Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ-ਚੀਨ ਸਬੰਧ ਸੁਧਾਰਨ ਲਈ ਟਰੂਡੋ ਕਰਨਗੇ ਪਹਿਲ

ਕੈਨੇਡਾ-ਚੀਨ ਸਬੰਧ ਸੁਧਾਰਨ ਲਈ ਟਰੂਡੋ ਕਰਨਗੇ ਪਹਿਲ

ਚੀਨੀ ਰਾਸ਼ਟਰਪਤੀ ਨਾਲ ਅਗਲੇ ਹਫਤੇ ਹੋਵੇਗੀ ਮੁਲਾਕਾਤ
ਕੈਲਗਰੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ-ਚੀਨ ਦਰਮਿਆਨ ਵਿਗੜ ਰਹੇ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਉਹ ਖ਼ੁਦ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨਗੇ। ਪਿਛਲੇ ਸਾਲ ਦਸੰਬਰ ਤੋਂ ਹੀ ਕੈਨੇਡਾ-ਚੀਨ ਦੇ ਰਿਸ਼ਤਿਆਂ ਵਿਚ ਦਰਾਰ ਆ ਚੁੱਕੀ ਹੈ ਤੇ ਇਹ ਲਗਾਤਾਰ ਵੱਧਦੀ ਜਾ ਰਹੀ ਹੈ। ਆਪਸ ਵਿਚ ਰਾਜਨੀਤਕ ਅਤੇ ਵਪਾਰਕ ਰਿਸ਼ਤਿਆਂ ਵਿਚ ਕੜਵਾਹਟ ਦੀ ਸਿਖਰ ਦਰਮਿਆਨ ਕੈਨੇਡਾ ਅਤੇ ਚੀਨ ਵੱਲੋਂ ਆਪੋ-ਆਪਣੇ ਰਾਜਦੂਤ ਇਕ ਦੂਜੇ ਦੇ ਦੇਸ਼ਾਂ ਤੋਂ ਬੁਲਾਏ ਜਾ ਚੁੱਕੇ ਹਨ। ਚੀਨ ਨੇ ਕੈਨੇਡਾ ਦੇ ਦੋ ਨਾਗਰਿਕ ਕੈਦ ਕੀਤੇ ਹੋਏ ਹਨ ਜਿਨ੍ਹਾਂ ਉਪਰ ਜਾਸੂਸੀ ਕਰਨ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਆਉਂਦੇ ਕੁਝ ਹਫ਼ਤਿਆਂ ਵਿਚ ਜੀ-20 ਦੇਸ਼ਾਂ ਦੇ ਮੁਖੀਆਂ ਦਾ ਸਿਖ਼ਰ ਸੰਮੇਲਨ ਹੋਣ ਵਾਲਾ ਹੈ ਜਿਸ ਵਿਚ ਉਹ ਚੀਨੀ ਰਾਸ਼ਟਰਪਤੀ ਜਿਨਪਿੰਗ ਨਾਲ ਮੁਲਾਕਤ ਕਰਨਗੇ ਤੇ ਰਿਸ਼ਤਿਆਂ ਵਿਚ ਆਈ ਖੜੋਤ ਨੂੰ ਤੋੜਨ ਦਾ ਯਤਨ ਕਰਨਗੇ। ਪ੍ਰਧਾਨ ਮੰਤਰੀ ਟਰੂਡੋ ਇਸ ਵੇਲੇ ਵਿਰੋਧੀ ਧਿਰਾਂ ਦੇ ਦਬਾਅ ਹੇਠ ਹਨ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਨੇਡੀਅਨ ਨਾਗਰਿਕਾਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਨੂੰ ਰਿਹਾਅ ਕਰਵਾ ਕੇ ਕੈਨੇਡਾ ਲਿਆਉਣ ਵਾਸਤੇ ਉਹ ਖ਼ੁਦ ਚੀਨ ਸਰਕਾਰ ਨਾਲ ਗੱਲ ਕਰਨ। ਜੀ-20 ਸਿਖ਼ਰ ਸੰਮੇਲਨ ਇਸੇ ਮਹੀਨੇ ਦੇ ਅਖੀਰ ਵਿਚ ਓਸਾਕਾ ਵਿਚ ਹੋ ਰਿਹਾ ਹੈ।
ਸੌ ਵਿਅਕਤੀਆਂ ਨੂੰ ਚੀਨੀ ਕੰਪਨੀ ਕਰੇਗੀ ਫ਼ਾਰਗ
ਚੀਨ ਦੀ ਸਰਕਾਰੀ ਕੰਪਨੀ ‘ਦ ਚਾਈਨਾ ਨੈਸ਼ਨਲ ਔਫਸ਼ੋਰ ਆਇਲ ਕਾਰਪੋਰੇਸ਼ਨ’ ‘ਸੀਨੂਕ’ ਨੇ ਕੈਲਗਰੀ ਸਥਿਤ ਆਪਣੇ ਦਫ਼ਤਰ ਤੋਂ ਲਗਪਗ 100 ਵਿਅਕਤੀਆਂ ਨੂੰ ਨੌਕਰੀ ਤੋਂ ਫ਼ਾਰਗ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਮੁਕਾਬਲੇ ਦੀਆਂ ਕੰਪਨੀਆਂ ਨਾਲ ਬਾਜ਼ਾਰ ਵਿਚ ਬਣੇ ਰਹਿਣ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ। ‘ਸੀਨੂਕ’ ਦੀ ਇੰਟਰਨੈਸ਼ਨਲ ਸਪੋਕਸ-ਪਰਸਨ ਬ੍ਰਿਟੇਨੀ ਪ੍ਰਾਈਸ ਦਾ ਕਹਿਣਾ ਹੈ ਕਿ ਆਰਥਕ ਮਜਬੂਰੀ ਅਤੇ ਬਾਜ਼ਾਰ ਵਿਚਲੀਆਂ ਨਾਲ ਦੀਆਂ ਕੰਪਨੀਆਂ ਦੇ ਦਬਾਅ ਹੇਠ 100 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਚੀਨੀ ਸਰਕਾਰੀ ਕੰਪਨੀ ‘ਸੀਨੂਕ’ ਨੇ ਸਾਲ 2012 ਵਿਚ ਕੈਲਗਰੀ ਬੇਸਡ ਨੈਕਸਨ ਇੰਕ ਨਾਮ ਦੀ ਕੰਪਨੀ ਨੂੰ 15.1 ਬਿਲੀਅਨ ਡਾਲਰ ਵਿਚ ਖ਼ਰੀਦ ਲਿਆ ਸੀ। ਉਸ ਸਮੇਂ ਕੀਤੇ ਵਾਅਦੇ ਵਿਚ ‘ਸੀਨੂਕ’ ਨੇ ਕਿਹਾ ਸੀ ਕਿ ਉਹ ਆਪਣਾ ਦਫ਼ਤਰ ਕੈਲਗਰੀ ਵਿਚ ਹੀ ਰੱਖੇਗੀ ਤੇ ਮੌਜੂਦਾ ਟੀਮ ਨੂੰ ਹੀ ਕੰਮ ‘ਤੇ ਰਹਿਣ ਦੇਵੇਗੀ। ਮਗਰੋਂ ਕੰਪਨੀ ਨੇ ਸਾਰੇ ਸੀਨੀਅਰ ਕੈਨੇਡੀਅਨ ਅਧਿਕਾਰੀਆਂ ਦੀ ਥਾਂ ਚੀਨੀ ਅਧਿਕਾਰੀ ਲਗਾ ਦਿੱਤੇ ਸਨ ਤੇ ਹੁਣ ਹੋਰ ਕੈਨੇਡੀਅਨ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ।
ਪ੍ਰਾਈਸ ਨੇ ਕਿਹਾ ਹੈ ਕੰਪਨੀ ਆਪਣੇ ਸਾਰੇ ਨਾਰਦਰਨ ਅਮੈਰਿਕਨ ਆਪਰੇਸ਼ਨਜ਼ ਵਾਸਤੇ ਕੈਲਗਰੀ ਵਿਚ ਹੀ ਆਪਣਾ ਹੈੱਡਕੁਆਰਟਰ ਬਣਿਆ ਰਹਿਣ ਦੇਵੇਗੀ। ਸਾਲ 2015 ਵਿਚ ਵੀ ਕੰਪਨੀ ਨੇ 400 ਦੇ ਕਰੀਬ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਸਾਲ 2016 ਵਿਚ 120 ਕਰਮਚਾਰੀ ਫ਼ਾਰਗ ਕੀਤੇ ਗਏ ਸਨ। ਹੁਣ 100 ਕਰਮਚਾਰੀਆਂ ਨੂੰ ਨੌਕਰੀਓਂ ਕੱਢਿਆ ਜਾ ਰਿਹਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …