Breaking News
Home / ਮੁੱਖ ਲੇਖ / ਕੈਨੇਡਾ ਪਹੁੰਚਣ ਵਾਲੇ ਮੁੰਡੇ, ਕੁੜੀਆਂ ਅਤੇ ਬਜ਼ੁਰਗਾਂ ਦੇ ਧਿਆਨ ਰੱਖਣ ਯੋਗ ਸੁਝਾਅ

ਕੈਨੇਡਾ ਪਹੁੰਚਣ ਵਾਲੇ ਮੁੰਡੇ, ਕੁੜੀਆਂ ਅਤੇ ਬਜ਼ੁਰਗਾਂ ਦੇ ਧਿਆਨ ਰੱਖਣ ਯੋਗ ਸੁਝਾਅ

ਪ੍ਰਿੰਸੀਪਲ ਵਿਜੈ ਕੁਮਾਰ
ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਆਏ ਮੁੰਡੇ ਕੁੜੀਆਂ ਬਾਰੇ ਲਿਖਾਂ ਜਾਂ ਫੇਰ ਇੱਥੇ ਰਹਿੰਦੇ ਬਜ਼ੁਰਗਾਂ ਬਾਰੇ। ਸਮੱਸਿਆਵਾਂ ਦੋਹਾਂ ਧਿਰਾਂ ਦੀਆਂ ਗੰਭੀਰ ਹਨ। ਕੁੱਝ ਬਹੁਤ ਮਿਹਨਤੀ ਤੇ ਸੂਝਵਾਨ ਬੱਚਿਆਂ ਨੇ ਗੱਲ ਬਾਤ ਕਰਦਿਆਂ ਕਿਹਾ ਸਰ, ਜਿਹੜੇ ਬੱਚੇ ਇਹ ਸੋਚ ਕੇ ਕਿ ਕੈਨੇਡਾ ਵਿੱਚ ਜਾਂਦਿਆਂ ਹੀ ਨੌਕਰੀ ਮਿਲ ਜਾਣੀ ਹੈ ਤੇ ਰੁੱਖਾਂ ਨਾਲ ਡਾਕਰ ਲੱਗੇ ਹੋਏ ਹਨ ਕੇਵਲ ਜਾ ਕੇ ਤੋੜਨੇ ਹੀ ਹਨ, ਆਪਣੇ ਮਾਪਿਆਂ ਦੀਆਂ ਨਾਹਸਾਂ ਵਿੱਚ ਧੂੰਆਂ ਦੇ ਕੇ, ਬੈਂਕਾਂ ਦੇ ਨੱਕੋ ਨੱਕ ਕਰਜ਼ਦਾਰ ਹੋ ਕੇ ਅਤੇ ਜ਼ਮੀਨਾਂ ਗਹਿਣੇ ਰੱਖ ਕੇ ਲੱਖਾਂ ਰੁਪਏ ਖਰਚ ਕਰਕੇ ਇਸ ਮੁਲਕ ਵਿੱਚ ਪੜ੍ਹਾਈ ਕਰਨ ਆਉਂਦੇ ਹਨ, ਉਹ ਬਹੁਤ ਵੱਡੇ ਮੁਗਾਲਤੇ ਵਿੱਚ ਹੁੰਦੇ ਹਨ। ਉਨ੍ਹਾਂ ਦਾ ਵਹਿਮ ਉਦੋਂ ਦੂਰ ਹੋ ਜਾਂਦਾ ਹੈ ਜਦੋਂ ਨੌਕਰੀਆਂ ਲਭਣ ਵਾਲੀਆਂ ਸਾਈਟਾਂ ਇਨਡੀਡ ਤੇ ਲਿੰਕਡਿਨ ਤੋਂ ਕਈ ਮਹੀਨੇ ਕੋਈ ਨੌਕਰੀ ਨਹੀਂ ਮਿਲਦੀ।
ਵੇਅਰ ਹਾਊਸ ਵਿੱਚ ਨੌਕਰੀ ਲੈਣ ਲਈ ਤਰਲੇ ਕੱਢਣੇ ਪੈਂਦੇ ਹਨ। ਕਈ ਨੌਕਰੀਆਂ ਲਈ ਕੋਲ ਗੱਡੀ ਹੋਣੀ ਜ਼ਰੂਰੀ ਹੈ। ਜੋ ਕਿ ਹਰ ਬੱਚੇ ਕੋਲ ਨਹੀਂ ਹੋ ਸਕਦੀ।
ਦਿਨੋ ਦਿਨ ਇਸ ਦੇਸ਼ ਵਿੱਚ ਬਾਹਰੋਂ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਹੁਣ ਕੰਮ ਕਰਨ ਦੇ ਘੰਟਿਆਂ ਉਤੋਂ ਰੋਕ ਹਟਾ ਦਿੱਤੀ ਗਈ ਹੈ। ਗਲਤ ਢੰਗਾਂ ਨਾਲ ਵਧੇਰੇ ਗਿਣਤੀ ਵਿੱਚ ਲੋਕ ਆ ਰਹੇ ਹਨ। ਇੱਥੋਂ ਦੇ ਪੱਕੇ ਵਾਸ਼ਿੰਦਿਆਂ ਗੋਰੇ ਲੋਕਾਂ ਨੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਵੇਖ ਕੇ ਵਿਹਲੇ ਰਹਿਣ ਨਾਲੋਂ ਕੰਮ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਮੁਲਕਾਂ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਆਉਣਾ ਬਹੁਤ ਔਖਾ ਕਰ ਦਿੱਤਾ ਹੈ।
ਕੈਨੇਡਾ ਵਿੱਚ ਪਾਬੰਦੀਆਂ ਘੱਟ ਹੋਣ ਕਾਰਨ ਤੇ ਆਬਾਦੀ ਵਧਣ ਕਾਰਨ ਬੇਰੋਜ਼ਗਾਰੀ ਦੀ ਸਮੱਸਿਆ ਵੱਧ ਰਹੀ ਹੈ। ਇਸ ਮੁਲਕ ਵਿੱਚ ਹੁਣ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਛੇਤੀ ਤੋਂ ਛੇਤੀ ਨੌਕਰੀ ਲੈਣ ਲਈ, ਆਪਣੇ ਮਾਪਿਆਂ ਵੱਲੋਂ ਲਿਆ ਗਿਆ ਕਰਜ ਉਤਾਰਨ ਲਈ ਅਵਾਰਾਗਰਦੀ, ਐਸ਼ਪ੍ਰਸਤੀ ਅਤੇ ਛੋਟਾ ਕੰਮ ਕਰਨ ਦੀ ਸ਼ਰਮ ਛੱਡ ਕੇ ਕੌਈ ਵੀ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਲੁਧਿਆਣੇ ਜ਼ਿਲ੍ਹੇ ਦੇ ਇਕ ਨੌਜਵਾਨ ਨੇ ਗੱਲਬਾਤ ਕਰਦਿਆਂ ਬਹੁਤ ਹੀ ਸੱਚੀ ਅਤੇ ਕੌੜੀ ਗੱਲ ਕਹੀ ਜੋ ਕਿ ਹਕੀਕਤ ਵੀ ਹੈ। ਉਸਨੇ ਕਿਹਾ, ਸਰ, ਜਿਹੜੇ ਬੱਚੇ ਕਰਜ਼ਾ ਚੁੱਕ ਕੇ ਇਸ ਦੇਸ਼ ਵਿੱਚ ਪੜ੍ਹਨ ਆਉਂਦੇ ਹਨ ਪਰ ਇੱਥੇ ਆ ਕੇ ਨਸ਼ੇ, ਲੜਾਈਆਂ, ਅਵਾਰਾਗਰਦੀ ਅਤੇ ਐਸ਼ਪ੍ਰਸਤੀ ਕਰਕੇ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ, ਉਹ ਦੂਜੇ ਬੱਚਿਆਂ ਲਈ ਵੀ ਕੰਡੇ ਬੀਜ ਦਿੰਦੇ ਹਨ। ਉਨ੍ਹਾਂ ਦੀਆਂ ਭੈੜੀਆਂ ਹਰਕਤਾਂ ਪੰਜਾਬੀਆਂ ਦਾ ਅਕਸ ਖਰਾਬ ਕਰਦੀਆਂ ਹਨ। ਇਹੋ ਜਿਹੇ ਬੱਚਿਆਂ ਦੀਆਂ ਕਰਤੂਤਾਂ ਕਰਕੇ ਕਈ ਬੱਚਿਆਂ ਨੂੰ ਸਰਕਾਰ ਵਾਪਸ ਭੇਜ ਦਿੰਦੀ ਹੈ। ਪਤਾ ਨਹੀਂ ਉਹ ਇਸ ਮੁਲਕ ਵਿੱਚ ਕਿਉਂ ਆਉਂਦੇ ਹਨ? ਉਨ੍ਹਾਂ ਨੂੰ ਕੁੱਝ ਅਜਿਹਾ ਕਰਨ ਤੋਂ ਪਹਿਲਾਂ ਜ਼ਰਾ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਇਸ ਮੁਲਕ ਵਿੱਚ ਆ ਕੇ ਆਪਣਾ ਭਵਿੱਖ ਬਣਾਉਣ ਦੇ ਹੋਰ ਬੱਚਿਆਂ ਦੇ ਸੁਪਨੇ ਵੀ ਹੋਣਗੇ।
ਪੜ੍ਹਾਈ ਕਰਨ ਆਏ ਬੱਚਿਆਂ ਨੂੰ ਬਿਮਾਰੀ ਦੀ ਹਾਲਤ ਵਿੱਚ ਇਲਾਜ ਲਈ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ। ਹੁਣ ਗੱਲ ਬਜ਼ੁਰਗਾਂ ਦੀ ਵੀ ਕਰ ਲੈਂਦੇ ਹਾਂ। ਜ਼ਿਆਦਾਤਰ ਬਜ਼ੁਰਗਾਂ ਦੀ ਜ਼ਿੰਦਗੀ ਇਸ ਮੁਲਕ ਵਿੱਚ ਕੋਈ ਜ਼ਿਆਦਾ ਵਧੀਆ ਨਹੀਂ। ਇਸ ਮੁਲਕ ‘ਚ ਚਾਰ ਤਰ੍ਹਾਂ ਦੇ ਬਜ਼ੁਰਗ ਆਉਂਦੇ ਹਨ। ਪਹਿਲੀ ਕਿਸਮ ਉਨ੍ਹਾਂ ਬਜ਼ੁਰਗਾਂ ਦੀ ਹੈ ਜਿਨ੍ਹਾਂ ਕੋਲ ਇਸ ਮੁਲਕ ਦੀ ਨਾਗਰਿਕਤਾ ਹੁੰਦੀ ਹੈ, ਦੂਜੀ ਕਿਸਮ ਵਿੱਚ ਉਹ ਬਜ਼ੁਰਗ ਆਉਂਦੇ ਹਨ ਜਿਹੜੇ ਇੱਥੋਂ ਦੇ ਨਾਗਰਿਕ ਤਾਂ ਬਣ ਗਏ ਹਨ, ਜਿਸ ਨੂੰ ਪੀ.ਆਰ ਕਹਿੰਦੇ ਹਨ ਪਰ ਪੱਕੇ ਨਹੀਂ ਹੁੰਦੇ। ਤੀਜੇ ਵਰਗ ਵਿੱਚ ਉਹ ਆਉਂਦੇ ਹਨ, ਜਿਨ੍ਹਾਂ ਕੋਲ ਸੁਪਰ ਵੀਜ਼ਾ ਹੁੰਦਾ ਹੈ। ਚੌਥੀ ਕਿਸਮ ਵਿੱਚ ਆਉਣ ਵਾਲੇ ਉਹ ਬਜ਼ੁਰਗ ਹੁੰਦੇ ਹਨ ਜੋ ਕਿ ਆਪਣੇ ਬੱਚਿਆਂ ਕੋਲ ਕੁੱਝ ਮਹੀਨੇ ਲਈ ਘੁੰਮਣ ਫਿਰਨ ਹੀ ਆਉਂਦੇ ਹਨ। ਇਨ੍ਹਾਂ ਬਜ਼ੁਰਗਾਂ ਬਾਰੇ ਵਿਸਥਾਰ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਸਾਫ ਹੈ ਕਿ ਇਸ ਮੁਲਕ ਵਿੱਚ ਰਹਿੰਦੇ ਬਜ਼ੁਰਗਾਂ ਦੀ ਜ਼ਿੰਦਗੀ ਉੱਨੀ ਸੌਖੀ ਨਹੀਂ ਜਿੰਨੀ ਦੂਰ ਬੈਠੇ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲੱਗਦੀ ਹੈ।
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਸ ਮੁਲਕ ਵਿੱਚ ਸਾਡੇ ਪਰਿਵਾਰਾਂ ਜਿਹਾ ਖੁੱਲਾ ਡੁੱਲ੍ਹਾ ਮਹੌਲ ਤੇ ਰਿਸ਼ਤਿਆਂ ਦਾ ਨਿੱਘ ਨਹੀਂ ਹੈ। ਲੋਕ ਡਾਲਰਾਂ ਤੇ ਬੜੇ ਘਰ ਖਰੀਦਣ ਦੀ ਦੌੜ ਵਿੱਚ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਭੁੱਲ ਚੁੱਕੇ ਹਨ। ਇਸ ਮੁਲਕ ਵਿੱਚ ਜ਼ਿਆਦਾ ਠੰਡ ਤੇ ਵਰਖਾ ਹੋਣ ਕਾਰਨ ਵਾਤਾਵਰਣਨ ਵਿੱਚ ਸਿਲ ਹੋਣ ਦੇ ਨਾਲ ਨਾਲ ਮਨੁੱਖੀ ਰਿਸ਼ਤਿਆਂ ਵਿੱਚ ਵੀ ਸਲਾਭ ਆ ਚੁੱਕੀ ਹੈ। ਜ਼ਿਆਦਾ ਸਮਾਂ ਘਰਾਂ ‘ਚ ਰਹਿਣ ਕਾਰਨ ਅਤੇ ਬੱਚਿਆਂ ਵਲੋਂ ਬਜ਼ੁਰਗਾਂ ਨੂੰ ਸਮਾਂ ਨਾ ਦਿੱਤੇ ਜਾਣ ਕਾਰਨ ਬਜ਼ੁਰਗ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਡਿਪਰੈਸ਼ਨ’ਚ ਚਲੇ ਜਾਂਦੇ ਹਨ ਅਤੇ ਗਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਦੀ ਸੂਰਤ ਵਿੱਚ ਇਲਾਜ ਅਤੇ ਦਵਾਈਆਂ ਮਹਿੰਗੇ ਹੋਣ ਅਤੇ ਸਮੇਂ ਦੀ ਘਾਟ ਕਾਰਨ ਬੱਚੇ ਆਪਣਾ ਬਜ਼ੁਰਗਾਂ ਦੀ ਸੰਭਾਲ ਕਰਨ ਤੋਂ ਗੁਰੇਜ਼ ਕਰਦੇ ਹਨ। ਆਪਣੇ ਸਭਿਆਚਾਰ ਅਤੇ ਮਿੱਟੀ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਦੀ ਮਾਨਸਿਕਤਾ ਵਿੱਚ ਹਰ ਵੇਲੇ ਤਣਾਅ ਬਣਿਆ ਰਹਿੰਦਾ ਹੈ। ਇੱਥੇ ਬਜ਼ੁਰਗਾਂ ਨਾਲੋਂ ਡਾਲਰਾਂ ਅਤੇ ਸਮੇਂ ਦੀ ਜ਼ਿਆਦਾ ਕਦਰ ਹੈ। ਬਜ਼ੁਰਗ ਆਪਣੀ ਮਨਮਰਜ਼ੀ ਦੀ ਜ਼ਿੰਦਗੀ ਨਹੀਂ ਸਗੋਂ ਪੁੱਤਰਾਂ ਅਤੇ ਨੂੰਹਾਂ ਦੀ ਮਰਜ਼ੀ ਅਨੁਸਾਰ ਜਿਊਣ ਲਈ ਮਜਬੂਰ ਹੁੰਦੇ ਹਨ। ਜੇਕਰ ਉਹ ਉਨ੍ਹਾਂ ਦੀ ਇੱਛਾ ਤੋਂ ਥੋੜ੍ਹਾ ਵੀ ਬਾਹਰ ਹੁੰਦੇ ਹਨ,ਉਦੋਂ ਹੀ ਉਹ ਉਨ੍ਹਾਂ ਨੂੰ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ।
ਇਸ ਮੁਲਕ ਵਿੱਚ ਭਾਰਤ ਤੋਂ ਆਏ ਹੋਏ ਬਜ਼ੁਰਗਾਂ ਨੂੰ ਇਹ ਪ੍ਰਸ਼ਨ ਜਰੂਰ ਪੁੱਛਿਆ ਜਾਂਦਾ ਹੈ ਕਿ ਪੋਤੇ ਪੋਤੀਆਂ ਖਿਲ੍ਹਾਉਣ ਲਈ ਆਏ ਹੋਏ ਹਨ ਜਾਂ ਦੋਹਤੇ ਦੋਹਤੀਆਂ? ਇਸ ਮੁਲਕ ਵਿਚ ਨੌਕਰ ਨੌਕਰਾਣੀ ਦੀ ਥਾਂ ਬਜ਼ੁਰਗ ਹੀ ਲੈਂਦੇ ਹਨ। ਕਿਉਂਕਿ ਨੌਕਰ ਨੌਕਰਾਣੀ ਦੀ ਤਨਖਾਹ ਦੇਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ। ਦਾਦਾ ਨਾਨਾ ਬੱਚੇ ਸਕੂਲ ਛੱਡਣ ਜਾਂਦੇ ਹਨ ਅਤੇ ਦਾਦੀ ਅਤੇ ਨਾਨੀ ਰਸੋਈ ਸੰਭਾਲਦੀਆਂ ਹਨ। ਪੰਜ ਦਿਨ ਬੱਚੇ ਬਜ਼ੁਰਗਾਂ ਕੋਲ ਰਹਿੰਦੇ ਹਨ ਤੇ ਦੋ ਦਿਨ ਮਾਪਿਆਂ ਨਾਲ ਘੁੰਮਣ ਚਲੇ ਜਾਂਦੇ ਹਨ।
ਜੇਕਰ ਇਹ ਕਹਿ ਲਿਆ ਜਾਵੇ ਕਿ ਇਸ ਮੁਲਕ ਵਿਚ ਬੁਢਾਪਾ ਰੁਲਣ ਵਾਲੀ ਗੱਲ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਵਿੱਚ ਲੋਕ ਰਲ ਮਿਲ ਕੇ ਰਹਿੰਦੇ ਹਨ। ਸਭ ਦੇ ਦੁੱਖ ਸੁੱਖ ਸਾਂਝੇ ਹੁੰਦੇ ਹਨ। ਲੋਕਾਂ ਦੀ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਹੈ। ਬੁਢਾਪਾ ਬੋਝ ਨਹੀਂ ਹੁੰਦਾ ਪਰ ਇੱਥੇ ਬਜ਼ੁਰਗ ਕੋਲ ਮਨ ਦੀ ਗੱਲ ਕਰਨ ਲਈ ਕੋਈ ਨਹੀਂ ਹੁੰਦਾ, ਸਾਰੇ ਅਜਨਬੀ ਹੁੰਦੇ ਹਨ। ਕਿਸੇ ਨਾਲ ਕਿਸੇ ਦੀ ਕੋਈ ਸਾਂਝ ਨਹੀਂ।
ਇੱਥੇ ਉਨ੍ਹਾਂ ਦਾ ਕੇਵਲ ਸਰੀਰ ਹੀ ਹੁੰਦਾ ਹੈ। ਮਾਨਸਿਕ ਤੌਰ ‘ਤੇ ਉਹ ਪੰਜਾਬ ਵਿੱਚ ਹੀ ਹੁੰਦੇ ਹਨ। ਰਾਤ ਨੂੰ ਸੌਣ ਲੱਗਿਆਂ ਉਨ੍ਹਾਂ ਦੀਆਂ ਅੱਖਾਂ ਅੱਗੇ ਪੰਜਾਬ ਦੇ ਲੋਕਾਂ ਦੀ ਸਾਂਝ ਹੀ ਘੁੰਮਦੀ ਹੈ। ਇੱਥੇ ਉਹ ਮਨ ਤੋਂ ਘੁੱਟੇ-ਘੁੱਟੇ ਮਹਿਸੂਸ ਕਰਦੇ ਹਨ। ਇੱਥੇ ਉਹ ਜ਼ਿੰਦਗੀ ਜਿਊਂਦੇ ਨਹੀਂ ਸਗੋਂ ਢੋਂਹਦੇ ਹਨ। ਇੱਕ ਵਿਦਵਾਨ ਵਿਅਕਤੀ ਦਾ ਕਹਿਣਾ ਹੈ ਕਿ ਕੈਨੇਡਾ ਬੱਚਿਆਂ ਲਈ ਸਵਰਗ, ਜਵਾਨਾਂ ਲਈ ਮੌਜ ਮਸਤੀ ਅਤੇ ਬਜ਼ੁਰਗਾਂ ਲਈ ਮਿੱਠੀ ਜੇਲ੍ਹ ਹੈ।
ਇੱਥੇ ਬੁਢਾਪਾ ਰੁਲ ਜਾਂਦਾ ਹੈ। ਉਨ੍ਹਾਂ ਦੀ ਜ਼ਿੰਦਗੀ ਰਸਹੀਣ ਹੋ ਜਾਂਦੀ ਹੈ। ਨਸ਼ਿਆਂ ‘ਤੇ ਲੱਗੇ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਵਿੱਚ ਸੋ ਤਰ੍ਹਾਂ ਦੇ ਕੰਮ ਕਰਕੇ ਸਮਾਂ ਪਾਸ ਕਰ ਲੈਂਦੇ ਹਨ ਪਰ ਇੱਥੇ ਉਨ੍ਹਾਂ ਦਾ ਸਮਾਂ ਨਹੀਂ ਲੰਘਦਾ। ਇਹ ਮੁਲਕ ਭੌਤਿਕ ਤੌਰ ‘ਤੇ ਅੱਗੇ ਹੋ ਸਕਦਾ ਹੈ ਪਰ ਸਾਡੇ ਦੇਸ਼ ਦਾ ਸੱਭਿਆਚਰਕ ਤੌਰ ‘ਤੇ ਮੁਕਾਬਲਾ ਨਹੀਂ ਕਰ ਸਕਦਾ। ਇਸ ਮੁਲਕ ਵਿੱਚ ਕੇਵਲ ਉਹੀ ਬਜ਼ੁਰਗ ਰਹਿਣ ਲਈ ਮਜਬੂਰ ਹਨ ਜਿਨ੍ਹਾਂ ਨੂੰ ਆਪਣੇ ਮੁਲਕ ਵਿੱਚ ਪੈਨਸ਼ਨ ਲੱਗੀ ਹੋਈ ਹੈ,ਉਹ ਆਰਥਿਕ ਤੌਰ ‘ਤੇ ਆਪਣੇ ਬੱਚਿਆਂ ‘ਤੇ ਨਿਰਭਰ ਨਹੀਂ।
ਦੂਜੇ ਬਜ਼ੁਰਗ ਉਹ ਹਨ ਜਿਨ੍ਹਾਂ ਨੂੰ ਇਸ ਮੁਲਕ ਦੀ ਪੈਨਸ਼ਨ ਲੱਗੀ ਹੋਈ ਹੈ ਜਾਂ ਫੇਰ ਪੈਨਸ਼ਨ ਲੱਗਣ ਦੀ ਆਸ ਹੁੰਦੀ ਹੈ। ਤੀਜੇ ਉਹ ਹੁੰਦੇ ਹਨ ਜਿਨ੍ਹਾਂ ਤੋਂ ਬਿਨਾ ਉਨ੍ਹਾਂ ਦੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਪਲ ਨਹੀਂ ਸਕਦੇ। ਉਨ੍ਹਾਂ ਬਜ਼ੁਰਗਾਂ ਦਾ ਜਿਊਣਾ ਹੋਰ ਵੀ ਔਖਾ ਹੋ ਜਾਂਦਾ ਹੈ ਜਿਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਇਸ ਮੁਲਕ ਵਿੱਚ ਲੈ ਤਾਂ ਆਉਂਦੇ ਪਰ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕਰਦੇ, ਉਨ੍ਹਾਂ ਨੂੰ ਉਨ੍ਹਾਂ ਦਾ ਮਨ ਪਸੰਦ ਖਾਣਾ ਦੇਣ ਦੀ ਬਜਾਏ ਉਨ੍ਹਾਂ ਨੂੰ ਫਾਸਟ ਫੂਡ ਅਤੇ ਖੁਦ ਖਾਣਾ ਬਣਾ ਕੇ ਖਾਣ ਲਈ ਮਜਬੂਰ ਕਰਦੇ ਹਨ। ਇੱਥੋਂ ਦੀ ਨਾਗਰਿਕਤਾ ਪ੍ਰਾਪਤ ਬਜੁਰਗਾਂ ਨੂੰ ਉਦੋਂ ਔਖ ਆਉਂਦੀ ਹੈ ਜਦੋਂ ਉਨ੍ਹਾਂ ਨੂੰ ਜਾਇਦਾਦ ਵੇਚਣ ਅਤੇ ਖਰੀਦਣ ਸਮੇਂ ਐਨ ਆਰ ਆਈ ਹੋਣ ਦਾ ਟੈਕਸ ਭਰਨਾ ਪੈਂਦਾ ਹੈ।
ਇੱਥੇ ਪੜ੍ਹਾਈ ਕਰਨ ਆਉਣ ਵਾਲੇ ਮੁੰਡੇ ਕੁੜੀਆਂ ਅਤੇ ਬਜ਼ੁਰਗਾਂ ਨੂੰ ਮੇਰੇ ਕੁੱਝ ਸੁਝਾਅ ਹਨ ਜਿਨ੍ਹਾਂ ਉੱਤੇ ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਅਮਲ ਜ਼ਰੂਰ ਕਰਨਾ ਹੈ। ਇਸ ਮੁਲਕ ਵਿੱਚ ਪੜ੍ਹਾਈ ਕਰਨ ਦੇ ਉਦੇਸ਼ ਨਾਲ ਆਏ ਬੱਚਿਆਂ ਨੂੰ ਇਹ ਗੱਲਾਂ ਆਪਣੇ ਮਨ ਵਿੱਚ ਬਿਠਾ ਲੈਣੀਆਂ ਚਾਹੀਦੀਆਂ ਹਨ ਕਿ ਇੱਥੇ ਬੇਰੋਜ਼ਗਾਰੀ ਵੱਧ ਰਹੀ ਹੈ। ਸੌਖੀ ਨੌਕਰੀ ਨਹੀਂ ਮਿਲਦੀ। ਹੱਡ ਭਨਵੀਂ ਮਿਹਨਤ ਅਤੇ ਢਿੱਡ ਘੁੱਟ ਕੇ ਪੈਸੇ ਜੋੜੇ ਜਾ ਸਕਦੇ ਹਨ। ਡਾਲਰ ਰੁੱਖਾਂ ਨਾਲ ਨਹੀਂ ਲੱਗੇ ਹੋਏ। ਕੋਈ ਵੀ ਕੰਮ ਕਰਨ ਵਿੱਚ ਸ਼ਰਮ ਨਹੀਂ ਕਰਨੀ ਪਵੇਗੀ। ਅਵਾਰਾਗਰਦੀ, ਐਸ਼ਪ੍ਰਸਤੀ, ਨਸ਼ੇ ਅਤੇ ਲੜਾਈਆਂ ਝਗੜੇ ਉਨ੍ਹਾਂ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਨੂੰ ਕੇਵਲ ਉਹ ਉਦੇਸ਼ ਯਾਦ ਰੱਖਣਾ ਚਾਹੀਦਾ ਹੈ ਜਿਸ ਲਈ ਉਹ ਆਏ ਹਨ।
ਉਹ ਬਜ਼ੁਰਗ ਕਦੇ ਵੀ ਇਸ ਮੁਲਕ ਵਿੱਚ ਨਾ ਆਉਣ ਜਿਹੜੇ ਕਿਸੇ ਨੇ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹਨ। ਜਿਨ੍ਹਾਂ ਦੇ ਬੱਚੇ ਉਨ੍ਹਾਂ ਦਾ ਸਤਿਕਾਰ ਕਰਨਾ ਨਹੀਂ ਜਾਣਦੇ ਤੇ ਨਾ ਹੀ ਜਾਣਦੇ ਕਿ ਮਾਪਿਆਂ ਨਾਲ ਕਿਸ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ। ਜਿਹੜੇ ਆਰਥਿਕ ਤੌਰ ‘ਤੇ ਆਪਣੇ ਬੱਚਿਆਂ ਉੱਤੇ ਨਿਰਭਰ ਹਨ। ਜਿਨ੍ਹਾਂ ਨੂੰ ਨਸ਼ੇ ਕਰਨ ਦੀ ਆਦਤ ਹੋਵੇ। ਜਿਨ੍ਹਾਂ ਦੇ ਬੱਚਿਆਂ ਕੋਲ ਉਨ੍ਹਾਂ ਲਈ ਸਮਾਂ ਨਹੀਂ। ਜਿਹੜੇ ਸਮੇਂ ਨਾਲ ਸਮਝੌਤਾ ਨਹੀਂ ਸਕਦੇ। ਜਿਨ੍ਹਾਂ ਵਿੱਚ ਬਰਦਾਸ਼ਤ ਕਰਨ ਦੀ ਭਾਵਨਾ ਨਹੀਂ ਹੁੰਦੀ। ਇਸ ਮੁਲਕ ਵਿੱਚ ਸਹੂਲਤਾਂ ਵੀ ਹਨ ਤੇ ਸਮੱਸਿਆਵਾਂ ਵੀ ਹਨ, ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸਹੂਲਤਾਂ ਦਾ ਲਾਭ ਕਿਵੇਂ ਲੈਣਾ ਹੈ।
****

Check Also

ਕਿਸਾਨਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਕਿਉਂ?

ਡਾ. ਮੋਹਨ ਸਿੰਘ ਇਸ ਵੇਲੇ ਪੰਜਾਬ ਦੇ ਕਿਸਾਨ ਅਤੇ ਸੂਬਾ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। …