Breaking News
Home / ਦੁਨੀਆ / ਤਨਮਨਜੀਤ ਸਿੰਘ ਤੇ ਪ੍ਰੀਤ ਕੌਰ ਗਿੱਲ ਬਣੇ ਇੰਗਲੈਂਡ ‘ਚ ਸੰਸਦ ਮੈਂਬਰ

ਤਨਮਨਜੀਤ ਸਿੰਘ ਤੇ ਪ੍ਰੀਤ ਕੌਰ ਗਿੱਲ ਬਣੇ ਇੰਗਲੈਂਡ ‘ਚ ਸੰਸਦ ਮੈਂਬਰ

ਪਿੰਡ ਰਾਏਪੁਰ ਤੇ ਜਮਸ਼ੇਰ ਖੇੜਾ ‘ਚ ਲੋਕਾਂ ਨੇ ਪਾਇਆ ਭੰਗੜਾ
ਜਲੰਧਰ : ‘ਚਾਚਾ ਜੀ ਪਿੰਡ ਵਾਲਿਆਂ ਨੂੰ ਮੁਬਾਰਕਾਂ ਦੇ ਦਿਓ, ਆਪਾਂ ਨੂੰ ਫਤਹਿ ਮਿਲ ਗਈ’। ਇਹ ਉਹ ਚੰਦ ਲਫਜ਼ ਹਨ ਜੋ ਸ਼ੁੱਕਰਵਾਰ ਸਵੇਰੇ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਆਪਣੇ ਚਾਚੇ ਨੂੰ ਪਿੰਡ ਰਾਏਪੁਰ ਵਿਖੇ ਫੋਨ ‘ਤੇ ਕਹੇ। ਉਸ ਪਿੱਛੋਂ ਸਲੋਹ ਵਾਸੀਆਂ ਤੇ ਰਾਏਪੁਰੀਆਂ ਨੇ ਝੋਲੀਆਂ ਭਰ-ਭਰ ਵਧਾਈਆਂ ਵੰਡੀਆਂ। ਜਲੰਧਰ ਛਾਉਣੀ ਤੋਂ ਕੁਝ ਹਟਵੇਂ ਪੈਂਦੇ ਪਿੰਡ ਰਾਏਪੁਰ ਤੇ ਪਰਮਜੀਤ ਸਿੰਘ ਰਾਏਪੁਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿਚੋਂ ਇਕ ਹਨ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਹਨ। ਖੁਸ਼ੀ ਵਿਚ ਬਾਗੋਬਾਗ ਹੋਏ ਪਰਮਜੀਤ ਸਿੰਘ ਰਾਏਪੁਰ ਨੇ ਦੱਸਆ ਕਿ ਤਨਮਨ ਨੂੰ ਘਰ ਵਿਚ ਸਾਰੇ ਚੰਨੀ ਕਹਿ ਕੇ ਬੁਲਾਉਂਦੇ ਹਨ।
ਉਸਦਾ ਪਿਤਾ ਜਸਪਾਲ ਸਿੰਘ ਢੇਸੀ 1977 ਵਿਚ ਇੰਗਲੈਂਡ ਗਿਆ ਤੇ ਸ਼ੁਰੂ ਵਿਚ ਹੱਡ ਭੰਨਵੀਂ ਮਿਹਨਤ ਕੀਤੀ। ਫਿਰ ਬਿਲਡਿੰਗ ਉਸਾਰੀ ਦੇ ਕੰਮ ਵਿਚ ਪੈ ਗਏ, ਜਿਸ ਨੇ ਲਹਿਰਾਂ ਬਹਿਰਾਂ ਕਰ ਦਿੱਤੀਆਂ। ਜਸਪਾਲ ਸਿੰਘ ਢੇਸੀ 11 ਸਾਲ ਸਰਬਸੰਮਤੀ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਗਰੈਵਜੈਟ ਦੇ ਪ੍ਰਧਾਨ ਰਹੇ। 4 ਸਾਲ ਦੀ ਉਮਰ ਵਿਚ ਚੰਨੀ ਪਿੰਡ ਆ ਕੇ ਪੜ੍ਹਨੇ ਪਿਆ : ਤਨਮਨਜੀਤ ਸਿੰਘ ਢੇਸੀ ਉਰਫ ਚੰਨੀ 1981 ਵਿਚ ਚਾਰ ਸਾਲ ਦੀ ਉਮਰੇ ਆਪਣੇ ਪਿੰਡ ਰਾਏਪੁਰ ਵਿਖੇ ਪੜ੍ਹਨ ਲਈ ਆਇਆ। ਉਹ ਮੁਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ ਵਿਚ ਹੋਸਟਲ ਵਿਚ ਰਹਿ ਕੇ ਪੜ੍ਹਨ ਲੱਗਾ। ਅਗਲੀ ਪੜ੍ਹਾਈ ਦਸਮੇਸ਼ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰ ਰਹੀ ਰਿਹਾ ਸੀ ਕਿ ਪੰਜਾਬ ਵਿਚ ਮਾਹੌਲ ਕੁਝ ਖਰਾਬ ਹੋਣ ਲੱਗਾ।  1987 ਦੇ ਦੌਰ ਵਿਚ ਪਰਮਜੀਤ ਰਾਏਪੁਰ ਪਿੰਡ ਦੇ ਸਰਪੰਚ ਸਨ। ਉਹਨਾਂ ‘ਤੇ ਵੀ ਇਕ-ਦੋ ਹਮਲੇ ਹੋਏ ਤੇ ਉਹ ਤਨਮਨਜੀਤ ਨੂੰ ਇੰਗਲੈਂਡ ਲੈ ਗਏ। ਪਰਮਜੀਤ ਤਾਂ 1995 ਵਿਚ ਪਿੰਡ ਆ ਗਏ ਪਰ ਤਨਮਨਜੀਤ ਦੀ ਉਚੇਰੀ ਸਿੱਖਿਆ ਇੰਗਲੈਂਡ ਵਿਚ ਵੀ ਜਾਰੀ ਰਹੀ। ਤਨਮਨ ਲੰਡਨ ਯੂਨੀਵਰਸਿਟੀ ਤੇ ਆਕਸਫੋਰਡ ਯੂਨੀਵਰਸਿਟੀ ਵਿਚੋਂ ਵਿੱਦਿਅਕ ਪੁਲਾਂਘਾਂ ਪੁੱਟਦਾ ਕੈਂਬਰਿਜ ਯੂਨੀਵਰਸਿਟੀ ਵਿਚੋਂ ਪੀਐਚਡੀ ਕਰ ਗਿਆ। ਉਸ ਦੀਆਂ ਸਮਾਜ ਸੇਵੀ ਭਾਵਨਾਵਾਂ ਨੂੰ ਦੇਖਦਿਆਂ ਲੇਬਰ ਪਾਰਟੀ ਨੇ ਉਸ ਨੂੰ ਪਿਛਲੇ ਦੌਰ ਵਿਚ ਗ੍ਰੇਵਸ਼ਮ ਸ਼ਹਿਰ ਵਿਚ ਕੌਂਸਲਰ ਦੀ ਟਿਕਟ ਵੀ ਦਿੱਤੀ। ਅਜੇ ਚੋਣਾਂ ਦਾ ਨਤੀਜਾ ਨਹੀਂ ਸੀ ਆਇਆ ਤਾਂ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਜੇ ਤਨਮਨ ਜਿੱਤ ਗਿਆ ਤਾਂ ਮੇਅਰ ਬਣਾਇਆ ਜਾਵੇਗਾ। ਗੱਲ ਸੱਚ ਨਿਕਲੀ, ਤਨਮਨ ਕੌਂਸਲਰ ਵਜੋਂ ਜਿੱਤਿਆ ਤਾਂ ਮੇਅਰ ਦੇ ਅਹੁਦੇ ‘ਤੇ ਪੁੱਜ ਗਿਆ। ਉਸ ਨੂੰ ਫਿਰ ਲੇਬਰ ਪਾਰਟੀ ਨੇ ਐਮਪੀ ਦੀ ਟਿਕਟ ਦਿੱਤੀ ਤਾਂ ਉਹ ਥੋੜ੍ਹੀਆਂ ਜਿਹੀਆਂ ਵੋਟਾਂ ਤੋਂ ਪਛੜ ਗਿਆ।
ਐਤਕੀਂ ਲੇਬਰ ਪਾਰਟੀ ਨੂੰ ਏਨੀ ਲੀਡ ਦੀ ਤਨਮਨਜੀਤ ਤੋਂ ਉਮੀਦ ਨਹੀਂ ਸੀ ਪਰ ਉਹ 17000 ਵੋਟਾਂ ਨਾਲ ਜਿੱਤਿਆ। ਉਸ ਨੂੰ 34000 ਦੇ ਕਰੀਬ ਵੋਟਾਂ ਪਈਆਂ ਜਦੋਂ ਕਿ ਉਸ ਦੇ ਵਿਰੋਧੀ ਟੋਰੀ ਪਾਰਟੀ ਦੇ ਉਮੀਦਵਾਰ ਨੂੰ ਉਸ ਤੋਂ ਅੱਧੀਆਂ ਵੋਟਾਂ ਪਈਆਂ। ਤਨਮਨਜੀਤ ਦਾ ਆਪਣੇ ਪਿੰਡ ਰਾਏਪੁਰ ਨਾਲ ਏਨਾ ਮੋਹ ਹੈ ਕਿ ਉਹ ਸਾਲ ਵਿਚ ਇਕ ਦੋ ਚੱਕਰ ਪਿੰਡ ਦੇ ਲਗਾ ਦਿੰਦਾ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …