ਹਸਪਤਾਲਾਂ ‘ਚ ਐਮਰਜੈਂਸੀ ਐਲਾਨੀ, ਸ਼ਹਿਰੀਆਂ ਨੂੰ ਖ਼ੂਨ ਦਾਨ ਕਰਨ ਦੀ ਅਪੀਲ
ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿਚ ਪੈਂਦੀ ਮਸਜਿਦ ਵਿੱਚ ਸੋਮਵਾਰ ਨੂੰ ਆਤਮਘਾਤੀ ਵਿਅਕਤੀ ਵੱਲੋਂ ਕੀਤੇ ਧਮਾਕੇ ਵਿੱਚ 100 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਸੁਰੱਖਿਆ ਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ‘ਚ ਬਹੁਗਿਣਤੀ ਪੁਲਿਸ ਮੁਲਾਜ਼ਮਾਂ ਦੀ ਹੈ।
ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ, ਕਿਉਂਕਿ ਜ਼ਖ਼ਮੀਆਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਉਧਰ ਪਿਸ਼ਾਵਰ ਦੇ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹਸਪਤਾਲ ਨੇ ਸ਼ਹਿਰੀਆਂ ਨੂੰ ਖੂਨ ਦਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਹਤਿਆਤ ਵਜੋਂ ਰਾਜਧਾਨੀ ਇਸਲਾਮਾਬਾਦ ਸਣੇ ਹੋਰਨਾਂ ਪ੍ਰਮੱਖ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਸੂਹੀਆ ਤੰਤਰ ਵਿੱਚ ਸੁਧਾਰ ‘ਤੇ ਜ਼ੋਰ ਦਿੱਤਾ ਹੈ।
ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਬਾਅਦ ਦੁਪਹਿਰ 1:40 ਵਜੇ ਦੇ ਕਰੀਬ ਪੁਲਿਸ ਲਾਈਨਜ਼ ਇਲਾਕੇ ਵਿਚਲੀ ਮਸਜਿਦ ਵਿੱਚ ਹੋਇਆ। ਦੁਪਹਿਰ ਦੀ ਨਮਾਜ਼ (ਜ਼ੁਹਰ) ਮੌਕੇ ਪਹਿਲੀ ਕਤਾਰ ਵਿੱਚ ਮੌਜੂਦ ਖ਼ੁਦਕੁਸ਼ ਬੰਬਾਰ ਨੇ ਖੁਦ ਨੂੰ ਉਡਾ ਲਿਆ।
ਹਮਲਾਵਰਾਂ ਦਾ ਇਸਲਾਮ ਨਾਲ ਕੋਈ ਲਾਗਾ ਦੇਗਾ ਨਹੀਂ: ਸ਼ਾਹਬਾਜ਼ ਸ਼ਰੀਫ਼
ਪਿਸ਼ਾਵਰ : ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਧਮਾਕੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਪਿਛਲੇ ਹਮਲਾਵਰਾਂ ਦਾ ‘ਇਸਲਾਮ ਨਾਲ ਕੋਈ ਲਾਗਾ ਦੇਗਾ ਨਹੀਂ ਹੈ।’ ਉਨ੍ਹਾਂ ਕਿਹਾ, ”ਦਹਿਸ਼ਤਗਰਦ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਪਾਕਿਸਤਾਨ ਨੂੰ ਬਚਾਉਣ ਦਾ ਆਪਣਾ ਫ਼ਰਜ਼ ਨਿਭਾ ਰਹੇ ਹਨ। ਅਜਿਹੇ ਹਮਲਿਆਂ ਰਾਹੀਂ ਉਹ ਇਨ੍ਹਾਂ ਲੋਕਾਂ ਦੇ ਮਨਾਂ ‘ਚ ਖ਼ੌਫ਼ ਪੈਦਾ ਕਰਨਾ ਚਾਹੁੰਦੇ ਹਨ। ਪੂਰਾ ਮੁਲਕ ਅਤਿਵਾਦ ਦੀ ਅਲਾਮਤ ਖਿਲਾਫ਼ ਇਕਜੁੱਟ ਹੋ ਕੇ ਖੜ੍ਹਾ ਹੈ।” ਉਧਰ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਹਮਲੇ ਦੀ ਨਿਖੇਧੀ ਕੀਤੀ।