ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ‘ਤੇ ਕੀਤੇ ਫਿਦਾਈਨ ਹਮਲੇ ਨੂੰ ‘ਖ਼ੌਫ਼ਨਾਕ’ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਇਸਲਾਮਾਬਾਦ ਨੂੰ ਤਾਕੀਦ ਕੀਤੀ ਹੈ ਕਿ ਉਹ ਇਸ ‘ਘਿਣਾਉਣੀ ਕਾਰਵਾਈ’ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਵੇ। 14 ਫਰਵਰੀ ਨੂੰ ਹੋਏ ਇਸ ਹਮਲੇ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਦੱਖਣੀ ਏਸ਼ੀਆ ਦੇ ਇਹ ਦੋਵੇਂ ਗੁਆਂਢੀ ਮਿਲ ਕੇ ਰਹਿਣ। ਅਮਰੀਕੀ ਸਦਰ ਨੇ ਕਿਹਾ, ‘ਮੈਂ ਵੇਖਿਆ ਹੈ। ਮੈਨੂੰ ਇਸ ਬਾਰੇ (ਪੁਲਵਾਮਾ ਹਮਲੇ) ਕਈ ਰਿਪੋਰਟਾਂ ਮਿਲੀਆਂ ਹਨ। ਅਸੀਂ ਇਸ ਬਾਰੇ ਮੁਨਾਸਿਬ ਸਮੇਂ ‘ਤੇ ਟਿੱਪਣੀ ਕਰਾਂਗੇ। ਬਿਹਤਰ ਹੋਵੇਗਾ ਕਿ ਜੇ ਦੋਵੇਂ (ਭਾਰਤ ਤੇ ਪਾਕਿਸਤਾਨ) ਮਿਲ ਕੇ ਰਹਿਣ। ਦਹਿਸ਼ਤੀ ਹਮਲਾ ਖੌਫ਼ਨਾਕ ਸਥਿਤੀ ਹੈ।’ ਉਧਰ ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਵੱਖਰੀ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ। ਵਿਭਾਗ ਦੇ ਡਿਪਟੀ ਬੁਲਾਰੇ ਰੋਬਰਟ ਪੈਲਾਡੀਨੋ ਨੇ ਕਿਹਾ, ‘ਅਸੀਂ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।’ ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮੁੱਦੇ ‘ਤੇ ਪਾਕਿਸਤਾਨ ਦੇ ਸੰਪਰਕ ਵਿੱਚ ਵੀ ਹੈ। ਬੁਲਾਰੇ ਨੇ ਕਿਹਾ, ‘ਅਸੀਂ ਪਾਕਿਸਤਾਨ ਨੂੰ ਅਪੀਲ ਕਰਾਂਗੇ ਕਿ ਉਹ ਪੁਲਵਾਮਾ ਹਮਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇਵੇ ਤੇ ਕਸੂਰਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ।’ ਉਧਰ ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਦੇ ਸਵੈ-ਰੱਖਿਆ ਦੇ ਹੱਕ ਦੀ ਹਮਾਇਤ ਕੀਤੀ ਹੈ। ਵਿਦੇਸ਼ ਮੰਤਰੀ ਮਾਈਕ ਪੌਂਪੀਓ, ਬੋਲਟਨ ਤੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰ੍ਹਾ ਸੈਂਡਰਜ਼ ਨੇ ਵੱਖੋ ਵੱਖਰੇ ਬਿਆਨ ਜਾਰੀ ਕਰਕੇ ਪਾਕਿਸਤਾਨ ਨੂੰ ਜੈਸ਼-ਏ-ਮੁਹੰਮਦ ਖ਼ਿਲਾਫ਼ ਕਾਰਵਾਈ ਦੀ ਤਾਕੀਦ ਕਰਦਿਆਂ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਛੁਪਣਗਾਹਾਂ ਮੁਹੱਈਆ ਕਰਵਾਉਣ ਤੋਂ ਵਰਜਿਆ ਹੈ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …