Breaking News
Home / ਮੁੱਖ ਲੇਖ / ਹਿੰਦ ਖਿੱਤੇ ‘ਚ ਜੰਗ ਦੇ ਬੱਦਲ

ਹਿੰਦ ਖਿੱਤੇ ‘ਚ ਜੰਗ ਦੇ ਬੱਦਲ

316844-1rz8qx1421419655-300x225ਕਲਵੰਤ ਸਿੰਘ ਸਹੋਤਾ
ਪੁਰਾਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਇਹ ਗੱਲ ਪ੍ਰਤੱਖ ਹੈ ਕਿ ਤਕੜਾ ਰਾਜਾ ਮਾੜੇ ਨੂੰ ਹਰਾ ਕੇ ਉਸ ਦਾ ਰਾਜ ਭਾਗ ਆਪਣੇ ਚ’ ਰਲਾ ਲਿਆ ਕਰਦਾ ਸੀ। ਥੋੜਾ ਜਾਂ ਲੰਬਾ ਅਰਸਾ ਰਾਜ ਕਰਨ ਉਪਰੰਤ ਹੁੰਦੀ ਉਸ ਨਾਲ ਵੀ ਇਵੇਂ ਹੀ ਸੀ, ਚਿਰੀਂ ਝੱਬੇ ਉਸ ਨੂੰ ਵੀ ਕੋਈ ਡਾਢਾ ਆਕੇ ਹਰਾ ਕੇ ਆਪਣਾ ਰਾਜ ਭਾਗ ਕਾਇਮ ਕਰ ਲੈਂਦਾ ਸੀ। ਉਦੋਂ ਲੜਾਈਆਂ ਰਵਾਇਤੀ ਹਥਿਆਰਾਂ ਭਾਵ ਨੇਜੇ, ਬਰਛੇ, ਤਲਵਾਰਾਂ ਆਦਿ ਦੀਆਂ ਹੋਇਆ ਕਰਦੀਆਂ ਸਨ, ਜਿਹਨਾਂ ਦੀ ਮਾਰ ਲੜਾਈ ਦੇ ਮੈਦਾਨ ਤੱਕ ਹੀ ਸੀ। ਜਿਉਂ ਜਿਉਂ ਸਮਾਂ ਬਦਲਿਆ ਤਾਂ ਲੜਾਈਆਂ ਬੰਦੂਕਾਂ, ਤੋਪਾਂ ਅਤੇ ਬੰਬਾਂ ਦੀਆਂ ਹੋਣ ਲੱਗੀਆਂ, ਇਹਨਾਂ ਲੜਾਈਆਂ ਦਾ ਪ੍ਰਭਾਵ ਵੀ ਲੜਾਈ ਵਾਲੇ ਖੇਤਰ ਤੱਕ ਹੀ ਮਹਿਦੂਦ ਹੁੰਦਾ ਸੀ।
ਦੂਸਰੇ ਸੰਸਾਰ ਯੁੱਧ ਤੋਂ ਬਾਅਦ ਬਹੁਤ ਤੇਜੀ ਨਾਲ ਮਾਰੂ ਹਥਿਆਰਾਂ ਦੀ ਉੋਨਤੀ ਹੋਈ ਤੇ ਹੋਈ ਜਾ ਰਹੀ ਹੈ, ਜਿਹਨਾਂ ‘ਚ ਪਰਮਾਣੂ ਹਥਿਆਰ ਸੱਭ ਤੋਂ ਵੱਧ ਖਤਰਨਾਕ ਹਨ। ਮਾਰੂ ਹਥਿਆਰਾਂ ਦੇ ਬੇਅੰਤ ਭੰਡਾਰ ਭਰੇ ਪਏ ਹਨ ਤੇ ਹਥਿਆਰ ਬਣਾਉਣ ਦੇ ਕਾਰਖਾਨੇ ਧੜਾ ਧੜ ਨਵੇਂ ਤੋਂ ਨਵੇਂ ਹਥਿਆਰ ਬਣਾਈ ਚਲੇ ਜਾ ਰਹੇ ਹਨ। ਹਥਿਆਰਾਂ ਨੂੰ ਬਣਦੇ ਰੱਖਣ ਲਈ ਤੇ ਪੁਰਾਣੇ ਬਣੇ ਪਏ ਹਥਿਆਰਾਂ ਦੇ ਭੰਡਾਰਾਂ ਨੂੰ ਚਲਾਉਣ ਲਈ ਕਿਤੇ ਨਾਂ ਕਿਤੇ ਯੁਧ ਛੇੜਨ ਦਾ ਬਹਾਨਾਂ ਢੂੰਡਣਾਂ ਪੈਂਦਾ ਹੈ ਤੇ ਇੰਝ ਕਿਤੇ ਨਾਂ ਕਿਤੇ ਖੇਤਰੀ ਯੁਧ ਛੇੜਨਾਂ ਜਰੂਰੀ ਬਣ ਜਾਂਦਾ ਹੈ।
ਦੂਸਰੇ ਸੰਸਾਰ ਯੁੱਧ ਤੋਂ ਬਾਅਦ ਇਹ ਇਕ ਰਵਾਇਤ ਹੀ ਬਣ ਗਈ ਹੈ ਕਿ ਤਕੜੇ ਵਿਕਸਤ ਦੇਸ਼ਾਂ ਦੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਇਹ ਖੇਤਰੀ ਯੁੱਧ ਅਤਿਅੰਤ ਜ਼ਰੂਰੀ ਬਣ ਗਏ ਹਨ ਤੇ ਇਹ ਯੁੱਧ ਲੱਗਣ ਨਾਲ ਅਤੇ ਲੰਬੇ ਸਮੇਂ ਤੱਕ ਜਾਰੀ ਰਹਿਣ ਨਾਲ ਜੋ ਲੋਕਾਂ ਦਾ ਘਾਣ, ਆਰਥਿਕਤਾ ਦੀ ਤਬਾਹੀ ਅਤੇ ਲੰਬੇ ਸਮੇਂ ਤੱਕ ਜੋ ਅਸਥਿਰਤਾ ਦੀ ਹਾਲਤ ਬਣਦੀ ਹੈ, ਜਿਸ ਨਾਲ ਲੋਕਾਂ ਦਾ ਜਿਉਣਾਂ ਦੁੱਭਰ ਹੋ ਕੇ ਰਹਿ ਜਾਂਦਾ ਹੈ, ਜੋ ਕਈ ਪੁਸ਼ਤਾਂ ਰਹਿੰਦਾ ਹੈ, ਜਿਵੇਂ ਅਫਗਾਨਿਸਤਾਨ, ਇਰਾਕ, ਲੀਬੀਆ ਅਤੇ ਸੀਰੀਆ ਪਰਮੁੱਖ ਉਦਾਹਰਣਾਂ ਹਨ। ਪਰਿਵਾਰਾਂ ਦੇ ਪਰਿਵਾਰ ਮੌਤ ਦੇ ਘਾਟ ਚਲੇ ਜਾਣਾਂ ਆਪਣੇ ਆਪ ਵਿਚ ਇਕ ਵੱਡੀ ਤਰਾਸਦੀ ਹੈ। ਪਰਮੁੱਖ ਵਿਕਸਤ ਮੁਲਕਾਂ ਦੀ ਭੁੱਖ ਹੋਰ ਵਧਦੀ ਹੈ ਤੇ ਉਹਨਾਂ ਦਾ ਇਕ ਯੁੱਧ ਨਾਲ ਪੇਟ ਨਹੀਂ ਭਰਦਾ, ਬਰਾਬਰ ਦੇ ਯੁੱਧ ਹੋਰ ਖਿੱਤਿਆਂ ‘ਚ ਲਾਉਣ ਦੀਆਂ ਤਰਕੀਬਾਂ ਖੁਫ਼ੀਆਂ ਏਜੰਸੀਆਂ ਚਿਤਵਦੀਆਂ ਹਨ ਤੇ ਬਹਾਨਾਂ ਭਾਲ ਕੇ ਨਵਾਂ ਯੁੱਧ ਅਰੰਭ ਕਰ ਦਿੱਤਾ ਜਾਂਦਾ ਹੈ ਤਾਂ ਕਿ ਪੁਰਾਣੇ ਬਣੇ ਹਥਿਆਰ ਮੁਨਿਆਦ ਮੁੱਕਣ ਤੋਂ ਪਹਿਲਾਂ ਪਹਿਲ ਵਰਤ ਹੋ ਜਾਣ ਤੇ ਨਵੇਂ ਹੋਰ ਵਿਕਸਤ ਆਧੁਨਿਕ ਹਥਿਆਰਾਂ ਦੇ ਭੰਡਾਰ ਹੋਰ ਭਰ ਲਏ ਜਾਣ ਤੇ ਵੱਧ ਤੋਂ ਵੱਧ ਗਾਹਕ ਲੱਭ ਕੇ ਵੇਚੇ ਜਾਣ।
ਇਸ ਦੀ ਪੂਰਤੀ ਲਈ ਦੋ ਬਰਾਬਰ ਦੇ ਦੁਸ਼ਮਣ ਖੜੇ ਕਰਨ ਦੀ ਲੋੜ ਵੀ ਰਹਿੰਦੀ ਹੈ। ਇਹ ਸਭ ਕੰਮ ਗੁਪਤ ਏਜੰਸੀਆਂ ਬਕਾਇਦਾ ਚਲਾਕੀ ਨਾਲ ਕਰਦੀਆਂ ਹਨ। ਜੇ ਆਰਜ਼ੀ ਤੌਰ ਤੇ ਯੁੱਧ ਨਾਂ ਵੀ ਲੱਗੇ ਤਾਂ ਲੱਗਣ ਵਾਲੇ ਯੁੱਧ ਦਾ ਭੈਅ ਇਤਨਾਂ ਪੈਦਾ ਕਰ ਦਿੱਤਾ ਜਾਏ ਕਿ ਦੋਵੇਂ ਧਿਰਾਂ ਵੱਧ ਤੋਂ ਵੱਧ ਜੰਗੀ ਹਥਿਆਰ ਖਰੀਦਕੇ ਆਪਣੇ ਭੰਡਾਰ ਭਰ ਲੈਣ। ਦੁਨੀਆਂ ਦੇ ਵੱਖੋ ਵੱਖਰੇ ਖਿੱਤਿਆਂ ‘ਚ ਇਹ ਰੁਝਾਨ ਨਿਰੰਤਰ ਜਾਰੀ ਹੈ। ਪਿਛਲੇ ਕੁਝ ਦਹਾਕਿਆਂ ਦੇ ਇਤਿਹਾਸ ਵਲ ਹੀ ਝਾਤ ਮਾਰੀਏ ਤਾਂ ਪਿਛਲੀ ਸਦੀ ਦੇ ਅੱਸੀਵਿਆਂ ‘ਚ ਦਸ ਸਾਲ ਚੱਲਿਆ ਇਰਾਨ ਇਰਕ ਯੁੱਧ,ਭਾਰਤ ਪਾਕਿਸਤਾਨ ਦੀਆਂ ਹੋਈਆਂ ਲੜਾਈਆਂ ਤੇ ਲਗਾਤਾਰ ਚੱਲਦੀ ਹੁਣ ਤੱਕ ਦੀ ਖਿੱਚੋਤਾਣ ਪਰਮੁੱਖ ੳੋਧਾਰਣਾਂ ਹਨ। ਇੱਥੇ ਇਹ ਯਾਦ ਕਰਾਉਣਾ ਵੀ ਬਣਦਾ ਹੈ ਕਿ 1947 ਦੀ ਫਰੰਗੀਆਂ ਤੋਂ ਆਜ਼ਾਦੀ ਮਗਰੋਂ ਫਰੰਗੀਆਂ ਦੇ ਰਾਜ ਅਧੀਨ ਰਹੇ ਭਾਰਤ ਤੋਂ ਪੱਛਮੀ ਤੇ ਪੂਰਬੀ ਪਾਕਿਸਤਾਨ ਬਣੇ, ਮੁਲਕ ਭਾਵੇਂ ਇੱਕ ਸੀ ਪਰ ਭੂਗੋਲਿਕ ਤੌਰ ਤੇ ਇਕ ਦੂਜੇ ਤੋਂ ਬਹੁਤ ਦੂਰ ਸਨ। ਮਗਰੋਂ 1971 ਵਿਚ ਪੂਰਬੀ ਪਾਕਿਸਤਾਨ ਦਾ ਇਕ ਨਵਾਂ ਮੁਲਕ ਬੰਗਲਾ ਦੇਸ਼ ਬਣਿਆਂ ਤਾਂ ਭਾਰਤ ਦਾ ਸੋਵੀਅਤ ਯੂਨੀਅਨ {ਹੁਣ ਰੂਸ’ ਨਾਲ ਵੀਹ ਸਾਲਾ ਸਮਝੌਤਾ ਹੋਇਆ ਇਕ ਦੂਜੇ ਦੀ ਜੰਗ ‘ਚ ਸਹਾਇਤਾ ਕਰਨ ਦਾ, ਤੇ ਦੂਸਰੇ ਪਾਸੇ ਪਾਕਿਸਤਾਨ ਦੀ ਪਿੱਠ ਤੇ ਡਟ ਕੇ ਖੜਾ ਸੀ ਅਮਰੀਕਾ। ਜੇ ਕੁਝ ਗਹੁ ਨਾਲ ਘੋਖੀਏ, ਤਾਂ ਦਰਅਸਲ ਅਮਰੀਕਾ ਦੀ ਆਰਥਿਕ ਮਦਦ ਕਾਰਨ ਹੀ ਪਾਕਿਸਤਾਨ ਆਪਣੀ ਫੌਜ ਦਾ ਨਿਰਮਾਣ ਕਰ ਕੇ ਭਾਰਤ ਨੂੰ ਹੁਣ ਤੱਕ ਅੱਖਾਂ ਦਿਖਾਉਦਾ ਆ ਰਿਹਾ ਹੈ। ਇਹ ਅਰਥਿਕ ਮਦਦ ਹੁਣ ਤੱਕ ਵੀ ਜਾਰੀ ਹੈ। ਪਾਕਿਸਤਾਨ ਦੀ ਨਿਰੰਤਰ ਮੱਦਦ ਚੀਨ ਵੀ ਕਰਦਾ ਆ ਰਿਹਾ ਹੈ। ਭਾਵੇਂ ਚੀਨ ਅਤੇ ਅਮਰੀਕਾ ਦੀ ਆਪਸੀ ਖੜਕਦੀ ਸੀ ਪਰ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਖੜਾ ਰੱਖਣ ਲਈ ਦੋਵੇਂ ਮਦਦਗਾਰ ਰਹੇ ਹਨ।  ਯਾਦ ਰਹੇ ਜਦੋਂ 1979 ‘ਚ ਸੋਵੀਅਤ ਯੂਨੀਅਨ ਨੇ ਦਖਲ ਦੇ ਕੇ ਅਫਗਾਨਿਸਤਾਨ ‘ਚ ਆਪਣੇ ਪੱਖੀ ਸਰਕਾਰ ਬਣਾ ਲਈ ਤਾਂ ਇਸ ਦੇ ਖਿਲਾਫ ਅਮਰੀਕਾ ਨੇ ਪਾਕਿਸਤਾਨ ਰਾਹੀਂ ਸੋਵੀਅਤਾਂ ਵਿਰੁੱਧ ਗੁੱਝਾ ਯੁੱਧ ਆਰੰਭ ਦਿੱਤਾ। ਪਾਕਿਸਤਾਨ ‘ਚ ਪੈਦਾ ਹੋਏ ਤਾਲਿਬਾਨ ਤੇ ਹੋਰ ਅਤਿਬਾਦੀ ਗਰੁੱਪ ਇਸ ਦੀ ਹੀ ਉਪਜ ਨੇ। ਇਹਨਾਂ ਅਤਿਬਾਦੀਆਂ ਦੀ ਮਦਦ ਨਾਲ ਅਮਰੀਕਾ ਨੇ ਸੋਵੀਅਤ ਯੂਨੀਅਨ ਦੀਆਂ ਫੌਜਾਂ ਨੂੰ ਤਾਂ ਜ਼ਲੀਲ ਕਰਾ ਕੇ ਕਢਾ ਦਿੱਤਾ ਪਰ ਇਸ ਸਭ ਕਾਸੇ ‘ਚ ਮਗਰੋਂ ਅਮਰੀਕਾ ਨੂੰ ਵੀ ਬਹੁਤ ਜ਼ਲੀਲ ਹੋਣਾਂ ਪਿਆ।  ਦੇਖੋ ਹਾਲਾਤ ਕਿਸ ਕਰਵਟ ਬਦਲ ਰਹੇ ਹਨ, ਅੱਜ ਉਹੀ ਅਮਰੀਕਾ ਜਿਹੜਾ ਹੁਣ ਤੱਕ ਪਾਕਿਸਤਾਨ ਦੀ ਪਿੱਠ ਪੂਰਦਾ ਆਇਆ ਹੈ, ਉਸ ਨੂੰ ਪਿਛਾ੍ਹਂ ਕਰ ਭਾਰਤ ਨਾਲ ਨੇੜਤਾ ਬਣਾ ਰਿਹਾ ਹੈ। ਓਧਰ ਪਾਕਿਸਤਾਨ ਦੀ ਨੇੜਤਾ ਚੀਨ ਨਾਲ ਤਾਂ ਹੈ ਹੀ, ਸਗੋਂ ਓਹ ਹੁਣ ਰੂਸ ਦੇ ਵੀ ਨੇੜੇ ਹੋ ਰਿਹਾ। ਇਹ ਨਵੀਂ ਹੋ ਰਹੀ ਲਾਮਬੰਦੀ ਇਕ ਨਵੇਂ ਯੁੱਧ ਦਾ ਮੁੱਢ ਬੰਨਣ ਵਲ ਨੂੰ ਤੁਰ ਰਹੀ ਹੈ, ਜਿਹੜੀ ਹਿੰਦ ਖਿੱਤੇ ਚ’ ਜੰਗ ਦੇ ਬੱਦਲਾਂ ਦਾ ਪ੍ਰਤੀਕ ਹੈ, ਤੇ ਇਹ ਇਕ ਬਹੁਤ ਹੀ ਖਤਰਨਾਕ ਪਰਿਵਰਤਨ ਹੈ। ਪ੍ਰਮੁੱਖ ਤਾਕਤਾਂ ਦਾ ਗੱਠ ਜੋੜ ਖਤਰਨਾਕ ਮੋੜ ਵਲ ਜਾ ਰਿਹਾ ਹੈ। ਹੁਣ ਜੇ ਕੋਈ ਲੜਾਈ ਲੱਗਦੀ ਹੈ ਤਾਂ ਇਸ ਭੂਗੋਲਿਕ ਖਿੱਤੇ ਦੇ ਮੁਲਕਾਂ ਦਾ ਇੰਤਹਾ ਨੁਕਸਾਨ ਤੇ ਬਰਬਾਦੀ ਤੋਂ ਬਚਿਆ ਨਹੀਂ ਜਾਣਾਂ। ਦੂਜੀ ਸੰਸਾਰ ਜੰਗ ਦੇ ਆਖਰੀ ਪੜਾ ਚ’ ਜਪਾਨ ਦੇ ਨਾਗਾਸਾਕੀ ਤੇ ਹੀਰੋਸ਼ੀਮਾਂ ਦੀ ਤਬਾਹੀ ਦੇ ਦੁਖਾਂਤ ਯਾਦ ਰੱਖਣੇ ਚਹੀਦੇ ਹਨ।  ਅਮਰੀਕਾ ਹਜ਼ਾਰਾਂ ਕੋਹਾਂ ਦੂਰ ਬੈਠਾ ਹੈ,ਉਸ ਦੀ ਬਰਬਾਦੀ ਦੇ ਘੱਟ ਚਾਂਸ ਹਨ। ਲੜਾਈ ਲੱਗਦੀ ਹੈ ਤਾਂ ਉਸ ਨੂੰ ਦੂਹਰਾ ਫਾਇਦਾ ਹੋੇਇਗਾ, ਇਕ ਤਾਂ ਭਾਰਤ ਨੂੰ ਯੁੱਧ ਵਿਚ ਲਪੇਟ ਕੇ ਉਸ ਨੂੰ ਭਾਰੀ ਮਾਤਰਾ ‘ਚ ਮਹਿੰਗੇ ਹਥਿਆਰ ਵੇਚੇ ਜਾਣਗੇ ਦੂਸਰਾ ਉਸ ਦਾ ਭੌਤਿਕ ਨੁਕਸਾਨ ਕਰਾ ਕੇ ਉਸ ਨੂੰ ਪੱਕੀ ਤਰ੍ਹਾਂ ਥੱਲੇ ਲਾਇਆ ਜਾ ਸਕੇਗਾ, ਜਿਸ ਤਰ੍ਹਾਂ ਜਪਾਨ ਹਾਲੇ ਤੱਕ ਦੂਸਰੀ ਜੰਗ ਤੋਂ ਬਾਅਦ ਫੌਜੀ ਤੌਰ ‘ਤੇ ਉਭੱਰ ਨਹੀਂ ਸਕਿਆ। ਜਨਸੰਘੀਆਂ {ਹੁਣ ਭਾਰਤੀ ਜੰਤਾ ਪਾਰਟੀ ਦੀ ਮੁੱਢ ਤੋਂ ਹੀ ਇਹ ਸੋਚ ਰਹੀ ਹੈ ਕਿ ਰੂਸ ਨਾਲੋਂ ਭਾਰਤ ਅਮਰੀਕਾ ਦੇ ਨੇੜੇ ਰਹੇ, ਜੋ ਹੁਣ ਪੂਰੀ ਹੁੰਦੀ ਪਰਤੀਤ ਹੋ ਰਹੀ ਹੈ। ਭਾਰਤੀ ਹੁਕਮਰਾਨ ਸਿਆਸਤਦਾਨ ਇੱਥੇ ਭੁੱਲ ਕਰਦੇ ਹਨ ਕਿ ਅਮਰੀਕਾ ਭਾਰਤ ਦੇ ਨੇੜੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਆ ਰਿਹਾ ਹੈ, ਦਰਅਸਲ ਅਮਰੀਕਾ ਭਾਰਤ ਨੂੰ ਇਕ ਬਹੁਤ ਵੱਡੀ ਖਪਤਕਾਰਾਂ ਦੀ ਮੰਡੀ ਦੇ ਰੂਪ ‘ਚ ਦੇਖਦਾ ਹੈ। ਉਸ ਨੂੰ ਲਗਦੈ ਕਿ ਇਸ ਖਿੱਤੇ ‘ਚ ਆਪਣਾਂ ਪ੍ਰਭਾਵ ਜਮਾਉਣ ਦੇ ਨਾਲ ਨਾਲ ਭਾਰਤ ਨੂੰ ਬਹੁਤ ਕੁਝ ਵੇਚ ਸਕੇਗਾ ਤੇ ਨਾਲ ਹੀ ਆਪਣੀ ਚੌਧਰ ਵੀ ਕਾਇਮ ਰੱਖ ਸਕੇਗਾ। ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦੀ ਬਦੇਸ਼ ਨੀਤੀ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਜਿਸ ਨੇ ਇਸ ਨੂੰ ਮਣਾਂ ਮੂੰਹ ਕਰਜ਼ੇ ਥੱਲੇ ਦੱਬ ਦਿੱਤਾ ਹੈ।  ਪਿਛਲੀ ਸਦੀ ਦੇ ਅੱਸੀਵਿਆਂ ‘ਚ ਅੱਠ ਨੌਂ ਸਾਲ ਚੱਲੀ ਇਰਾਨ ਇਰਾਕ ਲੜਾਈ, ਇਰਾਕ ਤੇ ਅਮਰੀਕਾ ਦਾ ਸਿੱਧਾ ਹਮਲਾ, ਅਫਗਾਨਿਸਤਾਨ ‘ਚ ਦਖਲ, ਲਿਬੀਆ ‘ਚ ਮੁਆਮਾਰ ਗੱਦਾਫੀ ਨੂੰ ਖਤਮ ਕਰਨਾਂ ਤੇ ਹੁਣ ਸੀਰੀਆ ‘ਚ ਐਲ ਆਸਾਦ ਮਗਰ ਪੈਣਾ ਕੁਝ ਉਦਹਰਣਾਂ ਹਨ ਜਿਸ ਤੋਂ ਅਮਰੀਕਾ ਦੇ ਹੱਥ ਕੁੱਝ ਨਹੀਂ ਪਿਆ, ਜੇ ਪਿਆ ਹੈ ਤਾਂ ਸਿਰਫ ਨਿਮੋਝੂਣਤਾ ਅਤੇ ਬਦਨਾਮੀਂ ਤੇ ਜਿਹੜੀ ਆਪਣੀ ਤੇ ਹੋਰਾਂ ਦੀ ਆਰਥਿਕਤਾ ਤਬਾਹ ਕੀਤੀ  ਉਹ ਵੱਖਰਾ ਝਟਕਾ ਹੈ। ਸਭ ਪਾਸੇ ਮਾਰ ਖਾ ਕੇ ਭਾਰਤ ਨੂੰ ਆਪਣੇ ਮੱਛੀ ਜਾਲ ‘ਚ ਫਸਾ ਕੇ ਅਜਿਹੀ ਸਥਿਤੀ ‘ਚ ਪਾਉਣਾ ਤੇ ਪਹੁੰਚਾਉਣਾਂ ਚਾਹੁੰਦਾ ਹੈ ਜਿਸ ਨਾਲ ਭਾਰਤ ਸਦਾ ਲਈ ਤਬਾਹ ਹੋ ਕੇ ਇਸ ਦੇ ਗਹਿਣੇ ਪੈ ਸਕੇ। ਮੱਧ ਪੂਰਬ ‘ਚ ਕਈ ਦਹਾਕਿਆਂ ਤੋਂ ਅੱਗ ਵ੍ਹਰ ਰਹੀ ਹੈ, ਹੁਣ ਪੱਛਮੀਂ ਤਾਕਤਾਂ ਸਮੇਤ ਅਮਰੀਕਾ ਇਹ ਅੱਗ ਦੇ ਅੰਗਿਆਰੇ ਭਾਰਤੀ ਖਿੱਤੇ ‘ਚ ਸੁੱਟ ਕੇ ਇਥੇ ਵੀ ਮੱਧ ਪੂਰਬ ਵਾਂਗ ਭਾਂਬੜ ਮਚਾ ਆਪਣੇ ਜੰਗੀ ਹਥਿਆਰ ਬਣਉਣ ਦੇ ਕਾਰਖਾਨਿਆਂ ਨੂੰ ਪੂਰੀ ਰਫ਼ਤਾਰ ਨਾਲ ਚਲਦੇ ਰੱਖਣਾਂ ਚਾਹੁੰਦੇ ਹਨ ਲੰਬੇ ਸਮੇਂ ਲਈ। ਇਹਨਾਂ ਦੀਆਂ ਸੂਹੀਆ ਏਜੰਸੀਆਂ ਚੁਸਤ ਦਿਮਾਗ ਤੇ ਚਾਲਾਂ ਨਾਲ ਦਿਨ ਰਾਤ ਕੰਮ ਕਰ ਰਹੀਆਂ ਹਨ, ਜਿਸ ਦਾ ਫ਼ਲ ਉਹਨਾਂ ਨੂੰ ਮਿਲਿਆ ਵੀ ਲਗਦਾ ਹੈ ਭਾਰਤ ਨੂੰ ਰੂਸ ਨਾਲੋਂ ਤੋੜ ਆਪਣੇ ਵਲ ਖਿੱਚਣ ਨਾਲ।
ਅਸਲ ‘ਚ ਭਾਰਤ, ਚੀਨ, ਰੂਸ ਅਤੇ ਹੋਰ ਖੇਤਰੀ ਮੁਲਕਾਂ ਦਾ ਇਕ ਮਜ਼ਬੂਤ ਸੰਗਠਨ ਬਣਨਾ ਚਾਹੀਦਾ ਤਾਂ ਕਿ ਪੱਛਮੀ ਮੁਲਕਾਂ ਸਮੇਤ ਅਮਰੀਕਾ ਦੀਆਂ ਵੰਡ ਪਾਊ ਤੇ ਜੰਗ ਮਾਰੂ ਨੀਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ। ਇਕ ਸਾਂਝੇ ਖਿੱਤੇ ਲਈ ਸਾਂਝਾ ਮੁਹਾਜ਼ ਹੀ ਸਥਾਨਿਕ ਲੋਕਾਂ ਨੂੰ ਜੰਗ ਦੇ ਮੂੰਹ ਜਾਣ ਤੋਂ ਰੋਕ ਸਕਦਾ ਹੈ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …