ਗੁਰਬਚਨ ਜਗਤ
ਮੈਂ 1971 ਵਿੱਚ ਪੁਲਿਸ ਸੇਵਾ ਵਿੱਚ ਭਰਤੀ ਹੋ ਕੇ ਐੱਸਐੱਸਪੀ ਕਪੂਰਥਲਾ ਲੱਗਿਆ ਸਾਂ। ਕਿਸੇ ਹਫ਼ਤੇ ਦੇ ਅਖ਼ੀਰਲੇ ਦਿਨੀਂ ਆਪਣੇ ਪਿੰਡ ਗਿਆ ਹੋਇਆ ਸੀ ਅਤੇ ਮੈਨੂੰ ਆਸ ਸੀ ਕਿ ਸਵੇਰੇ ਆਰਾਮ ਨਾਲ ਉੱਠਾਂਗਾ ਤੇ ਫ਼ੁਰਸਤ ਨਾਲ ਦਿਨ ਬਿਤਾਵਾਂਗਾ ਪਰ ਸਾਡੇ ਪੁਰਾਣੇ ਸੀਰੀ ਨੇ ਮੈਨੂੰ ਸੁਵਖਤੇ ਹੀ ਜਗਾ ਦਿੱਤਾ ਤੇ ਦੱਸਿਆ ਕਿ ਲਾਗਲੇ ਪਿੰਡ ਪੁੱਛਾਂ ਦੇਣ ਦਾ ਕੰਮ ਕਰਨ ਵਾਲਾ ਜੀਤੂ ਜੱਟ ਮਿਲਣ ਆਇਆ ਹੈ। ਮੈਨੂੰ ਯਾਦ ਆਇਆ ਕਿ ਜੀਤੂ ਐਵੇਂ ਪੁੱਛਾਂ ਦੇਣ ਵਾਲਾ ਬੰਦਾ ਸੀ ਜੋ ਲੋਕਾਂ ਦੇ ਚੋਰੀ ਹੋਏ ਜਾਂ ਗੁਆਚੇ ਪਸ਼ੂ ਲੱਭਣ ਬਾਬਤ ਪੁੱਛਾਂ ਦਿਆ ਕਰਦਾ ਸੀ। ਘਾਬਰੇ ਹੋਏ ਜੀਤੂ ਨੇ ਮੈਨੂੰ ਦੱਸਿਆ ਕਿ ਉਸ ਦੀ ਹਵੇਲੀ ‘ਚੋਂ ਬਲਦਾਂ ਦੀ ਜੋੜੀ ਚੋਰੀ ਹੋ ਗਈ ਹੈ।
ਮੈਂ ਉਸ ਨੂੰ ਕਿਹਾ ਕਿ ਉਹ ਪੁਲਿਸ ਕੋਲ ਰਿਪੋਰਟ ਦਰਜ ਕਰਵਾਏ ਪਰ ਉਸ ਨੇ ਝਿਜਕਦੇ ਹੋਏ ਜਵਾਬ ਦਿੱਤਾ ਕਿ ਜੇ ਇਸ ਮਾਮਲੇ ਵਿੱਚ ਉਸ ਨੇ ਪੁਲਿਸ ਦੀ ਮਦਦ ਲਈ ਤਾਂ ਉਸ ਦਾ ਪੁੱਛਾਂ ਦੇਣ ਦਾ ਕਾਰੋਬਾਰ ਚੌਪਟ ਹੋ ਜਾਏਗਾ। ਖ਼ੈਰ, ਉਸ ਦੇ ਬਲਦ ਲੱਭ ਗਏ ਅਤੇ ਇਸ ਦੇ ਨਾਲ ਹੀ ਉਸ ਦੀ ‘ਭੱਲ’ ਵੀ ਬਣੀ ਰਹਿ ਗਈ। ਆਮ ਧਾਰਨਾ ਇਹੀ ਹੈ ਕਿ ਪੁੱਛਾਂ ਦੇਣ ਦਾ ਇਹ ਕਸਬ ਗ਼ਰੀਬ-ਗੁਰਬੇ ਅਤੇ ਅਨਪੜ੍ਹ ਲੋਕਾਂ ਤੱਕ ਹੀ ਸੀਮਤ ਹੈ ਪਰ ਮੈਂ ਤੁਹਾਡਾ ਇਹ ਭੁਲੇਖਾ ਦੂਰ ਕਰਨਾ ਚਾਹੁੰਦਾ ਹਾਂ।
ਪੁਲਿਸ ਦੀ ਨੌਕਰੀ ਵਿੱਚ ਬਿਤਾਏ ਬਹੁਤ ਸਾਰੇ ਸਾਲਾਂ ਦੇ ਬਹੁਤ ਸਾਰੇ ਕਿੱਸੇ ਹਨ ਪਰ ਮੈਂ ਸਿੱਧਾ ਮੁੱਦੇ ‘ਤੇ ਆਉਂਦਾ ਹਾਂ। ਇਹ ਅਜਿਹੀ ਕਹਾਣੀ ਹੈ ਕਿ ਕਿਵੇਂ ਸਾਡੇ ਦੇਸ਼ ਦੇ ਤਰ੍ਹਾਂ-ਤਰ੍ਹਾਂ ਦੇ ਪਾਧੇ, ਓਝੇ, ਬਾਬੇ ਛੋਟੇ-ਮੋਟੇ ਜੁਗਾੜ ਭਿੜਾਉਂਦੇ-ਭਿੜਾਉਂਦੇ ਸੱਤਾ ਦੇ ਲੀਵਰਾਂ ਨੂੰ ਕੰਟਰੋਲ ਕਰਨ ਲੱਗ ਜਾਂਦੇ ਹਨ।
ਸਦੀ ਦੇ ਸ਼ੁਰੂ ਵਿੱਚ ਮੈਂ ਦੇਸ਼ ਦੇ ਪ੍ਰਮੁੱਖ ਬਲ ਦੇ ਮੁਖੀ ਵਜੋਂ ਦਿੱਲੀ ਵਿੱਚ ਤਾਇਨਾਤ ਸੀ। ਕੁਝ ਦਿਨਾਂ ਬਾਅਦ ਸੇਵਾਮੁਕਤ ਸੀਨੀਅਰ ਅਫਸਰ ਆਇਆ ਅਤੇ ਮੈਨੂੰ ਹਾਕਮਾਨਾ ਲਹਿਜੇ ਵਿੱਚ ਇੱਕ ਮਸ਼ਹੂਰ ਬਾਬੇ ਕੋਲ ਚੱਲਣ ਲਈ ਕਹਿਣ ਲੱਗਿਆ।
ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਸ ਬਾਬੇ ਨੂੰ ਜਾਣਦਾ ਹਾਂ ਜਿਸ ਕਰ ਕੇ ਮੈਂ ਉਨ੍ਹਾਂ ਦੇ ਨਾਲ ਨਹੀਂ ਜਾਵਾਂਗਾ। ਕਿਸੇ ਨੇ ਉਸ ਨੂੰ ਤਹਿਸੀਲ ਪੱਧਰ ‘ਤੇ ਛੋਟੇ ਮੋਟੇ ਝੂਠ ਬੋਲ ਕੇ ਸਾਧਾਰਨ ਲੋਕਾਂ ਨੂੰ ਭਰਮਾਉਂਦੇ ਹੋਏ ਅਤੇ ਫਿਰ ਜ਼ਿਲ੍ਹਾ ਤੇ ਸੂਬਾਈ ਰਾਜਧਾਨੀ ਤੱਕ ‘ਤਰੱਕੀ’ ਕਰਦਿਆਂ ਦੇਖਿਆ ਸੀ। ਬਹੁਤੇ ਮੁਕਾਮੀ ਲੋਕ ਉਸ ਬਾਰੇ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਉਨ੍ਹਾਂ ਉਸ ਦੀ ‘ਛੇੜ’ ਵੀ ਪਾਈ ਹੋਈ ਸੀ। ਜਦੋਂ ਉਹ ਬਾਬਾ ਦਿੱਲੀ ਆ ਗਿਆ ਤਾਂ ਇਹ ਉਸ ਦਾ ਮਾਸਟਰ ਸਟਰੋਕ ਸੀ ਅਤੇ ਉਸ ਦੀ ‘ਪ੍ਰਸਿੱਧੀ’ ਫੈਲਣ ਕਰ ਕੇ ਉਸ ਦੇ ਹੱਥ ਸੋਨੇ ਦੀ ਖਾਣ ਲੱਗ ਗਈ ਸੀ। ਮੇਰੀ ਕੋਰੀ ਨਾਂਹ ਤੋਂ ਮੇਰਾ ਸਾਬਕਾ ਬੌਸ ਦੰਗ ਰਹਿ ਗਿਆ ਅਤੇ ਮੈਨੂੰ ਇਹ ਕਹਿ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਬੇ ਨੇ ਮੈਨੂੰ ਖ਼ਾਸ ਤੌਰ ‘ਤੇ ਯਾਦ ਕੀਤਾ ਸੀ। ਮੈਂ ਆਪਣੀ ਗੱਲ ‘ਤੇ ਅੜਿਆ ਰਿਹਾ ਪਰ ਬਾਬੇ ਦੇ ਸਤਿਸੰਗਾਂ ਦਾ ਬਿਰਤਾਂਤ ਦੇਣਾ ਚਾਹੁੰਦਾ ਹਾਂ। ਸਾਡੀਆਂ ਏਜੰਸੀਆਂ ਇਨ੍ਹਾਂ ਬਾਬਤ ਬਾਖ਼ਬਰ ਕਰਦੀਆਂ ਰਹਿੰਦੀਆਂ ਹਨ।
ਇਨ੍ਹਾਂ ਦੇ ਸਤਿਸੰਗਾਂ ਵਿਚ ਭਾਰਤ ਸਰਕਾਰ ਦੇ ਸੈਕਟਰੀਆਂ ਤੋਂ ਲੈ ਕੇ ਉਨ੍ਹਾਂ ਦੀਆਂ ਪਤਨੀਆਂ, ਕੇਂਦਰੀ ਮੰਤਰੀ ਅਤੇ ਹੋਰ ਆਹਲਾ ਦਰਜਾ ਅਫਸਰ ‘ਹਾਜ਼ਰੀ’ ਭਰਦੇ ਹਨ। ਭਲਾ, ਉਹ ਉੱਥੇ ਕੀ ਕਰਦੇ ਹੋਣਗੇ? ਇਨ੍ਹਾਂ ‘ਚੋਂ ਕੁਝ ਨੱਕਚੜ੍ਹੀਆਂ ‘ਮੇਮਸਾਬ੍ਹਣਾਂ’ ਬਾਬੇ ਦੇ ਪੈਰ ਘੁੱਟਦੀਆਂ ਅਤੇ ਕੁਝ ਹੋਰ ਉਸ ਦੇ ਸਿਰ ‘ਝੱਸਦੀਆਂ’ ਰਹਿੰਦੀਆਂ ਸਨ। ਜਦੋਂ ਕੋਈ ਅੰਤਰ ਧਿਆਨ ਵੇਲੇ ਹੀ ਰਤਾ ਕੁ ਅੱਖਾਂ ਖੋਲ੍ਹ ਕੇ ਦੇਖਦਾ ਹੈ ਤਾਂ ਉਸ ਨੂੰ ਆਪਣੇ ਆਸੇ-ਪਾਸੇ ਚੱਲ ਰਹੇ ਵਰਤਾਰੇ ਦਾ ਚਾਨਣ ਹੋ ਜਾਂਦਾ ਹੈ।
ਇਹ ਤਾਂਤਰਿਕ/ਬਾਬੇ ਰਾਸ਼ਟਰੀ ਪੱਧਰ ‘ਤੇ ਆਰਥਿਕ ਤੇ ਸਿਆਸੀ ਨੀਤੀ ਨਿਰਮਾਣ ‘ਤੇ ਪ੍ਰਭਾਵ ਪਾਉਂਦੇ ਹਨ। ਦਿੱਲੀ ਦੇ ਇਸ ਉਸਤਾਦ ਨਾਲੋਂ ਉਚੇਰੇ ਪੱਧਰ ਦੇ ਵੀ ਕੁਝ ਤਾਂਤਰਿਕ ਬਾਬੇ ਕੰਮ ਕਰਦੇ ਸਨ ਜਿਨ੍ਹਾਂ ਦੀਆਂ ਮੁੰਦਰੀਆਂ ਨਾਲ ਜੜੀਆਂ ਉਂਗਲਾਂ ‘ਤੇ ਲੋਕ ਨੱਚਦੇ ਸਨ। ਪੁਰਾਣੇ ਸਮਿਆਂ ਵਿੱਚ ਧੀਰੇਂਦਰ ਬ੍ਰਹਮਚਾਰੀ, ਮਹਾਰਿਸ਼ੀ ਮਹੇਸ਼ ਯੋਗੀ ਅਤੇ ਚੰਦਰਾਸਵਾਮੀ ਜਿਹੇ ਕੁਝ ਕੁ ਨਾਂ ਸੁੱਤੇ ਸਿਧ ਦਿਮਾਗ ਵਿੱਚ ਆ ਜਾਂਦੇ ਹਨ ਪਰ ਅੱਜ ਕੱਲ੍ਹ ਇਸ ਧਰਾਤਲ ‘ਤੇ ਬਹੁਤ ਰੰਗਾਂ ਦੇ ਡੇਰੇ ਅਤੇ ਬਾਬੇ ਵਿਚਰ ਰਹੇ ਹਨ। ਕੁਝ ਪਿੰਡ ਪੱਧਰ ਦੇ ਬਾਬੇ ਹੁੰਦੇ ਹਨ; ਕਈ ਸ਼ਹਿਰ, ਸੂਬੇ, ਖੇਤਰੀ ਅਤੇ ਰਾਸ਼ਟਰੀ ਪੱਧਰ ਦੇ ਬਾਬੇ ਵੀ ਹੁੰਦੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਅਰਧ ਚਮਤਕਾਰੀ, ਅਰਧ ਸਿਆਸੀ, ਅਰਧ ਵਪਾਰੀ ਅਤੇ ਅਰਧ ਰੀਅਲ ਅਸਟੇਟ ਕਾਰੋਬਾਰੀ ਅਤੇ ਸਭ ਤੋਂ ਵਧ ਕੇ ਵੱਡਾ ਪ੍ਰਭਾਵ ਸਿਰਜਣ ਵਾਲੇ ਹੁੰਦੇ ਹਨ।
ਗ਼ਰੀਬ ਲੋਕ ਉਨ੍ਹਾਂ ਕੋਲ ਰੋਜ਼ਮੱਰਾ ਗਰਜ਼ਾਂ ਲਈ ਜਾਂਦੇ ਹਨ, ਅਮੀਰ ਹੋਰ ਅਮੀਰ ਹੋਣ ਲਈ, ਸਿਆਸਤਦਾਨ ਵੋਟਾਂ ਹਥਿਆ ਕੇ ਸੱਤਾ ਦੇ ਆਸਣ ਤੱਕ ਪਹੁੰਚਣ ਲਈ ਜਾਂਦੇ ਹਨ। ਯਕੀਨ ਜਾਣਿਓ, ਜਿੰਨਾ ਵੱਡਾ ਕੋਈ ਡੇਰਾ ਹੁੰਦਾ ਹੈ, ਵੋਟਾਂ ਦੇ ਦਿਨਾਂ ਵਿਚ ਉੱਥੇ ਸਿਆਸਤਦਾਨਾਂ ਦੀ ਹਾਜ਼ਰੀ ਵੀ ਓਨੀ ਜ਼ਿਆਦਾ ਹੋਵੇਗੀ। ਇਹ ਨਾ ਸੋਚਣਾ ਕਿ ਮੈਂ ਕੋਈ ਵਧਾ ਚੜ੍ਹਾ ਕੇ ਗੱਲ ਕਰ ਰਿਹਾ ਹਾਂ। ਸੂਬਾਈ ਸੂਹੀਆ ਵਿਭਾਗ ਨੇ ਇਨ੍ਹਾਂ ਡੇਰਿਆਂ ਦੀ ਕੁੱਲ ਸੰਖਿਆ, ਉਨ੍ਹਾਂ ਦੇ ਸੰਭਾਵੀ ਸ਼ਰਧਾਲੂਆਂ ਅਤੇ ਵਿੱਤੀ ਹਿੱਸੇਦਾਰੀ ਦੇ ਵੇਰਵੇ ਇਕੱਤਰ ਕੀਤੇ ਸਨ। ਉਨ੍ਹਾਂ ਨੂੰ ਵਰਚਾਉਣ ਜਾਂ ਧਮਕਾਉਣ ਲਈ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਇਨ੍ਹਾਂ ਡੇਰਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਪੈਮਾਨੇ ‘ਤੇ ਕਿਸੇ ਬਾਬੇ ਦਾ ਵਜ਼ਨ ਵਧਦਾ ਘਟਦਾ ਰਹਿੰਦਾ ਹੈ। ਹੁਣ ਇਹ ਬਾਬੇ ਆਪ ਚੋਣਾਂ ਲੜਨ ਲੱਗ ਪਏ ਹਨ ਤੇ ਇੰਝ ਸਿਆਸਤਦਾਨਾਂ ਲਈ ਖ਼ਤਰਾ ਬਣ ਰਹੇ ਹਨ। ਚੇਤੇ ਕਰੋ ਕਿ ਕਿਵੇਂ ਡਿਸਕੋ ਬਾਬੇ ਨੇ ਹਰਿਆਣੇ ਵਿੱਚ ਤਰਥੱਲੀ ਮਚਾਈ ਸੀ। ਉਹ ਆਪਣੀ ਮਰਜ਼ੀ ਨਾਲ ਜੇਲ੍ਹ ਜਾਂ ਫਿਰ ਆਸ਼ਰਮ ਜਾਂਦਾ ਹੈ। ਇਸ ਤੋਂ ਇਲਾਵਾ ਕਈ ਬਾਬਿਆਂ ਖ਼ਿਲਾਫ਼ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਆਇਦ ਹੋਏ ਹਨ ਜਿਨ੍ਹਾਂ ਲਈ ਜੇਲ੍ਹ ਹੀ ਆਸ਼ਰਮ ਬਣ ਗਈ ਹੈ।
ਪਾਠਕ ਇਸ ਭੁਲੇਖੇ ‘ਚ ਨਾ ਰਹੇ ਕਿ ਇਹ ਸਿਰਫ਼ ਭਾਰਤ ਵਿੱਚ ਹੀ ਵਾਪਰ ਰਿਹਾ ਹੈ। ਦੁਨੀਆ ਦੇ ਇਤਿਹਾਸ ਵਿੱਚ ਅਜਿਹੇ ਕਈ ਮਾਮਲੇ ਹਨ ਜਿੱਥੇ ਇਸ ਤਰ੍ਹਾਂ ਦੇ ਬਾਬਿਆਂ ਨੇ ਆਪਣੇ ਮੰਤਵ ਪੂਰਨ ਲਈ ਅੰਧ-ਵਿਸ਼ਵਾਸ, ਭੈਅ ਤੇ ਗ਼ਰੀਬੀ ਦਾ ਫਾਇਦਾ ਚੁੱਕਿਆ ਹੈ। ਇਨ੍ਹਾਂ ਦੇ ਕਈ ਨਾਂ ਹਨ- ਝਾੜ-ਫੂਕ ਕਰਨ ਵਾਲਿਆਂ ਤੋਂ ਲੈ ਕੇ ਮੰਗੋਲ ਸ਼ਾਮਨ (ਜਾਦੂਗਰ), ਭੂਤ-ਚੁੜੇਲਾਂ ਕੱਢਣ ਵਾਲੇ ਤਬੀਬਾਂ ਤੋਂ ਲੈ ਕੇ ਰੈੱਡ ਇੰਡੀਅਨਜ਼, ਇੰਗਲੈਂਡ ‘ਚ ਡਰੂਇਡ (ਪੁਰੋਹਿਤ), ਪੁਰਾਤਨ ਯੂਨਾਨ ‘ਚ ਜੋਤਸ਼ੀ, ਸਭ ਇਸੇ ਲੜੀ ਦਾ ਹਿੱਸਾ ਹਨ- ਪਰ ਜਿਹੜੀ ਬੁਰਾਈ ਉਨ੍ਹਾਂ ਪੈਦਾ ਕੀਤੀ, ਉਹ ਪੂਰੇ ਇਤਿਹਾਸ ‘ਚ ਇਕੋ-ਜਿਹੀ ਹੀ ਰਹੀ। ਰੂਸ ਵਿੱਚ ਰਾਸਪੂਤਿਨ (ਇਕ ਕਿਸਮ ਦਾ ਤਾਂਤਰਿਕ) ਸ਼ਾਸਕਾਂ ਦੀ ਸੱਤਾ ਨੂੰ ਮਾੜੇ ਸਾਏ ਤੋਂ ਬਚਾਉਂਦਾ ਹੈ। ਜਦੋਂ ਕੋਈ ‘ਰਾਸਪੂਤਿਨ’ ਜਾਂ ਸਾਧ ਚੋਟੀ ‘ਤੇ ਪਹੁੰਚ ਜਾਂਦਾ ਹੈ ਤਾਂ ਉਸ ਜਿਹੇ ਕਈ ਹੋਰ ਬੂਬਨੇ ਖੁੰਭਾਂ ਵਾਂਗ ਵਧਣੇ ਸ਼ੁਰੂ ਹੋ ਜਾਂਦੇ ਹਨ।
ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਸਿੱਖਾਂ ਨੂੰ ਆਪਣੇ ਧਾਰਮਿਕ ਸਥਾਨ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਪੂਰੀ ਮੁਹਿੰਮ ਵਿੱਢਣੀ ਪਈ ਸੀ ਜਿਨ੍ਹਾਂ ਬਰਤਾਨਵੀ ਸਾਮਰਾਜ ਦੀ ਸ਼ਹਿ ‘ਤੇ ਇਤਿਹਾਸਕ ਗੁਰਦੁਆਰਿਆਂ ਨੂੰ ਉਨ੍ਹਾਂ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਤੋਂ ਵਾਂਝੇ ਕਰ ਕੇ ਆਪਣੀ ਨਿੱਜੀ ਜਾਗੀਰ ਬਣਾ ਲਿਆ ਸੀ ਤੇ ਇਹ ਮਹਾਂ ਖੇਡ ਇਸੇ ਤਰ੍ਹਾਂ ਜਾਰੀ ਹੈ-ਪਾਖੰਡੀਆਂ, ਬਾਬਿਆਂ ਨੂੰ ਸਿਆਸਤਦਾਨ ਆਮ ਲੋਕਾਂ ਅੱਗੇ ਖੜ੍ਹੇ ਕਰਦੇ ਹਨ। ਵਿਗਿਆਨਕ ਸੋਚ ਜਾਂ ਮਿਜ਼ਾਜ ਵਾਲੇ ਘੱਟਗਿਣਤੀ ਹਨ ਤੇ ਨਿਰਾਸ਼ ਹਨ।
ਇਨ੍ਹਾਂ ਬਾਬਿਆਂ ਦੀ ਮਾਰ ਅਜਿਹੀ ਹੈ ਕਿ ਗਰੀਬ ਲੋਕਾਂ ਨੂੰ ਤਾਂ ਇਨ੍ਹਾਂ ਨੇ ਝਾਕ ਤੇ ਅਗਿਆਨਤਾ ਦੇ ਸ਼ਿਕੰਜੇ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਇਸ ਮੁਸ਼ਕਿਲ ਸਣੇ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਇਕੋ-ਇਕ ਹੱਲ ਲੋਕਾਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ, ਉੱਚ ਮਿਆਰੀ ਸਿੱਖਿਆ ਦੇਣਾ ਹੈ।
ਸਿੱਖਿਆ ਸਾਰੇ ਜਾਲੇ ਸਾਫ਼ ਕਰੇਗੀ ਤੇ ਵਿਗਿਆਨਕ ਸੋਚ-ਸਮਝ ਪੈਦਾ ਕਰੇਗੀ। ਇਸ ਸਭ ਤੋਂ ਉਤੇ ਇਹ ਸਾਨੂੰ ਤਰਕਸੰਗਤ ਉੱਤਰ ਤੱਕ ਪਹੁੰਚਣ ਲਈ ਹਰ ਚੀਜ਼ ‘ਤੇ ਹਰ ਕਿਸੇ ਨੂੰ ਸਵਾਲ ਕਰਨਾ ਸਿਖਾਏਗੀ ਤੇ ਇਸੇ ਲਈ ਹੀ ਇਹ ਬਾਬੇ ਅੰਧ ਵਿਸ਼ਵਾਸ ਮੰਗਦੇ ਹਨ ਤੇ ਰਾਜਨੇਤਾ ਲੋਕਾਂ ਨੂੰ ਅਗਿਆਨੀ ਰੱਖਣ ‘ਚ ਹੀ ਭਲਾ ਸਮਝਦੇ ਹਨ – ਘੋਖ ਪਰਖ ਕਰਨ ਦਾ ਮਿਜ਼ਾਜ ਨਾ ਤਾਂ ਉਹ ਚਾਹੁੰਦੇ ਹਨ ਤੇ ਨਾ ਹੀ ਇਸ ਨੂੰ ਉਤਸ਼ਾਹਿਤ ਕਰਦੇ ਹਨ। ਅਖੀਰ ‘ਚ, ਮੈਂ ਰਬਿੰਦਰਨਾਥ ਟੈਗੋਰ ਅਤੇ ਉਨ੍ਹਾਂ ਦੇ ਸਦੀਵੀ ਵਿਵੇਕ ਵੱਲ ਹੀ ਮੁੜਦਾ ਹਾਂ: ”ਜਿੱਥੇ ਮਨ ਭੈਅ ਤੋਂ ਪਰ੍ਹੇ ਹੈ… ਗਿਆਨ ਬੰਧਨਾਂ ਤੋਂ ਮੁਕਤ ਹੈ… ਉਸੇ ਅਜ਼ਾਦੀ ਦੇ ਸਵਰਗ ‘ਚ, ਮੇਰੇ ਪਿਤਾ, ਮੇਰੇ ਦੇਸ਼ ਨੂੰ ਜਗਾਓ।”
***
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …