ਓਨਟਾਰੀਓ/ਬਿਊਰੋ ਨਿਊਜ਼ : ਵਿਕਾਸ ਲਈ ਗ੍ਰੀਨਬੈਲਟ ਤੋਂ ਸਰਕਾਰ ਵੱਲੋਂ ਜ਼ਮੀਨ ਹਟਾਏ ਜਾਣ ਉੱਤੇ ਓਨਟਾਰੀਓ ਦੇ ਹਾਊਸਿੰਗ ਮੰਤਰੀ ਵੱਲੋਂ ਐਥਿਕਸ ਨਿਯਮਾਂ ਦੀ ਉਲੰਘਣਾ ਕੀਤੀ ਗਈ। ਲੰਘੇ ਦਿਨੀਂ ਪ੍ਰੋਵਿੰਸ ਦੇ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਇਹ ਖੁਲਾਸਾ ਆਪਣੀ ਰਿਪੋਰਟ ਵਿੱਚ ਕੀਤਾ ਗਿਆ।
ਇੰਟੇਗ੍ਰਿਟੀ ਕਮਿਸ਼ਨਰ ਜੇ. ਡੇਵਿਡ ਵੇਕ ਨੇ ਪਾਇਆ ਕਿ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਮੈਂਬਰਜ ਇੰਟੇਗ੍ਰਿਟੀ ਐਕਟ ਦੇ ਦੋ ਸੈਕਸ਼ਨਜ਼ ਦੀ ਉਲੰਘਣਾ ਕੀਤੀ। ਇਸ ਐਕਟ ਤਹਿਤ ਸਿਆਸਤਦਾਨਾਂ ਦੇ ਐਥਿਕਸ, ਕੌਨਫਲਿਕਟ ਆਫ ਇੰਟਰਸਟ ਰੂਲਜ਼ ਤੇ ਅੰਦਰੂਨੀ ਜਾਣਕਾਰੀ ਸਬੰਧੀ ਨਿਯਮ ਸਾਮਲ ਹਨ।
ਵੇਕ ਨੇ ਆਖਿਆ ਕਿ ਕਲਾਰਕ ਜ਼ਮੀਨ ਦੀ ਚੋਣ ਕਰਨ ਦੀ ਪ੍ਰਕਿਰਿਆ ਵਿੱਚ ਅਸਫਲ ਰਹੇ, ਜਿਸ ਕਾਰਨ ਕਈ ਡਿਵੈਲਪਰਜ ਦੇ ਨਿਜੀ ਹਿਤਾਂ ਦੀ ਪੂਰਤੀ ਹੋਈ। ਵੇਕ ਨੇ ਲਿਖਿਆ ਕਿ ਉਨ੍ਹਾਂ ਵੱਲੋਂ ਓਨਟਾਰੀਓ ਦੀ ਵਿਧਾਨ ਸਭਾ ਨੂੰ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਉਹ ਇਸ ਐਕਟ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਉੱਤੇ ਮੰਤਰੀ ਕਲਾਰਕ ਨੂੰ ਫਟਕਾਰ ਲਾਵੇ। ਦੂਜੇ ਪਾਸੇ ਕਲਾਰਕ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਹ ਊਣਤਾਈਆਂ ਦੇ ਬਾਵਜੂਦ ਇੰਟੇਗ੍ਰਿਟੀ ਕਮਿਸ਼ਨਰ ਦੀਆਂ ਲੱਭਤਾਂ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਆਖਿਆ ਕਿ ਇਸ ਪ੍ਰਕਿਰਿਆ ਵਿੱਚ ਗਲਤੀਆਂ ਹੋਈਆਂ ਹੋਣਗੀਆਂ ਪਰ ਇਹ ਜਾਣਬੁੱਝ ਕੇ ਨਹੀਂ ਕੀਤੀਆਂ ਗਈਆਂ।
ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਕਲਾਰਕ ਆਪਣੇ ਅਹੁਦੇ ਉੱਤੇ ਬਣੇ ਰਹਿਣਗੇ।