Breaking News
Home / ਦੁਨੀਆ / ਬਰਤਾਨੀਆ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ

ਬਰਤਾਨੀਆ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ

ਚੋਣ ਝਟਕੇ ਦੇ ਬਾਵਜੂਦ ਟੈਰੇਜ਼ਾ ਮੇਅ ਬਣੀ ਰਹੇਗੀ ਪ੍ਰਧਾਨ ਮੰਤਰੀ
ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਮੱਧਕਾਲੀ ਚੋਣਾਂ ਕਰਾਉਣ ਦਾ ਉਠਾਇਆ ਗਿਆ ਜੋਖਮ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਇਆ ਤੇ ਦੇਸ਼ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਦਿੰਦਿਆਂ ਲਟਕਵੀਂ ਸੰਸਦ ਦਾ ਫ਼ਤਵਾ ਦਿੱਤਾ ਹੈ। ਟੈਰੇਜ਼ਾ ਮੇਅ ਦੀ ਕੰਸਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਜ਼ਰੂਰ ਬਣੀ ਪਰ ਆਮ ਬਹੁਮਤ ਤੋਂ ਇਸ ਦੀਆਂ ਸੀਟਾਂ ਵਿਚ ਅੱਠ ਦੀ ਕਮੀ ਰਹਿ ਗਈ। ਉਂਜ ਮਹਾਰਾਣੀ ਐਲਿਜ਼ਾਬੈਥ ਦੋਇਮ ਨੇ ਉਨ੍ਹਾਂ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ। ਨਤੀਜਿਆਂ ਤੋਂ ਨਿਰਾਸ਼ ਮੇਅ (60) ਨੇ ਉਂਜ ਅਸਤੀਫ਼ੇ ਦੀ ਮੰਗ ਖ਼ਾਰਜ ਕਰਦਿਆਂ ਕਿਹਾ ਕਿ ਉਹ ਉਤਰੀ ਆਇਰਲੈਂਡ ਦੀ ਡੈਮੋਕ੍ਰੈਟਿਕ ਯੂਨੀਅਨਿਸਟ ਪਾਰਟੀ (ਡੀਯੂਪੀ) ਦੀ ਗ਼ੈਰਰਸਮੀ ਹਮਾਇਤ ਨਾਲ ਸਰਕਾਰ ਬਣਾਉਣਗੇ। ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ”ਮੈਂ ਹੁਣੇ ਮਾਣਯੋਗ ਮਹਾਰਾਣੀ ਨੂੰ ਮਿਲੀ ਹਾਂ ਤੇ ਹੁਣ ਮੈਂ ਸਰਕਾਰ ਬਣਾਵਾਂਗੀ, ਜੋ ਸਥਿਰਤਾ ਮੁਹੱਈਆ ਕਰਵਾ ਸਕੇ ਤੇ ਇਸ ਬਹੁਤ ਨਾਜ਼ੁਕ ਮੌਕੇ ਬਰਤਾਨੀਆ ਨੂੰ ਅੱਗੇ ਲਿਜਾ ਸਕੇ।” ਉਨ੍ਹਾਂ ਕਿਹਾ ਕਿ ਟੋਰੀਆਂ ਤੇ ਡੀਯੂਪੀ ਦਾ ਮਿਲਵਰਤਣ ਦਾ ਲੰਬਾ ਇਤਿਹਾਸ ਹੈ। ਜੈਰੇਮੀ ਕੌਰਬਿਨ ਦੀ ਅਗਵਾਈ ਹੇਠ ਵਿਰੋਧੀ ਲੇਬਰ ਪਾਰਟੀ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਬੀਬੀ ਮੇਅ ਦੀਆਂ ਗਿਣਤੀਆਂ-ਮਿਣਤੀਆਂ ਹਿਲਾ ਦਿੱਤੀਆਂ। ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੀਆਂ ਕੁੱਲ 650 ਸੀਟਾਂ ਵਿੱਚੋਂ ਕੰਸਰਵੇਟਿਵ ਪਾਰਟੀ ਨੂੰ 318 ਤੇ ਲੇਬਰ ਪਾਰਟੀ ਨੂੰ 261 ਸੀਟਾਂ ਮਿਲੀਆਂ ਤੇ ਕੋਈ ਪਾਰਟੀ ਬਹੁਮਤ ਲਈ ਜ਼ਰੂਰੀ 326 ਸੀਟਾਂ ਨਹੀਂ ਹਾਸਲ ਕਰ ਸਕੀ। ਸਕੌਟਿਸ਼ ਨੈਸ਼ਨਲ ਪਾਰਟੀ ਨੂੰ 35, ਲਿਬਰਲ ਡੈਮੋਕ੍ਰੈਟਸ ਨੂੰ 12, ਡੀਯੂਪੀ ਨੂੰ 10 ਤੇ ਹੋਰਨਾਂ ਨੂੰ 13 ਸੀਟਾਂ ਮਿਲੀਆਂ ਹਨ।
ਭਾਰਤੀ ਮੂਲ ਦੇ 12 ਐੱਮਪੀਜ਼ ਜਿੱਤੇ
ਬਰਤਾਨੀਆ ‘ਚ ਹੋਈਆਂ ਆਮ ਚੋਣਾਂ ‘ਚ ਦੋ ਸਿੱਖ ਐੱਮਪੀਜ਼ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਸਣੇ ਭਾਰਤੀ ਮੂਲ ਦੇ 12 ਐੱਮਪੀਜ਼ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਹਨ। ਪਿਛਲੀਆਂ ਚੋਣਾਂ ਵਿਚ ਇਹ ਗਿਣਤੀ 10 ਸੀ। ਹਾਊਸ ਆਫ ਕਾਮਨਜ਼ ਲਈ ਚੁਣੀ ਜਾਣ ਵਾਲੀ ਗਿੱਲ ਪਹਿਲੀ ਸਿੱਖ ਮਹਿਲਾ ਹੈ ਜਦਕਿ ਢੇਸੀ ਪਹਿਲੇ ਦਸਤਾਰਧਾਰੀ ਸਿੱਖ ਹਨ। ਚੁਣੇ ਗਏ 12 ਐੱਮਪੀਜ਼ ‘ਚੋਂ ਸੱਤ ਨੇ ਲੇਬਰ ਪਾਰਟੀ ਵੱਲੋਂ ਜਦਕਿ ਪੰਜ ਨੇ ਕੰਸਰਵੇਟਿਵ ਪਾਰਟੀ ਵੱਲੋਂ ਚੋਣ ਲੜੀ ਸੀ। ਪਿਛਲੀਆਂ ਆਮ ਚੋਣਾਂ ਲਈ ਚੁਣੇ ਗਏ ਭਾਰਤੀ ਮੂਲ ਦੇ 10 ਐੱਮਪੀਜ਼ ਵੀ ਦੁਬਾਰਾ ਚੋਣ ਜਿੱਤ ਗਏ ਹਨ। ਤਨਮਨਜੀਤ ਸਿੰਘ ਢੇਸੀ ਨੇ ਸਲੋਅ ਤੇ ਪ੍ਰੀਤ ਕੌਰ ਗਿੱਲ ਨੇ ਬਰਮਿੰਘਮ ਐਡਬਸਟਨ ਤੋਂ ਚੋਣ ਜਿੱਤੀ ਹੈ। ਇਨ੍ਹਾਂ ਚੋਣਾਂ ਵਿਚ ਭਾਰਤੀ ਮੂਲ ਦੇ 50 ਉਮੀਦਵਾਰ ਚੋਣ ਮੈਦਾਨ ਵਿਚ ਸਨ। ਢੇਸੀ ਅਤੇ ਗਿੱਲ ਚੁਣੇ ਜਾਣ ਵਾਲੇ ਪਹਿਲੇ ਸਿੱਖ ਐੱਮਪੀਜ਼ ਨਹੀਂ ਹਨ ਇਨ੍ਹਾਂ ਤੋਂ ਪਹਿਲੇ ਪਰਮਜੀਤ ਢਾਂਡਾ ਅਤੇ ਪਿਆਰਾ ਸਿੰਘ ਕਾਬਰਾ ਵੀ ਚੋਣ ਜਿੱਤ ਚੁੱਕੇ ਹਨ। ਬ੍ਰਿਟਿਸ਼ ਸਿੱਖ ਕਨਸਲਟੇਟਿਵ ਫੋਰਮ ਦੇ ਜਸਦੇਵ ਸਿੰਘ ਰਾਏ ਨੇ ਦੱਸਿਆ ਕਿ ਢੇਸੀ ਤੇ ਗਿੱਲ ਦਾ ਸਿੱਖ ਭਾਈਚਾਰੇ ਵਿਚ ਉਸ ਤਰ੍ਹਾਂ ਦਾ ਕਿਰਦਾਰ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਹੈ। ਦੱਸਣਯੋਗ ਹੈ ਕਿ ਲੇਬਰ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਇਹ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਣ ‘ਤੇ ਸਾਕਾ ਨੀਲਾ ਤਾਰਾ ‘ਚ ਬ੍ਰਿਟੇਨ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਏਗੀ ਜਿਸ ਦਾ ਇਥੋਂ ਦੇ ਸਿੱਖ ਭਾਈਚਾਰੇ ਵੱਲੋਂ ਭਾਰੀ ਸਮੱਰਥਨ ਕੀਤਾ ਗਿਆ। ਇਨ੍ਹਾਂ ਚੋਣਾਂ ਦੌਰਾਨ ਟੈਲਫੋਰਡ ਤੋਂ ਸਿੱਖ ਉਮੀਦਵਾਰ ਕੁਲਦੀਪ ਸਿੰਘ ਸਹੋਤਾ 720 ਵੋਟਾਂ ਨਾਲ ਚੋਣ ਹਾਰ ਗਏ। ਭਾਰਤੀ ਮੂਲ ਦਾ ਇਕ ਹੋਰ ਉਮੀਦਵਾਰ ਨੀਰਜ ਪਾਟਿਲ ਜੋਕਿ ਪੁਟਨੇ ਤੋਂ ਲੇਬਰ ਪਾਰਟੀ ਦਾ ਉਮੀਦਵਾਰ ਸੀ ਵੀ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਚੋਣ ਹਾਰ ਗਿਆ। ਭਾਰਤੀ ਮੂਲ ਜੇਤੂ ਉਮੀਦਵਾਰਾਂ ‘ਚ ਅਲੋਕ ਸ਼ਰਮਾ, ਪ੍ਰੀਤੀ ਪਟੇਲ, ਰਿਸ਼ੀ ਸੁਨਾਕ, ਸੁਏਲਾ ਫਰਨਾਂਡਿਜ਼, ਵਰਿੰਦਰ ਸ਼ਰਮਾ, ਲਿਜ਼ਾ ਨੰਦੀ, ਸੀਮਾ ਮਲਹੋਤਰਾ ਸ਼ਾਮਿਲ ਹਨ।

Check Also

ਲੰਡਨ-ਸਿੰਗਾਪੁਰ ਫਲਾਈਟ ’ਚ ਗੜਬੜੀ ਕਾਰਨ 1 ਵਿਅਕਤੀ ਦੀ ਮੌਤ

ਬੈਂਕਾਕ ’ਚ ਕੀਤੀ ਗਈ ਐਮਰਜੈਂਸੀ ਲੈਂਡਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਲੰਡਨ-ਸਿੰਗਾਪੁਰ ਉਡਾਣ ’ਚ ਭਿਆਨਕ ਗੜਬੜੀ ਆਉਣ …