Breaking News
Home / ਨਜ਼ਰੀਆ / ਸ. ਜੱਸਾ ਸਿੰਘ ਆਹਲੂਵਾਲੀਆ ਇਕ ਅਦੁੱਤੀ ਸਖਸ਼ੀਅਤ

ਸ. ਜੱਸਾ ਸਿੰਘ ਆਹਲੂਵਾਲੀਆ ਇਕ ਅਦੁੱਤੀ ਸਖਸ਼ੀਅਤ

ਮਹਿੰਦਰ ਸਿੰਘ ਵਾਲੀਆ
ਸਿੱਖ ਇਤਿਹਾਸ ਦੇ ਮਹਾਨ ਨਾਇਕ ਸਰਦਾਰ ਜੱਸਾ ਸਿੰਘ ਜੀ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬੱਦਰ ਸਿੰਘ ਜੀ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਸ. ਜੱਸਾ ਸਿੰਘ ਅਜੇ ਚਾਰ ਕੁ ਸਾਲ ਦੇ ਹੀ ਸਨ, ਜਦੋਂ ਇਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਸ. ਜੱਸਾ ਸਿੰਘ ਦੇ ਮਾਤਾ ਜੀ ਇਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਏ। ਇਨ੍ਹਾਂ ਦੇ ਰਸ ਭਿੰਨੇ ਕੀਰਤਨ ਅਤੇ ਸੇਵਾ ਤੋਂ ਪ੍ਰਭਾਵਿਤ ਹੋ ਕੇ ਮਾਤਾ ਸੁੰਦਰੀ ਜੀ ਨੇ ਸ. ਜੱਸਾ ਸਿੰਘ ਨੂੰ ਆਪਣੇ ਪਾਸ ਹੀ ਰੱਖ ਲਿਆ। ਸ. ਜੱਸਾ ਸਿੰਘ ਲਗਭਗ ਸੱਤ ਸਾਲ ਦਿੱਲੀ ਰਹੇ। ਉਥੇ ਆਪ ਨੇ ਪੜ੍ਹਾਈ-ਲਿਖਾਈ, ਫਰਸੀ, ਗਣਿਤ ਅਤੇ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਨੇ ਇਨ੍ਹਾਂ ਵਿਚ ਕੌਮ ਦਾ ਭਵਿੱਖ ਵੇਖਿਆ। ਉਸ ਤੋਂ ਬਾਅਦ ਸ. ਜੱਸਾ ਸਿੰਘ ਪੰਜਾਬ ਆ ਗਏ। ਆਪਣੇ ਮਾਤਾ ਸ. ਬਾਘ ਸਿੰਘ ਜੀ ਰਾਹੀਂ ਆਪ ਨਵਾਬ ਕਪੂਰ ਸਿੰਘ ਦੇ ਸੰਪਰਕ ਵਿਚ ਆ ਗਏ। ਨਵਾਬ ਉਸ ਸਮੇਂ ਪੰਥ ਦੀ ਮਹਾਨ ਸਖਸ਼ੀਅਤ ਸਨ। ਨਵਾਬ ਜੀ ਅਤਿ ਦਰਜੇ ਦੇ ਦਲੇਰ, ਸੂਰਬੀਰ ਅਤੇ ਕਹਿਣੀ ਤੇ ਕਰਨੀ ਦੇ ਪੱਕੇ ਸਨ।
ਨਵਾਬ ਕਪੂਰ ਸਿੰਘ ਨੇ ਤੱਕ ਲਿਆ ਸੀ ਕਿ ਸ. ਜੱਸਾ ਸਿੰਘ ਵਿੱਚ ਜਿੰਮੇਵਾਰੀ ਦਾ ਅਹਿਸਾਸ ਹੈ ਅਤੇ ਗੁਣਾਂ ਦੀ ਗੁੱਥਲੀ ਹਨ। ਨਵਾਬ ਕਪੂਰ ਸਿੰਘ ਜੀ ਨੇ ਸ੍ਰ. ਜੱਸਾ ਸਿੰਘ ਨੂੰ ਧਰਮ-ਪੁੱਤਰ ਬਣਾ ਲਿਆ ਅਤੇ ਘੋੜਸਵਾਰੀ, ਤੀਰ-ਅੰਦਾਜ਼ੀ, ਸ਼ਸ਼ਤਰ ਵਿਦਿਆ ਵਿੱਚ ਪਰਪੱਕ ਬਣਾ ਦਿੱਤਾ। ਸ. ਜੱਸਾ ਸਿੰਘ ਨੇ ਨਵਾਬ ਦਾ ਹੁਕਮ ਮੰਨਿਆ ਅਤੇ ਹਰ ਤਰ੍ਹਾਂ ਦੀ ਸੇਵਾ ਕੀਤੀ। ਫੇਰ ਆਪ ਨਵਾਬ ਨਾਲ ਲੜਾਈਆਂ ਵਿਚ ਵੀ ਜਾਣ ਲੱਗ ਪਏ। ਉਸ ਵੇਲੇ ਦੀ ਹਕੂਮਤ ਸਿੱਖਾਂ ਉਪਰ ਜ਼ੁਲਮ ਢਾਹ ਰਹੀ ਸੀ। ਕੌਮ ਵਿਚ ਜ਼ੁਲਮਾਂ ਦਾ ਬਦਲਾ ਲੈਣ ਦਾ ਬਹੁਤ ਰੋਹ ਸੀ। ਸਿੱਖਾਂ ਨੇ ਛੋਟੇ-ਛੋਟੇ ਜਥਿਆਂ ਵਿਚ ਗੁਰੀਲਾ ਰਣਨੀਤੀ ਦੁਆਰਾ ਬਦਲੇ ਲੈਣ ਦੀਆਂ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ। ਪ੍ਰੰਤੂ ਜਥਿਆਂ ਦਾ ਕੋਈ ਸਾਂਝਾ ਨੇਤਾ ਨਹੀਂ ਸੀ। 1733-34 ਈ: ਵਿਚ ਸਾਰੇ ਖਿੰਡੇ-ਪੁੰਡੇ ਜਥਿਆਂ ਨੇ ਇਕੱਠੇ ਹੋ ਕੇ ਸ੍ਰ. ਕਪੂਰ ਸਿੰਘ ਨੂੰ ਸਾਂਝਾ ਨੇਤਾ ਬਣਾ ਲਿਆ। ਪੰਜਾਬ ਵਿਚ ਰਾਜਨੀਤਕ ਪ੍ਰਸਥਿਤੀਆਂ ਬਦਲ ਰਹੀਆਂ ਹਨ। ਰਾਜਨੀਤੀ ਵਿਚ ਕੌਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਿਤ ਕਰਨ ਲਈ ਪਹਿਲਾਂ 1746 ਈ: ਵਿਚ ਅਤੇ ਫੇਰ 29 ਮਾਰਚ 1748 ਨੂੰ ਸਾਰੇ ਜਥਿਆਂ ਦੀ ਸਾਂਝੀ ਮੀਟਿੰਗ ਹੋਈ। ਉਸ ਸਮੇਂ ਸਿੱਖ 65 ਜਥਿਆਂ ਵਿੱਚ ਵੰਡੇ ਹੋਏ ਸਨ।  29 ਮਾਰਚ 1748 ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਅਤੇ ਨਾਲ ਹੀ ਸਾਰੀਆਂ ਮਿਸਲਾਂ ਦੇ ਨੇਤਾ ਬਣੇ। ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਕਿਹਾ ਜਾਣ ਲੱਗਾ।
1746 ਦੇ ਸ਼ੁਰੂ ਵਿਚ ਸਿੱਖ ਜਥਿਆਂ ਅਤੇ ਸਰਕਾਰੀ ਫੌਜ ਦੀ ਝੜਪ ਹੋ ਗਈ। ਲਾਹੌਰ ਦੇ ਦੀਵਾਨ ਲਖਪਤ ਰਾਏ ਦਾ ਭਰਾ ਜਸਪਤ ਰਾਏ ਝੜਪ ਵਿੱਚ ਮਾਰਿਆ ਗਿਆ। ਲਖਪਤ ਰਾਏ ਨੇ ਬਦਲਾ ਲੈਣ ਲਈ ਲਹੌਰ ਵਿਚ ਕਾਹਨੂੰਵਾਲ ਵਿਚ ਘਿਰੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਸ ਲੜਾਈ ਵਿਚ ਸ੍ਰ. ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਨੇ ਬਹੁਤ ਸੂਰਬੀਰਤਾ ਦਿਖਾਈ। ਇਸ ਕਤਲੇਆਮ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।
1749 ਈ: ਵਿੱਚ ਦਲ ਖਾਲਸਾ ਨੇ ਦੀਵਾਨ ਕੌੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਬਣਨ ਵਿੱਚ ਫੌਜੀ ਸਹਾਇਤਾ ਕੀਤੀ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਸਹਾਇਤਾ ਦੇ ਬਦਲੇ ਦੀਵਾਨ ਕੌੜਾ ਮੱਲ ਤੋਂ ਗੁਰਦੁਆਰਾ ਬਾਲ ਲੀਲਾ, ਨਨਕਾਣਾ ਸਾਹਿਬ ਵਿਖੇ ਬਣਵਾਇਆ ਅਤੇ ਬਹੁਤ ਸਾਰੇ ਗੁਰਦੁਆਰਿਆਂ ਦੀ ਮੁਰੰਮਤ ਕਰਵਾਈ।  1761 ਈ: ਵਿੱਚ ਅਬਦਾਲੀ ਨੇ ਪਾਣੀਪਤ ਵਿਖੇ ਮਰਹੱਟਿਆਂ ਦਾ ਸਾਰਾ ਮਾਲ-ਧਨ ਅਤੇ 2200 ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖਾਲਸਾ ਦੀ ਅਗਵਾਈ ਅਜ਼ਾਦ ਕਰਵਾਇਆ ਅਤੇ ਘਰੋਂ-ਘਰੀ ਪਹੁੰਚਾਇਆ। ਇਸ ਕਰਕੇ ਲੋਕ ਇਨ੍ਹਾਂ ਨੂੰ ਬੰਦੀ ਛੋੜ ਆਖਣ ਲੱਗ ਪਏ। 1761 ਈ: ਵਿੱਚ ਦਲ ਖਾਲਸਾ ਨੇ ਲਾਹੌਰ ਸ਼ਹਿਰ ਉੱਤੇ ਘੇਰਾ ਪਾ ਲਿਆ। ਲਾਹੌਰ ਦਾ ਮੁਖੀ ਉਬੇਦ ਖਾਂ ਕਿਲ੍ਹੇ ਵਿਚਹੀ ਲੁਕਿਆ ਰਿਹਾ। ਦਲ ਖਾਲਸਾ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਕ ਜਿੱਤ ਸੀ। ਕੌਮ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਿਵਾਜਿਆ। ਲਹੌਰ ਦੀ ਜਿੱਤ ਦੀ ਖੁਸ਼ੀ ਵਿਚ ਨਵਾਂ ਸਿੱਕਾ ਜਾਰੀ ਕੀਤਾ ਗਿਆ, ਜਿਸ ਉਪਰ ਅੰਕਿਤ ਸੀ। ‘ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ।’
1762 ਈ: ਵਿਚ ਅਬਦਾਲੀ ਨੇ ਛੇਵਾਂ ਹਮਲਾ ਸਿਰਫ ਸਿੱਖਾਂ ਨੂੰ ਖਤਮ ਕਰਨ ਲਈ ਕੀਤਾ। ਮਲੇਰਕੋਟਲਾ ਨੇੜੇ ਕੁੱਪ ਅਸਥਾਨ ਕੋਲ ਦਲ ਖਾਲਸਾ ਅਤੇ ਅਬਦਾਲੀ ਦੀ ਫੌਜ ਵਿਚਕਾਰ ਘਸਮਾਨ ਯੁੱਧ ਹੋਇਆ। ਇਸ ਯੁੱਧ ਵਿੱਚ 25,000-30,000 ਸਿੱਖ ਸ਼ਹੀਦ ਹੋਏ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਛਾਤੀ ਉਪਰ 22 ਫਟ ਲੱਗੇ। ਇਸ ਕਤਲੇਆਮ ਨੂੰ ਵੱਡਾ ਘੱਲੂਘਾਰਾ ਕਹਿੰਦੇ ਹਨ।  1764 ਈ. ਨੂੰ ਦਲ ਖਾਲਸਾ ਨੇ ਸਰਹੰਦ ਉਪਰ ਹਮਲਾ ਕੀਤਾ। ਯੁੱਧ ਵਿੱਚ ਸਰਹੰਦ ਦਾ ਗਵਰਨਰ ਜ਼ਾਲਿਮ ਖਾਂ ਮਾਰਿਆ ਗਿਆ। ਸਰਹੰਦ ਦੀ ਲੁੱਟ ਵਿਚੋਂ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹਿੱਸੇ 9 ਲੱਖ ਰੁਪਏ ਆਏ, ਜੋ ਸਾਰੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦੇ ਦਿੱਤੇ। ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਫਹਿਤਗੜ੍ਹ ਸਾਹਿਬ ਬਣਵਾਇਆ।
1765-66 ਵਿੱਚ ਅਧੂਰੇ ਪਏ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਸ. ਜੱਸਾ ਸਿੰਘ ਆਹਲੂਵਾਲੀਆ ਦੀ ਦੇਖ-ਰੇਖ ਵਿਚ ਹੋਈ। ਅਬਦਾਲੀ ਅੰਮ੍ਰਿਤਸਰ ਦੀ ਮੁਹਿੰਮ ਸਮੇਂ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਣਾ ਚਾਹੁੰਦਾ ਸੀ। ਉਸ ਸਮੇਂ ਨੌਸ਼ਹਿਰਾ ਪੰਨੂਆ ਦੇ ਚੌਧਰੀ ਸਾਹਿਬ ਰਾਏ ਨੇ 3 ਲੱਖ ਰੁਪਏ ਦੇ ਕੇ ਅਬਦਾਲੀ ਤੋਂ ਸ੍ਰੀ ਦਰਬਾਰ ਸਾਹਿਬ ਗਹਿਣੇ ਕਰ ਲਿਆ ਅਤੇ ਇਹ ਫੈਸਲਾ ਹੋਇਆ ਕਿ ਜਿੰਨੀ ਦੇਰ ਦਲ ਖਾਲਸਾ 3 ਲੱਖ ਰੁਪਏ ਨਹੀਂ ਮੋੜਦਾ, ਉਤਨੀ ਦੇਰ ਸ੍ਰੀ ਦਰਬਾਰ ਸਾਹਿਬ ਦਾ ਚੜ੍ਹਾਵਾ ਚੌਧਰੀ ਦਾ ਹੋਵੇਗਾ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਚੌਧਰੀ ਦੀ ਰਕਮ ਉਤਾਰ ਕੇ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦੇ ਹਵਾਲੇ ਕੀਤਾ।
1777 ਈ: ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲੇ ਉਪਰ ਹਮਲਾ ਕਰਨ ਉਪਰੰਤ ਕਬਜ਼ਾ ਕਰ ਲਿਆ ਅਤੇ ਆਪਣੀ ਰਾਜਧਾਨੀ ਬਣਾਇਆ।
ਧੀਰ-ਮਲੀਏ ਪੰਥ ਵਿਚੋਂ ਛੇਕੇ ਹੋਏ ਸਨ। ਸ. ਗੁਲਾਬ ਸਿੰਘ ਸੋਢੀ ਦੀ ਬੇਨਤੀ ਉਪਰ ਦਲ ਖਾਲਸਾ ਦੀਆਂ ਸ਼ਰਤਾਂ ਅਨੁਸਾਰ ਧੀਰ ਮਲੀਏ ਮੁੜ ਸਿੱਖ ਜਗਤ ਦਾ ਅੰਗ ਬਣ ਗਏ। ਇਹ ਫੈਸਲਾ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਲਿਆ ਗਿਆ। ਫੁਲਕੀਆ ਮਿਸਲ ਜੋ ਦਲ ਖਾਲਸਾ ਵਿਚ ਸ਼ਾਮਲ ਨਹੀਂ ਹਮੇਸ਼ਾਂ ਹੀ ਦੂਹਰੀ ਨੀਤੀ ਉਪਰ ਰਹੀ। ਕਦੇ ਦਲ ਖਾਲਸਾ ਦਾ ਸਾਥ ਦਿੱਤਾ ਅਤੇ ਕਦੇ ਹਕੂਮਤ ਦਾ ਸਾਥ ਦਿੱਤਾ। ਦਲ ਖਾਲਸਾ ਕਈ ਫੇਰ ਫੁਲਕੀਆ ਮਿਸਲ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਪ੍ਰੰਤੂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਦੂਰ ਅੰਦੇਸ਼ੀ ਨਾਲ ਆਪਸ ਵਿੱਚ ਲੜਾਈ ਨਹੀਂ ਹੋਣ ਦਿੱਤੀ। ਸਿੱਖ ਜਗਤ ਨੇ ਮਹਿਸੂਸ ਕੀਤਾ ਕਿ ਬਦਲੇ ਹਾਲਤਾਂ ਵਿੱਚ ਔਕੜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਅਤੇ ਮਰਿਯਾਦਾ ਕਾਇਮ ਨਹੀਂ ਰੱਖੀ ਜਾ ਸਕਦੀ। ਦਲ ਖਾਲਸਾ ਨੇ ਫੈਸਲਾ ਕੀਤਾ ਕਿ ਔਕੜ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਲ ਪ੍ਰਵਾਹ ਕੀਤਾ ਜਾ ਸਕਦਾ ਹੈ। ਜਲ ਪ੍ਰਵਾਹ ਕਰਨ ਦੀ ਪਹਿਲੀ ਅਰਦਾਸ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ। ਪੰਥ ਦੇ ਦੋ ਮਹਾਨ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਮਾਰਚ 1783 ਈ: ਵਿੱਚ ਦਿੱਲੀ ਪਹੁੰਚ ਕੇ ਛਾਉਣੀ ਪਾਈ। ਇਸ ਜਗ੍ਹਾ ਨੂੰ ਹੁਣ ਤੀਸ ਹਜ਼ਾਰੀ ਕੋਰਟ ਕਿਹਾ ਜਾਂਦਾ ਹੈ। ਉਸ ਸਮੇਂ ਦਿੱਲੀ ਵਿਚ ਸ਼ਾਹ ਆਲਮ ਦੂਜਾ ਹੁਕਮਰਾਨ ਸੀ।   11 ਮਾਰਚ 1783 ਨੂੰ ਲਾਲ ਕਿਲ੍ਹਾ ਉਪਰ ਕਬਜ਼ਾ ਕਰ ਲਿਆ ਗਿਆ। ਸ. ਬਘੇਲ ਸਿੰਘ ਨੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਲਹਿਰਾਇਆ ਅਤੇ ਦੀਵਾਨੇ-ਆਮ ਵਿਚ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਵਿਰੋਧਤਾ ਕਾਰਨ ਸ. ਜੱਸਾ ਸਿੰਘ ਆਹਲੂਵਾਲੀਆ ਨੇ ਤਖ਼ਤ ਛੱਡ ਦਿੱਤਾ, ਕਿਉਂਕਿ ਆਪ ਨਿੱਜ ਤੋਂ ਉਪਰ ਸਨ ਅਤੇ ਆਪਸੀ ਲੜਾਈ ਦੇ ਹੱਕ ਵਿਚ ਨਹੀਂ ਸਨ।
ਸ. ਜੱਸਾ ਸਿੰਘ ਆਹਲੂਵਾਲੀਆ ਨੇ ਆਪਣੀ ਅਖੀਰਲੀ ਉਮਰ ਵਿੱਚ ਮੁਹਿੰਮਾਂ ਵਿਚ ਜਾਣਾ ਘੱਟ ਕਰ ਦਿੱਤਾ। ਆਪਣੇ ਇਲਾਕੇ ਦਾ ਪ੍ਰਬੰਧ ਸ. ਭਾਗ ਸਿੰਘ ਦੇ ਸਪੁਰਦ ਕਰਕੇ ਜ਼ਿਆਦਾ ਸਮਾਂ ਸ੍ਰੀ ਦਰਬਾਰ ਸਾਹਿਬ ਵਿਚ ਗੁਜ਼ਾਰਦੇ। ਅੰਤ 20 ਅਕਤੂਬਰ 1783 ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਲਈ ਘੋਰ ਅੱਤਿਆਚਾਰ ਦਾ ਸਮਾਂ ਸੀ। ਸਿੱਖ ਨਗਰਾਂ ਨੂੰ ਛੱਡ ਕੇ ਜੰਗਲਾਂ ਅਤੇ ਮਾਰੂਥਲਾਂ ਵਿਚ ਰਹਿਣ ਲਈ ਮਜ਼ਬੂਰ ਹੋ ਗਏ। ਇਸ ਸਮੇਂ ਵਿਚ ਸਿੰਘਾਂ-ਸਿੰਘਣੀਆਂ ਨੇ ਸੀਸ ਦਿੱਤੇ, ਬੰਦ-ਬੰਦ ਕਟਵਾਏ, ਆਰਿਆਂ ਨਾਲ ਚੀਰੇ ਗਏ, ਚਰਖੜੀਆਂ ਉਪਰ ਚੜ੍ਹਾਏ ਗਏ ਅਤੇ ਸਿੱਖਾਂ ਦੇ ਸਿਰ ਦਾ ਮੁੱਲ ਪਿਆ। ਇਸ ਘੋਰ ਸਮੇਂ ਵਿਚ ਸ੍ਰ. ਜੱਸਾ ਸਿੰਘ ਆਹਲੂਵਾਲੀਆ ਸਭ ਤੋਂ ਮਹਾਨ ਨਾਇਕ ਹੋ ਕੇ ਉਭਰੇ। ਆਪ ਜੀ ਨੇ ਬਹਾਦਰੀ, ਨਿਡਰਤਾ, ਅਡੋਲਤਾ ਅਤੇ ਸਿੱਦਕ ਦਾ ਇਤਿਹਾਸ ਰਚਿਆ। ਆਪ ਜੀ ਨੇ ਆਪਣੇ ਆਪ ਨੂੰ ਖੱਬੀ ਖਾਂ ਅਖਵਾਉਣ ਵਾਲੇ ਨਾਦਰਸ਼ਾਹ, ਮੀਰ ਮਨੂੰ, ਜ਼ਕਰੀਆ ਖਾਨ, ਅਦੀਨ ਬੇਗ, ਸਲਾਬਤ ਖਾਂ ਵਰਗਿਆ ਦੇ ਦੰਦ ਖੱਟੈ ਕੀਤੇ। ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਧਾੜਵੀ ਅਤੇ ਨਾਪਾਕ ਲੁਟੇਰਾ ਅਹਿਮਦ ਸ਼ਾਹ ਅਬਦਾਲੀ ਸੀ, ਜਿਸ ਨੇ ਭਾਰਤ ਉੱਤੇ ਦਸ ਹਮਲੇ ਕੀਤੇ, ਦਿੱਲੀ ਹਰਾਇਆ, ਮਰਾਠਾ ਸ਼ਕਤੀ ਦਾ ਵਿਨਾਸ਼ ਕੀਤਾ। ਕੌਮ ਦੇ ਸ਼ੇਰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਦਰਿੰਦੇ ਨੂੰ ਭਾਜੜਾਂ ਪਾਈਆਂ। ਆਪ ਜੀ ਨੇ 40 ਸਾਲ ਕੌਮ ਦੀ ਨਿੱਜ ਤੋਂ ਉਪਰ ਹੋ ਕੇ ਸੇਵਾ ਕੀਤੀ ਅਤੇ ਬਿਖੜੇ ਸਮੇਂ ਵਿਚ ਕੌਮ ਦੀ ਅਗਵਾਈ ਕੀਤੀ। ਆਪ ਜੀ ਦੀ ਤਲਵਾਰ ਨੇ ਦਿੱਲੀ ਝੁਕਾਈ, ਕਾਬਲ ਨਿਵਾਇਆ ਅਤੇ ਪੰਜਾਬ ਦਾ ਰਾਜ ਪੰਜਾਬ ਦੇ ਵਾਰਸਾਂ ਦੇ ਸਪੁਰਦ ਕੀਤਾ। ਸਿੱਖ ਮਿਸਲਾਂ ਨੇ ਉਤਰ ਵਿਚ ਕਾਂਗੜਾ, ਦੱਖਣ ਵਿੱਚ ਮੁਲਤਾਨ, ਪੂਰਬ ਵਿੱਚ ਸਹਾਰਨਪੁਰ ਅਤੇ ਪੱਛਮ ਵਿਚ ਅਟਕ ਤੱਕ ਹਕੂਮਤ ਕੀਤੀ। ਆਪ ਜੀ ਨੂੰ ਸਮੁੱਚੀ ਕੌਮ ਨੇ ਪਿਆਰ ਅਤੇ ਸਤਿਕਾਰ ਦਿੱਤਾ। ਪਟਿਆਲਾ ਅਤੇ ਜੀਂਦ ਦੇ ਮਹਾਰਾਜੇ, ਜੰਮੂ, ਕਾਂਗੜਾ, ਬਿਲਾਸਪੁਰ, ਨਾਲਾਗੜ੍ਹ ਦੇ ਸੂਬੇਦਾਰ, ਕੁੰਜਪੁਰ ਅਤੇ ਮਲੇਰਕੋਟਲਾ ਦੇ ਨਵਾਬ ਆਪ ਜੀ ਦੀ ਸਖਸ਼ੀਅਤ ਦੀ ਦਾਦ ਦਿੰਦੇ ਹਨ।
ਪ੍ਰੰਤੂ ਸਿੱਖ ਜਗਤ ਨੇ ਇਸ ਅਦੁੱਤੀ ਸਖਸ਼ੀਅਤ ਬਾਰੇ ਕੌਮ ਨੂੰ ਬਹੁਤਾ ਜਾਗਰੂਕ ਨਹੀਂ ਕੀਤਾ। ਕੌਮ ਉਨ੍ਹਾਂ ਦੀਆਂ ਮਹਾਨ ਯਾਦਾਂ ਨੂੰ ਕਾਫੀ ਹੱਦ ਤੱਕ ਭੁਲਾ ਚੁੱਕੀ ਹੈ। ਇਹ ਸੱਚ ਹੈ ਕਿ ਭਾਰਤ ਸਰਕਾਰ ਨੇ 1985 ਵਿਚ ਇਸ ਮਹਾਨ ਯੋਧੇ ਦੀ ਯਾਦ ਨੂੰ ਸਮਰਪਿਤ ਡਾਕ ਟਿਕਟ ਜਾਰੀ ਕੀਤਾ। ਇੰਡੀਅਨ ਨੈਸ਼ਨਲ ਹੈਰੀਟੇਜ ਉਨ੍ਹਾਂ ਦੀ ਸਮਾਧ ਅਤੇ ਕਿਲ੍ਹੇ ਦੀ ਸੰਭਾਲ ਲਈ ਅੱਗੇ ਆਏ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਪਟਨ (ਕੈਨੇਡਾ) 647-856-4280

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …