ਪਟਨਾ ਸਾਹਿਬ ‘ਮਿੰਨੀ ਪੰਜਾਬ’ ‘ਚ ਤਬਦੀਲ
ਸ਼ਰਧਾਲੂਆਂ ਵਾਸਤੇ ਵਿਸ਼ੇਸ਼ ਟੈਂਟਾਂ ਵਾਲੇ ਤਿੰਨ ਸ਼ਹਿਰ ਵਸਾਏ
5 ਲੱਖ ਤੋਂ ਵੱਧ ਪੁੱਜਣਗੇ ਸ਼ਰਧਾਲੂ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ
ਪਟਨਾ/ਬਿਊਰੋ ਨਿਊਜ਼
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੀਰਵਾਰ ਤੋਂ ਸ਼ੁਰੂ ਹੋਏ 350 ਸਾਲਾ ਪ੍ਰਕਾਸ਼ ਪੁਰਬ ਸਮਾਗਮ ਲਈ ਪਟਨਾ ਤੋਂ ਪਟਨਾ ਸਾਹਿਬ ਤੱਕ ਦੇ ਰਸਤੇ ਨੂੰ ‘ਮਿੰਨੀ ਪੰਜਾਬ’ ਵਿੱਚ ਤਬਦੀਲ ਕੀਤਾ ਗਿਆ ਹੈ। ਬਿਹਾਰ ਦੀ ਰਾਜਧਾਨੀ ਵਿੱਚ ਸ਼ਰਧਾਲੂਆਂ ਵਾਸਤੇ ਵਿਸ਼ੇਸ਼ ਟੈਂਟਾਂ ਵਾਲੇ ਤਿੰਨ ਸ਼ਹਿਰ ਬਣਾਏ ਗਏ ਹਨ। ਸ਼ਹਿਰ ਦੀਆਂ ਜ਼ਿਆਦਾਤਰ ਠਹਿਰਾਂ 7 ਜਨਵਰੀ 2017 ਤੱਕ ਨੱਕੋ ਨੱਕ ਭਰੀਆਂ ਰਹਿਣਗੀਆਂ।
ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਸੰਜੈ ਕੁਮਾਰ ਅਗਰਵਾਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਪਟਨਾ ਸਾਹਿਬ ਅਗਲੇ ਦਸ ਦਿਨਾਂ ਲਈ ਮਿੰਨੀ ਪੰਜਾਬ ਹੋਵੇਗਾ। ਉਨ੍ਹਾਂ ਸ਼ਰਧਾਲੂਆਂ ਨੂੰ ਮਿਲੇ ਅਥਾਹ ਹੁੰਗਾਰੇ ਲਈ ਧੰਨਵਾਦ ਕੀਤਾ। ਭਾਰਤ ਸਮੇਤ ਬਰਤਾਨੀਆ, ਅਮਰੀਕਾ, ਕੈਨੇਡਾ ਅਤੇ ਨੇਪਾਲ ਤੋਂ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਪਹੁੰਚਣ ਦੀ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਅਤੇ ਉਨ੍ਹਾਂ ਟੈਂਟ, ਹੋਟਲ, ਗੈਸਟ ਹਾਊਸ, ਆਸ਼ਰਮ ਅਤੇ ਕਮਿਊਨਿਟੀ ਹਾਲ ਪਹਿਲਾਂ ਹੀ ਬੁੱਕ ਕਰ ਲਏ ਹਨ। ਰਾਜ ਸਰਕਾਰ ਨੂੰ ਚਾਰ ਤੋਂ ਪੰਜ ਲੱਖ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਹੈ। ਤਖ਼ਤ ਪਟਨਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਸਰਕਾਰ ਅਤੇ ਤਖ਼ਤ ਹਰਿਮੰਦਰ ਸਾਹਿਬ ਦੇ ਅਧਿਕਾਰੀ ਲੱਗੇ ਹੋਏ ਹਨ।
ਅਗਰਵਾਲ ਨੇ ਕਿਹਾ ਕਿ ਤਿੰਨ ਟੈਂਟਾਂ ਵਾਲੇ ਸ਼ਹਿਰਾਂ ਦਾ 60 ਫੀਸਦੀ ਤੋਂ ਵੱਧ ਹਿੱਸਾ ਸ਼ਰਧਾਲੂਆਂ ਨੇ ਪਹਿਲਾਂ ਹੀ ਬੁੱਕ ਕਰ ਲਿਆ ਹੈ ਅਤੇ ਰਹਿੰਦੇ ਟੈਂਟ ਵੀ ਅਗਲੇ ਹਫ਼ਤੇ ਤੱਕ ਬੁੱਕ ਹੋ ਜਾਣਗੇ। ਇੱਥੇ ਗਾਂਧੀ ਮੈਦਾਨ ਨੇੜਲੇ ਹੋਟਲ ਮੌਰਿਆ ਦੇ ਮੈਨੇਜਰ ਗਿਰੀਸ਼ ਸਿਨਹਾ ਨੇ ਦੱਸਿਆ ਕਿ ਇਸ ਹੋਟਲ ਦੇ ਸਾਰੇ 77 ਕਮਰੇ ਨਵੇਂ ਸਾਲ ਦੇ ਪਹਿਲੇ ਹਫ਼ਤੇ ਲਈ ਬੁੱਕ ਹਨ। ਹੋਟਲ ਦੇ ਜ਼ਿਆਦਾਤਰ ਮਹਿਮਾਨ ਬਰਤਾਨੀਆ, ਅਮਰੀਕਾ ਤੇ ਕੈਨੇਡਾ ਨਾਲ ਸਬੰਧਤ ਹਨ।
ਹੋਟਲ ਮੌਰਿਆ ਵਾਂਗ ਭਾਰਤੀ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਹੋਟਲ ਪਾਟਲੀਪੁੱਤਰ ਅਸ਼ੋਕ ਦੇ ਸਾਰੇ 45 ਕਮਰੇ, ਹੋਟਲ ਗਾਰਗੀ ਗਰੈਂਡ ਦੇ 37 ਕਮਰੇ ਅਤੇ ਹੋਟਲ ਪਨਾਚੇ ਦੇ 50 ਕਮਰੇ ਬੁੱਕ ਹਨ। ਉੱਘੜ-ਦੁੱਘੜ ਫੈਲੇ ਗਾਂਧੀ ਮੈਦਾਨ ਵਿੱਚ 62 ਏਕੜ ਵਿੱਚ, ਕੰਗਣ ਘਾਟ ਵਿੱਚ 12 ਏਕੜ ਅਤੇ ਮਲਾਈਚੱਕ ਬਾਈਪਾਸ ‘ਤੇ 65 ਏਕੜ ਵਿੱਚ ਟੈਂਟਾਂ ਵਾਲੇ ਸ਼ਹਿਰ ਵਸਾਏ ਗਏ ਹਨ। ਜ਼ਿਲ੍ਹਾ ਅਧਿਕਾਰੀਆਂ ਨੂੰ ਆਸ ਹੈ ਕਿ ਇਨ੍ਹਾਂ ਟੈਂਟਾਂ ਵਾਲੇ ਸ਼ਹਿਰਾਂ ਵਿੱਚ 60 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਠਹਿਰਾਇਆ ਜਾਵੇਗਾ। ਇਸ ਦੌਰਾਨ ਦਿੱਲੀ ਤੋਂ ਹੀ 10 ਹਜ਼ਾਰ, ਪੰਜਾਬ ਤੋਂ ਪੰਜ ਹਜ਼ਾਰ ਅਤੇ ਮਹਾਰਾਸ਼ਟਰ ਤੋਂ 2500 ਸ਼ਰਧਾਲੂ ਪਟਨਾ ਪੁੱਜਣਗੇ। ਵਿਦੇਸ਼ੀ ਸ਼ਰਧਾਲੂਆਂ ਵਿੱਚੋਂ ਬਹੁ-ਗਿਣਤੀ ਬਰਤਾਨੀਆ ਨਾਲ ਸਬੰਧਤ ਹੈ। ਪ੍ਰਕਾਸ਼ ਪੁਰਬ ਸਬੰਧੀ ਮੁੱਖ ਸਮਾਗਮ 5 ਜਨਵਰੀ ਨੂੰ ਹੋਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਉੱਘੀਆਂ ਹਸਤੀਆਂ ਸ਼ਾਮਲ ਹੋਣਗੀਆਂ। ਬਿਹਾਰ ਸਰਕਾਰ ਨੇ ਪ੍ਰਕਾਸ਼ ਪੁਰਬ ਦੌਰਾਨ ਤਿੰਨ ਦਿਨਾਂ ਦੀ ਪਹਿਲਾਂ ਹੀ ਛੁੱਟੀ ਐਲਾਨੀ ਹੋਈ ਹੈ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਸਕੱਤਰ ਸਰਜਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਸ਼ਰਧਾਲੁਆਂ ਨੂੰ ਠਹਿਰਨ ਲਈ ਥਾਂ ਨਹੀਂ ਮਿਲੇਗੀ, ਉਨ੍ਹਾਂ ਨੂੰ ਇੱਥੇ ਸਕੂਲਾਂ ਤੇ ਹੋਰ ਥਾਵਾਂ ਵਿੱਚ ਠਹਿਰਾਇਆ ਜਾਵੇਗਾ।
90 ਏਕੜ ‘ਚ ਵਸਾਇਆ ਮਿੰਨੀ ਪੰਜਾਬ
ਪਟਨਾ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਵਸ ਪਟਨਾ ਸਾਹਿਬ ‘ਚ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ ਸਮੇਤ ਹੋਰ ਦੇਸ਼-ਵਿਦੇਸ਼ ਤੋਂ ਸਿੱਖੀ ਨੂੰ ਪਿਆਰ ਕਰਨ ਵਾਲੇ ਸ਼ਰਧਾਲੂ ਇਸ ਸਮਾਗਮ ‘ਚ ਸ਼ਮੂਲੀਅਤ ਕਰਨ ਲਈ ਪਟਨਾ ਸਾਹਿਬ ਵਿਖੇ ਪਹੁੰਚਣਗੇ। ਇਸ ਦੇ ਲਈ 90 ਏਕੜ ਖੇਤਰਫਲ ‘ਚ ਬਾਈਪਾਸ ਦੇ ਕੋਲ ਟੈਂਟ ਸਿਟੀ ਦੇ ਰੂਪ ‘ਚ ਮਿੰਨੀ ਪੰਜਾਬ ਹੀ ਵਸਾ ਦਿੱਤਾ ਗਿਆ ਹੈ। ਲਗਭਗ ਦੋ ਹਜ਼ਾਰ ਟੈਂਟਾਂ ‘ਚ ਫੋਮ ਦੇ ਗੱਦੇ ਅਤੇ ਰੰਗ-ਬਿਰੰਗੀਆਂ ਚਾਦਰਾਂ ਵਿਛਾ ਦਿੱਤੀਆਂ ਗਈਆਂ ਹਨ। ਠੰਢ ਤੋਂ ਬਚਣ ਦੇ ਲਈ ਕੰਬਲ ਦੇ ਨਾਲ ਬਲੋਅਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਟੈਂਟ ਸਿਟੀ ‘ਚ ਕੰਮ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ 80 ਫੀਸਦੀ ਕੰਮ ਹੋ ਚੁੱਕਿਆ ਹੈ। ਫਨੀਸ਼ਿੰਗ, ਕਾਲੀਨ ਵਿਛਾਉਣ ਦਾ ਕੰਮ ਜਾਰੀ ਹੈ।
ਇਹ ਸਭ ਕੁਝ ਹੈ ਪਿੰਡ ਪੰਜਾਬ ‘ਚ :
ਇਕ ਪਿੰਡ ਪੰਜਾਬ ‘ਚ 35 ਹਜ਼ਾਰ ਸ਼ਰਧਾਲੂਆਂ ਦੇ ਰਹਿਣ ਦਾ ਪ੍ਰਬੰਧ
12 ਤੋਂ 20 ਵਿਅਕਤੀ ਇਕ ਟੈਂਟ ‘ਚ ਰਹਿ ਸਕਣਗੇ।
20 ਵਿਅਕਤੀਆਂ ਲਈ ਇਕ ਟਾਇਲਟ ਅਤੇ ਇਸ਼ਨਾਨ ਘਰ।
4 ਲੰਗਰ ਹਾਲ, ਇਕ ਹਾਲ ‘ਚ 7 ਹਜ਼ਾਰ ਵਿਅਕਤੀ ਆ ਸਕਦੇ ਹਨ।
ਹਰ ਵਸਾਏ ਪਿੰਡ ਪੰਜਾਬ ‘ਚ 10-12 ਹਜ਼ਾਰ ਵਾਹਨਾਂ ਲਈ ਪਾਰਕਿੰਗ
Home / ਭਾਰਤ / ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਸਜ ਗਈ ਜਨਮ ਭੂਮੀ ਪਟਨਾ ਸਾਹਿਬ
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …