ਡਾ. ਸੁਖਦਰਸ਼ਨ ਸਿੰਘ ਚਹਿਲ
ਸਾਡੇ ਦੇਸ਼ ਦੇ ਸਿਖਰਲੇ ਅਹੁਦਿਆਂ ‘ਤੇ ਵੱਖ-ਵੱਖ ਸਮੇਂ ਸਿੱਖ ਹਸਤੀਆਂ ‘ਚੋਂ ਰਾਸ਼ਟਰਪਤੀ ਦੇ ਅਹੁਦੇ ‘ਤੇ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਵਜੋਂ ਡਾ: ਮਨਮੋਹਨ ਸਿੰਘ, ਭਾਰਤੀ ਸੈਨਾ ਦੇ ਮੁਖੀ ਦੇ ਤੌਰ ‘ਤੇ ਜਰਨਲ ਜੇ.ਜੇ. ਸਿੰਘ ਅਤੇ ਬਿਕਰਮ ਸਿੰਘ ਤਾਇਨਾਤ ਰਹਿ ਚੁੱਕੇ ਹਨ। ਉਪਰੋਕਤ ਰਾਜਨੀਤਕ ਅਤੇ ਸੈਨਿਕ ਅਧਿਕਾਰੀਆਂ ਤੋਂ ਬਾਅਦ ਸਿੱਖ ਕੌਮ ਦੀਆਂ ਸ਼ਖ਼ਸੀਅਤਾਂ ਵੱਲੋਂ ਦੇਸ਼ ਦੇ ਸਿਖਰਲੇ ਅਹੁਦਿਆਂ ‘ਤੇ ਪੁੱਜਣ ਵਾਲਿਆਂ ਦੀ ਸੂਚੀ ‘ਚ ਇਕ ਨਾਂਅ ਹੋਰ ਜੁੜ ਗਿਆ ਹੈ। ਉਹ ਹੈ ਦੇਸ਼ ਦੀ ਸਰਬਉੱਚ ਅਦਾਲਤ ਦੇ ਮੁੱਖ ਜੱਜ ਦੇ ਅਹੁਦੇ ਲਈ ਮਨੋਨੀਤ ਕੀਤੇ ਗਏ ਜਗਦੀਸ਼ ਸਿੰਘ ਖੇਹਰ। ਜਸਟਿਸ ਖੇਹਰ 4 ਜਨਵਰੀ, 2017 ਨੂੰ ਭਾਰਤ ਦੀ ਸਰਬਉੱਚ ਅਦਾਲਤ (ਸੁਪਰੀਮ ਕੋਰਟ) ਦੇ ਮੁੱਖ ਜੱਜ ਵਜੋਂ ਸਹੁੰ ਚੁੱਕਣਗੇ ਅਤੇ ਇਸ ਅਹੁਦੇ ‘ਤੇ ਪੁੱਜਣ ਵਾਲੇ ਉਹ ਪਹਿਲੇ ਸਿੱਖ ਬਣ ਜਾਣਗੇ।
28 ਅਗਸਤ, 1952 ਨੂੰ ਜਨਮੇ ਖੇਹਰ ਨੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ 1974 ‘ਚ ਬੀ.ਐਸ-ਸੀ.ਦੀ ਪੜ੍ਹਾਈ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1977 ‘ਚ ਵਕਾਲਤ ਦੀ ਡਿਗਰੀ ਹਾਸਿਲ ਕੀਤੀ। ਵਕਾਲਤ ਦੇ ਪੇਸ਼ੇ ‘ਚ ਹੋਰ ਪ੍ਰਪੱਕਤਾ ਹਾਸਿਲ ਕਰਨ ਦੇ ਮਨਸੂਬੇ ਨਾਲ ਸ: ਖੇਹਰ ਨੇ 1979 ‘ਚ ਇਸੇ ਯੂਨੀਵਰਸਿਟੀ ਤੋਂ ਐਲ. ਐਲ.ਐਮ. ਦੀ ਪੜ੍ਹਾਈ ਅੱਵਲ ਰਹਿ ਕੇ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਵਕਾਲਤ ਦੀ ਪੜ੍ਹਾਈ ਪੂਰੀ ਕਰਨ ਉਪਰੰਤ 1979 ‘ਚ ਸ: ਖੇਹਰ ਨੇ ਚੰਡੀਗੜ੍ਹ ਵਿਖੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਬਤੌਰ ਵਕੀਲ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ-ਨਾਲ ਉਹ ਸ਼ਿਮਲਾ ਹਾਈਕੋਰਟ ਅਤੇ ਸੁਪਰੀਮ ਕੋਰਟ ਦਿੱਲੀ ਵਿਖੇ ਵੀ ਬਤੌਰ ਵਕੀਲ ਸਰਗਰਮ ਰਹੇ। ਜਿਸ ਦੌਰਾਨ ਉਨ੍ਹਾਂ ਨੇ ਆਪਣੇ ਪੇਸ਼ੇ ‘ਚ ਬਤੌਰ ਨਿਧੱੜਕ, ਸਪੱਸ਼ਟਵਾਦੀ ਅਤੇ ਪਾਰਦਰਸ਼ੀ ਇਨਸਾਨ ਵਜੋਂ ਨਾਮਣਾ ਖੱਟਿਆ। ਜਿਸ ਦੀ ਬਦੌਲਤ ਉਹ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਵੀ ਨਾਮਜਦ ਹੋਏ। ਸ: ਖੇਹਰ ਕੁਝ ਸਮਾਂ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵੀ ਰਹੇ। ਫਰਵਰੀ 1995 ‘ਚ ਉਨ੍ਹਾਂ ਨੂੰ ਸੀਨੀਅਰ ਸਟੈਂਡਿੰਗ ਕੌਂਸਲ ਚੰਡੀਗੜ੍ਹ ਨੇ ਸੀਨੀਅਰ ਵਕੀਲ ਮਨੋਨੀਤ ਕਰਕੇ ਵੀ ਨਿਵਾਜਿਆ। ਤਕਰੀਬਰਨ 20 ਸਾਲ ਵਕਾਲਤ ਕਰਨ ਉਪਰੰਤ ਉਹ ਸੰਨ 1999 ਵਿਚ ਪੰਜਾਬ-ਹਰਿਆਣਾ ਹਾਈਕੋਰਟ ਦੇ ਵਧੀਕ ਜੱਜ ਨਿਯੁਕਤ ਹੋਏ। ਇਸ ਉਪਰੰਤ ਉਨ੍ਹਾਂ ਦਾ ਸਫ਼ਰ ਹੋਰ ਵੀ ਵਧੇਰੇ ਜ਼ਿੰਮੇਵਾਰੀ ਵਾਲਾ ਬਣ ਗਿਆ। ਵਧੀਕ ਜੱਜ ਦੇ ਅਹੁਦੇ ਤੋਂ ਬਾਅਦ ਜਸਟਿਸ ਖੇਹਰ ਲਈ ਵੱਡੀਆਂ ਮੰਜ਼ਿਲਾਂ ‘ਤੇ ਪੁੱਜਣ ਲਈ ਨਵਾਂ ਰਸਤਾ ਖੁੱਲ੍ਹ ਗਿਆ। ਜਿਸ ਦੌਰਾਨ ਉਹ 2 ਅਗਸਤ 2008 ਅਤੇ 17 ਨਵੰਬਰ 2008 ਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਮੁੱਖ ਜੱਜ ਵੀ ਬਣੇ। ਤਰੱਕੀਆਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਜਸਟਿਸ ਖੇਹਰ 29 ਨਵੰਬਰ, 2009 ਨੂੰ ਨੈਣੀਤਾਲ ਹਾਈਕੋਰਟ ਦੇ ਮੁੱਖ ਜੱਜ ਬਣੇ। ਫਿਰ 8 ਅਗਸਤ, 2010 ਤੋਂ 12 ਸਤੰਬਰ, 2011 ਤੱਕ ਕਰਨਾਟਕ ਹਾਈਕੋਰਟ ਦੇ ਮੁੱਖ ਜੱਜ ਰਹੇ। ਇਸ ਉਪਰੰਤ ਉਨ੍ਹਾਂ ਨੂੰ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ 13 ਸਤੰਬਰ 2011 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਾਮਜ਼ਦ ਕੀਤਾ। ਜਿਸ ਅਹੁਦੇ ‘ਤੇ ਉਹ ਅੱਜਕਲ੍ਹ ਸੇਵਾ ਨਿਭਾਅ ਰਹੇ ਹਨ। ਹਾਲ ਹੀ ਵਿਚ ਦੇਸ਼ ਦੇ ਮੁੱਖ ਜੱਜ ਟੀ. ਐਸ.ਠਾਕੁਰ ਨੇ ਜਸਟਿਸ ਜੇ. ਐਸ. ਖੇਹਰ ਨੂੰ ਆਪਣਾ ਉਤਰਾਅਧਿਕਾਰੀ ਮਨੋਨੀਤ ਕੀਤਾ ਹੈ ਅਤੇ 4 ਜਨਵਰੀ, 2017 ਨੂੰ ਉਹ ਦੇਸ਼ ਦੇ ਪਹਿਲੇ ਸਿੱਖ ਵਜੋਂ ਮੁੱਖ ਜੱਜ ਦੇ ਅਹੁਦੇ ਦੀ ਸਹੁੰ ਚੁੱਕਣਗੇ, ਜੋ ਕਿ ਉਨ੍ਹਾਂ ਦੀ ਨਿੱਜੀ ਤੌਰ ‘ਤੇ ਵੱਡੀ ਪ੍ਰਾਪਤੀ ਦੇ ਨਾਲ-ਨਾਲ ਸਿੱਖ ਕੌਮ ਲਈ ਵੀ ਵੱਡੇ ਮਾਣ ਦੀ ਗੱਲ ਹੋਵੇਗੀ।
ਜਸਟਿਸ ਜੇ. ਐਸ. ਖੇਹਰ ਨੇ ਆਪਣੇ ਵਕਾਲਤ ਦੇ ਪੇਸ਼ੇ ਅਤੇ ਜੱਜ ਦੇ ਅਹੁਦੇ ‘ਤੇ ਸੇਵਾ ਦੌਰਾਨ ਬਹੁਤ ਸਾਰੇ ਨਿਆਂਪਾਲਿਕਾ ‘ਚ ਜਨਤਾ ਦੇ ਵਿਸ਼ਵਾਸ ਨੂੰ ਵਧਾਉਣ ਵਾਲੇ ਇਤਿਹਾਸਿਕ ਫੈਸਲੇ ਸੁਣਾਏ ਹਨ। ਜੋ ਦੇਸ਼ ਦੇ ਇਤਿਹਾਸ ‘ਚ ਵੱਡੇ ਅਤੇ ਅਹਿਮ ਫੈਸਲੇ ਮੰਨੇ ਜਾਂਦੇ ਹਨ। ਉਨ੍ਹਾਂ ਨੇ 2015 ‘ਚ ਜੱਜਾਂ ਦੀਆਂ ਨਿਯੁਕਤੀਆਂ ਨਾਲ ਸਬੰਧਿਤ ਮਾਮਲੇ ਬਾਰੇ, ਸਰਬਉੱਚ ਅਦਾਲਤ ਦੇ ਜੱਜਾਂ ਦੇ ਬੈਂਚਾਂ ਦੇ ਮੁੱਖੀ ਵਜੋਂ ਜੱਜਾਂ ਦੀ ਨਿਯੁਕਤੀ ਸਬੰਧੀ ਕੇਂਦਰ ਵੱਲੋਂ ਬਣਾਏ ਨਵੇਂ ਕਾਨੂੰਨ ਨੂੰ ਰੱਦ ਕਰਨ ਦਾ ਇਤਿਹਾਸਕ ਫੈਸਲਾ ਸੁਣਾਇਆ। ਇਸ ਦੇ ਨਾਲ ਹੀ ਉਨ੍ਹਾਂ ਦੀ ਅਗਵਾਈ ਵਾਲੇ ਜੱਜਾਂ ਦੇ ਬੈਂਚ ਨੇ ਇਸੇ ਵਰ੍ਹੇ ਅਰੁਨਾਚਲ ਪ੍ਰਦੇਸ਼ ‘ਚ ਰਾਸ਼ਟਰਪਤੀ ਰਾਜ ਰੱਦ ਕਰਕੇ, ਲੋਕਾਂ ਦੁਆਰਾ ਚੁਣੀ ਗਈ ਕਾਂਗਰਸ ਸਰਕਾਰ ਦੀ ਬਹਾਲੀ ਕਰਕੇ, ਨਿਆਂਪਾਲਿਕਾ ‘ਤੇ ਲੋਕਾਂ ਦਾ ਵਿਸ਼ਵਾਸ ਹੋਰ ਵਧਾਇਆ। ਬਤੌਰ ਬੈਂਚ ਮੁਖੀ ਉਨ੍ਹਾਂ ਨੇ ਸਹਾਰਾ ਗਰੁੱਪ ਦੇ ਮੁਖੀ ਸੁਬਰੋਤੋ ਰਾਏ ਨੂੰ ਉਸ ਦੀਆਂ ਦੋ ਕੰਪਨੀਆਂ ਵੱਲੋਂ ਲੋਕਾਂ ਦੇ ਪੈਸੇ ਵਾਪਸ ਨਾ ਕਰਨ ਦੇ ਦੋਸ਼ ‘ਚ ਜੇਲ੍ਹ ਭੇਜਿਆ। ਉਨ੍ਹਾਂ ਬਤੌਰ ਬੈਂਚ ਮੁੱਖੀ ‘ਬਰਾਬਰ ਕੰਮ ਲਈ ਬਰਾਬਰ ਤਨਖਾਹ’ ਦੇਣ ਦਾ ਇਤਿਹਾਸਿਕ ਫੈਸਲਾ ਵੀ ਸੁਣਾਇਆ, ਜਿਸ ਦਾ ਮਕਸਦ ਸੀ ਕਿ ਕਿਸੇ ਅਹੁਦੇ ‘ਤੇ ਨਿਯਮਤ ਤੌਰ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਵਾਂਗ ਹੀ ਉਨ੍ਹਾਂ ਵਾਲੇ ਅਹੁਦਿਆਂ ‘ਤੇ ਆਰਜ਼ੀ ਤੌਰ ‘ਤੇ ਕੰਮ ਕਰਨ ਵਾਲੇ ਵਿਆਕਤੀਆਂ ਨੂੰ ਵੀ ਉਨ੍ਹਾਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ। ਹਾਲ ਹੀ ਵਿਚ ਉਨ੍ਹਾਂ ਵੱਲੋਂ ਦੇਸ਼ ਦੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਵੱਲੋਂ ਨਿਆਪਾਲਿਕਾ ਦੇ ਸਬੰਧ ‘ਚ ਕੀਤੀ ਗਈ ਇਕ ਟਿੱਪਣੀ ਦਾ ਜਵਾਬ ਬੜੇ ਸਾਹਸਪੂਰਨ ਤਰੀਕੇ ਨਾਲ ਸਪੱਸ਼ਟ ਰੂਪ ‘ਚ ਦਿੰਦਿਆ ਕਿਹਾ ਕਿ ਨਿਆਂਪਾਲਿਕਾ ਲਕਸ਼ਮਣ ਰੇਖਾ ਦੇ ਅੰਦਰ ਰਹਿ ਕੇ ਹੀ ਕੰਮ ਕਰ ਹਰੀ ਹੈ। ਜਸਟਿਸ ਜੇ. ਐਸ. ਖੇਹਰ ਬਾਰੇ ਇਕ ਗੱਲ ਪ੍ਰਸਿੱਧ ਹੈ ਕਿ ਉਹ ਕਿਸੇ ਗੱਲ ਨਾਲ ਭਾਵੇਂ ਸਹਿਮਤ ਹੋਣ ਜਾਂ ਅਸਹਿਮਤ ਹੋਣ ਉਸ ਨੂੰ ਪੂਰੇ ਠਰ੍ਹੰਮੇ ਨਾਲ ਸੁਣਦੇ ਹਨ ਅਤੇ ਪੂਰੇ ਸਵੈਵਿਸ਼ਵਾਸ, ਸਪੱਸ਼ਟ ਅਤੇ ਠੰਡੇ ਅੰਦਾਜ਼ ‘ਚ ਉਸ ਬਾਰੇ ਆਪਣਾ ਪੱਖ ਰੱਖਦੇ ਹਨ। ਸ: ਖੇਹਰ ਦੇ ਸੁਭਾਅ ਦੀ ਇਸ ਖੂਬੀ ਨੇ ਉਨ੍ਹਾਂ ਨੂੰ ਨਿਆਂਪਾਲਿਕਾ ਦੇ ਖੇਤਰ ‘ਚ ਬੁਲੰਦੀਆਂ ‘ਤੇ ਪਹੁੰਚਾਉਣ ‘ਚ ਵੱਡੀ ਭੂਮਿਕਾ ਨਿਭਾਈ ਹੈ। ਉਮੀਦ ਕਰਦੇ ਹਾਂ ਕਿ ਉਹ 4 ਜਨਵਰੀ ਤੋਂ 27 ਅਗਸਤ 2017 ਤੱਕ ਬਤੌਰ ਮੁੱਖ ਜੱਜ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਉਣਗੇ, ਜਿਸ ਸਦਕਾ ਸਮੂਹ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦਾ ਨਾਮ ਵੀ ਉੱਚਾ ਹੋਵੇਗਾ ਅਤੇ ਜਨਤਾ ਦਾ ਨਿਆਂਪਾਲਿਕਾ ‘ਚ ਵਿਸ਼ਵਾਸ ਵੀ ਵਧੇਗਾ।
Check Also
ਅਮਰੀਕੀ ਵਸਤਾਂ ਦਾ ਬਾਈਕਾਟ
ਤਰਲੋਚਨ ਮੁਠੱਡਾ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਬਾਰਾ ਅਹੁਦਾ ਸੰਭਾਲਣ ਪਿੱਛੋਂ ਦੁਨੀਆ ਭਰ …