3 ਜਵਾਨ ਸ਼ਹੀਦ ਅਤੇ 2 ਅੱਤਵਾਦੀ ਵੀ ਮਾਰ ਮੁਕਾਏ
ਸ੍ਰੀਨਗਰ/ਬਿਊਰੋ ਨਿਊਜ਼
15 ਅਗਸਤ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਪਰਗਲ ਵਿਚ ਉੜੀ ਹਮਲੇ ਜਿਹੀ ਸਾਜਿਸ਼ ਨੂੰ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਅੱਤਵਾਦੀਆਂ ਨੇ ਬੁੱਧਵਾਰ ਦੇਰ ਰਾਤ ਜ਼ਿਲ੍ਹਾ ਰਾਜੌਰੀ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਦਰਹਾਲ ਸੈਕਟਰ ਦੇ ਪਰਗਲ ਇਲਾਕੇ ਵਿਚ ਸਥਿਤ ਫੌਜ ਦੇ ਕੈਂਪ ਉਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਆਤਮਘਾਤੀ ਹਮਲੇ ਵਿਚ ਸ਼ਾਮਲ ਦੋਵੇਂ ਅੱਤਵਾਦੀ ਫੌਜ ਦੀ ਜਵਾਬੀ ਗੋਲੀਬਾਰੀ ਵਿਚ ਮਾਰੇ ਗਏ। ਇਲਾਕੇ ਵਿਚ ਹੋਰ ਅੱਤਵਾਦੀਆਂ ਦੀ ਮੌਜੂਦਗੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਫੌਜ ਅਤੇ ਐਸ.ਓ.ਜੀ. ਦੇ ਜਵਾਨਾਂ ਨੇ ਕੈਂਪ ਦੇ ਆਸ-ਪਾਸ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਜੰਮੂ ਦੇ ਏ.ਡੀ.ਜੀ.ਪੀ. ਮੁਕੇਸ਼ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਅੱਤਵਾਦੀ ਰਾਜੌਰੀ ਕੰਟਰੋਲ ਰੇਖਾ ਦੇ ਨਾਲ ਲੱਗਦੇ ਦਰਹਾਲ ਸੈਕਟਰ ਦੇ ਪਰਗਲ ਇਲਾਕੇ ਵਿਚ ਸਥਿਤ ਆਰਮੀ ਕੈਂਪ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਆਏ ਸਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੇਖਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਗਸ਼ਤ ਵੀ ਵਧਾ ਦਿੱਤੀ ਗਈ ਹੈ।