Breaking News
Home / ਭਾਰਤ / ਅਮਿਤ ਸ਼ਾਹ ਨੇ ਮਹਾਤਮਾ ਗਾਂਧੀ ਨੂੰ ਦੱਸਿਆ ‘ਚਤੁਰ ਬਾਣੀਆਂ’

ਅਮਿਤ ਸ਼ਾਹ ਨੇ ਮਹਾਤਮਾ ਗਾਂਧੀ ਨੂੰ ਦੱਸਿਆ ‘ਚਤੁਰ ਬਾਣੀਆਂ’

ਕਾਂਗਰਸ ਨੇ ਕੀਤਾ ਇਤਰਾਜ਼, ਕਿਹਾ ਅਮਿਤ ਸ਼ਾਹ ਮੁਆਫੀ ਮੰਗੇ
ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਮਹਾਤਮਾ ਗਾਂਧੀ ਸਬੰਧੀ ਪਿਛਲੇ ਦਿਨ ‘ਚਤੁਰ ਬਾਣੀਆ’ ਵਾਲੀ ਕੀਤੀ ਜਾਤ ਆਧਾਰਿਤ ਟਿੱਪਣੀ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਕਾਂਗਰਸ ਸਣੇ ਵੱਖ-ਵੱਖ ਪਾਰਟੀਆਂ ਨੇ ਕਿਹਾ ਕਿ ਸ਼ਾਹ ਨੂੰ ਰਾਸ਼ਟਰ ਪਿਤਾ ਦੀ ਬੇਇੱਜ਼ਤੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਸ਼ਾਹ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ‘ਚੋਣਵੇਂ ਸ਼ਹਿਰੀਆਂ’ ਦੀ ਇਕੱਤਰਤਾ ਵਿੱਚ ਦੇਸ਼ ਦੇ ਵਪਾਰੀ ਭਾਈਚਾਰੇ ਦਾ ਹਵਾਲਾ ਦਿੰਦਿਆਂ ਮਹਾਤਮਾ ਗਾਂਧੀ ਨੂੰ ‘ਬਹੁਤ ਚਤੁਰ ਬਾਣੀਆ’ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮਹਾਤਮਾ ਗਾਂਧੀ, ਜੋ ਇਸ ਭਾਈਚਾਰੇ ਨਾਲ ਸਬੰਧਤ ਸਨ, ਨੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕਰ ਦੇਣ ਦੀ ਸਹੀ ਸਲਾਹ ਦਿੱਤੀ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਦੀ ਕੋਈ ਵਿਚਾਰਧਾਰਾ ਜਾਂ ਸਿਧਾਂਤ ਨਹੀਂ ਹੈ, ਸਗੋਂ ਇਹ ਆਜ਼ਾਦੀ ਲੈਣ ਲਈ ‘ਖ਼ਾਸ ਮਕਸਦ ਆਧਾਰਿਤ ਵਾਹਨ’ ਸੀ। ਵਿਰੋਧੀ ਧਿਰ ਦੇ ਹਮਲੇ ਦੀ ਅਗਵਾਈ ਕਰਦਿਆਂ ਕਾਂਗਰਸ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਮੰਗ ਕੀਤੀ ਕਿ ਸ਼ਾਹ ਇਸ ਟਿੱਪਣੀ ਲਈ ਮੁਆਫ਼ੀ ਮੰਗਣ। ਸ਼ਾਹ ਨੂੰ ‘ਸੱਤਾ ਦਾ ਵਪਾਰੀ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਟਿੱਪਣੀ ‘ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੀਆਂ ਕੁਰਬਾਨੀਆਂ ਤੇ (ਮਹਾਤਮਾ) ਗਾਂਧੀ ਦੀ ਬੇਇੱਜ਼ਤੀ’ ਹੈ। ਦੂਜੇ ਪਾਸੇ ਸ਼ਾਹ ਨੇ ਕਿਹਾ, ”ਮੈਨੇ ਜਿਸ ਰੈਫਰੈਂਸ (ਹਵਾਲੇ) ਮੇਂ ਕਹਾ ਹੈ ਵਹਾਂ ਸਭ ਲੋਗੋਂ ਨੇ ਸੁਨਾ, ਸੂਰਜੇਵਾਲਾਜੀ ਕੋ ਅਭੀ ਗਾਂਧੀਜੀ ਕੇ ਬਹੁਤ ਸਾਰੇ ਸਿਧਾਂਤੋਂ ਕਾ ਜਵਾਬ ਦੇਨਾ ਹੈ।” ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਿੱਪਣੀ ਨੂੰ ‘ਬੇਲੋੜੀ ਤੇ ਗ਼ੈਰਇਖ਼ਲਾਕੀ’ ਕਰਾਰ ਦਿੱਤਾ ਹੈ। ਸੀਪੀਆਈ ਦੇ ਜਨਰਲ ਸਕੱਤਰ ਐਸ. ਸੁਧਾਕਰ ਰੈਡੀ ਨੇ ਕਿਹਾ ਕਿ  ਸ਼ਾਹ ਮੁਆਫ਼ੀ ਮੰਗਣ। ਸੀਪੀਐਮ ਦੇ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਕਿਹਾ ਕਿ ਇਸ ਟਿੱਪਣੀ ਤੋਂ ‘ਭਾਜਪਾ ਤੇ ਆਰਐਸਐਸ ਦੀ’ ਗਾਂਧੀ ਪ੍ਰਤੀ ਸੋਚ ਜ਼ਾਹਰ ਹੁੰਦੀ ਹੈ।
ਕਿਤੇ ਵੱਡੇ ਇਨਸਾਨ ਸਨ ਮਹਾਤਮਾ ਗਾਂਧੀ: ਰਾਜਮੋਹਨ
ਨਵੀਂ ਦਿੱਲੀ : ਮਹਾਤਮਾ ਗਾਂਧੀ ਦੇ ਪੋਤਰੇ ਰਾਜਮੋਹਨ ਗਾਂਧੀ ਨੇ ਕਿਹਾ ਕਿ ਜਿਸ ਵਿਅਕਤੀ ਨੇ ਭਾਰਤ ਵਿੱਚ ‘ਬਰਤਾਨਵੀ ਸ਼ੇਰਾਂ’ ਅਤੇ ‘ਫਿਰਕੂ ਜ਼ਹਿਰ ਫੈਲਾਉਣ ਵਾਲੇ ਸੱਪਾਂ’ ਨੂੰ ਮਾਤ ਦਿੱਤੀ ਉਹ ‘ਚਤੁਰ ਬਾਣੀਏ’ ਨਾਲੋਂ ਕਿਤੇ ਜ਼ਿਆਦਾ ਵੱਡਾ ਇਨਸਾਨ ਸੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਤੇ ਵਾਰ ਕਰਦਿਆਂ  ਰਾਜਮੋਹਨ, ਜੋ ਇਸ ਸਮੇਂ ਅਮਰੀਕਾ ਵਿੱਚ ਹਨ, ਨੇ ਕਿਹਾ, ‘ਅਮਿਤ ਸ਼ਾਹ ਦੇ ਉਲਟ ਅੱਜ ਮਹਾਤਮਾ ਗਾਂਧੀ ਨੇ ਉਨ੍ਹਾਂ ਤਾਕਤਾਂ ਨੂੰ ਹਰਾਉਣਾ ਸੀ, ਜੋ ਮਸੂਮਾਂ ਤੇ ਕਮਜ਼ੋਰਾਂ ਨੂੰ ਸ਼ਿਕਾਰ ਬਣਾ ਰਹੇ ਹਨ।’

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …