Breaking News
Home / ਜੀ.ਟੀ.ਏ. ਨਿਊਜ਼ / ਡੱਗ ਫੋਰਡ ਵੱਲੋਂ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

ਡੱਗ ਫੋਰਡ ਵੱਲੋਂ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

ਪੰਜਾਬੀ ਭਾਈਚਾਰੇ ਦੇ ਪ੍ਰਭਮੀਤ ਸਰਕਾਰੀਆ ਵੀ ਬਣੇ ਮੰਤਰੀ
ਤਿੰਨ ਸੀਨੀਅਰ ਮੰਤਰੀਆਂ ਦੇ ਡਗ ਫੋਰਡ ਨੇ ਕੁਤਰੇ ਪਰ, ਪ੍ਰਮੁੱਖ ਵਿਭਾਗ ਲਏ ਵਾਪਸ
ਟੋਰਾਂਟੋ/ਪਰਵਾਸੀ ਬਿਊਰੋ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਕਰਦਿਆਂ ਤਿੰਨ ਸੀਨੀਅਰ ਮੰਤਰੀਆਂ ਵਿੱਕ ਫੈਡੇਲੀ, ਲੀਸਾ ਥੌਮਸਨ ਤੇ ਲੀਜਾ ਮੈਕਲੋਡ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਵਰਨਣਯੋਗ ਹੈ ਕਿ ਪਿਛਲੇ ਸਮੇਂ ਵਿਚ ਡਗ ਫੋਰਡ ਸਰਕਾਰ ਕਈ ਮਹਿਕਮਿਆਂ ਦੇ ਫੰਡਾਂ ਵਿਚ ਕਟੌਤੀ ਕਰਨ ਕਰਕੇ ਲੋਕਾਂ ਦੀ ਨਰਾਜ਼ਗੀ ਦਾ ਕਾਰਨ ਬਣ ਰਹੀ ਹੈ। ਜਿਸ ਦੇ ਚੱਲਦਿਆਂ ਡੱਗ ਫੋਰਡ ਨੇ ਇਨ੍ਹਾਂ ਤਿੰਨ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਹਨ। ਨਵੇਂ ਮੰਤਰੀ ਮੰਡਲ ਵਿਚ ਰੋਡ ਫਿਲਿਪਸ ਹੁਣ ਵਿਕ ਫੈਡੇਲੀ ਦੀ ਥਾਂ ਵਿੱਤ ਮੰਤਰੀ ਹੋਣਗੇ। ਚਿਲਡਰਨ ਕਮਿਊਨਿਟੀ ਅਤੇ ਸੋਸ਼ਲ ਸਰਵਿਸ ਦੀ ਮੰਤਰੀ ਲੀਜਾ ਮੈਕਲੋਡ ਦੀ ਥਾਂ ਟੋਡ ਸਮਿਥ ਮੰਤਰੀ ਹੋਣਗੇ। ਇਸੇ ਤਰ੍ਹਾਂ ਲੀਜਾ ਥੌਮਸਨ ਨੂੰ ਸਿੱਖਿਆ ਮੰਤਰੀ ਤੋਂ ਹਟਾ ਕੇ ਡੱਗ ਫੋਰਡ ਦੇ ਪਾਰਲੀਮਾਨੀ ਸਕੱਤਰ ਈਵਨ ਲੈਚੇ ਨੂੰ ਨਵਾਂ ਮੰਤਰੀ ਬਣਾਇਆ ਗਿਆ ਹੈ। ਪੰਜਾਬੀ ਭਾਈਚਾਰੇ ਵਿਚੋਂ ਪਹਿਲੀ ਵਾਰ ਬਰੈਂਪਟਨ ਸਾਊਥ ਦੇ ਐਮਪੀਪੀ ਪ੍ਰਭਮੀਤ ਸਰਕਾਰੀਆ ਨੂੰ ਸਮਾਲ ਬਿਜਨਿਸ ਤੇ ਰੈਡ ਟੇਪ ਰਿਡਕਸ਼ਨ ਦਾ ਐਸੋਸੀਏਟ ਮੰਤਰੀ ਬਣਾਇਆ ਗਿਆ ਹੈ।
ਓਸਲਰ ਵਲੰਟੀਅਰ ਐਸੋਸੀਏਸ਼ਨ ਵੱਲੋਂ ਇਟੋਬੀਕੋਕ ਜਨਰਲ ਹਸਪਤਾਲ ਨੂੰ 1.5 ਮਿਲੀਅਨ ਡਾਲਰ ਦਾ ਦਾਨ
ਇਟੋਬੀਕੋਕ/ਬਿਊਰੋ ਨਿਊਜ਼
ਇਟੋਬੀਕੋਕ ਜਨਰਲ ਹਸਪਤਾਲ ਦੇ ਨਵੇਂ ਮਰੀਜ਼ ਟਾਵਰ ਦਾ ਨਿਰਮਾਣ ਮੁਕੰਮਲ ਹੋ ਗਿਆ ਹੈ ਅਤੇ ਇਸ ਨੂੰ ਮਰੀਜ਼ਾਂ ਲਈ 23 ਜੂਨ ਤੋਂ ਖੋਲ੍ਹਿਆ ਜਾ ਰਿਹਾ ਹੈ, ਪਰ ਅਜੇ ਵੀ ਇਸ ਲਈ 3 ਮਿਲੀਅਨ ਡਾਲਰਾਂ ਦੀ ਲੋੜ ਹੈ। ਇਸਦੇ ਮੱਦੇਨਜ਼ਰ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਫਾਊਂਡੇਸ਼ਨ ਅੱਗੇ ਆਈ ਹੈ ਅਤੇ ਉਸਨੇ ਇਸ ਲਈ 1.5 ਮਿਲੀਅਨ ਡਾਲਰ ਹੋਰ ਦਾਨ ਦੇ ਰੂਪ ਵਿੱਚ ਦਿੱਤੇ ਹਨ। ਉਹ ਆਮ ਲੋਕਾਂ ਨੂੰ ਵੀ ਇਸ ਨੂੰ ਦਾਨ ਦੇਣ ਲਈ ਪ੍ਰੇਰਿਤ ਕਰ ਰਹੇ ਹਨ। ਇਸਦਾ ਐਲਾਨ ਕਰਦੇ ਹੋਏ ਓਸਲਰ ਵਾਲੰਟੀਅਰ ਐਸੋਸੀਏਸ਼ਨ ਨੇ ‘ਇਟੋਬੀਕੋਕ ਮੈਟਰਜ਼’ ਨਾਂ ਦਾ ਚੁਣੌਤੀ ਪੂਰਨ ਅਭਿਆਨ ਸ਼ੁਰੂ ਕੀਤਾ ਹੈ ਜਿਸਦਾ ਉਦੇਸ਼ ਲੋਕਾਂ ਨੂੰ ਦਾਨ ਦੇਣ ਲਈ ਉਤਸ਼ਾਹਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਇਸ ਹਸਪਤਾਲ ਦੇ ਉਪਕਰਨ ਸੌ ਫੀਸਦੀ ਅਤੇ ਨਿਰਮਾਣ ਲਾਗਤ ਦਾ ਦਸ ਫੀਸਦੀ ਲੋਕਾਂ ਵੱਲੋਂ ਦਿੱਤਾ ਗਿਆ ਹੈ। ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸੀਈਓ ਕੇਨ ਮੈਥਿਊ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਆਪਣੇ ਢੰਗ ਨਾਲ ਇਸ ਲਈ ਵੱਧ ਤੋਂ ਵੱਧ ਦਾਨ ਦੇਣਗੇ ਤਾਂ ਕਿ ਲੋਕਾਂ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਾਈਆਂ ਜਾ ਸਕਣ।
ਪੜਚੋਲ ਜਾਰੀ ਹੈ ਕਿ ਲਿਬਰਲ ਪਾਰਟੀ ਤੋਂ ਕਿੱਥੇ ਹੋਈ ਗਲਤੀ : ਸਾਬਕਾ ਮੰਤਰੀ ਡੈੱਲ ਡੂਕਾ
ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲੜ ਰਹੇ ਹਨ ਡੈਲ ਡੂਕਾ ਪਹੁੰਚੇ ਅਦਾਰਾ ‘ਪਰਵਾਸੀ’ ਦੇ ਦਫ਼ਤਰ ਤੇ ਰੇਡੀਓ ‘ਤੇ ਕੀਤੀ ਵਿਸ਼ੇਸ਼ ਗੱਲਬਾਤ
ਮਿੱਸੀਸਾਗਾ/ਪਰਵਾਸੀ ਬਿਊਰੋ : ”ਪਿਛਲੀਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਤੋਂ ਜੋ ਵੀ ਗਲਤੀਆਂ ਹੋਈਆਂ, ਅਸੀਂ ਉਸਦੀ ਪੜਚੋਲ ਕਰ ਰਹੇ ਹਾਂ ਅਤੇ ਮੁੜ੍ਹ ਤੋਂ ਪਾਰਟੀ ਨੂੰ ਪੈਰਾਂ ‘ਤੇ ਖੜ੍ਹਾ ਕਰਕੇ ਅਗਲੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਾਂਗੇ।” ਇਹ ਕਹਿਣਾ ਸੀ ਓਨਟਾਰੀਓ ਦੇ ਸਾਬਕਾ ਟਰਾਂਸਪੋਰਟ ਮੰਤਰੀ ਸਟੀਵਨ ਡੈਲ ਡੂਕਾ ਦਾ, ਜੋ ਇੱਕ ਵਿਸ਼ੇਸ਼ ਇੰਟਰਵਿਊ ਲਈ ‘ਪਰਵਾਸੀ ਰੇਡੀਓ’ ਦੇ ਸਟੂਡੀਓ ਪਹੁੰਚੇ ਸਨ।
ਵਰਣਨਯੋਗ ਹੈ ਕਿ ਡੈਲ ਡੂਕਾ ਨੇ ਅਗਲੇ ਸਾਲ ਮਾਰਚ ਮਹੀਨੇ ਲਿਬਰਲ ਪਾਰਟੀ ਦੀ ਕਨਵੈਨਸ਼ਨ ਦੌਰਾਨ ਲੀਡਰਸ਼ਿਪ ਚੋਣ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਡੈਲ ਡੂਕਾ ਵਾਹਨ ਦੇ ਇਲਾਕੇ ਤੋਂ ਐਮ ਪੀ ਪੀ ਰਹਿ ਚੁਕੇ ਹਨ, ਪਰ ਪਿਛਲੀਆਂ ਚੋਣਾਂ ਵਿੱਚ ਉਹ ਆਪਣੇ ਹਲਕੇ ਤੋਂ ਹਾਰ ਗਏ ਸਨ।
ਇਹ ਪੁੱਛੇ ਜਾਣ ਤੇ ਕਿ ਬਹੁਮਤ ਸਰਕਾਰ ਤੋਂ ਸਿਰਫ਼ 7 ਸੀਟਾਂ ਤੇ ਆ ਜਾਣ ਪਿੱਛੇ ਕੀ ਕਾਰਣ ਹਨ ਅਤੇ ਪਾਰਟੀ ਮੁੜ੍ਹ ਤੋਂ ਪੈਰਾਂ ‘ਤੇ ਕਿਸ ਤਰ੍ਹਾਂ ਆ ਸਕੇਗੀ?
– ਉਨ੍ਹਾਂ ਕਿਹਾ ਕਿ ਉਹ ਸਾਰੇ ਸੂਬੇ ਦਾ ਦੌਰਾ ਕਰ ਰਹੇ ਹਨ ਅਤੇ ਲਿਬਰਲ ਪਾਰਟੀ ਦੇ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਮੁੜ੍ਹ ਤੋਂ ਉਤਸਾਹਿਤ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਡੱਗ ਫੋਰਡ ਪ੍ਰੀਮੀਅਰ ਵੱਜੋਂ ਪੂਰੀ ਤਰ੍ਹਾਂ ਨਾਕਾਮਯਾਬ ਸਾਬਤ ਹੋ ਰਹੇ ਹਨ। ਇਸੇ ਕਰਕੇ ਉਨ੍ਹਾਂ ਨੇ ਆਪਣੇ ਤਿੰਨ ਸੀਨੀਅਰ ਮੰਤਰੀਆਂ ਨੂੰ ਬਦਲ ਕੇ ਡਿਮੋਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਗਲੀਆਂ ਚੋਣਾਂ ਦੌਰਾਨ ਓਨਟਾਰੀਓ ਦੇ ਲੋਕਾਂ ਸਾਹਮਣੇ ਕੰਸਰਵੇਟਿਵ ਪਾਰਟੀ ਦੇ ਬਦਲ ਵੱਜੋਂ ਪੇਸ਼ ਹੋਵਾਂਗੇ ਅਤੇ ਓਨਟਾਰੀਓ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਬਣਾਵਾਂਗੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਆਪ ਵੀ 905 ਇਲਾਕੇ ਵਿੱਚ ਹੀ ਰਹਿੰਦੇ ਹਨ ਅਤੇ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਵੱਸਣ ਵਾਲੇ ਇਮੀਗਰੈਂਟਾਂ ਦੀਆਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਸਮਝਦੇ ਹਨ ਅਤੇ ਜੇਕਰ ਉਹ ਪ੍ਰੀਮੀਅਰ ਬਨਣਗੇ ਤਾਂ ਇਨ੍ਹਾਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਲੱਭਣਗੇ।
ਵਰਣਨਯੋਗ ਹੈ ਕਿ ਓਨਟਾਰੀਓ ਵਿੱਚ ਲਿਬਰਲ ਪਾਰਟੀ ਸਿਰਫ਼ 7 ਸੀਟਾਂ ਹਾਸਲ ਕਰਕੇ ਅਸੈਂਬਲੀ ਵਿੱਚ ਇੱਕ ਰਾਜਨੀਤਕ ਪਾਰਟੀ ਦਾ ਰੁਤਬਾ ਵੀ ਗੁਆ ਚੁੱਕੀ ਹੈ ਅਤੇ ਕੈਥਲੀਨ ਵਿੰਨ ਦੇ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਦਾ ਨਵਾਂ ਲੀਡਰ ਚੁਨਣ ਲਈ ਅਗਲੇ ਸਾਲ 7 ਮਾਰਚ ਨੂੰ ਮਿਸੀਸਾਗਾ ਦੇ ਇੰਟਰਨੈਸ਼ਨਲ ਕੰਨਵੈਨਸ਼ਨ ਸੈਂਟਰ ਵਿੱਚ ਲੀਡਰਸ਼ਿਪ ਲਈ ਚੋਣ ਹੋਵੇਗੀ ਅਤੇ ਨਵਾਂ ਲੀਡਰ ਪਾਰਟੀ ਦੀ ਅਗਲੀਆਂ ਚੋਣਾਂ ਵਿੱਚ ਅਗਵਾਈ ਕਰੇਗਾ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …