣ ਦੀ ਅਪੀਲ ਕੀਤੀ ਹੈ।
ਬਿਹਾਰ ਦੇ ਭਾਗਲਪੁਰ ਨਾਲ ਸਬੰਧਤ 60 ਸਾਲਾ ਦਿਨੇਸ਼ ਮੰਡਲ ਨੇ ਕਸ਼ਮੀਰ ਛੱਡਣ ਦਾ ਫ਼ੈਸਲਾ ਕੀਤਾ ਹੈ। ਉਹ ਪਿਛਲੇ 40 ਸਾਲਾਂ ਤੋਂ ਆਈਸ ਕਰੀਮ ਵੇਚਣ ਲਈ ਕਸ਼ਮੀਰ ਆਉਂਦਾ ਰਿਹਾ ਹੈ। ਉਸ ਨੇ ਕਿਹਾ ‘ਸਥਿਤੀ ਬਹੁਤ ਮਾੜੀ ਹੈ। ਸੂਬੇ ਤੋਂ ਬਾਹਰਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੇੜ੍ਹੀਆਂ ਵਾਲਿਆਂ ਤੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਹੈ। ਅਸੀਂ ਅਜਿਹੀਆਂ ਹਾਲਤਾਂ ਵਿਚ ਕਸ਼ਮੀਰ ਵਿਚ ਨਹੀਂ ਰੁਕ ਸਕਦੇ।’ ਆਈਸ ਕਰੀਮ ਵੇਚਣ ਵਾਲੇ ਇਕ ਹੋਰ ਸਤੀਸ਼ ਕੁਮਾਰ ਨੇ ਕਿਹਾ ਕਿ ਹਰ ਕੋਈ ਡਰਿਆ ਹੋਇਆ ਹੈ। ਪਹਿਲਾਂ ਰੇੜ੍ਹੀਆਂ ਵਾਲਿਆਂ ਨੂੰ ਸੜਕਾਂ ਉਤੇ ਨਿਸ਼ਾਨਾ ਬਣਾਇਆ ਜਾਂਦਾ ਸੀ ਪਰ ਹੁਣ ਲੋਕਾਂ ਨੂੰ ਘਰਾਂ ਵਿਚ ਵੜ ਕੇ ਮਾਰਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਕੁਲਗਾਮ ਵਿਚ ਹੋਈਆਂ ਹੱਤਿਆਵਾਂ ਤੋਂ ਬਾਅਦ ਉਨ੍ਹਾਂ ਵਾਪਸ ਜਾਣ ਦਾ ਫ਼ੈਸਲਾ ਕੀਤਾ ਹੈ।
ਸਤੀਸ਼ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਉਨ੍ਹਾਂ ਨੂੰ ਰੁਕਣ ਲਈ ਤੇ ਨਾ ਜਾਣ ਲਈ ਕਹਿ ਰਹੇ ਹਨ, ਪਰ ਜਦ ਘਰਾਂ ਵਿਚ ਵੀ ਮਾਰੇ ਜਾਣ ਦਾ ਡਰ ਹੋਵੇ ਤਾਂ ਕਿਵੇਂ ਰੁਕਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਜਦ ਸਥਿਤੀ ਸੁਧਰੇਗੀ ਤਾਂ ਉਹ ਮੁੜਨ ਬਾਰੇ ਸੋਚਣਗੇ। ਉਨ੍ਹਾਂ ਕਿਹਾ ਕਿ ਪਿੱਛੇ ਪਰਿਵਾਰ ਵੀ ਫਿਕਰਮੰਦ ਹਨ ਤੇ ਮੁੜਨ ਲਈ ਕਹਿ ਰਹੇ ਹਨ। ਹਾਲਾਂਕਿ ਕਈ ਪਰਵਾਸੀ ਕਾਮਿਆਂ ਦਾ ਇਹ ਵੀ ਕਹਿਣਾ ਹੈ ਕਿ ਉਹ ਡਰੇ ਤਾਂ ਜ਼ਰੂਰ ਹੋਏ ਹਨ, ਪਰ ਕਸ਼ਮੀਰ ਨਹੀਂ ਛੱਡਣਗੇ ਕਿਉਂਕਿ ਲੋਕ ਚੰਗੇ ਹਨ ਤੇ ਪੈਸੇ ਵੀ ਵਧੀਆ ਮਿਲਦੇ ਹਨ।
ਮਾਰਚ ਦੇ ਸ਼ੁਰੂ ਵਿਚ ਹਰ ਸਾਲ ਵੱਡੀ ਗਿਣਤੀ ਪਰਵਾਸੀ ਮਜ਼ਦੂਰ ਮੁਲਕ ਦੇ ਕਈ ਹਿੱਸਿਆਂ ਤੋਂ ਕਸ਼ਮੀਰ ਆਉਂਦੇ ਹਨ। ਉਹ ਇੱਥੇ ਕਈ ਤਰ੍ਹਾਂ ਦੇ ਕੰਮ ਜਿਵੇਂ ਮੈਸਨ, ਕਾਰਪੇਂਟਰ, ਵੈਲਡਿੰਗ ਤੇ ਖੇਤੀਬਾੜੀ ਵਿਚ ਮਦਦ ਕਰਦੇ ਹਨ। ਨਵੰਬਰ ਵਿਚ ਸਰਦੀ ਸ਼ੁਰੂ ਹੋਣ ਉਤੇ ਪਰਤ ਜਾਂਦੇ ਹਨ। ਬਿਹਾਰ ਦੇ 45 ਸਾਲਾ ਮਜ਼ਦੂਰ ਸ਼ੰਕਰ ਨਾਰਾਇਣ ਨੇ ਕਿਹਾ ਕਿ ਉਹ ਹਰ ਵਾਰ ਦੀ ਤਰ੍ਹਾਂ ਨਵੰਬਰ ਵਿਚ ਹੀ ਵਾਪਸ ਜਾਣਗੇ। ਬਿਹਾਰ ਦੇ ਸੰਜੈ ਕੁਮਾਰ ਦਾ ਵੀ ਇਹੀ ਕਹਿਣਾ ਸੀ।
ਨਾਰਾਇਣ ਨੇ ਕਿਹਾ ਕਿ ਉਹ 15 ਸਾਲਾਂ ਤੋਂ ਕਸ਼ਮੀਰ ਆ ਰਿਹਾ ਹੈ ਤੇ ਕਦੇ ਕੋਈ ਮੁਸ਼ਕਲ ਨਹੀਂ ਆਈ। ਉਸ ਨੇ ਕਿਹਾ ਕਿ ਲੌਕਡਾਊਨ ਦੌਰਾਨ ਵੀ ਸਾਡਾ ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ।
‘ਡਰ ਦਾ ਮਾਹੌਲ’ ਬਣਾਇਆ ਜਾ ਰਿਹੈ: ਨਿਤੀਸ਼
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ ਕਸ਼ਮੀਰ ਵਿਚ ਬਿਹਾਰੀ ਕਾਮਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਡਰ ਦਾ ਮਾਹੌਲ’ ਬਣਾਇਆ ਜਾ ਰਿਹਾ ਹੈ। ਕੁਮਾਰ ਨੇ ਕਿਹਾ ਕਿ ਉਨ੍ਹਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਨਾਲ ਗੱਲਬਾਤ ਕੀਤੀ ਹੈ ਤੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਹੁਣ ਕਦੇ ਕਸ਼ਮੀਰ ਨਹੀਂ ਆਵਾਂਗੇ
ਜੰਮੂ : ਆਪਣੇ ਹੱਥ ‘ਚ ਇਕ ਕ੍ਰਿਕਟ ਬੈਟ ਫੜੀ ਬੈਠੇ ਛਤੀਸ਼ਗੜ੍ਹ ਨਾਲ ਸੰਬੰਧਿਤ ਇਕ ਪਰਵਾਸੀ ਕਾਮੇ ਮਿੰਟੂ ਸਿੰਘ ਨੇ ਰੋਣਹਾਕਾ ਹੋ ਕੇ ਦੱਸਿਆ ਕਿ ਇਹ ਉਨ੍ਹਾਂ ਲਈ ਇਹ ਕਸ਼ਮੀਰ ਦਾ ਆਖਰੀ ਤੋਹਫ਼ਾ ਹੈ ਤੇ ਉਹ ਹੁਣ ਕਦੇ ਵੀ ਵਾਪਸ ਕਸ਼ਮੀਰ ਨਹੀਂ ਆਵੇਗਾ। ਇਹ ਦਾਸਤਾਨ ਇਕੱਲੇ ਮਿੰਟੂ ਸਿੰਘ ਦੀ ਨਹੀਂ ਸਗੋਂ, ਉਨ੍ਹਾਂ ਹਜ਼ਾਰਾਂ ਪਰਵਾਸੀ ਕਾਮਿਆਂ ਦੀ ਹੈ, ਜਿਨ੍ਹਾਂ ਨੂੰ ਅੱਤਵਾਦੀਆਂ ਦੇ ਡਰ ਦੇ ਚਲਦਿਆਂ ਆਪਣੇ ਪਰਿਵਾਰਾਂ ਸਮੇਤ ਵਾਦੀ ਨੂੰ ਛੱਡਣਾ ਪੈ ਰਿਹਾ ਹੈ।
ਲਖੀਮਪੁਰ ਖੀਰੀ ਘਟਨਾ ਦੀ ਸੁਪਰੀਮ ਕੋਰਟ ‘ਚ ਹੋਈ ਸੁਣਵਾਈ
ਅਦਾਲਤ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਲਗਾਈ ਫਟਕਾਰ
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਦਾਇਰ ਜਨਹਿਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਮਾਮਲੇ ‘ਚ ਦੇਰ ਨਾਲ ਰਿਪੋਰਟ ਦਾਖਲ ਕਰਨ ‘ਤੇ ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਫਟਕਾਰ ਲਗਾਈ। ਯੂਪੀ ਸਰਕਾਰ ਵੱਲੋਂ ਪੇਸ਼ ਵਕੀਲ ਹਰੀਸ਼ ਸਾਲਵੇ ਨੂੰ ਚੀਫ਼ ਜਸਟਿਸ ਐਨ ਵੀ ਰਮਨਾ ਨੇ ਕਿਹਾ ਕਿ ਅਸੀਂ ਲੰਘੀ ਰਾਤ 1 ਵਜੇ ਤੁਹਾਡੇ ਜਵਾਬ ਦਾ ਇੰਤਜ਼ਾਰ ਕੀਤਾ ਪ੍ਰੰਤੂ ਤੁਹਾਡਾ ਜਵਾਬ ਕੋਰਟ ਨੂੰ ਨਹੀਂ ਮਿਲਿਆ। ਕਿਉਂਕਿ ਪਿਛਲੀ ਸੁਣਵਾਈ ਦੌਰਨ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਕਿਹਾ ਸੀ ਕਿ 20 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਦਾਖਲ ਕਰੋ। ਸੁਣਵਾਈ ਦੌਰਾਨ ਸਾਲਵੇ ਨੇ ਕਿਹਾ ਕਿ ਅਸੀਂ ਕੋਰਟ ਨੂੰ ਆਪਣੀ ਰਿਪੋਰਟ ਕੱਲ੍ਹ ਸੌਂਪ ਚੁੱਕੇ ਹਾਂ। ਇਸ ਦੇ ਜਵਾਬ ‘ਚ ਚੀਫ਼ ਜਸਟਿਸ ਨੇ ਕਿਹਾ ਕਿ ਜੇਕਰ ਤੁਸੀਂ ਆਖਰੀ ਮਿੰਟ ‘ਤੇ ਰਿਪੋਰਟ ਦਿਓਗੇ ਤਾਂ ਅਸੀਂ ਉਸ ਨੂੰ ਕਿਸ ਤਰ੍ਹਾਂ ਪੜ੍ਹ ਸਕਾਂਗੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਇਹ ਰਿਪੋਰਟ ਇਕ ਦਿਨ ਪਹਿਲਾਂ ਦੇਣੀ ਚਾਹੀਦੀ ਸੀ। ਅਦਾਲਤ ਨੇ ਇਹ ਪੁੱਛਿਆ ਕਿ ਇਸ ਮਾਮਲੇ ‘ਚ ਯੂਪੀ ਸਰਕਾਰ ਨੇ ਬਾਕੀ ਗਵਾਹਾਂ ਦੇ ਬਿਆਨ ਕਿਉਂ ਨਹੀਂ ਲਏ। ਕੋਰਟ ਨੇ ਕਿਹਾ ਕਿ ਤੁਸੀਂ 44 ਵਿਚੋਂ ਅਜੇ ਤੱਕ ਸਿਰਫ਼ 4 ਗਵਾਹਾਂ ਤੋਂ ਪੁੱਛਗਿੱਛ ਕੀਤੀ ਹੈ, ਅਜਿਹਾ ਕਿਉਂ?

 

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …